ਪ੍ਰੈੱਸ ਰੀਵਿਊ: ਟਾਈਮ ਸੂਚੀ ਵਿੱਚ ਇਸ ਵਾਰ ਔਰਤਾਂ ਨੂੰ ਤਰਜੀਹ

ਤਸਵੀਰ ਸਰੋਤ, Getty Images
ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਦੁਨੀਆਂ ਵਿੱਚ ਔਰਤਾਂ ਦੀ ਵੱਧਦੀ ਹਿੱਸੇਦਾਰੀ ਨੂੰ ਦੇਖਦੇ ਹੋਏ ਟਾਈਮ ਮੈਗਜ਼ੀਨ ਨੇ ਇਸ ਸਾਲ ਜਾਰੀ ਕੀਤੀ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿੱਚ ਵਧੇਰੇ ਔਰਤਾਂ ਨੂੰ ਸ਼ਾਮਿਲ ਕੀਤਾ ਹੈ।
ਸੂਚੀ ਵਿੱਚ ਲੁਧਿਆਣਾ ਦੇ ਜੰਮੇ ਕੈਬ ਕੰਪਨੀ ਓਲਾ ਦੇ ਕੋ-ਫਾਊਂਡਰ ਭਾਵਿਸ਼ ਅਗਰਵਾਲ ਨੂੰ ਥਾਂ ਮਿਲੀ ਹੈ। ਇਸ ਤੋਂ ਇਲਾਵਾ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ, ਅਦਾਕਾਰਾ ਦੀਪਿਕਾ ਪਾਦੁਕੋਨ ਵੀ ਟਾਈਮ ਸੂਚੀ ਵਿੱਚ ਸ਼ਾਮਿਲ ਹਨ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਵੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ-ਉਨ ਨੂੰ ਵੀ ਮੈਗਜ਼ੀਨ ਨੇ ਥਾਂ ਦਿੱਤੀ ਹੈ।

ਤਸਵੀਰ ਸਰੋਤ, Getty Images
ਉਪ ਰਾਸ਼ਟਰਪਤੀ ਐਮ ਵੈਂਕਿਆ ਨਾਇਡੂ ਨੇ ਕਿਹਾ ਹੈ ਕਿ ਉਨ੍ਹਾਂ ਨੇ ਹਿੰਦੀ-ਵਿਰੋਧੀ ਮੁਹਿੰਮ ਵਿੱਚ ਹਿੱਸਾ ਲਿਆ ਸੀ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਵੀਰਵਾਰ ਨੂੰ ਕੁਰੁਕਸ਼ੇਤਰ ਵਿੱਚ ਹੋਏ ਕੈਂਡਿਡ ਪਬਲਿਕ ਸਬਮਿਸ਼ਨ ਵਿੱਚ ਵੈਂਕਿਆ ਨਾਇਡੂ ਨੇ ਹਿੱਸਾ ਲਿਆ।
ਇਸ ਦੌਰਾਨ ਉਨ੍ਹਾਂ ਨੇ ਕਬੂਲਿਆ ਕਿ ਆਪਣੇ ਕਾਲਜ ਦੇ ਦਿਨਾਂ 'ਚ ਉਨ੍ਹਾਂ ਨੇ ਰੇਲਵੇ ਤੇ ਡਾਕ ਵਿਭਾਗ 'ਤੇ ਕਾਲਕ ਪੁਥ ਦਿੱਤੀ ਸੀ।
ਉਨ੍ਹਾਂ ਕਿਹਾ, "ਕਾਫ਼ੀ ਦੇਰ ਬਾਅਦ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਜਨਤਕ ਜਾਇਦਾਦਾਂ ਨੂੰ ਖ਼ਰਾਬ ਕਰਨ ਨਾਲ ਅਸਲ ਵਿੱਚ ਮੇਰੀ ਸੁਚੇਤਨਾ 'ਤੇ ਕਿੰਨਾ ਅਸਰ ਹੋਇਆ ਹੈ।''
"ਮੈਨੂੰ ਮੇਰੀ ਇਸ ਗੱਲ ਦਾ ਅਫ਼ਸੋਸ ਹੈ ਕਿਉਂਕਿ ਕਿਸੇ ਭਾਸ਼ਾ ਦਾ ਨਾਂ ਤਾਂ ਵਿਰੋਧ ਕਰਨਾ ਚਾਹੀਦਾ ਹੈ ਤੇ ਨਾ ਹੀ ਉਸਦਾ ਮਜ਼ਾਕ ਉਡਾਉਣਾ ਚਾਹੀਦਾ ਹੈ।''
ਚੋਣ ਕਮਿਸ਼ਨ ਦੇ ਸਾਬਕਾ ਸੀਨੀਅਰ ਕਾਨੂੰਨੀ ਸਲਾਹਕਾਰ ਐਸ ਕੇ ਮੈਂਦੀਰੱਤਾ ਦਾ ਕਹਿਣਾ ਨੇ ਕਿ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰਨ ਅਤੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣ ਦੀਆਂ ਤਾਰੀਖਾਂ ਨੂੰ ਡਿਲਿੰਕ ਕਰਨ ਵੇਲੇ ਉਨ੍ਹਾਂ ਤੋਂ ਚੋਣ ਕਮਿਸ਼ਨ ਨੇ ਸਲਾਹ ਨਹੀਂ ਲਈ।

