ਭਾਰਤ ਅਤੇ ਕੈਨੇਡਾ ਵਿਚਾਲੇ 6 ਸਮਝੌਤਿਆਂ 'ਤੇ ਹਸਤਾਖਰ

ਤਸਵੀਰ ਸਰੋਤ, MONEY SHARMA/AFP/Getty Images
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਕੈਨੇਡੀਅਨ ਹਮਰੁਤਬਾ ਜਸਟਿਨ ਟਰੂਡੋ ਦੀ ਦਿੱਲੀ ਵਿੱਚ ਮੁਲਾਕਾਤ ਹੋਈ। ਦੋਵਾਂ ਮੁਲਕਾਂ ਦੇ ਲੋਕਾਂ ਦੇ ਸੁਨਹਿਰੀ ਭਵਿੱਖ ਲਈ ਮਿਲ ਕੇ ਕੰਮ ਕਰਨ ਦਾ ਅਹਿਦ ਲਿਆ ਗਿਆ।
ਦਿੱਲੀ ਦੇ ਹੈਦਰਾਬਾਦ ਹਾਊਸ ਵਿੱਚ ਪ੍ਰਧਾਨ ਮੰਤਰੀਆਂ ਤੋਂ ਇਲਾਵਾ ਦੋਵਾਂ ਦੇਸਾਂ ਦੇ ਪ੍ਰਤੀਨਿਧੀ ਮੰਡਲਾਂ ਦੀ ਵੀ ਗੱਲਬਾਤ ਹੋਈ।
ਇਸ ਗੱਲਬਾਤ ਮਗਰੋਂ 6 ਸਮਝੌਤਿਆਂ ਉੱਤੇ ਦਸਤਖਤ ਕੀਤੇ।
ਮੋਦੀ ਅਤੇ ਟਰੂਡੋ ਦੀ ਹਾਜ਼ਰੀ ਵਿੱਚ ਇਨ੍ਹਾਂ ਸਮਝੌਤਿਆਂ ਦੇ ਦਸਤਵੇਜ਼ ਇੱਕ-ਦੂਜੇ ਨੂੰ ਸੌਂਪੇ ਗਏ।
ਮੋਦੀ ਦਾ ਨਿਸ਼ਾਨਾ ਅੱਤਵਾਦ
- ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਤਵਾਦ ਦਾ ਜਿੰਨਾ ਖ਼ਤਰਾ ਭਾਰਤ ਲਈ ਹੈ ਓਨਾ ਹੀ ਕੈਨੇਡਾ ਲਈ ਵੀ।
- ਮੋਦੀ ਨੇ ਕਿਹਾ, ''ਅੱਤਵਾਦ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਇਸ ਨਾਲ ਮਿਲ ਕੇ ਲੜਨ ਦੀ ਲੋੜ ਹੈ।''
- ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਸੀ ਕਿ ਕੱਟੜਵਾਦ ਲਈ ਕਿਤੇ ਵੀ ਥਾਂ ਨਹੀਂ ਹੈ ਅਤੇ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਬਹੁਤ ਹੀ ਨਿੱਘੇ ਹਨ।
- ਮੋਦੀ ਨੇ ਕਿਹਾ ਕਿ ਚੰਗੇ ਭਵਿੱਖ ਲਈ ਦੋਵੇਂ ਦੇਸ ਊਰਜਾ ਅਤੇ ਤਕਨੀਕ ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨਗੇ।

ਤਸਵੀਰ ਸਰੋਤ, MONEY SHARMA/AFP/Getty Images
ਟਰੂਡੋ ਵਲੋਂ ਮੇਲ-ਜੋਲ ਤੇ ਨਿਵੇਸ਼ ਉੱਤੇ ਜ਼ੋਰ
- ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਭਰੋਸੇ ਉੱਤੇ ਟਿਕੇ ਹੋਏ ਹਨ ਅਤੇ ਦੋਵੇਂ ਦੇਸ ਸੁਭਾਵਿਕ ਮਿੱਤਰ ਹਨ।
- ਦੋਵਾਂ ਦੇਸਾਂ ਦਾ ਸੁਨਹਿਰੀ ਭਵਿੱਖ ਰੱਖਿਆ, ਉੂਰਜਾ ਤੇ ਤਕਨੀਕ ਵਿੱਚ ਸਹਿਯੋਗ ਅਤੇ ਆਮ ਲੋਕਾਂ ਦਾ ਆਪਸੀ ਮੇਲ-ਜੋਲ ਵਧਾਉਣ ਵਿੱਚ ਹੈ।
- ਕੈਨੇਡਾ ਆਪਣੀ ਆਰਥਿਕਤਾ ਦੀ ਵਿਭਿੰਨਤਾ ਲਈ ਭਾਰਤ ਨੂੰ ਸੁਭਾਵਿਕ ਸਹਿਯੋਗੀ ਦੇ ਤੌਰ ਉੱਤੇ ਦੇਖਦਾ ਹੈ, ਅਤੇ ਦੋਵਾਂ ਦੇਸਾਂ ਦੇ ਦੁਵੱਲੇ ਨਿਵੇਸ਼ ਨਾਲ ਦੋਵਾਂ ਲਈ ਵਿਨ-ਵਿਨ ਸਥਿਤੀ ਹੈ।
- ਭਾਰਤ ਕੈਨੇਡੀਅਨ ਸਿੱਖਿਆ ਸੰਸਥਾਵਾਂ ਲਈ ਦੂਜਾ ਸਭ ਤੋਂ ਵੱਡਾ ਸਰੋਤ ਹੈ, ਕੈਨੇਡਾ ਇਸ ਨੂੰ ਹੋਰ ਅੱਗੇ ਵਧਾਉਣ ਅਤੇ ਭਾਰਤੀ ਕਪੰਨੀਆਂ ਦੇ ਸਹਿਯੋਗ ਨਾਲ ਨਵੀਆਂ ਨੌਕਰੀਆਂ ਪੈਦਾ ਕਰਨਾ ਵੀ ਲੋਚਦਾ ਹੈ।








