ਕਿੰਨਾ ਸੱਚਾ ਹੈ ਬਹੁਤੇ ਭਾਰਤੀਆਂ ਦੇ ਸ਼ਾਕਾਹਾਰੀ ਹੋਣ ਦਾ ਦਾਅਵਾ?

ਤਸਵੀਰ ਸਰੋਤ, AFP
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਨੂੰ ਲੈ ਕੇ ਸਭ ਤੋਂ ਵੱਡੀ ਗ਼ਲਤਫਹਿਮੀ ਇਹ ਹੈ ਕਿ ਇੱਥੋਂ ਦੇ ਜ਼ਿਆਦਾਤਰ ਲੋਕ ਸ਼ਾਕਾਹਾਰੀ ਹਨ।
ਪਰ ਹਕੀਕਤ ਇਸ ਤੋਂ ਵੱਖਰੀ ਹੈ, ਇਸ ਤੋਂ ਪਹਿਲਾਂ ਆਮ ਅੰਦਾਜ਼ੇ ਲਗਦੇ ਰਹੇ ਹਨ ਕਿ ਇੱਕ-ਤਿਹਾਈ ਤੋਂ ਵੱਧ ਭਾਰਤੀ ਸ਼ਾਕਾਹਾਰੀ ਖਾਣਾ ਖਾਂਦੇ ਹਨ।
ਜੇ ਤੁਸੀਂ ਸਰਕਾਰ ਵੱਲੋਂ ਕਰਵਾਏ ਗਏ ਤਿੰਨ ਵੱਡੇ ਸਰਵੇਖਣਾਂ ਨੂੰ ਆਧਾਰ ਮੰਨੋ ਤਾਂ 23 ਤੋਂ 37 ਫੀਸਦ ਭਾਰਤੀ ਸ਼ਾਕਾਹਾਰੀ ਹਨ।
ਪਰ ਇਹ ਅੰਕੜੇ ਖ਼ੁਦ 'ਚ ਕੁਝ ਸਾਬਤ ਨਹੀਂ ਕਰਦੇ।
ਉੱਧਰ ਅਮਰੀਕਾ 'ਚ ਰਹਿਣ ਨਾਲੇ ਮਾਨਵ ਵਿਗਿਆਨੀ ਬਾਲਮੁਰਲੀ ਨਟਰਾਜਨ ਅਤੇ ਭਾਰਤ 'ਚ ਰਹਿਣ ਵਾਲੇ ਅਰਥਸ਼ਾਸਤਰੀ ਸੂਰਜ ਜੈਕਬ ਵੱਲੋਂ ਕੀਤੀਆਂ ਗਈਆਂ ਖੋਜਾਂ ਦੱਸਦੀਆਂ ਹਨ ਕਿ ''ਸੱਭਿਆਚਾਰਕ ਤੇ ਰਾਜਨੀਤਕ ਦਬਾਅ ''ਦੇ ਕਰਕੇ ਉੱਤੇ ਦਿੱਤੇ ਗਏ ਅੰਕੜੇ ਇੰਨੇ ਜ਼ਿਆਦਾ ਹਨ।
ਜਿਹੜੇ ਲੋਕ ਅਸਲ 'ਚ ਮੀਟ, ਖ਼ਾਸ ਤੌਰ 'ਤੇ ਗਾਂ ਦਾ ਮਾਸ ਖਾਂਦੇ ਹਨ, ਉਹ ਰਿਪੋਰਟ 'ਚ ਸ਼ਾਕਾਹਾਰੀ ਹਨ।
ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਖੋਜੀ ਕਹਿੰਦੇ ਹਨ ਕਿ ਅਸਲ 'ਚ 20 ਫੀਸਦੀ ਭਾਰਤੀ ਹੀ ਸ਼ਾਕਾਹਾਰੀ ਹਨ। ਇਹ ਅੰਕੜਾ ਹੁਣ ਤੱਕ ਦੀਆਂ ਮਾਨਤਾ ਅਤੇ ਦਾਅਵਿਆਂ ਤੋਂ ਬਹੁਤ ਘੱਟ ਹੈ।

ਤਸਵੀਰ ਸਰੋਤ, AFP
ਭਾਰਤ ਦੀ ਆਬਾਦੀ ਦੇ 80 ਫੀਸਦ ਹਿੰਦੂ ਹਨ ਅਤੇ ਇਨ੍ਹਾਂ 'ਚੋਂ ਜ਼ਿਆਦਾਤਰ ਮਾਸ ਖਾਂਦੇ ਹਨ। ਇੱਕ ਤਿਹਾਈ ਹੋਰ ਜਾਤੀਆਂ ਦੇ ਲੋਕ ਹੀ ਸ਼ਾਕਾਹਾਰੀ ਹਨ।
ਸਰਕਾਰੀ ਅੰਕੜਿਆਂ ਅਨੁਸਾਰ ਜਿਹੜੇ ਲੋਕ ਸ਼ਾਕਾਹਾਰੀ ਹਨ, ਉਨ੍ਹਾਂ ਦੀ ਕਮਾਈ ਜ਼ਿਆਦਾ ਹੈ ਅਤੇ ਉਹ ਮਾਸ ਖਾਣ ਵਾਲਿਆਂ ਤੋਂ ਵੱਧ ਖਾਂਦੇ-ਪੀਂਦੇ ਵੀ ਹਨ।
ਕਥਿਤ ਤੌਰ 'ਤੇ ਛੋਟੀਆਂ ਜਾਤਾਂ ਨਾਲ ਸਬੰਧ ਰੱਖਣ ਵਾਲੇ ਦਲਿਤ ਅਤੇ ਜਨਜਾਤੀਆਂ ਦੇ ਲੋਕ ਮੁੱਖ ਤੌਰ 'ਤੇ ਮਾਸਾਹਾਰੀ ਹਨ।
ਭਾਰਤ ਦੇ ਸ਼ਾਕਾਹਾਰੀ ਸ਼ਹਿਰ
- ਇੰਦੌਰ - 49 ਫੀਸਦ
- ਮੇਰਠ - 36 ਫੀਸਦ
- ਦਿੱਲੀ - 30 ਫੀਸਦ
- ਨਾਗਪੁਰ - 22 ਫੀਸਦ
- ਮੁੰਬਈ - 18 ਫੀਸਦ
- ਹੈਦਰਾਬਾਦ - 11 ਫੀਸਦ
- ਚੇਨਈ - 6 ਫੀਸਦ
- ਕੋਲਕਾਤਾ - 4 ਫੀਸਦ
(ਸ਼ਾਕਾਹਾਰੀਆਂ ਦੀ ਔਸਤ ਗਿਣਤੀ। ਸਰੋਤ - ਨੈਸ਼ਨਲ ਫੈਮਿਲੀ ਹੈਲਥ ਸਰਵੇਅ)
ਦੂਜੇ ਪਾਸੇ ਡਾਕਟਰ ਨਟਰਾਜਨ ਅਤੇ ਡਾਕਟਰ ਜੈਕਬ ਨੇ ਇਹ ਦੇਖਿਆ ਕਿ ਪਿਰਤਾਂ ਅਤੇ ਦਾਅਵਿਆਂ ਦੇ ਉਲਟ ਗਾਂ ਦਾ ਮਾਸ ਖਾਣ ਵਾਲਿਆਂ ਦੀ ਗਿਣਤੀ ਕਾਫ਼ੀ ਵੱਧ ਹੈ।

