ਮੋਦੀ ਦੇ ਦਾਅਵਿਆਂ ਦੇ ਉਲਟ ਬਿਜਲੀ ਤੋਂ ਸੱਖਣੇ ਪਿੰਡ ਦੇ ਲੋਕਾਂ ਦੀ ਕਹਾਣੀ

ਅਸਰਾਵਾਂ

ਤਸਵੀਰ ਸਰੋਤ, Satsingh/bbc

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਪੰਜਾਬੀ ਲਈ

ਹਿਸਾਰ ਦੇ ਅਸਰਾਵਾਂ ਵਿੱਚ ਸ਼ਾਮ ਦੇ ਪੰਜ ਵੱਜੇ ਹਨ ਅਤੇ 72 ਸਾਲਾ ਸੂਰਜ ਰਾਮ ਆਪਣੀ ਢਾਣੀ ਦੇ ਬਾਹਰ ਬੈਠੇ ਹਨ। ਉਹ ਆਪਣੇ ਪੋਤੇ-ਪੋਤੀਆਂ ਨੂੰ ਸਕੂਲ ਦਾ ਕੰਮ ਮੁਕਾ ਕੇ ਰਾਤ ਦੇ ਖਾਣੇ ਲਈ ਤਿਆਰ ਹੋਣ ਲਈ ਕਹਿ ਰਹੇ ਹਨ।

ਉਨ੍ਹਾਂ ਦੀ ਕਾਹਲੀ ਦਾ ਸਬੱਬ ਇਹ ਹੈ ਕਿ ਰਾਤ ਹੋਣ ਵਿੱਚ ਸਿਰਫ ਦੋ ਘੰਟੇ ਬਚੇ ਹਨ ਅਤੇ ਉਸ ਮਗਰੋਂ ਹਨ੍ਹੇਰਾ ਛਾ ਜਾਵੇਗਾ।

ਸੂਰਜ ਰਾਮ ਇਸ ਢਾਣੀ ਵਿੱਚ ਆਪਣੇ 12 ਮੈਂਬਰੀ ਪਰਿਵਾਰ ਨਾਲ ਰਹਿੰਦੇ ਹਨ।

ਉਨ੍ਹਾਂ ਦੱਸਿਆ, "ਇਨਾਂ ਦਿਨਾਂ ਵਿੱਚ ਸੂਰਜ ਸ਼ਾਮ ਦੇ 7 ਵਜੇ ਤੱਕ ਛੁਪ ਜਾਂਦਾ ਹੈ। ਇਸ ਮਗਰੋਂ ਅਗਲੇ ਦਿਨ ਸਵੇਰੇ 5 ਵਜੇ ਸੂਰਜ ਦੀ ਰੌਸ਼ਨੀ ਸਾਡੇ ਤੱਕ ਮੁੜ ਨਹੀਂ ਪਹੁੰਚਦੀ ਅਤੇ ਅਸੀਂ ਅਗਲੇ ਦਿਨ ਦੀ ਨਵੀਂ ਸ਼ੁਰੂਆਤ ਤਦ ਤੱਕ ਨਹੀਂ ਕਰਦੇ। ਅਸੀਂ ਸੌਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ।"

ਉਹ ਦੋ ਕਨਾਲਾਂ ਦੀ ਇਸ ਢਾਣੀ ਵਿੱਚ 1987 ਵਿੱਚ ਆ ਕੇ ਵਸੇ ਸਨ। ਜਿਸ ਦੇ ਚਾਰੇ ਪਾਸੇ ਉਨ੍ਹਾਂ ਦੀ ਖੁੱਲ੍ਹੀ 8 ਏਕੜ ਜ਼ਮੀਨ ਹੈ। ਉਸ ਸਮੇਂ ਤੋਂ ਹੀ ਇੱਥੇ ਬਿਜਲੀ ਨਹੀਂ ਪਹੁੰਚੀ।

