#HerChoice : ਕਿਹੋ ਜਿਹਾ ਰਿਹਾ ਪਤੀ ਨੂੰ ਘਰ ਛੱਡਕੇ ਇਕੱਲੇ ਘੁੰਮਣ ਦਾ ਤਜਰਬਾ

HER CHOICE

ਇਹ ਔਰਤ ਆਪਣੇ ਪਤੀ ਦੇ ਕਵਰੇਜ਼ ਖ਼ੇਤਰ ਤੋਂ ਬਾਹਰ ਕਿਉਂ ਰਹਿਣਾ ਚਾਹੁੰਦੀ ਹੈ? ਬੀਬੀਸੀ ਦੀ ਖ਼ਾਸ ਸੀਰੀਜ਼ #HerChoice 'ਚ ਪੜ੍ਹੋ ਇਸ ਔਰਤ ਦੀ ਸੱਚੀ ਕਹਾਣੀ, ਜਿਹੜੀ ਅੱਜ ਦੀਆਂ ਮਾਡਰਨ ਔਰਤਾਂ ਦੀ ਜ਼ਿੰਦਗੀ ਨੂੰ ਲੈ ਕੇ ਕਈ ਭੇਦ ਖੋਲਦੀ ਹੈ....

ਕੀ ਤੁਸੀਂ ਕਦੇ ਸਪੀਤੀ ਘਾਟੀ ਗਏ ਹੋ? ਉੱਤਰ ਭਾਰਤ ਦਾ ਪਹਾੜੀ ਇਲਾਕਾ, ਜਿੱਥੇ ਮੋਬਾਈਲ ਨੈੱਟਵਰਕ ਬੇਹੱਦ ਬੁਰਾ ਹੈ? ਇਸ ਕਰਕੇ ਮੈਂ ਉੱਥੇ ਗਈ, ਬਿਲਕੁਲ ਵਿਹਲ ਅਤੇ ਪੂਰੀ ਆਜ਼ਾਦੀ ਲਈ।

ਅਸੀਂ ਦੋ ਨੌਜਵਾਨ ਔਰਤਾਂ ਸੀ ਅਤੇ ਇੱਕ ਡਰਾਈਵਰ। ਮੈਨੂੰ ਅੱਜ ਵੀ ਉਹ ਰਾਤ ਚੇਤੇ ਹੈ ਜਦੋਂ ਡਰਾਈਵਰ ਨੇ ਸਾਨੂੰ ਕਾਗਜ਼ ਦਿਆਂ ਕੱਪਾਂ 'ਚ ਉੱਥੋਂ ਦੀ ਸ਼ਰਾਬ ਦੀ ਪੇਸ਼ਕਸ਼ ਕੀਤੀ ਸੀ।

ਸ਼ੁਕਰ ਹੈ, ਅਸੀਂ ਅੱਗੇ ਚਲੇ ਗਏ ਅਤੇ ਉਸ ਕੌੜੇ ਜ਼ਹਿਰ ਦਾ ਸਵਾਦ ਲਿਆ ਕਿਉਂਕਿ ਇਹ ਬਹੁਤ ਮਜ਼ੇਦਾਰ ਸੀ! ਮੈਂ ਕਾਰ ਦੀ ਛੱਤ ਉੱਤੇ ਬੈਠੀ ਸੀ ਅਤੇ ਤੇਜ਼ ਹਵਾ ਮੇਰੇ ਸਰੀਰ ਅਤੇ ਰੂਹ ਨੂੰ ਚੀਰ ਰਹੀ ਸੀ।

