ਕਾਂਗਰਸੀ ਉਮੀਦਵਾਰ ਉੱਤੇ ਪਰਚਾ: ਅਸਤੀਫੇ 'ਚ ਥਾਣੇਦਾਰ ਨੇ ਕੀ ਲਿਖਿਆ ਤੇ ਵਾਪਸੀ ਪਿੱਛੇ ਕੀ ਦਲੀਲ ਦਿੱਤੀ

ਹਰਦੇਵ ਸਿੰਘ ਲਾਡੀ

ਤਸਵੀਰ ਸਰੋਤ, fb/Hardevsinghladdisherowalia

ਸ਼ਾਹਕੋਟ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਉਰਫ਼ ਸ਼ੇਰੋਵਾਲੀਆ 'ਤੇ ਮਾਈਨਿੰਗ ਨਾਲ ਜੁੜੇ ਮਾਮਲੇ 'ਚ ਕੇਸ ਦਰਜ ਹੋਇਆ ਹੈ।

ਕਾਂਗਰਸ ਵੱਲੋਂ ਹਰਦੇਵ ਸਿੰਘ ਲਾਡੀ ਨੂੰ ਸ਼ਾਹਕੋਟ ਜ਼ਿਮਨੀ ਚੋਣ ਲਈ ਵੀਰਵਾਰ ਨੂੰ ਹੀ ਉਮੀਦਵਾਰ ਐਲਾਨਿਆ ਗਿਆ ਸੀ ਅਤੇ ਅੱਜ ਉਨ੍ਹਾਂ 'ਤੇ ਗ਼ੈਰ-ਕਾਨੂੰਨੀ ਮਾਈਨਿੰਗ ਕਰਕੇ 24 ਘੰਟੇ ਤੋਂ ਵੀ ਘੱਟ ਸਮੇਂ 'ਚ ਮਾਮਲਾ ਦਰਜ ਹੋ ਗਿਆ ਹੈ।

ਕੀ ਲੱਗੇ ਹਨ ਦੋਸ਼?

ਜ਼ਿਲ੍ਹਾ ਜਲੰਧਰ ਦੇ ਥਾਣਾ ਮਹਿਤਪੁਰ 'ਚ ਅੱਜ ਸਵੇਰ 4 ਵੱਜ ਕੇ 26 ਮਿੰਟ 'ਤੇ ਐਫ਼ਆਈਆਰ ਦਰਜ ਹੋਈ ਹੈ।

ਐਫ਼ਆਈਆਰ

ਐਫ਼ਆਈਆਰ ਨੰਬਰ 0052 ਮੁਤਾਬਕ ਮਾਈਨਜ਼ ਅਤੇ ਮਿਨਰਲਜ਼ (ਡੈਵਲਪਮੈਂਟ ਐਂਡ ਰੈਗੂਲੇਸ਼ਨ) ਐਕਟ 1957 ਅਤੇ ਆਈਪੀਸੀ 1860 ਐਕਟ ਅਧੀਨ ਦੋ ਧਾਰਾਵਾਂ 21 ਅਤੇ 379 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਕੌਣ-ਕੌਣ ਹੈ ਮੁਲਜ਼ਮ?

ਐਫ਼ਆਈਆਰ ਮੁਤਾਬਕ ਇਸ ਵਿੱਚ ਤਿੰਨ ਜਣੇ ਮੁਲਜ਼ਮ ਹਨ।

  • ਹਰਦੇਵ ਸਿੰਘ, ਹਲਕਾ ਇੰਚਾਰਜ, ਕਾਂਗਰਸ ਪਾਰਟੀ, ਸ਼ਾਹੋਕਟ, ਜਲੰਧਰ ਦਿਹਾਤੀ
ਐਫ਼ਆਈਆਰ
  • ਸੁਰਜੀਤ ਸਿੰਘ, ਠੇਕੇਦਾਰ ਖੱਡ ਕੈਮਵਾਲਾ, ਵਾਸੀ ਪਿੰਡ ਕੋਟਲੀ ਕੰਬੋਜ, ਥਾਣਾ ਲੋਹੀਆਂ, ਜਲੰਧਰ ਦਿਹਾਤੀ
  • ਅਸ਼ਵਿੰਦਰ ਸਿੰਘ ਨੀਟੂ ਪੱਤਰ ਟਿੱਕਾ ਸਿੰਘ, ਵਾਸੀ ਮਲਸੀਆਂ, ਸ਼ਾਹਕੋਟ, ਜਲੰਧਰ ਦਿਹਾਤੀ
  • ਮਾਈਨਿੰਗ ਅਤੇ ਮਾਲ ਅਧਿਕਾਰ, ਜ਼ਿਲ੍ਹਾ ਜਲੰਧਰ