ਦਿਲਚਸਪ ਗੱਲ ਇਹ ਹੈ ਕਿ ਨੀਤੀ ਆਯੋਗ (ਭਾਰਤ ਦੀ ਕਾਇਆ ਪਲਟ ਲਈ ਕੌਮੀ ਸੰਸਥਾਨ) ਦੀ ਰਜੀਵ ਗਾਂਧੀ ਪੇਂਡੂ ਬਿਜਲੀਕਰਨ ਯੋਜਨਾ ਬਾਰੇ 2016-17 ਦੀ ਸਾਲਾਨਾ ਰਿਪੋਰਟ ਮੁਤਾਬਕ ਹਰਿਆਣੇ ਨੇ ਸਰਕਾਰ ਦਾ ਹਰ ਪਿੰਡ ਦੇ ਹਰ ਘਰ ਤੱਕ ਬਿਜਲੀ ਪਹੁੰਚਾਉਣ ਦਾ ਉਦੇਸ਼ ਹਾਸਲ ਕਰ ਲਿਆ ਹੈ।

ਅਸਰਾਵਾਂ

ਤਸਵੀਰ ਸਰੋਤ, Sat singh/bbc

ਸੂਰਜ ਰਾਮ ਦੀ ਢਾਣੀ ਦੇ ਨਾਲ 15 ਢਾਣੀਆਂ ਹੋਰ ਹਨ , ਜਿੱਥੇ ਤੱਕ ਕਾਫੀ ਕੋਸ਼ਿਸ਼ਾਂ ਦੇ ਬਾਵਜ਼ੂਦ ਬਿਜਲੀ ਨਹੀਂ ਪਹੁੰਚੀ। ਉਹ ਪਿਛਲੇ 30 ਸਾਲਾਂ ਤੋਂ ਇਹ ਮਸਲਾ ਹਰ ਪੱਧਰ 'ਤੇ ਅਤੇ ਹਰ ਸੰਭਵ ਮੌਕੇ 'ਤੇ ਚੁੱਕਦੇ ਰਹੇ ਹਨ ਪਰ ਕੋਈ ਲਾਭ ਨਹੀਂ ਹੋਇਆ। ਰਾਤ ਨੂੰ ਸਾਰੀਆਂ ਢਾਣੀਆਂ ਹਨੇਰੇ ਵਿੱਚ ਡੁੱਬ ਜਾਂਦੀਆਂ ਹਨ।

ਸੂਰਜ ਰਾਮ ਦੇ ਪੁੱਤਰ ਰੁਲੀ ਰਾਮ ਨੇ ਦੱਸਿਆ ਕਿ ਗਰਮੀ ਦਾ ਮੁਕਾਬਲਾ ਕਰਨ ਲਈ ਉਨ੍ਹਾਂ ਕੋਲ ਕੋਈ ਬਿਜਲੀ ਉਪਕਰਨ ਜਿਵੇਂ- ਫਰਿੱਜ, ਪੱਖੇ, ਕੂਲਰ ਆਦਿ ਨਹੀਂ ਹਨ। ਉਨ੍ਹਾਂ ਕੋਲ ਪਿਆਸ ਬੁਝਾਉਣ ਲਈ ਸਿਰਫ਼ ਮਿੱਟੀ ਦੇ ਘੜੇ ਹਨ ਅਤੇ ਪੱਠੇ ਕੁਤਰਨ ਤੋਂ ਲੈ ਕੇ ਕਣਕ ਪੀਹਣ ਤੱਕ ਸਾਰੇ ਕੰਮ ਉਨ੍ਹਾਂ ਨੂੰ ਹੱਥੀਂ ਕਰਨੇ ਪੈਂਦੇ ਹਨ।

ਘਰ ਦਾ ਫ਼ਰਸ਼ ਜਾਣ ਬੁੱਝ ਕੇ ਕੱਚਾ ਰੱਖਿਆ ਗਿਆ ਹੈ, ਜਿਸ ਨਾਲ ਘਰ 44 ਡਿਗਰੀ ਤਾਪਮਾਨ ਵਾਲੀ ਗਰਮੀ ਵਿੱਚ ਵੀ ਕੁਝ ਹੱਦ ਤੱਕ ਠੰਡਾ ਰਹਿੰਦਾ ਹੈ।

