ਸੋਹਰਾਬੂਦੀਨ ਕਤਲ: ਅਮਿਤ ਸ਼ਾਹ ਅਤੇ ਬਰੀ ਹੋਏ ਹੋਰ ਲੋਕਾਂ 'ਤੇ ਸਾਬਕਾ ਜੱਜ ਦਾ ਸਨਸਨੀਖੇਜ਼ ਬਿਆਨ

- ਲੇਖਕ, ਅਭੀਜੀਤ ਕਾਂਬਲੇ
- ਰੋਲ, ਪੱਤਰਕਾਰ, ਬੀਬੀਸੀ ਮਰਾਠੀ
ਇਲਾਹਾਬਾਦ ਅਤੇ ਬੰਬੇ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਅਭੈ ਥਿਪਸੇ ਨੇ ਬੀਬੀਸੀ ਨੂੰ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਸੋਹਰਾਬੂਦੀਨ ਸ਼ੇਖ਼ ਦੇ ਕਥਿਤ ਝੂਠੇ ਪੁਲਿਸ ਮੁਕਾਬਲੇ ਦੇ ਅਦਾਲਤੀ ਕੇਸ ਵਿੱਚ ਕਈ ਬੇਨਿਯਮੀਆਂ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਹੋਏ ਰਿਹਾਈ ਦੇ ਫ਼ੈਸਲੇ ਮੁੜ ਗੌਰ ਹੋਣਾ ਚਾਹੀਦਾ ਹੈ।
ਇੱਥੇ ਦੱਸਣਾ ਜ਼ਰੂਰੀ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਕੁਝ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਇਸ ਕੇਸ ਵਿੱਚੋਂ ਇੱਕ ਸਪੈਸ਼ਲ ਅਦਾਲਤ ਨੇ ਰਿਹਾਅ ਕੀਤਾ ਸੀ।
ਜੱਜ ਥਿਪਸੇ ਨੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਬ੍ਰਿਜਗੋਪਾਲ ਹਰਕਿਸ਼ਨ ਲੋਇਆ ਦੇ ਫ਼ੋਨ ਕਾਲ ਦੀ ਰਿਕਾਰਡਿੰਗ ਦੀ ਜਾਂਚ ਦੀ ਮੰਗ ਵੀ ਕੀਤੀ ਹੈ।
ਲੋਇਆ ਸੋਹਰਾਬੂਦੀਨ ਸ਼ੇਖ਼ ਦੇ ਕਥਿਤ ਝੂਠੇ ਪੁਲਿਸ ਮੁਕਾਬਲੇ ਦੇ ਕੇਸ ਦੇ ਜੱਜ ਸਨ, ਜਿਨ੍ਹਾਂ ਦੀ ਮੌਤ ਨਾਲ ਸੰਬੰਧਿਤ ਕਈ ਸਵਾਲ ਅਜੇ ਵੀ ਕਈ ਉੱਤਰਾਂ ਤੋਂ ਵਾਂਝੇ ਹਨ।

ਜੱਜ ਥਿਪਸੇ ਨੇ ਗੱਲਬਾਤ ਦੌਰਾਨ ਖ਼ਾਸ ਕਰ ਕੇ ਤਿੰਨ ਬੇਨਿਯਮੀਆਂ ਬਾਰੇ ਗੱਲ ਕੀਤੀ।
ਮੁਲਜ਼ਮਾਂ ਦੀ ਰਿਹਾਈ
ਉਨ੍ਹਾਂ ਕਿਹਾ, "ਮੈਂ ਸੋਚਦਾ ਹਾਂ ਕਿ ਕਈ ਮੁਲਜ਼ਮਾਂ ਦੀ ਰਿਹਾਈ ਦਾ ਤਰੀਕਾ ਸਹੀ ਨਹੀਂ ਸੀ। ਮੁਲਜ਼ਮਾਂ ਨੂੰ ਕਈ ਸਾਲਾਂ ਤੱਕ ਜ਼ਮਾਨਤ ਵੀ ਨਹੀਂ ਮਿਲੀ।"
