ਸ਼ਾਹਕੋਟ ਜ਼ਿਮਨੀ ਚੋਣ ਸੁਖਬੀਰ ਤੇ ਕੈਪਟਨ ਲਈ ਬਣੀ ਵਕਾਰੀ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਪੱਤਰਕਾਰ, ਬੀਬੀਸੀ

ਸੋਮਵਾਰ ਨੂੰ ਹੋ ਰਹੀ ਸ਼ਾਹਕੋਟ ਜ਼ਿਮਨੀ ਚੋਣ ਦਾ ਮੁੱਖ ਮੁਕਾਬਲਾ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿਚਾਲੇ ਹੈ।

ਕਾਂਗਰਸ ਤੋਂ ਹਰਦੇਵ ਸਿੰਘ ਲਾਡੀ, ਅਕਾਲੀ ਦਲ ਤੋਂ ਨਾਇਬ ਸਿੰਘ ਕੋਹਾੜ ਅਤੇ ਆਮ ਆਦਮੀ ਪਾਰਟੀ ਤੋਂ ਰਤਨ ਸਿੰਘ ਕਾਕੜ ਕਲਾਂ ਮੈਦਾਨ ਵਿੱਚ ਹਨ।

ਦਰਅਸਲ ਸ਼ਾਹਕੋਟ ਤੋਂ ਅਕਾਲੀ ਦਲ ਦੇ ਵਿਧਾਇਕ ਅਜੀਤ ਸਿੰਘ ਕੋਹਾੜ ਦੀ ਫਰਵਰੀ 'ਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ।

ਸੱਤਾਧਾਰੀ ਪਾਰਟੀ ਕਾਂਗਰਸ ਵਿਕਾਸ ਦੇ ਮੁੱਦੇ 'ਤੇ ਇਹ ਚੋਣ ਲੜ੍ਹ ਰਹੀ ਹੈ ਜਦਕਿ ਅਕਾਲੀ ਦਲ ਦਾ ਮੰਨਣਾ ਹੈ ਕਿ ਇਹ ਉਨ੍ਹਾਂ ਦੀ ਸੀਟ ਹੈ ਕਿਉਂਕਿ ਮਰਹੂਮ ਅਜੀਤ ਸਿੰਘ ਕੋਹਾੜ ਇਸ ਸੀਟ ਤੋਂ 5 ਵਾਰ ਵਿਧਾਇਕ ਚੁਣੇ ਗਏ ਸਨ।

ਦੂਜੇ ਪਾਸੇ, ਗੁਰਦਾਸਪੁਰ ਲੋਕ ਸਭਾ ਦੀ ਉਪ ਚੋਣ ਦੌਰਾਨ ਅਪਮਾਨਜਨਕ ਹਾਰ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਿਆਂ 'ਆਪ' ਇਹ ਸਾਬਿਤ ਕਰਨਾ ਚਾਹੁੰਦੀ ਹੈ ਕਿ ਉਸ ਦਾ ਸੂਬੇ 'ਚ ਵਧੀਆ ਅਕਸ ਅਜੇ ਵੀ ਬਰਕਰਾਰ ਹੈ।

ਕੈਪਟਨ ਅਮਰਿੰਦਰ ਲਈ ਅਹਿਮ

ਜੇ ਬਹੁਮਤ ਦੇ ਹਿਸਾਬ ਨਾਲ ਸੋਚਿਆ ਜਾਵੇ ਤਾਂ ਕਾਂਗਰਸ ਲਈ ਇੱਕ ਸੀਟ ਨਾਲ ਕੋਈ ਫਰਕ ਨਹੀਂ ਪੈਂਦਾ ਪਰ 2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਨ੍ਹਾਂ ਚੋਣਾਂ ਨਾਲ ਉਨ੍ਹਾਂ ਦੀ ਪ੍ਰਸਿੱਧੀ ਜਾਂਚੀ ਜਾ ਸਕਦੀ ਹੈ।

ਦਲਿਤਾਂ ਲਈ ਕੁਝ ਨਾ ਕਰਨ ਕਰਕੇ ਅਮਰਿੰਦਰ ਨੂੰ ਆਪਣੀ ਪਾਰਟੀ ਵਿੱਚੋਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਦੇ ਹੀ ਕੈਬਨਿਟ ਮੰਤਰੀ ਚਰਨਜੀਤ ਸਿੰਘ ਨੇ ਤਾਜ਼ਾ ਸ਼ਬਦੀ ਹਮਲਾ ਕਰਦਿਆਂ ਕਿਹਾ ਹੈ ਕਿ ਕਾਨੂੰਨ ਅਫ਼ਸਰਾਂ ਦੀ ਸੂਚੀ ਵਿੱਚ ਕੋਈ ਦਲਿਤ ਨਹੀਂ ਹੈ ਭਾਵੇਂ ਕੈਪਟਨ ਨੇ ਉਨ੍ਹਾਂ ਭਰੋਸਾ ਦਿਵਾਇਆ ਹੈ ਕਿ ਜਲਦ ਹੀ ਭਰਤੀਆਂ ਕੀਤੀਆਂ ਜਾਣਗੀਆਂ।