ਰੁਲੀ ਰਾਮ ਜੋ ਆਪਣੇ ਪਿਤਾ ਸੂਰਜ ਰਾਮ ਨਾਲ ਮਿਲ ਕੇ ਆਪਣੀ 7 ਏਕੜ ਜ਼ਮੀਨ ਦੀ ਵਾਹੀ ਕਰਦੇ ਨੇ ਦੱਸਿਆ, "ਇਹ ਸਾਡਾ ਰੋਜ਼ ਦਾ ਕੰਮ ਹੈ। ਸਾਡੇ ਰਿਸ਼ਤੇਦਾਰ ਵੀ ਆਪਣੇ ਆਪ ਨੂੰ ਇਸ ਕਿਸਮ ਦੀ ਜ਼ਿੰਦਗੀ ਲਈ ਮਾਨਸਿਕ ਤੌਰ 'ਤੇ ਤਿਆਰ ਕਰਕੇ ਹੀ ਆਉਂਦੇ ਹਨ। ਇਸ ਤਰ੍ਹਾਂ ਦਾ ਜੀਵਨ ਹਿਸਾਰ ਦੇ ਕੁਝ ਪਿੰਡਾਂ ਦੇ ਘਰਾਂ ਵਿੱਚ ਹੀ ਰਹਿ ਗਿਆ ਹੈ।"

ਰੁਲੀ ਰਾਮ ਦੀ ਧੀ ਵਿਦਿਆ ਮਾਹੁਲੀਆ ਨੇ ਹਾਲ ਹੀ ਵਿੱਚ ਹਰਿਆਣਾ ਸਕੂਲ ਸਿੱਖਿਆ ਬੋਰਡ ਦੀ 10ਵੀਂ ਦੀ ਪ੍ਰੀਖਿਆ ਦਿੱਤੀ ਹੈ। ਜਿਸ ਦਾ ਨਤੀਜਾ ਅਜੇ ਆਉਣਾ ਹੈ। ਉਸ ਨੂੰ ਉਮੀਦ ਹੈ ਕਿ ਉਹ ਪਾਸ ਹੋ ਜਾਵੇਗੀ।

ਬਿਜਲੀ ਤੋਂ ਬਿਨਾਂ ਜ਼ਿੰਦਗੀ ਕਿਵੇਂ ਹੁੰਦੀ ਹੈ ਇਸ ਬਾਰੇ 15 ਸਾਲਾ ਵਿਦਿਆ ਮਾਹੁਲੀਆ ਨੇ ਦੱਸਿਆ:

ਅਸਰਾਵਾਂ

ਤਸਵੀਰ ਸਰੋਤ, Satsingh/bbc

"ਖੇਤੀਬਾੜੀ ਵਾਲਾ ਪਰਿਵਾਰ ਹੋਣ ਕਰਕੇ ਮੈਨੂੰ ਘਰ ਦੇ ਕੰਮਾਂ ਵਿੱਚ ਮਾਪਿਆਂ ਦਾ ਹੱਥ ਵੀ ਵਟਾਉਣਾ ਪੈਂਦਾ ਹੈ ਅਤੇ ਸੂਰਜ ਦੇ ਅਸਮਾਨ ਵਿੱਚ ਹੁੰਦਿਆਂ ਜਦੋਂ ਤੱਕ ਕੁਦਰਤੀ ਰੌਸ਼ਨੀ ਆ ਰਹੀ ਹੋਵੇ ਪੜ੍ਹਾਈ ਲਈ ਵੀ ਸਮਾਂ ਕੱਢਣਾ ਪੈਂਦਾ ਹੈ।''