ਤਸਵੀਰ ਸਰੋਤ, AFP
ਬੀਫ਼ (ਗਾਂ ਦਾ ਮਾਸ) ਖਾਣ ਵਾਲੇ ਭਾਰਤੀ
ਭਾਰਤ ਸਰਕਾਰ ਦੇ ਅੰਕੜੇ ਬੋਲਦੇ ਹਨ ਕਿ ਘੱਟ ਤੋਂ ਘੱਟ 17 ਫੀਸਦੀ ਭਾਰਤੀ ਬੀਫ਼ ਖਾਂਦੇ ਹਨ।
ਪਰ ਇਹ ਸਾਬਤ ਕੀਤਾ ਜਾ ਸਕਦਾ ਹੈ ਕਿ ਸਰਕਾਰੀ ਅੰਕੜੇ ਜ਼ਮੀਨੀ ਹਕੀਕਤ ਤੋਂ ਵੱਖਰੇ ਹਨ ਕਿਉਂਕਿ ਭਾਰਤ 'ਚ ਬੀਫ਼ ਸੱਭਿਆਚਾਰਕ, ਰਾਜਨੀਤਿਕ ਅਤੇ ਸਾਮੂਹਿਕ ਪਛਾਣ ਦੇ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ।
ਨਰਿੰਦਰ ਮੋਦੀ ਦੀ ਸੱਤਾਧਾਰੀ ਹਿੰਦੂ ਰਾਸ਼ਟਰਵਾਦੀ ਪਾਰਟੀ ਭਾਜਪਾ ਸ਼ਾਕਾਹਾਰ ਦੀ ਪ੍ਰਮੋਸ਼ਨ ਕਰਦੀ ਹੈ ਅਤੇ ਮੰਨਦੀ ਹੈ ਕਿ ਗਊਆਂ ਦੀ ਰੱਖਿਆ ਹੋਣੀ ਚਾਹੀਦੀ ਹੈ ਕਿਉਂਕਿ ਦੇਸ਼ ਦੀ ਬਹੁਤੀ ਆਬਾਦੀ ਉਨ੍ਹਾਂ ਨੂੰ ਪਵਿੱਤਰ ਮੰਨਦੀ ਹੈ।
ਇੱਕ ਦਰਜਨ ਤੋਂ ਵੱਧ ਸੂਬਿਆਂ ਨੇ ਗਊਆਂ ਨੂੰ ਮਾਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਮੋਦੀ ਦੇ ਸੂਬੇ 'ਚ ਗਊਆਂ ਦੇ ਰੱਖਿਆ ਵਾਲੇ ਗਰੁੱਪ ਸ਼ਰੇਆਮ ਕੰਮ ਕਰ ਰਹੇ ਹਨ। ਅਜਿਹੇ ਗਰੁੱਪ ਨਾਲ ਜੁੜੇ ਲੋਕਾਂ ਨੇ ਪਸ਼ੂਆਂ ਨੂੰ ਲੈ ਕੇ ਜਾ ਰਹੇ ਲੋਕਾਂ ਦਾ ਕਤਲ ਵੀ ਕੀਤਾ ਹੈ।