ਉਨ੍ਹਾਂ ਕਿਹਾ, "ਜੇ ਸਬੂਤ ਨਾ ਹੁੰਦੇ ਤਾਂ ਉਨ੍ਹਾਂ ਨੂੰ ਜ਼ਮਾਨਤ ਮਿਲ ਜਾਣੀ ਸੀ। ਉਨ੍ਹਾਂ ਦੀ ਜ਼ਮਾਨਤ ਲਈ ਅਰਜ਼ੀ ਕਈ ਅਦਾਲਤਾਂ ਵੱਲੋਂ ਰੱਦ ਕੀਤੀ ਗਈ। ਪਰ ਸਪੈਸ਼ਲ ਅਦਾਲਤ ਵੱਲੋਂ ਕਹਿਣਾ ਕਿ ਕੋਈ ਸਬੂਤ ਨਹੀਂ ਹੈ, ਹੈਰਾਨੀ ਵਾਲੀ ਗੱਲ ਸੀ।"
ਮੀਡੀਆ 'ਤੇ ਪਾਬੰਦੀ
ਜੱਜ ਥਿਪਸੇ ਦਾ ਕਹਿਣਾ ਹੈ, "ਇਸ ਕੇਸ ਦੀ ਸੁਣਵਾਈ ਨੂੰ ਮੀਡੀਆ ਵੱਲੋਂ ਕਵਰ ਕਰਨ 'ਤੇ ਪਾਬੰਦੀ ਵੀ ਇੱਕ ਬੇਨਿਯਮੀ ਸੀ। ਕੇਸ ਦੀ ਨਿਰਪੱਖ ਸੁਣਵਾਈ ਲਈ ਕਾਰਵਾਈ ਖੁੱਲ੍ਹੀ ਅਤੇ ਜਨਤਕ ਹੋਣੀ ਚਾਹੀਦੀ ਸੀ।"
ਉਨ੍ਹਾਂ ਕਿਹਾ ਕਿ ਖੁੱਲ੍ਹੀ ਅਤੇ ਜਨਤਕ ਸੁਣਵਾਈ ਅਸਲ ਵਿੱਚ ਮੁਲਜ਼ਮਾਂ ਦੇ ਮਨੁੱਖੀ ਹੱਕਾਂ ਲਈ ਅਹਿਮ ਹੈ। ਹੈਰਾਨੀਜਨਕ ਗੱਲ ਹੈ ਕਿ ਇੱਥੇ ਮੁਲਜ਼ਮਾਂ ਨੇ ਹੀ ਮੀਡੀਆ 'ਤੇ ਪਾਬੰਦੀ ਦੀ ਮੰਗ ਕੀਤੀ ਅਤੇ ਅਦਾਲਤ ਨੇ ਇਸ ਨੂੰ ਝੱਟ-ਪੱਟ ਮੰਨ ਲਿਆ ।
ਉਹੀ ਜੱਜ ਵੱਲੋਂ ਸੁਣਵਾਈ
ਤੀਸਰੀ ਬੇਨਿਯਮੀ ਬਾਰੇ ਗੱਲ ਕਰਦੇ ਹੋਏ ਜੱਜ ਥਿਪਸੇ ਨੇ ਕਿਹਾ, "ਜਦੋਂ ਸੁਪਰੀਮ ਕੋਰਟ ਨੇ ਇਸ ਕੇਸ ਦੀ ਸੁਣਵਾਈ ਗੁਜਰਾਤ ਤੋਂ ਮਹਾਰਾਸ਼ਟਰ ਵਿੱਚ ਬਦਲਣ ਲਈ ਕਿਹਾ ਤਾਂ ਅੰਤ ਤੱਕ ਇਸ ਦੀ ਸੁਣਵਾਈ ਉਹੀ ਜੱਜ ਵੱਲੋਂ ਕਰਨ ਲਈ ਕਿਹਾ ਸੀ ।"

ਤਸਵੀਰ ਸਰੋਤ, AFP
ਉਨ੍ਹਾਂ ਕਿਹਾ, "ਪਰ ਬਾਅਦ ਵਿੱਚ ਜੱਜ ਦਾ ਕਾਰਜਕਾਲ ਖ਼ਤਮ ਹੋਏ ਬਿਨਾਂ ਉਸ ਜੱਜ ਨੂੰ ਬਦਲ ਦਿੱਤਾ ਗਿਆ । ਬਾਅਦ ਵਿੱਚ ਜੱਜ ਲੋਇਆ ਨੂੰ ਇਸ ਕੇਸ ਦੀ ਸੁਣਵਾਈ ਲਈ ਲਗਾਇਆ ਗਿਆ ।"
ਜੱਜ ਲੋਇਆ ਦੀ ਮੌਤ ਬਾਰੇ ਗੱਲਬਾਤ
ਜੱਜ ਲੋਇਆ ਦੀ ਮੌਤ ਬਾਰੇ ਗੱਲਬਾਤ ਕਰਦੇ ਹੋਏ ਜੱਜ ਥਿਪਸੇ ਨੇ ਕਿਹਾ, "ਮੈਂ ਨਹੀਂ ਕਹਾਂਗਾ ਕਿ ਉਸ ਦੀ ਮੌਤ ਕੁਦਰਤੀ ਹੈ ਜਾਂ ਗ਼ੈਰ-ਕੁਦਰਤੀ। ਪਰ ਇਸ ਬਾਰੇ ਕਈ ਦੋਸ਼ ਲੱਗੇ ਹਨ ਅਤੇ ਕਈ ਸੀਨੀਅਰ ਕਾਨੂੰਨੀ ਮਾਹਰਾਂ ਨੇ ਇਸ 'ਤੇ ਜਾਂਚ ਦੀ ਮੰਗ ਵੀ ਕੀਤੀ ਹੈ।"
ਉਨ੍ਹਾਂ ਕਿਹਾ, "ਇਸ ਕੇਸ 'ਤੇ ਜਾਂਚ ਹੋਣੀ ਚਾਹੀਦੀ ਹੈ। ਇਹ ਵੀ ਦੋਸ਼ ਸਨ ਕਿ ਜੱਜ ਲੋਇਆ ਤੱਕ ਕਈ ਵਾਰ ਪਹੁੰਚ ਵੀ ਕੀਤੀ ਗਈ।"
ਸੋਹਰਾਬੂਦੀਨ ਕੇਸ ਕੀ ਹੈ?