ਆਪਣੀ ਨਾਰਾਜ਼ਗੀ ਜਾਹਰ ਕਰਦਿਆਂ ਉਸ ਨੇ ਕਿਹਾ ਕਿ ਸਕੂਲ ਵਿੱਚ ਜਦੋਂ ਉਸ ਦੇ ਦੋਸਤ ਫਿਲਮਾਂ ਤੇ ਟੀਵੀ ਲੜੀਵਾਰਾਂ ਦੀਆਂ ਗੱਲਾਂ ਕਰਦੇ ਹਨ ਤਾਂ ਉਹ ਆਪਣੇ ਆਪ ਨੂੰ ਕਟਿਆ ਹੋਇਆ ਮਹਿਸੂਸ ਕਰਦੀ ਹੈ। ਉਸ ਦੇ ਕੁਝ ਸਮਝ ਨਹੀਂ ਆਉਂਦਾ ਅਤੇ ਉਹ ਅਜਿਹੀ ਗੱਲਬਾਤ ਤੋਂ ਦੂਰ ਹੀ ਰਹਿੰਦੀ ਹੈ।

ਇਸੇ ਤਰ੍ਹਾਂ ਅੰਜੂ ਦੇਵੀ ਵੀ ਆਪਣੇ ਪਿਤਾ ਹਮੂਮਾਨ ਮਾਹੁਲਿਆ, ਮਾਂ ਭਟੇਰੀ ਦੇਵੀ ਅਤੇ ਛੋਟੇ ਭਰਾ ਨਾਲ ਵਿਦਿਆ ਦੀ ਢਾਣੀ ਦੇ ਕੋਲ ਹੀ ਰਹਿੰਦੀ ਹੈ। ਉਹ ਇਸੇ ਸਾਲ ਦਸਵੀਂ ਵਿੱਚ ਦਾਖਲ ਹੋਈ ਹੈ। ਅੰਜੂ ਦੇ ਘਰ ਵਿੱਚ ਟੀਵੀ ਹੈ ਜੋ 24 ਘੰਟਿਆਂ ਵਿੱਚ 1 ਘੰਟਾ ਹੀ ਚਲਾਇਆ ਜਾਂਦਾ ਹੈ ਕਿਉਂਕਿ ਸੂਰਜੀ ਊਰਜਾ ਵਾਲਾ ਪੈਨਲ ਇੱਕ ਵਾਰ ਚਾਰਜ ਹੋ ਕੇ ਸਿਰਫ ਐਨੇ ਸਮੇਂ ਲਈ ਹੀ ਬਿਜਲੀ ਦੇ ਸਕਦਾ ਹੈ।

ਸੋਲਾਂ ਸਾਲਾ ਅੰਜੂ ਦੱਸਦੀ ਹੈ, "ਸਾਡੇ ਮਾਪੇ ਸਾਨੂੰ ਪੜ੍ਹਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਵੱਡੇ ਹੋ ਕੇ ਮੇਰਾ ਤੇ ਮੇਰੇ ਭਰਾ ਦਾ ਘਰ ਅਜਿਹਾ ਹੋਵੇ ਜਿੱਥੇ ਬਿਜਲੀ ਦਾ ਕਨੈਕਸ਼ਨ ਹੋਵੇ, ਤਾਂ ਕਿ ਸਾਨੂੰ ਉਨ੍ਹਾਂ ਵਾਂਗ ਹਨ੍ਹੇਰੇ ਵਿੱਚ ਜ਼ਿੰਦਗੀ ਨਾ ਜਿਉਣੀ ਪਵੇ।"

ਉਸ ਦੀ ਮਾਂ ਭਟੇਰੀ ਦੇਵੀ ਦਾ ਕਹਿਣਾ ਹੈ ਕਿ ਸਾਰੀ ਰਾਤ ਮੱਛਰ ਭਿਣਕਦੇ ਰਹਿੰਦੇ ਹਨ। ਜੇ ਰਾਤ ਨੂੰ ਮੱਛਰਦਾਨੀ ਹਿੱਲ ਜਾਵੇ ਤਾਂ ਉਹ ਅੰਦਰ ਵੜ ਕੇ ਬੱਚਿਆਂ ਦੇ ਲੜਦੇ ਹਨ ਜਿਸ ਕਰਕੇ ਉਹ ਅੱਧੀ ਰਾਤ ਹੀ ਸੌਂ ਪਾਉਂਦੇ ਹਨ ਅਤੇ ਸਾਰੀ ਰਾਤ ਮੱਛਰਦਾਨੀ ਠੀਕ ਕਰਦੇ ਰਹਿੰਦੇ ਹਨ।