ਸੱਚ ਇਹ ਹੈ ਕਿ ਲੱਖਾਂ ਭਾਰਤੀ ਜਿਨ੍ਹਾਂ ਵਿੱਚ ਦਲਿਤ, ਮੁਸਲਮਾਨ ਅਤੇ ਈਸਾਈ ਵੀ ਸ਼ਾਮਿਲ ਹਨ, ਬੀਫ਼ ਖਾਂਦੇ ਹਨ।
ਉਦਾਹਰਣ ਦੇ ਤੌਰ 'ਤੇ 70 ਸਮੁਦਾਇ ਬੱਕਰੇ ਦੇ ਮਹਿੰਗੇ ਮੀਟ ਦੀ ਥਾਂ ਬੀਫ਼ (ਗਾਂ ਦਾ ਮਾਸ) ਖਾਣਾ ਪਸੰਦ ਕਰਦੇ ਹਨ।

ਤਸਵੀਰ ਸਰੋਤ, AFP
ਡਾਕਟਰ ਨਟਰਾਜਨ ਅਤੇ ਡਾਕਟਰ ਜੈਕਬ ਅਨੁਸਾਰ ਅਸਲ 'ਚ ਲਗਭਗ 15 ਫੀਸਦ ਭਾਰਤੀ ਜਾਂ ਫਿਰ 18 ਕਰੋੜ ਲੋਕ ਬੀਫ਼ ਖਾਂਦੇ ਹਨ।
ਇਹ ਅੰਕੜਾ ਸਰਕਾਰੀ ਅੰਕੜਿਆਂ ਤੋਂ 96 ਫੀਸਦੀ ਵੱਧ ਹੈ ਅਤੇ ਫਿਰ ਭਾਰਤੀ ਖਾਣ-ਪੀਣ ਨੂੰ ਲੈ ਕੇ ਵੀ ਕੁਝ ਧਾਰਨਾਵਾਂ ਬਣੀਆਂ ਹੋਈਆਂ ਹਨ।
ਦਿੱਲੀ ਦੇ ਸਿਰਫ਼ ਇੱਕ ਤਿਹਾਈ ਬਾਸ਼ਿੰਦੇ ਹੀ ਸ਼ਾਕਾਹਾਰੀ ਮੰਨੇ ਜਾਂਦੇ ਹਨ, ਇਹ ਸ਼ਹਿਰ ਖ਼ੁਦ ਨੂੰ ਮਿਲੇ 'ਭਾਰਤ ਦੀ ਬਟਰ ਚਿਕਨ ਦੀ ਰਾਜਧਾਨੀ' ਦੇ ਤਮਗੇ ਦੇ ਹਿਸਾਬ ਨਾਲ ਅਨੁਕੂਲ ਵੀ ਹੈ।
ਪਰ ਚੇਨਈ ਨੂੰ ਲੈ ਕੇ ਜਿਹੜੀ ਧਾਰਨਾ ਹੈ ਕਿ ਇਹ 'ਦੱਖਣ ਭਾਰਤੀ ਸ਼ਾਕਾਹਾਰੀ ਭੋਜਨ' ਦਾ ਗੜ੍ਹ ਹੈ - ਇਹ ਭਰਮ ਹੈ। ਕਾਰਨ - ਇੱਕ ਸਰਵੇਖਣ ਦੱਸਦਾ ਹੈ ਕਿ ਸ਼ਹਿਰ ਦੇ ਸਿਰਫ਼ 6 ਫੀਸਦ ਨਿਵਾਸੀ ਸ਼ਾਕਾਹਾਰੀ ਹਨ।

ਤਸਵੀਰ ਸਰੋਤ, Getty Images
ਖਾਣ-ਪੀਣ ਬਾਰੇ ਗ਼ਲਤਫਹਿਮੀ
ਇਹ ਗ਼ਲਤਫ਼ਹਿਮੀ ਕਿਵੇਂ ਫ਼ੈਲ ਗਈ ਕਿ ਭਾਰਤ ਮੁੱਖ ਤੌਰ 'ਤੇ ਸ਼ਾਕਾਹਾਰ ਲੋਕਾਂ ਦਾ ਦੇਸ਼ ਹੈ?