ਸੋਹਰਾਬੂਦੀਨ ਸ਼ੇਖ਼ ਦੀ ਮੌਤ 2005 ਵਿੱਚ ਗੁਜਰਾਤ ਵਿੱਚ ਹੋਈ ਸੀ। ਗੁਜਰਾਤ ਪੁਲਿਸ ਦਾ ਕਹਿਣਾ ਹੈ ਕਿ ਉਹ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ।
ਹਾਲਾਂਕਿ ਇਹ ਵੀ ਦੋਸ਼ ਹਨ ਕਿ ਇਹ ਮੁਕਾਬਲਾ ਝੂਠਾ ਸੀ।

ਤਸਵੀਰ ਸਰੋਤ, CARAVAN MAGAZINE
2012 ਵਿੱਚ ਸੁਪਰੀਮ ਕੋਰਟ ਨੇ ਫ਼ੈਸਲਾ ਕੀਤਾ ਕਿ ਇਸ ਕੇਸ ਦੀ ਸੁਣਵਾਈ ਗੁਜਰਾਤ ਦੀ ਬਜਾਏ ਮਹਾਂਰਾਸ਼ਟਰ ਵਿੱਚ ਹੋਵੇਗੀ।
ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਇਸ ਕੇਸ ਵਿੱਚ ਮੁਲਜ਼ਮ ਹਨ। ਉਨ੍ਹਾਂ 2010 ਵਿੱਚ ਗ੍ਰਿਫ਼ਤਾਰ ਕੀਤਾ ਅਤੇ ਉਹ ਜ਼ਮਾਨਤ 'ਤੇ ਬਾਹਰ ਆ ਗਏ।
ਦਸੰਬਰ 2014 ਵਿੱਚ ਮੁੰਬਈ ਦੀ ਸਪੈਸ਼ਲ ਅਦਾਲਤ ਨੇ ਸ਼ਾਹ ਅਤੇ ਸੀਨੀਅਰ ਪੁਲਿਸ ਅਫ਼ਸਰਾਂ ਸਮੇਤ ਹੋਰ ਕਈਆਂ ਨੂੰ ਇਸ ਕੇਸ ਵਿੱਚੋਂ ਰਿਹਾਅ ਕਰ ਦਿੱਤਾ।
ਸੀਨੀਅਰ ਵਕੀਲ ਦੁਸ਼ਿਅੰਤ ਦਵੇ ਨੇ ਕਿਹਾ ਕਿ ਬੰਬੇ ਲਾਇਰਜ਼ ਐਸੋਸੀਏਸ਼ਨ ਨੇ ਅਮਿਤ ਸ਼ਾਹ ਦੀ ਰਿਹਾਈ ਖ਼ਿਲਾਫ਼ ਅਰਜ਼ੀ ਦਾਖਲ ਕੀਤੀ ਹੈ। ਪਰ ਇਸ 'ਤੇ ਸੁਣਵਾਈ ਹੋਣੀ ਬਾਕੀ ਹੈ।
ਸੋਹਰਾਬੂਦੀਨ ਦੇ ਭਰਾ ਰਬਾਬੂਦੀਨ ਦੇ ਵਕੀਲ ਗੋਤਮ ਤਿਵਾੜੀ ਕਿਹਾ, "ਅਸੀਂ ਤਿੰਨ ਮੁਲਜ਼ਮਾਂ ਦੀ ਰਿਹਾਈ ਖ਼ਿਲਾਫ਼ ਅਰਜ਼ੀ ਦਾਖਿਲ ਕੀਤੀ ਹੈ। ਇਹ ਤਿੰਨ ਮੁਲਜ਼ਮ ਹਨ: ਦਿਨੇਸ਼ ਐੱਮਐੱਨ, ਰਾਜਕੁਮਾਰ ਪਾਂਦਿਆ, ਡੀ ਜੀ ਵਣਜਾਰਾ।"