ਆਪਣੇ ਪਤੀ ਅਤੇ ਘਰ ਦੀ ਨਿਗਰਾਨੀ ਤੋਂ ਦੂਰ, ਅਣਪਛਾਤੇ ਲੋਕਾਂ ਵਿਚਾਲੇ ਅਤੇ ਇੱਕ ਅਣਜਾਣ ਜਗ੍ਹਾ 'ਤੇ, 30 ਸਾਲ ਦੀ ਉਮਰ ਵਿੱਚ ਮੱਧ ਵਰਗੀ ਵਿਆਹੀ ਹੋਈ ਔਰਤ ਲਈ ਇਹ ਵਿਸ਼ਵਾਸ ਨਾ ਕਰਨ ਵਾਲੀ ਗੱਲ ਸੀ।

ਸਿਰਫ ਰੋਮਾਂਸ ਇੱਕਲਾ ਕਾਰਨ ਨਹੀਂ ਸੀ ਕਿ ਮੈਂ ਇਹ ਸਭ ਕੀਤਾ। ਹਰ ਸਾਲ ਘੱਟ ਤੋਂ ਘੱਟ ਇਕ ਜਾਂ ਦੋ ਵਾਰ ਘਰ ਤੋਂ ਦੂਰ ਅਜਿਹੇ ਇਲਾਕੇ ਵਿੱਚ ਜਾਣਾ, ਜਿੱਥੇ ਕੋਈ ਮੋਬਾਈਲ ਰੇਂਜ ਨਹੀਂ ਹੈ, ਦਰਅਸਲ ਇਸ ਦੇ ਕੁਝ ਗੰਭੀਰ ਕਾਰਨ ਹਨ।

..............................................................................................................................................................................................................

#HerChoice 12 ਭਾਰਤੀ ਔਰਤਾਂ ਦੀ ਜ਼ਿੰਦਗੀ ਦੀਆਂ ਸੱਚੀ ਕਹਾਣੀਆਂ ਦੀ ਲੜੀ ਹੈ। ਇਹ ਲੜੀ ਅੱਜ ਦੀਆਂ ਮਾਡਰਨ ਭਾਰਤੀ ਔਰਤਾਂ ਦੀ ਜ਼ਿੰਦਗੀ ਪ੍ਰਤੀ ਚੋਣ, ਪ੍ਰਾਥਮੀਕਤਾ, ਚਾਹਤਾਂ ਆਦਿ ਤੇ ਅਧਾਰਿਤ ਹੈ।

..............................................................................................................................................................................................................

ਮੈਂ ਅਤੇ ਮੇਰਾ ਪਤੀ ਕਲਾਕਾਰ ਹਾਂ ਅਤੇ ਸਫ਼ਰ ਸਾਡਾ ਇਕ ਆਮ ਸ਼ੌਂਕ ਹੈ। ਪਰ ਜਦੋਂ ਅਸੀਂ ਇਕੱਠੇ ਸਫ਼ਰ ਕਰਦੇ ਹਾਂ ਤਾਂ ਉਹ ਮੈਨੂੰ ਜ਼ਿੰਮੇਵਾਰੀ ਸਮਝਦਾ ਹੈ।

ਆਵਾਜਾਈ, ਸਮਾਂ, ਠਿਕਾਣਾ, ਹੋਟਲ, ਸੁਰੱਖਿਆ ਆਦਿ ਦੇ ਸਾਰੇ ਫੈਸਲੇ ਉਸ ਦੁਆਰਾ ਲਏ ਜਾਂਦੇ ਹਨ। ਉਹ ਮੇਰੀ ਰਾਏ ਪੁੱਛਦਾ ਹੈ ਪਰ ਇਹ ਉਸ ਫ਼ੈਸਲੇ ਦੇ ਸਮਰਥਨ ਦੀ ਤਲਾਸ਼ ਵਰਗਾ ਹੈ, ਜੋ ਉਸਨੇ ਪਹਿਲਾਂ ਹੀ ਲੈ ਲਿਆ ਹੈ।