ਕਈ ਮੁੱਦਿਆਂ 'ਤੇ ਘਿਰੇ ਕੈਪਟਨ

ਚੋਣਾਂ ਸੂਬੇ ਵਿੱਚ ਕਿਸਾਨਾਂ ਵੱਲੋਂ ਵਿੱਢੇ ਗਏ ਪ੍ਰਦਰਸ਼ਨਾਂ ਵਿਚਾਲੇ ਹੋ ਰਹੀਆਂ ਹਨ ਅਤੇ ਕਿਸਾਨਾਂ ਨੇ ਕਾਂਗਰਸ 'ਤੇ ਕਥਿਤ ਇਲਜ਼ਾਮ ਲਗਾਏ ਹਨ ਕਿ ਉਹ ਆਪਣੇ ਕੀਤੇ ਹੋਏ ਕਰਜ਼ਾ ਮੁਆਫੀ ਦੇ ਵਾਅਦੇ ਨੂੰ ਨਹੀਂ ਪੁਗਾ ਰਹੀ ਹੈ।

ਇਸ ਤੋਂ ਇਲਾਵਾ ਕਾਂਗਰਸ 'ਤੇ ਕਥਿਤ ਤੌਰ 'ਤੇ ਵਿਰੋਧੀਆਂ ਨੇ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ 'ਚੋਂ ਸਿੱਖ ਇਤਿਹਾਸ ਹਟਾਏ ਜਾਣ ਦੇ ਵੀ ਇਲਜ਼ਾਮ ਲਗਾਏ ਸਨ। ਪਾਰਟੀ ਨੇ ਇਨ੍ਹਾਂ ਇਲਜ਼ਾਮਾਂ ਨੂੰ ਗਲਤ ਦੱਸਿਆ ਸੀ।

ਗ਼ੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਹਰਦੇਵ ਸਿੰਘ ਲਾਡੀ ਖ਼ਿਲਾਫ ਤਤਕਾਲੀ ਮਹਿਤਾਬਪੁਰ ਐੱਸਐੱਚਓ ਵੱਲੋਂ ਕੇਸ ਦਰਜ ਕੀਤੇ ਜਾਣ 'ਤੇ ਵੀ ਪਾਰਟੀ ਨੂੰ ਸ਼ਰਮਸਾਰ ਹੋਣਾ ਪਿਆ ਸੀ ਹਾਲਾਂਕਿ ਇਸ ਲਈ ਕਾਂਗਰਸ ਨੇ ਐੱਸਐੱਚਓ 'ਤੇ ਅਕਾਲੀ ਅਤੇ 'ਆਪ' ਦੇ ਹੁਕਮ 'ਤੇ ਕੰਮ ਕਰਨ ਦੇ ਇਲਜ਼ਾਮ ਵੀ ਲਗਾਏ ਸਨ।

ਇਸ ਮੁੱਦੇ ਨਾਲ ਵਿਰੋਧੀਆਂ ਨੂੰ ਕਾਂਗਰਸ ਨੂੰ ਰੇਤ ਮਾਫੀਆ ਵਰਗੇ ਗ਼ੈਰ ਕਾਨੂੰਨੀ ਮੁੱਦੇ 'ਤੇ ਘੇਰਨ ਦਾ ਮੌਕਾ ਮਿਲਿਆ।

ਸੁਖਬੀਰ ਲਈ ਕਿਉਂ ਖਾ਼ਸ?

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸ਼ਾਹਕੋਟ ਵਿੱਚ ਖੁਦ ਚੋਣ ਮੁਹਿੰਮ ਦੀ ਅਗਵਾਈ ਕਰਨਾ ਇਸ ਦੀ ਪ੍ਰਮੁੱਖਤਾ ਨੂੰ ਦਰਸਾਉਂਦਾ ਹੈ।

ਇਸ ਸੀਟ 'ਤੇ ਜਿੱਤ ਹਾਸਿਲ ਕਰਨ ਨਾਲ ਪਿਛਲੀਆਂ ਚੋਣਾਂ ਵਿੱਚ ਤੀਜੇ ਥਾਂ 'ਤੇ ਰਹਿਣ ਵਾਲੇ ਅਕਾਲੀ ਦਲ ਨੂੰ ਕਾਫੀ ਹੁੰਗਾਰਾ ਮਿਲੇਗਾ।

