ਪਾਕਿਸਤਾਨ ਵਿੱਚ ਲਾਪਤਾ ਹੋਏ ਭਾਰਤੀ ਦੇ ਦਸਤਾਵੇਜ਼ ਬਰਾਮਦ

ਤਸਵੀਰ ਸਰੋਤ, RAVINDER SINGH ROBIN/BBC
- ਲੇਖਕ, ਰਵਿੰਦਰ ਸਿੰਘ ਰੋਬਿਨ
- ਰੋਲ, ਬੀਬੀਸੀ ਪੰਜਾਬੀ ਲਈ
ਵਿਸਾਖੀ ਮੌਕੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਗਏ ਜਥੇ ਵਿੱਚੋਂ ਸਿਰਫ਼ ਕਿਰਨ ਬਾਲਾ ਦੀ ਹੀ ਵਤਨ ਵਾਪਸੀ ਨਹੀਂ ਹੋਈ ਸਗੋਂ ਇੱਕ ਨੌਜਵਾਨ ਵੀ ਵਾਪਸ ਨਹੀਂ ਆਇਆ।
ਪਾਕਿਸਤਾਨ ਗਿਆ ਸ਼ਰਧਾਲੂਆਂ ਦਾ ਜਥਾ ਅੱਜ ਭਾਰਤ ਪਰਤ ਆਇਆ ਪਰ ਅੰਮ੍ਰਿਤਸਰ ਦੇ ਪਿੰਡ ਨਰੰਜਨਪੁਰ ਦਾ 24 ਸਾਲਾ ਅਮਰਜੀਤ ਸਿੰਘ ਨਹੀਂ ਮੁੜਿਆ।
ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫਰੀ ਅਨੁਸਾਰ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਦੇ ਬੁਲਾਰੇ ਇਮਰਾਨ ਸਦੀਕ ਨੇ ਅਮਰਜੀਤ ਸਿੰਘ ਦੇ ਲਾਪਤਾ ਹੋਣ ਦੀ ਤਸਦੀਕ ਕੀਤੀ ਹੈ।
ਪ੍ਰਸ਼ਾਸਨ ਵੱਲੋਂ ਉਸ ਦੇ ਪਾਸਪੋਰਟ ਸਣੇ ਦੂਜੇ ਦਸਤਾਵੇਜ਼ ਬਰਾਮਦ ਕਰ ਲਏ ਹਨ ਅਤੇ ਅਮਰਜੀਤ ਦੀ ਭਾਲ ਜਾਰੀ ਹੈ।
ਅਮਰਜੀਤ ਕੋਲ ਜ਼ਰੂਰੀ ਦਸਤਾਵੇਜ਼ ਨਹੀਂ ਹਨ ਇਸ ਲਈ ਉਨ੍ਹਾਂ ਨੂੰ ਉਮੀਦ ਹੈ ਕਿ ਅਮਰਜੀਤ ਬਾਰੇ ਜਲਦ ਪਤਾ ਲੱਗੇਗਾ।
ਅਮਰਜੀਤ ਦੇ ਭਰਾ ਪ੍ਰਭਜੋਤ ਸਿੰਘ ਨੇ ਦੱਸਿਆ, ''ਮੇਰਾ ਭਰਾ ਜਥੇ ਨਾਲ ਪਾਕਿਸਤਾਨ ਗਿਆ ਸੀ ਪਰ ਅੱਜ ਜਦੋਂ ਉਹ ਅਟਾਰੀ ਰੇਲਵੇ ਸਟੇਸ਼ਨ 'ਤੇ ਨਹੀਂ ਉਤਰਿਆ ਤਾਂ ਸਾਨੂੰ ਬਹੁਤ ਹੈਰਾਨੀ ਹੋਈ।''