ਉਹ ਮੇਰੇ ਦਾਖਲ ਹੋਣ ਤੋਂ ਪਹਿਲਾਂ ਹੀ ਹੋਟਲ ਦੇ ਕਮਰੇ ਦੀ ਜਾਂਚ ਕਰਦਾ ਹੈ, ਉਹ ਪਹਿਲਾਂ ਖਾਣੇ ਵਾਲਾ ਮੇਨੂ ਕਾਰਡ ਫੜਦਾ ਹੈ ਅਤੇ ਮੈਨੂੰ ਪੁੱਛਦਾ ਹੈ ਕਿ ਮੈਂ ਕੀ ਖਾਣਾ ਚਾਹੁੰਦੀ ਹਾਂ? ਕਮਰੇ ਦੇ ਦਰਵਾਜ਼ੇ ਨੂੰ ਤਾਲਾ ਲਾਉਣ ਤੋਂ ਲੈ ਕੇ ਅਟੈਚੀ ਜਾਂ ਸਮਾਨ ਚੁੱਕਣ ਤਕ ਹਰ ਚੀਜ਼ ਵਿੱਚ ਅੱਗੇ ਰਹਿੰਦਾ ਹੈ।

ਮੈਂ ਜ਼ਿੰਮੇਵਾਰੀ ਹਾਂ ਅਤੇ ਉਹ ਨਿਰਣਾਇਕ ਹੈ। ਬਰੇਕ ਲੈ ਲਓ ਜਨਾਬ!

ਅਸਲ ਵਿੱਚ ਮੈਨੂੰ ਬਰੇਕ ਦੀ ਲੋੜ ਸੀ। ਮੈਂ ਆਪਣੇ ਪੁੱਤਰ ਦੇ ਬਾਅਦ ਇਸ ਨੂੰ ਹੋਰ ਵੀ ਮਹਿਸੂਸ ਕੀਤਾ। ਮੇਰਾ ਕੰਮ ਅਤੇ ਸਫ਼ਰ ਥੋੜਾ ਹੋ ਗਿਆ ਪਰ ਮੇਰੇ ਪਤੀ ਨੇ ਪਹਿਲਾਂ ਵਾਂਗ ਆਪਣਾ ਕੰਮ ਜਾਰੀ ਰੱਖਿਆ।

HER CHOICE

ਇਹ ਉਦੋਂ ਹੋਇਆ ਜਦੋਂ ਮੈਂ ਆਪਣੇ ਆਪ ਹੀ ਬਾਹਰ ਜਾਣ ਦਾ ਫੈਸਲਾ ਕੀਤਾ। ਪਤੀ ਨੇ ਘਰ ਆਪਣੇ ਪੁੱਤਰ ਵਾਸਤੇ ਰਹਿਣ ਦੀ ਸਹਿਮਤੀ ਦਿੱਤੀ।

ਉਸ ਤੋਂ ਬਿਨ੍ਹਾਂ ਪਹਿਲਾ ਸਫ਼ਰ ਬੜਾ ਯੋਜਨਾਬੱਧ ਸੀ। ਫਿਰ ਵੀ ਉਹ ਮੈਨੂੰ ਹਰ ਦੋ-ਤਿੰਨ ਘੰਟਿਆਂ ਵਿਚ ਮੈਸੇਜ ਭੇਜ ਕੇ ਜਾਂ ਫੋਨ ਕਾਲ ਕਰਕੇ ਪੁੱਛਦਾ ਸੀ ਮੈਂ ਕਿੱਥੇ ਪਹੁੰਚੀ ਹਾਂ? ਕੀ ਇੱਥੇ ਬਹੁਤ ਟ੍ਰੈਫਿਕ ਹੈ? ਕੀ ਮੈਂ ਇਹ ਚੈੱਕ ਕੀਤਾ? ਕੀ ਮੈਂ ਇਹ ਵੇਖ ਲਿਆ?