ਡਾਕਟਰ ਨਟਰਾਜਨ ਅਤੇ ਡਾਕਟਰ ਜੈਕਬ ਨੇ ਮੈਨੂੰ ਦੱਸਿਆ, ''ਖਾਣ-ਪੀਣ ਦੇ ਮਾਮਲੇ 'ਚ ਭਾਰਤ ਦਾ ਸਮਾਜ ਬਹੁਤ ਫੈਲਿਆ ਹੋਇਆ ਹੈ। ਇੱਥੇ ਕੁਝ ਹੀ ਕਿ.ਮੀ. ਦੀ ਦੂਰੀ ਅਤੇ ਸਮਾਜਿਕ ਸਮੂਹਾਂ 'ਚ ਖਾਣ-ਪੀਣ ਦੀਆਂ ਚੀਜ਼ਾਂ ਅਲੱਗ ਹੋ ਜਾਂਦੀਆਂ ਹਨ। ਅਜਿਹੇ ਚ ਆਬਾਦੀ ਦੇ ਵੱਡੇ ਹਿੱਸੇ ਦੇ ਖਾਣ-ਪੀਣ ਨੂੰ ਲੈ ਕੇ ਪਿਰਤ ਇਸ ਗੱਲ ਤੋਂ ਬਣਦੀ ਹੈ ਕਿ ਉਸ ਹਿੱਸੇ ਵੱਲੋਂ ਕੌਣ ਗੱਲ ਰੱਖ ਰਿਹਾ ਹੈ।''
ਉਹ ਕਹਿੰਦੇ ਹਨ, ''ਪ੍ਰਭਾਵਸ਼ਾਲੀ ਲੋਕ ਜਿਹੜਾ ਖਾਣਾ ਖਾਂਦੇ ਹਨ, ਸਮਝ ਲਿਆ ਜਾਂਦਾ ਹੈ ਕਿ ਜਨਤਾ ਉਹੀ ਖਾਂਦੀ ਹੈ।''

ਤਸਵੀਰ ਸਰੋਤ, Getty Images
''ਇਸ ਮਾਮਲੇ ਨੂੰ ਨਾਨ-ਵੇਜੀਟੇਰੀਅਨ ਸ਼ਬਦ ਨਾਲ ਸਮਝਿਆ ਜਾ ਸਕਦਾ ਹੈ। ਇਹ ਸ਼ਾਕਾਹਾਰੀ ਲੋਕਾਂ ਦੀ ਸਮਾਜਿਕ ਤਾਕਤ ਨੂੰ ਦਿਖਾਉਂਦਾ ਹੈ ਕਿ ਉਹ ਕਿਵੇਂ ਖਾਣੇ ਦਾ ਵਰਗੀਕਰਨ ਕਰ ਸਕਦੇ ਹਨ, ਕਿਵੇਂ ਉਨ੍ਹਾਂ ਦੀ ਤਰਤੀਬ ਤੈਅ ਕਰ ਸਕਦੇ ਹਨ, ਜਿਸ 'ਚ ਸ਼ਾਕਾਹਾਰੀ ਯਾਨਿ ਵੇਜੀਟੇਰੀਅਨ ਖਾਣੇ ਦੀ ਥਾਂ ਮਾਸ ਤੋਂ ਉੱਤੇ ਹੈ।''
ਇਹ ਠੀਕ ਉਂਝ ਹੀ ਹੈ, ਜਿਵੇਂ ਕਿ ''ਵ੍ਹਾਈਟ'' ਲੋਕਾਂ ਨੇ ਆਪਣੇ ਵੱਖ-ਵੱਖ ਉਪ-ਨਿਵੇਸ਼ਾਂ ਦੇ ਲੋਕਾਂ ਲਈ 'ਨਾਨ-ਵ੍ਹਾਈਟ' ਸ਼ਬਦ ਘੜਨਾ ਸੀ।
ਹਿਜਰਤ
ਖੋਜੀ ਕਹਿੰਦੇ ਹਨ ਕਿ ਹਿਜਰਤ ਦੇ ਕਾਰਨ ਵੀ ਕੁਝ ਧਾਰਨਾਵਾਂ ਬਣਦੀਆਂ ਹਨ।