ਚੋਣ ਜਾਬਤਾ ਲੱਗੇ ਹੋਣ ਦੇ ਬਾਵਜੂਦ ਮਾਈਨਿੰਗ ਹੋਣ ਕਰਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਇਹ ਮਾਮਲਾ ਦਰਜ ਹੋਇਆ ਹੈ।

ਹਰਦੇਵ ਸਿੰਘ ਲਾਡੀ

ਤਸਵੀਰ ਸਰੋਤ, fb/Hardevsinghladdisherowalia

ਇਸ ਮਾਮਲੇ ਸਬੰਧੀ 24 ਘੰਟੇ ਦੇ ਅੰਦਰ ਜਾਣਕਾਰੀ ਮੁਖ ਚੋਣ ਅਧਿਕਾਰੀ, ਪੰਜਾਬ ਨੂੰ ਭੇਜਣ ਲਈ ਵੀ ਕਿਹਾ ਗਿਆ ਹੈ।

SHO ਦਾ ਅਸਤੀਫ਼ਾ ਤੇ ਵਾਪਸੀ

ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ 'ਤੇ ਮਾਮਲਾ ਦਰਜ ਕਰਨ ਸਬੰਧੀ ਦਬਾਅ ਦੇ ਚਲਦਿਆਂ ਥਾਣਾ ਮਹਿਤਪੁਰ ਦੇ ਐੱਸਐੱਚਓ ਪਰਮਿੰਦਰ ਸਿੰਘ ਬਾਜਵਾ ਵੱਲੋਂ ਜਲੰਧਰ ਦੇ ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਨੂੰ ਬਕਾਇਦਾ ਅਸਤੀਫ਼ਾ ਸੌਂਪਿਆ ਗਿਆ ਸੀ।

ਅੱਜ ਸਵੇਰੇ 9:45 ਵਜੇ ਆਪਣੇ ਅਸਤੀਫ਼ੇ ਵਿੱਚ ਉਨ੍ਹਾਂ SSP ਨੂੰ ਲਿਖਿਆ, ''ਮਾਣਯੋਗ ਸਰ, ਮੈਂ ਜਾਣਦਾ ਹਾਂ ਕਿ ਤੁਹਾਡੇ 'ਤੇ ਮੌਜੂਦਾ ਸਰਕਾਰ ਦਾ ਕਾਫ਼ੀ ਦਬਾਅ ਹੈ। ਕ੍ਰਿਪਾ ਕਰਕੇ ਮੇਰਾ ਅਸਤੀਫ਼ਾ ਮੰਜੂਰ ਕੀਤਾ ਜਾਵੇ ਜਾਂ ਮੈਨੂੰ ਅੱਜ ਤੋਂ ਛੁੱਟੀ 'ਤੇ ਭੇਜਿਆ ਜਾਵੇ।''

ਅਸਤੀਫ਼ਾ
ਤਸਵੀਰ ਕੈਪਸ਼ਨ, ਪਹਿਲਾਂ ਦਿੱਤਾ ਅਸਤੀਫ਼ਾ ਤੇ ਫਿਰ ਹੋਈ ਵਾਪਸੀ

ਜੈ ਹਿੰਦ, ਜੈ ਹੋ.....ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ

ਤੁਹਾਡਾ ਆਗਿਆਕਾਰੀ

ਇੰਸਪੈਕਟਰ ਪਰਮਿੰਦਰ ਬਾਜਵਾ

ਨੰਬਰ 348/JR

ਆਪਣੇ ਅਗਲੇ ਪੱਤਰ ਵਿੱਚ ਇੰਸਪੈਕਟਰ ਪਰਮਿੰਦਰ ਬਾਜਵਾ ਨੇ ਲਿਖਿਆ, ''ਮੈਂ ਪਰਮਿੰਦਰ ਸਿੰਘ ਬਾਜਵਾ ਨੰਬਰ 348/JR ਹੁਣ ਬਤੌਰ SHO ਥਾਣਾ ਮਹਿਤਪੁਰ ਤੈਇਨਾਤ ਕੀਤਾ ਗਿਆ ਹਾਂ। ਮੈਨੂੰ ਪਹਿਲਾਂ ਇੱਕ ਸੁਨੇਹਾ ਅਸਤੀਫ਼ੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਪਾਉਣਾ ਪਿਆ ਸੀ। ਜੋ ਕੁਝ ਮੈਂ ਪਹਿਲਾਂ ਲਿਖਿਆ ਗਿਆ ਸੀ ਉਹ ਪਰਿਵਾਰਿਕ ਪਰੇਸ਼ਾਨੀਆਂ ਕਰਕੇ ਲਿਖਿਆ ਸੀ।''

ਤੁਹਾਡਾ ਆਗਿਆਕਾਰੀ

ਇੰਸਪੈਕਟਰ ਪਰਮਿੰਦਰ ਬਾਜਵਾ ਨੰਬਰ 348/JR

SHO ਮਹਿਤਪੁਰ

ਕੌਣ ਹਨ ਹਰਦੇਵ ਸ਼ੇਰੋਵਾਲੀਆ ਅਤੇ ਕੀ ਹੈ ਮਾਮਲਾ?