ਮੇਰੀ ਸੁਰੱਖਿਆ ਲਈ ਚਿੰਤਾ ਬਾਰੇ ਉਸ ਦੇ ਸੰਦਰਭ ਬਾਰੇ ਮੈਨੂੰ ਪਤਾ ਸੀ। ਫਿਰ ਵੀ ਮੈਂ ਇਹ ਮਿੰਟ-ਮਿੰਟ ਦੀ ਅੱਪਡੇਟ ਤੋਂ ਤੰਗ ਹੋ ਗਈ ਸੀ। ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਮੈਨੂੰ ਕੋਈ ਵੇਖ ਰਿਹਾ ਹੈ, ਮੈਂ ਨਿਗਰਾਨੀ ਅਧੀਨ ਹਾਂ, ਮੇਰੇ ਸਫ਼ਰ ਨੂੰ ਟਰੈਕ ਕੀਤਾ ਗਿਆ ਹੈ।

ਅਤੇ ਇਸੇ ਕਰਕੇ ਮੈਂ ਉਸ ਤਰ੍ਹਾਂ ਦੀ ਥਾਂ ਦੀ ਭਾਲ ਵਿੱਚ ਸੀ ਜਿੱਥੇ ਕੋਈ ਮੋਬਾਈਲ ਰੇਂਜ ਹੀ ਨਾ ਹੋਵੇ।

ਸਫਰ 'ਤੇ ਜਾਣ ਤੋਂ ਬਾਅਦ ਵਾਰ-ਵਾਰ ਘਰ ਫੋਨ ਕਰਨਾ ਅਤੇ ਪੁੱਛਣਾ ਕਿ ਪਤੀ ਨੇ ਰੋਟੀ ਖਾ ਲਈ ਜਾਂ ਨਹੀਂ ਅਤੇ ਬੇਟੇ ਨੇ ਆਪਣੀ ਪੜ੍ਹਾਈ ਕੀਤੀ ਜਾਂ ਨਹੀਂ, ਇਹ ਸਭ ਮੇਰਾ ਆਈਡੀਆ ਜਾਂ ਵਿਚਾਰ ਨਹੀਂ ਸੀ।

ਇਹ ਸੱਚ ਹੈ ਕਿ ਮੈਂ ਅਧਖੜ, ਮੱਧ ਵਰਗੀ ਅਤੇ ਵਿਆਹੀ ਹੋਈ ਔਰਤ ਹਾਂ, ਜੋ ਹੁਣ 7 ਸਾਲਾਂ ਦੇ ਬੱਚੇ ਦੀ ਮਾਂ ਹੈ। ਪਰ ਕੀ ਸਿਰਫ਼ ਇਹੀ ਮੇਰੀ ਪਛਾਣ ਹੈ?

ਇਹ ਕੋਈ ਨਿਯਮ ਹੈ ਕਿ ਵਿਆਹੀ ਔਰਤ ਸਿਰਫ਼ ਆਪਣੇ ਪਤੀ ਨਾਲ ਹੀ ਛੁੱਟੀਆਂ ਬਿਤਾਉਣ ਜਾਵੇ?

ਜਦੋਂ ਮੈਂ ਆਪਣੇ ਭੁਟਾਨ ਵਾਲੇ ਸਫ਼ਰ 'ਤੇ ਸੀ ਤਾਂ ਮੇਰੇ ਪੁੱਤਰ ਦੇ ਸਕੂਲ ਵਿੱਚ ਮਾਪਿਆਂ ਅਤੇ ਅਧਿਆਪਕਾਂ ਵਿਚਾਲੇ ਹੋਣ ਵਾਲੀ ਮੀਟਿੰਗ ਸੀ।

ਮੇਰੇ ਪਤੀ ਨੇ ਉਸ ਮੀਟਿੰਗ 'ਚ ਹਿੱਸਾ ਲਿਆ ਅਤੇ ਬੇਟੇ ਦੇ ਦੋਸਤ ਦੀ ਮਾਂ ਨਾਲ ਇਹ ਗੱਲਬਾਤ ਸਾਂਝੀ ਕੀਤੀ.....