ਤਾਂ ਜਦੋਂ ਦੱਖਣੀ ਭਾਰਤੀ ਉੱਤਰ ਜਾਂ ਮੱਧ ਭਾਰਤ 'ਚ ਆਏ ਤਾਂ ਉਨ੍ਹਾਂ ਦਾ ਖਾਣਾ ਪੂਰੇ ਦੱਖਣੀ ਭਾਰਤ ਦਾ ਖਾਣਾ ਸਮਝਿਆ ਗਿਆ। ਇਸੇ ਤਰ੍ਹਾਂ ਉੱਤਰੀ ਭਾਰਤੀਆਂ ਨਾਲ ਹੋਇਆ, ਜਦੋਂ ਉਹ ਦੇਸ਼ ਦੇ ਹੋਰ ਹਿੱਸਿਆਂ 'ਚ ਗਏ।
ਕੁਝ ਧਾਰਨਾਵਾਂ ਨੂੰ ਬਾਹਰੀ ਲੋਕ ਵੀ ਬਣਾਉਂਦੇ ਹਨ। ਉੱਤਰੀ ਭਾਰਤ ਦੇ ਲੋਕ ਕੁਝ ਦੱਖਣ ਭਾਰਤੀਆਂ ਨਾਲ ਮਿਲ ਕੇ ਪਿਰਤ ਬਣਾ ਲੈਂਦੇ ਹਨ, ਇਹ ਨਹੀਂ ਸੋਚਦੇ ਕਿ ਦੱਖਣ ਭਾਰਤ ਕਿੰਨਾਂ ਵੱਡਾ ਤੇ ਰੰਗਾਂ ਵਾਲਾ ਖ਼ੇਤਰ ਹੈ। ਇੰਝ ਹੀ ਦੱਖਣ ਭਾਰਤੀਆਂ ਦੇ ਨਾਲ ਵੀ ਹੁੰਦਾ ਹੈ।
ਖੋਜੀਆਂ ਮੁਤਾਬਕ, ਵਿਦੇਸ਼ੀ ਮੀਡੀਆ ਵੀ ਗ਼ਲਤ ਕਰਦਾ ਹੈ। ਉਹ ਕੁਝ ਗੱਲਾਂ ਦੇ ਆਧਾਰ 'ਤੇ ਹੀ ਸਮਾਜ ਦੀ ਪਛਾਣ ਕਰਦਾ ਹੈ।
ਅਧਿਐਨ ਤੋਂ ਔਰਤਾਂ ਤੇ ਮਰਦਾਂ ਦੇ ਖਾਣ-ਪੀਣ ਦੀਆਂ ਆਦਤਾਂ ਦਾ ਵੀ ਪਤਾ ਚੱਲਦਾ ਹੈ। ਉਦਾਹਰਣ ਦੇ ਤੌਰ 'ਤੇ ਮਰਦਾਂ ਦੇ ਮੁਕਾਬਲੇ ਜ਼ਿਆਦਾ ਔਰਤਾਂ ਕਹਿੰਦੀਆਂ ਹਨ ਕਿ ਉਹ ਸ਼ਾਕਾਹਾਰੀ ਹਨ।
ਖੋਜੀ ਕਹਿੰਦੇ ਹਨ ਕਿ ਇਸ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਔਰਤਾਂ ਦੇ ਮੁਕਾਬਲੇ ਮਰਦ ਵੱਧ ਮੌਕਿਆਂ 'ਤੇ ਆਜ਼ਾਦੀ ਨਾਲ ਘਰ ਤੋਂ ਬਾਹਰ ਖਾਂਦੇ ਹਨ।
ਹਾਲਾਂਕਿ ਬਾਹਰ ਖਾਣ ਦਾ ਮਤਲਬ ਇਹ ਨਹੀਂ ਹੈ ਕਿ ਮਾਸ ਹੀ ਖਾਇਆ ਜਾਂਦਾ ਹੋਵੇ।