ਪਾਰਟੀ ਨੂੰ 2019 ਦੀਆਂ ਲੋਕਸਭਾ ਚੋਣਾਂ ਪਹਿਲਾਂ ਉਤਸ਼ਾਹ ਭਰਨ ਲਈ ਇਹ ਜਿੱਤ ਖਾਸੀ ਮਹੱਤਵਪੂਰਨ ਹੈ।

ਜੇ ਅਕਾਲੀ ਦਲ ਕਾਂਗਰਸ ਨੂੰ ਹਰਾ ਕੇ ਇਸ ਸੀਟ 'ਤੇ ਜਿੱਤ ਹਾਸਿਲ ਕਰਦਾ ਹੈ ਤਾਂ ਇਸ ਨਾਲ ਪਾਰਟੀ ਦਾ ਮਨੋਬਲ ਦੁਗਣਾ ਹੋ ਜਾਵੇਗਾ।

ਜੇਕਰ ਪਾਰਟੀ ਸ਼ਾਹਕੋਟ ਦੀ ਸੀਟ ਹਾਰ ਜਾਂਦੀ ਹੈ ਤਾਂ ਇਹ ਇਸ ਲਈ ਕਿਸੇ ਝਟਕੇ ਤੋਂ ਘਟ ਨਹੀਂ ਹੋਵੇਗਾ ਕਿਉਂਕਿ ਮਰਹੂਮ ਪਾਰਟੀ ਨੇਤਾ ਇਸ 'ਤੇ 5 ਵਾਰ ਉਮੀਦਵਾਰ ਚੁਣੇ ਗਏ ਸਨ।

ਆਮ ਆਦਮੀ ਪਾਰਟੀ ਲਈ ਇੱਜ਼ਤ ਦਾ ਸਵਾਲ

ਆਮ ਆਦਮੀ ਪਾਰਟੀ ਵਿੱਚੋਂ ਇਨ੍ਹਾਂ ਚੋਣਾਂ ਵਿੱਚ ਹਿੱਸਾ ਨਾ ਲੈਣ ਵਾਸਤੇ ਵੀ ਆਵਾਜ਼ਾਂ ਉੱਠੀਆਂ ਸਨ ਪਰ ਉਨ੍ਹਾਂ ਨੂੰ ਪਾਸੇ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਰਤਨ ਸਿੰਘ ਨੂੰ ਚੋਣਾਂ ਵਿੱਚ ਉਤਾਰਿਆ। ਬੀਤੀ ਗੁਰਦਾਸਪੁਰ ਜ਼ਿਮਨੀ ਚੋਣ ਵਿੱਚ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਸ ਲਈ ਇਸ ਚੋਣਾਂ ਵਿੱਚ ਵਧੀਆ ਪ੍ਰਦਰਸ਼ਨ ਪਾਰਟੀ ਲਈ ਕਾਫੀ ਅਹਿਮ ਹੈ।

ਮੁੱਖ ਤੱਥ

  • ਸ਼ਾਹਕੋਟ ਚੋਣਾਂ ਵਿੱਚ ਮੈਦਾਨ 'ਚ ਉਤਰੇ 12 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ 1,72,676 ਵੋਟਰ ਕਰਨਗੇ।
  • ਚੋਣ ਕਮਿਸ਼ਨ ਵੱਲੋਂ ਬੀਐੱਸਐੱਫ ਦੀਆਂ 6 ਕੰਪਨੀਆਂ ਸਣੇ 1,022 ਸੁਰੱਖਿਆ ਜਵਾਨ ਤਾਇਨਾਤ ਕੀਤੇ ਹਨ।
  • ਵੋਟਾਂ ਸਵੇਰੇ 7 ਵਜੇ ਚੋਂ ਸ਼ਾਮ 6 ਵਜੇ ਤੱਕ ਪੈਣਗੀਆਂ।
  • ਵੋਟਾਂ ਦੀ ਗਿਣਤੀ 31 ਮਈ ਨੂੰ ਹੋਵੇਗੀ।
  • ਕੁੱਲ 2365 ਪੋਲਿੰਗ ਸਟੇਸ਼ਨਾਂ 'ਤੇ ਵੋਟਾਂ ਪੈਣਗੀਆਂ।
  • ਚੋਣ ਕਮਿਸ਼ਨ ਵੱਲੋਂ 136 ਥਾਵਾਂ ਨੂੰ ਸੰਵੇਦਨਸ਼ੀਲ ਕਰਾਰ ਦਿੱਤਾ ਹੈ।
  • ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (ਈਵੀਐਮ) ਅਤੇ ਵੋਟਰ ਵੈਰੀਫਾਈਡ ਪੇਪਰ ਆਡਿਟ ਟ੍ਰੇਲ (ਵੀਵੀਪੀਏਟੀ) ਨੂੰ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਲਗਾਇਆ ਜਾਵੇਗਾ। ਇਸ ਤੋਂ ਇਲਾਵਾ 15 ਫੀਸਦੀ ਵਾਧੂ ਈਵੀਐੱਮ ਅਤੇ ਵੀਵੀਪੀਏਟੀ ਰੱਖੇ ਜਾਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)