ਤਸਵੀਰ ਸਰੋਤ, Getty Images
'ਤਿੰਨ ਮਹੀਨੇ ਪਹਿਲਾਂ ਮਲੇਸ਼ੀਆ ਤੋਂ ਪਰਤਿਆ ਸੀ'
ਅਮਰਜੀਤ ਸਿੰਘ ਮਲੇਸ਼ੀਆ ਵਿੱਚ ਕੰਮ ਕਰਦਾ ਸੀ ਅਤੇ ਤਿੰਨ ਮਹਿਨੇ ਪਹਿਲਾਂ ਹੀ ਪਿੰਡ ਪਰਤਿਆ ਸੀ ਅਤੇ ਪਰਿਵਾਰ ਦੀ ਖੇਤੀਬਾੜੀ ਵਿੱਚ ਮਦਦ ਕਰਵਾ ਰਿਹਾ ਸੀ।
ਅਮਰਜੀਤ ਦੇ ਭਰਾ ਮੁਤਾਬਕ, ''ਕਿਸੇ ਹੋਰ ਮੁਲਕ ਦਾ ਵੀਜ਼ਾ ਮਿਲਣ ਤੋਂ ਪਹਿਲਾਂ ਉਹ ਗੁਰਦੁਆਰਾ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਦੇ ਦਰਸ਼ਨ ਕਰਨਾ ਚਾਹੁੰਦਾ ਸੀ।''
ਅਮਰਜੀਤ ਦੇ ਭਰਾ ਪ੍ਰਭਜੋਤ ਨੇ ਅੱਗੇ ਦੱਸਿਆ ਕਿ ਜਾਣ ਤੋਂ ਪਹਿਲਾਂ ਉਸਨੇ ਕਿਹਾ ਸੀ ਕਿ ਉਹ ਨਨਕਾਣਾ ਸਾਹਿਬ ਮੱਥਾ ਟੇਕ ਕੇ ਵਾਪਸ ਆ ਜਾਵੇਗਾ।

ਤਸਵੀਰ ਸਰੋਤ, Getty Images
ਅਮਰਜੀਤ ਸ਼ਰਧਾਲੂਆਂ ਦੇ ਜਥੇ ਨਾਲ 12 ਅਪਰੈਲ ਨੂੰ ਪਾਕਿਸਤਾਨ ਲਈ ਰਵਾਨਾ ਹੋਇਆ ਅਤੇ ਉਸਦਾ ਵੀ ਵੀਜ਼ਾ 21 ਅਪਰੈਲ ਤੱਕ ਹੀ ਸੀ।
ਉਸਦੇ ਭਰਾ ਪ੍ਰਭਜੋਤ ਨੇ ਦੱਸਿਆ, "ਅਮਰਜੀਤ ਨੇ 12 ਅਪਰੈਲ ਨੂੰ ਪਾਕਿਸਤਾਨ ਪਹੁੰਚਣ ਬਾਰੇ ਫੋਨ ਕੀਤਾ ਸੀ। ਅਸੀਂ ਉਸਨੂੰ ਫੋਨ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਇੰਟਰਨੈੱਟ ਕੁਨੈਕਸ਼ਨ ਨਾ ਹੋਣ ਕਾਰਨ ਗੱਲ ਨਹੀਂ ਹੋਈ। ਪਰਿਵਾਰ ਨੂੰ ਲੱਗਾ ਕਿ ਅਮਰਜੀਤ ਧਾਰਮਿਕ ਯਾਤਰਾ ਵਿੱਚ ਵਿਅਸਤ ਹੈ ਇਸ ਲਈ ਫ਼ੋਨ ਨਹੀਂ ਕਰ ਰਿਹਾ।''
ਅਮਰਜੀਤ ਦਾ ਪਰਿਵਾਰ ਹੁਣ ਪੁਲਿਸ ਵਿੱਚ ਮਾਮਲੇ ਦੀ ਸ਼ਿਕਾਇਤ ਕਰੇਗਾ।
ਇਸ ਤੋਂ ਪਹਿਲਾਂ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਗਈ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੀ ਕਿਰਨ ਬਾਲਾ ਨੇ ਪਾਕਿਸਤਾਨ ਵਿੱਚ ਇੱਕ ਸ਼ਖਸ ਨਾਲ ਨਿਕਾਹ ਕਰਾ ਲਿਆ ਅਤੇ ਵਾਪਸ ਨਹੀਂ ਪਰਤੀ।