ਉਨ੍ਹਾਂ ਕਿਹਾ, "ਇਸ ਦੀ ਸਾਨੂੰ ਤਾਂ ਆਦਤ ਪੈ ਗਈ ਹੈ ਪਰ ਬੱਚਿਆਂ ਨੂੰ ਹਾਲੇ ਇਸ ਦੀ ਆਦਤ ਨਹੀਂ ਹੋਈ।"

ਪਿੰਡ ਵਿੱਚ ਵੀ ਹਾਲਾਤ ਕੋਈ ਵਧੀਆ ਨਹੀਂ

ਜੀਤ ਰਾਮ (66) ਜੋ ਅਸਰਾਵਾਂ ਦੀ ਮਹਿਲਾ ਸਰਪੰਚ ਦੇ ਸਹੁਰੇ ਹਨ ਨੇ ਕਿਹਾ ਕਿ ਪਿੰਡ ਦੀਆਂ 2200 ਵੋਟਾਂ ਹਨ ਜੋ ਸਦੀਆਂ ਤੋਂ ਖੇਤੀਬਾੜੀ 'ਤੇ ਹੀ ਗੁਜ਼ਾਰਾ ਕਰਦੇ ਆ ਰਹੇ ਹਨ।

ਅਸਰਾਵਾਂ

ਤਸਵੀਰ ਸਰੋਤ, Satsingh/bbc

ਪਿੰਡ ਦੇ ਸਾਰੇ ਘਰਾਂ ਵਿੱਚ ਬਿਜਲੀ ਹੈ ਪਰ ਪਿੰਡ ਦੇ ਆਸੇ ਪਾਸੇ ਖੇਤਾਂ ਵਿੱਚ ਵਸੀਆਂ 16 ਢਾਣੀਆਂ ਦਾ ਹਾਲੇ ਤੱਕ ਬਿਜਲੀਕਰਨ ਨਹੀਂ ਹੋਇਆ।

ਉਨ੍ਹਾਂ ਅੱਗੇ ਕਿਹਾ, ''ਅਸੀਂ ਬਿਜਲੀ ਦਾ ਮੁੱਦਾ ਹਰ ਥਾਂ ਚੁੱਕਿਆ ਪਰ ਕੋਈ ਲਾਭ ਨਹੀਂ ਹੋਇਆ। ਉਨ੍ਹਾਂ ਨੂੰ ਵਾਅਦਾ ਕਰਕੇ ਬਿਜਲੀ ਵਿਭਾਗ ਨੇ ਕੁਝ ਸਾਲ ਪਹਿਲਾਂ ਸਕਿਉਰਟੀ ਵੀ ਭਰਵਾਈ ਪਰ ਕੁਝ ਨਹੀਂ ਹੋਇਆ।''

ਪਿੰਡ ਦੇ ਪਾਵਰ ਸਟੇਸ਼ਨ ਦੀ ਹਾਲਤ ਵੀ ਕੋਈ ਵਧੀਆ ਨਹੀਂ ਹੈ ਅਤੇ ਦਿਨ ਵਿੱਚ ਮੁਸ਼ਕਿਲ ਨਾਲ ਦੋ ਘੰਟੇ ਹੀ ਬਿਜਲੀ ਆਉਂਦੀ ਹੈ ਅਤੇ ਪਿੰਡ ਸ਼ਾਮ 7 ਵਜੇ ਤੋਂ ਬਾਅਦ ਅਗਲੇ ਦਿਨ 5 ਵਜੇ ਤੱਕ ਹਨੇਰੇ 'ਚ ਡੁੱਬ ਜਾਂਦਾ ਹੈ।