ਤਸਵੀਰ ਸਰੋਤ, Getty Images
ਮਾਸਾਹਾਰ ਅਤੇ ਲਿੰਗ (ਜੈਂਡਰ)
ਪਿਤ੍ਰਸੱਤਾ ਅਤੇ ਸਿਆਸਤ ਦਾ ਵੀ ਇਸ 'ਚ ਯੋਗਦਾਨ ਹੋ ਸਕਦਾ ਹੈ।
ਡਾਕਟਰ ਨਟਰਾਜਨ ਅਤੇ ਡਾਕਟਰ ਜੈਕਬ ਕਹਿੰਦੇ ਹਨ, ''ਸ਼ਾਕਾਹਾਰ ਦੀ ਪਰੰਪਰਾ ਨੂੰ ਬਣਾਏ ਰੱਖਣ ਦਾ ਬੋਝ ਔਰਤਾਂ 'ਤੇ ਆ ਜਾਂਦਾ ਹੈ।''
ਸਰਵੇਖਣ 'ਚ ਸ਼ਾਮਿਲ ਲਗਭਗ 65 ਫੀਸਦ ਘਰਾਂ 'ਚ ਰਹਿਣ ਵਾਲੇ ਜੌੜੇ ਮਾਸਾਹਾਰੀ ਪਾਏ ਗਏ ਅਤੇ ਸ਼ਾਕਾਹਾਰੀ ਸਿਰਫ਼ 20 ਫੀਸਦ ਸਨ। ਪਰ 12 ਫੀਸਦ ਮਾਮਲਿਆਂ 'ਚ ਪਤੀ ਮੀਟ ਖਾਂਦਾ ਹੈ ਅਤੇ ਪਤਨੀ ਸ਼ਾਕਾਹਾਰੀ ਹੈ। ਸਿਰਫ਼ ਤਿੰਨ ਫੀਸਦ ਮਾਮਲਿਆਂ 'ਚ ਪਤਨੀ ਮਾਸਾਹਾਰੀ ਸੀ ਅਤੇ ਪਤੀ ਸ਼ਾਕਾਹਾਰੀ।
ਇਸ ਦਾ ਮਤਲਬ ਸਾਫ਼ ਹੈ ਕਿ ਜ਼ਿਆਦਾ ਭਾਰਤੀ ਕਿਸੇ ਨਾ ਕਿਸੇ ਰੂਪ 'ਚ ਮਾਸ ਖਾਂਦੇ ਹਨ, ਭਾਵੇਂ ਰੋਜ਼ ਖਾਂਦੇ ਹੋਣ ਜਾਂ ਕਦੇ-ਕਦੇ। ਜਿਵੇਂ ਕਿ ਚਿਕਨ ਜਾਂ ਮਟਨ। ਸ਼ਾਕਾਹਾਰੀ ਲੋਕ ਵੱਧ ਗਿਣਤੀ 'ਚ ਨਹੀਂ ਹਨ।
ਭਾਰਤ 'ਚ ਅਜਿਹਾ ਕਿਉਂ ਹੈ ਕਿ ਸ਼ਾਕਾਹਾਰ ਦਾ ਪ੍ਰਭਾਵ ਵੱਧ ਹੈ ਅਤੇ ਪੂਰੀ ਦੁਨੀਆਂ 'ਚ ਇਹ ਹੀ ਭਾਰਤ ਅਤੇ ਭਾਰਤੀਆਂ ਦੀ ਪਛਾਣ ਹੈ?
ਕੀ ਇਸ ਦਾ ਖਾਣ-ਪੀਣ ਦੀ ਆਜ਼ਾਦੀ 'ਤੇ 'ਪਹਿਰੇ' ਨਾਲ ਕੋਈ ਸਬੰਧ ਹੈ ਜਿਸ ਕਾਰਨ ਸਖ਼ਤ ਅਤੇ ਬਹੁ-ਸੱਭਿਆਚਾਰਕ ਸਮਾਜ 'ਚ ਖਾਣੇ ਨੂੰ ਲੈ ਕੇ ਧਾਰਨਾਵਾਂ ਬਣ ਰਹੀਆਂ ਹਨ?