ਸ਼ਾਹਕੋਟ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਉਰਫ਼ ਸ਼ੇਰੋਵਾਲੀਆ ਨੂੰ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ।

ਹਰਦੇਵ ਸਿੰਘ ਲਾਡੀ

ਤਸਵੀਰ ਸਰੋਤ, fb/Hardevsinghladdisherowalia

ਦੱਸ ਦਈਏ ਕਿ ਹਰਦੇਵ ਸਿੰਘ ਲਾਡੀ ਦੀ ਮਾਈਨਿੰਗ ਮਾਮਲੇ ਨਾਲ ਜੁੜੀ ਇੱਕ ਵੀਡੀਓ ਵਾਇਰਲ ਹੋ ਗਈ ਸੀ।

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਵੀਡੀਓ ਨੇ ਸਿਆਸੀ ਹਲਕਿਆਂ 'ਚ ਤੂਫ਼ਾਨ ਲਿਆ ਦਿੱਤਾ ਸੀ।

ਰੇਤਾ ਦੇ ਕਥਿਤ ਠੇਕੇਦਾਰਾਂ ਵੱਲੋਂ ਲਾਡੀ ਨਾਲ ਆਪਣੀ ਇੱਕ ਮੀਟਿੰਗ ਦੌਰਾਨ ਸ਼ੂਟ ਕੀਤੇ ਗਏ ਇਸ ਵਾਇਰਲ ਵੀਡੀਓ 'ਚ ਲਾਡੀ ਨੂੰ ਠੇਕੇਦਾਰਾਂ ਨਾਲ ਖੱਡਾਂ ਤੋਂ ਰੇਤੇ ਦੀ ਮਾਈਨਿੰਗ ਲਈ ਕਥਿਤ ਤੌਰ 'ਤੇ ਸੌਦੇਬਾਜ਼ੀ ਕਰਦੇ ਦਿਖਾਇਆ ਗਿਆ ਹੈ।

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਕਾਂਗਰਸੀ ਆਗੂ ਹਰਦੇਵ ਸਿੰਘ ਲਾਡੀ ਉੱਤੇ ਪਰਚਾ ਦਰਜ ਕਰਨ ਦੀ ਮੰਗ ਕਰੇ ਸਨ।

ਹਰਦੇਵ ਲਾਡੀ ਇਸ ਮਾਮਲੇ ਵਿੱਚ ਆਪਣੇ ਆਪ ਨੂੰ ਬੇਕਸੂਰ ਦੱਸ ਰਹੇ ਸਨ।

ਕਾਂਗਰਸ ਨੇ ਸ਼ਾਹਕੋਟ ਜ਼ਿਮਨੀ ਚੋਣ ਲਈ ਹਰਦੇਵ ਸਿੰਘ ਲਾਡੀ ਨੂੰ ਆਪਣਾ ਉਮੀਦਵਾਰ ਐਲਾਨਿਆ ਹੋਇਆ ਹੈ।

ਹਰਦੇਵ ਸਿੰਘ ਲਾਡੀ

ਤਸਵੀਰ ਸਰੋਤ, bbc/fb/Hardevsinghladdisherowalia

ਸ਼ਾਹਕੋਟ ਤੋਂ ਵਿਧਾਇਕ ਅਜੀਤ ਸਿੰਘ ਕੋਹਾੜ ਦੀ ਮੌਤ ਤੋਂ ਬਾਅਦ ਹਲਕੇ ਵਿੱਚ ਜ਼ਿਮਨੀ ਚੋਣ ਹੋ ਰਹੀ ਹੈ।

ਚੋਣ ਕਮਿਸ਼ਨ ਨੇ ਉਮੀਦਵਾਰਾਂ ਲਈ ਨਾਮਜ਼ਦਗੀਆਂ ਭਰਨ ਦੀ ਅੰਤਮ ਮਿਤੀ 10 ਮਈ ਰੱਖੀ ਹੈ। ਵੋਟਾਂ ਪੈਣ ਦਾ ਦਿਨ 28 ਮਈ ਤੈਅ ਕੀਤਾ ਗਿਆ ਹੈ ਤੇ ਨਤੀਜੇ 1 ਜੂਨ ਨੂੰ ਐਲਾਨੇ ਜਾਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)