ਜੀਤ ਰਾਮ ਨੇ ਨਾ ਉਮੀਦੀ ਨਾਲ ਕਿਹਾ ਕਿ ਅਸੀਂ ਇਸ ਕੌੜੀ ਸਚਾਈ ਨਾਲ ਜਿਉਣਾ ਸਿੱਖ ਲਿਆ ਹੈ ਕਿ ਸ਼ਾਇਦ ਬਿਜਲੀ ਨਾਲ ਜੁੜੇ ਸੁੱਖ ਸਾਡੀ ਕਿਸਮਤ ਵਿੱਚ ਹੀ ਨਹੀਂ ਹਨ।

"ਸੁੱਖਾਂ ਤੋਂ ਵਧ ਇਹ ਜ਼ਰੂਰਤ ਦੀ ਗੱਲ ਹੈ"

ਨਜ਼ਦੀਕੀ ਪਿੰਡ ਆਦਮਪੁਰ ਦੇ ਸਰਪੰਚ ਅਤਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦੀਆਂ ਵੀ ਦਰਜਣਾਂ ਢਾਣੀਆਂ ਬਿਜਲੀਕਰਨ ਦੀ ਉਡੀਕ ਵਿੱਚ ਹਨ।

ਜਦੋਂ ਪ੍ਰਧਾਨ ਮੰਤਰੀ ਮੋਦੀ ਦੇ ਐਲਾਨ ਬਾਰੇ ਪੁੱਛਿਆ ਗਿਆ ਕਿ ਦੇਸ ਦੇ ਹਰੇਕ ਪਿੰਡ ਵਿੱਚ ਬਿਜਲੀਕਰਨ ਪੂਰਾ ਕਰ ਲਿਆ ਗਿਆ ਹੈ।

ਅਸਰਾਵਾਂ

ਤਸਵੀਰ ਸਰੋਤ, Sat singh/bbc

ਇਹ ਦਰਸਾਉਣ ਲਈ ਕਿ ਸਿਆਸੀ ਦਾਅਵੇ ਜ਼ਮੀਨੀ ਸਚਾਈ ਤੋਂ ਵੱਖਰੇ ਹਨ, ਦੋਹਾਂ ਸਰਪੰਚਾਂ ਨੇ ਨਾਂਹ ਵਿੱਚ ਹੱਥ ਘੁੰਮਾ ਦਿੱਤਾ।

ਬਿਜਲੀ ਦੇ ਬਦਲਵੇਂ ਸੋਮਿਆਂ ਤੋਂ ਵੀ ਬਹੁਤੀ ਉਮੀਦ ਨਹੀਂ

ਅਸਰਾਵਾਂ ਪਿੰਡ ਦੀਆਂ ਇਹ ਢਾਣੀਆਂ ਦਿੱਲੀ-ਹਿਸਾਰ-ਸਿਰਸਾ ਦੇ ਚਾਰ ਮਾਰਗੀ ਸ਼ਾਹ ਰਾਹ ਤੋਂ 10 ਕਿਲੋਮੀਟਰ ਦੂਰ ਹਨ।

ਇੱਥੋਂ ਦੇ ਨਿਵਾਸੀ ਆਪਣੀਆਂ ਬਿਜਲੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸੋਲਰ ਪੈਨਲ ਵਰਤਦੇ ਹਨ।

ਸੂਰਜ ਰਾਮ ਨੇ ਦੱਸਿਆ, "ਅਸੀਂ ਸੂਬੇ ਦੇ ਬਿਜਲੀ ਵਿਭਾਗ ਤੋਂ ਹਰ ਚਾਰ ਸਾਲ ਬਾਅਦ ਚਾਰ ਛੋਟੇ ਸੋਲਰ ਪੈਨਲ ਲਿਆ ਕੇ ਘਰ ਦੀ ਛੱਤ 'ਤੇ ਲਗਾਉਂਦੇ ਹਾਂ। ਇਸ ਨਾਲ ਕਮਰੇ ਵਿੱਚ ਸਾਰੀ ਰਾਤ ਤਿੰਨ ਸੂਰਜੀ ਬਲਬ ਜਗਦੇ ਰਹਿ ਸਕਦੇ ਹਨ।"