ਤਸਵੀਰ ਸਰੋਤ, Getty Images
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਐਸ ਕੇ ਮੈਂਦੀਰੱਤਾ ਪਿਛਲੇ ਮਹੀਨੇ ਹੀ ਚੋਣ ਕਮਿਸ਼ਨ ਤੋਂ ਵੱਖ ਹੋਏ ਹਨ। ਉਨ੍ਹਾਂ ਮੁਤਾਬਕ ਉਹ ਉੱਥੇ ਠੇਕੇ 'ਤੇ ਸੀ।
ਐਸ ਕੇ ਮੈਂਦੀਰੱਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ 50 ਸਾਲ ਚੋਣ ਕਮਿਸ਼ਨ ਨਾਲ ਕੰਮ ਕੀਤਾ ਪਰ ਸੀਨੀਅਰ ਕਾਨੂੰਨੀ ਸਲਾਹਕਾਰ ਦੇ ਤੌਰ 'ਤੇ ਨਾ ਤਾਂ ਉਨ੍ਹਾਂ ਤੋਂ ਆਪ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰਨ ਬਾਰੇ ਸਲਾਹ ਲਈ ਗਈ ਤੇ ਨਾ ਹੀ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਚੋਣਾਂ ਦੀਆਂ ਵੱਖ-ਵੱਖ ਤਰੀਕਾਂ ਐਲਾਨਣ 'ਤੇ ਸਲਾਹ ਲਈ ਗਈ।
ਦੋਵੇਂ ਫ਼ੈਸਲੇ ਨਵੇਂ ਚੋਣ ਕਮਿਸ਼ਨਰ ਏਕੇ ਜੋਤੀ ਦੇ ਸਮੇਂ ਲਈ ਗਏ।

ਤਸਵੀਰ ਸਰੋਤ, Getty Creative Stock
ਭਾਰਤੀ ਆਪਣਾ 90 ਫ਼ੀਸਦ ਡਿਜੀਟਲ ਸਮਾਂ ਮੋਬਾਈਲ ਫ਼ੋਨ 'ਤੇ ਗੁਜ਼ਾਰਦੇ ਹਨ।
ਟਾਇਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਭਾਰਤੀ ਲੋਕ ਡਿਜਿਟਲ ਚੀਜ਼ਾਂ ਨੂੰ ਵਰਤਣ ਵਿੱਚ ਜਿੰਨਾ ਸਮਾਂ ਦਿੰਦੇ ਹਨ ਉਨ੍ਹਾਂ ਵਿੱਚੋਂ 90 ਫ਼ੀਸਦ ਉਹ ਮੋਬਾਈਲ 'ਤੇ ਬਤੀਤ ਕਰਦੇ ਹਨ।
ਵਿਸ਼ਲੇਸ਼ਣ ਕੰਪਨੀ ਕੋਮਸਕੋਰ ਦੇ ਡਾਟਾ ਮੁਤਾਬਕ ਇੰਡੋਨੇਸ਼ੀਆ 87 ਫ਼ੀਸਦ, ਮੈਕਸੀਕੋ 80 ਫ਼ੀਸਦ, ਅਰਜਨਟੀਨਾ 77 ਫ਼ੀਸਦ ਤੇ ਭਾਰਤ 80 ਫ਼ੀਸਦ ਮੋਬਾਈਲ ਦੀ ਵਰਤੋਂ ਕਰਦਾ ਹੈ।