''ਐਨੀਂ ਕੁ ਰੌਸ਼ਨੀ ਘਰ ਵਿੱਚ ਘੱਟੋ-ਘੱਟ ਕੰਮ ਕਾਜ ਕਰਨ ਲਈ ਜ਼ਰੂਰੀ ਹੈ।''

ਉਨ੍ਹਾਂ ਦੇ ਘਰ ਵਿੱਚ ਡੀਜ਼ਲ ਦੇ ਜਨਰੇਟਰ ਰੱਖੇ ਹੋਏ ਹਨ। ਇਨ੍ਹਾਂ ਦੀ ਵਰਤੋਂ ਸੂਰਜੀ ਊਰਜਾ ਖ਼ਤਮ ਹੋਣ ਜਾਂ ਮੀਂਹ ਦੇ ਦਿਨਾਂ ਵਿੱਚ ਜਦੋਂ ਧੁੱਪ ਨਹੀਂ ਨਿਕਲਦੀ ਉਦੋਂ ਕੀਤੀ ਜਾਂਦੀ ਹੈ।

ਅਸਰਾਵਾਂ ਪਿੰਡ

ਤਸਵੀਰ ਸਰੋਤ, Sat Singh/BBC

ਖੇਤਾਂ ਵਿੱਚ ਕੰਮ ਕਰ ਰਹੇ ਇਨ੍ਹਾਂ ਢਾਣੀਆਂ ਦੇ ਨਿਵਾਸੀ ਇੱਕ ਬਜ਼ੁਰਗ ਨੇ ਦੱਸਿਆ ਕਿ ਕਈ ਘਰਾਂ ਦੇ ਜ਼ਰੂਰੀ ਕੰਮ ਨਿਪਟਾਉਣ ਲਈ ਟਰੈਕਟਰ ਦੀਆਂ ਲਾਈਟਾਂ ਦੀ ਵਰਤੋਂ ਕਰਦੇ ਹਨ।

ਕਣਕ ਵਰਗੀਆਂ ਰਵਾਇਤੀ ਫਸਲਾਂ ਲਈ ਵੀ ਕਿਸਾਨਾਂ ਨੂੰ ਪਾਣੀ ਲਈ ਸੰਘਰਸ਼ ਕਰਨਾ ਪੈਂਦਾ ਹੈ।

ਸਿਆਸਤ

ਜੀਤ ਰਾਮ ਆਪਣੀ ਸਰਪੰਚ ਨੁੰਹ ਰਾਜ ਬਾਲਾ ਦੇਵੀ ਦੇ ਵਿਕਾਸ ਨਾਲ ਜੁੜੇ ਕੰਮ ਕਾਜ ਵੀ ਦੇਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਿੰਡ ਆਦਮਪੁਰ ਹਲਕੇ ਵਿੱਚ ਪੈਂਦਾ ਹੈ ਜੋ ਕਿ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੀ ਸੀਟ ਰਿਹਾ ਹੈ।

ਉਨ੍ਹਾਂ ਨੇ ਯਾਦ ਕਰਦਿਆਂ ਕਿਹਾ, "ਜਦੋਂ ਭਜਨ ਲਾਲ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੂੰ ਬਹੁਤ ਉਮੀਦਾਂ ਸਨ ਪਰ ਜਦੋਂ ਸਥਾਨਕ ਸਿਆਸਤ ਕਰਕੇ ਭਜਨ ਲਾਲ ਨੂੰ ਦੱਸਿਆ ਗਿਆ ਕਿ ਢਾਣੀਆਂ ਨੇ ਉਨ੍ਹਾਂ ਨੂੰ ਵੋਟ ਨਹੀਂ ਦਿੱਤੇ ਤਾਂ ਉਨ੍ਹਾਂ ਨੂੰ ਬਿਜਲੀ ਦੇ ਕੁਨੈਕਸ਼ਨ ਨਹੀਂ ਦਿੱਤੇ ਗਏ।"

ਉਨ੍ਹਾਂ ਦਾ ਦਾਅਵਾ ਹੈ ਕਿ ਸਾਰੀਆਂ 16 ਢਾਣੀਆਂ ਜਾਟ ਭਾਈਚਾਰੇ ਦੀਆਂ ਹਨ ਅਤੇ ਪਿੰਡ ਵਿੱਚ ਬਿਸ਼ਨੋਈਆਂ ਦੀ ਬਹੁਗਿਣਤੀ ਹੈ ਜਿਸ ਨੇ ਹਮੇਸ਼ਾ ਭਜਨ ਲਾਲ ਨੂੰ ਵੋਟ ਦਿੱਤੀ ਹੈ।

ਸ਼ੇਰ ਸਿੰਘ ਨੇ ਗੱਲਬਾਤ ਵਿੱਚ ਦਖਲ ਦਿੰਦਿਆਂ ਕਿਹਾ ਕਿ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਲੜਨ ਵਾਲੇ ਪੰਜ ਸਾਲਾਂ ਵਿੱਚ ਇੱਕ ਵਾਰ ਸਾਡੇ ਕੋਲ ਆਉਂਦੇ ਹਨ।

ਅਸਰਾਵਾਂ

ਤਸਵੀਰ ਸਰੋਤ, Satsingh/bbc

ਉਨ੍ਹਾਂ ਕਿਹਾ, "ਉਹ ਬੇਸ਼ਰਮੀ ਨਾਲ ਹੱਥ ਜੋੜਦੇ ਹਨ, ਪੈਰਾਂ ਨੂੰ ਹੱਥ ਲਾ ਕੇ ਉਨ੍ਹਾਂ ਨੂੰ ਬਿਜਲੀ ਦੇ ਕੁਨੈਕਸ਼ਨ ਦੇਣ ਦਾ ਵਾਅਦਾ ਕਰਕੇ ਪੰਜ ਸਾਲਾਂ ਬਾਅਦ ਵਾਪਸ ਮੁੜਨ ਲਈ ਚਲੇ ਜਾਂਦੇ ਹਨ।"

ਕੀ ਹੈ ਪ੍ਰਸ਼ਾਸ਼ਨ ਦਾ ਪੱਖ?

ਦੱਖਣੀ ਹਰਿਆਣਾ ਬਿਜਲੀ ਵਿਤਰਣ ਨਿਗਮ ਦੇ ਹਿਸਾਰ ਦੇ ਸੁਪਰੀਨਟੈਂਡੈਂਟ ਇੰਜੀਨੀਅਰ, ਦਰਸ਼ਨ ਲਾਲ ਨੇ ਮੰਨਿਆ ਕਿ ਕਈ ਢਾਣੀਆਂ ਦਾ ਬਿਜਲੀਕਰਨ ਨਹੀਂ ਹੋਇਆ।

ਉਨ੍ਹਾਂ ਦਾ ਕਹਿਣਾ ਹੈ ਕਿ ਕੁਨੈਕਸ਼ਨ ਲੈਣ ਲਈ ਲੋਕਾਂ ਨੂੰ ਪੈਸੇ ਜਮਾਂ ਕਰਵਾਉਣੇ ਪੈਣਗੇ।

ਉਨ੍ਹਾਂ ਅੱਗੇ ਕਿਹਾ, "ਪਹਿਲਾਂ ਢਾਣੀਆਂ ਨੂੰ ਐੱਮਪੀਲੈਂਡ ਫੰਡ ਵਿੱਚੋਂ ਪੈਸਾ ਮਿਲਦਾ ਸੀ ਪਰ ਹੁਣ ਬਿਜਲੀ ਵਿਭਾਗ ਉਨ੍ਹਾਂ ਨੂੰ ਸਕਿਉਰਿਟੀ ਅਤੇ ਪ੍ਰਤੀ ਮੀਟਰ 175 ਰੁਪਏ ਦਾ ਸੇਵਾ ਕਰ ਜਮਾਂ ਕਰਵਾਉਣ ਤੇ ਬਿਜਲੀ ਦਾ ਕੁਨੈਕਸ਼ਨ ਦੇਣ ਲਈ ਤਿਆਰ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)