ਉਸ ਨੇ ਮੇਰੇ ਪਤੀ ਨੂੰ ਪੁੱਛਿਆ, 'ਤੁਹਾਡੀ ਪਤਨੀ ਕਿੱਥੇ ਹੈ?'

ਉਨ੍ਹਾਂ ਕਿਹਾ, 'ਉਹ ਸ਼ਹਿਰ ਤੋਂ ਬਾਹਰ ਹਨ।'

ਉਸ ਨੇ ਕਿਹਾ, 'ਕੰਮ ਲਈ?'

ਉਨ੍ਹਾਂ ਸਾਫ ਕੀਤਾ, 'ਨਹੀਂ, ਨਹੀਂ...ਛੁੱਟੀਆਂ ਬਿਤਾਉਣ ਲਈ।'

ਉਸ ਨੇ ਹੋਰ ਹੀ ਲਹਿਜ਼ੇ 'ਚ ਕਿਹਾ, ਜਿਵੇਂ ਮੈਂ ਆਪਣੇ ਪਤੀ ਨੂੰ ਛੱਡ ਕੇ ਚਲੀ ਗਈ ਹੋਵਾਂ! 'ਸੱਚੀ? ਕਿਵੇਂ? ਤੁਹਾਨੂੰ ਇਕੱਲੇ ਛੱਡ ਕੇ?

ਮੇਰੇ ਪਤੀ ਉਸ ਸਮੇਂ ਹੱਸੇ ਅਤੇ ਇਸ ਕਿੱਸੇ ਨੂੰ ਇੱਕ ਮਜ਼ਾਕ ਦੇ ਤੌਰ 'ਤੇ ਮੇਰੇ ਨਾਲ ਸਾਂਝਾ ਕੀਤਾ। ਪਰ ਇਹ ਮੈਨੂੰ ਮਜ਼ਾਹੀਆ ਨਹੀਂ ਲੱਗਿਆ।

ਇਸੇ ਔਰਤ ਨੇ ਕੁਝ ਮਹੀਨੇ ਪਹਿਲਾਂ ਇਸੇ ਤਰ੍ਹਾਂ ਦੀ ਗੱਲਬਾਤ ਮੇਰੇ ਨਾਲ ਵੀ ਸਾਂਝੀ ਕੀਤੀ ਸੀ। ਉਸ ਸਮੇਂ ਉਸ ਦਾ ਪਤੀ ਮੋਟਰਸਾਈਕਲ 'ਤੇ ਸਫ਼ਰ ਉੱਤੇ ਸੀ ਅਤੇ ਉਹ ਬੜੇ ਮਾਣ ਨਾਲ ਮੈਨੂੰ ਇਸ ਬਾਰੇ ਦੱਸ ਰਹੀ ਸੀ।

ਮੈਂ ਉਸ ਨੂੰ ਉਸ ਸਮੇਂ ਨਹੀਂ ਪੁੱਛਿਆ, 'ਤੁਹਾਡੇ ਪਤੀ ਨੇ ਤੁਹਾਨੂੰ ਇੱਕਲੇ ਛੱਡ ਦਿੱਤਾ ਹੈ?'

ਉਹ ਇਸ ਤਰ੍ਹਾਂ ਦੀ ਇੱਕਲੀ ਨਹੀਂ ਹੈ। ਆਪਣੇ ਪਤੀ ਤੋਂ ਬਗੈਰ ਔਰਤ ਦਾ ਸਫ਼ਰ ਉੱਤੇ ਕੁਝ ਮਜ਼ੇ ਜਾਂ ਸਕੂਨ ਲਈ ਜਾਣਾ ਬਹੁਤਿਆਂ ਨੂੰ ਹੋਰ ਹੀ ਤਰ੍ਹਾਂ ਲਗਦਾ ਹੈ।

ਮੇਰੀ ਸੱਸ ਨੂੰ ਬੁਰਾ ਲੱਗਿਆ ਜਦੋਂ ਮੈਂ ਪਹਿਲੀ ਵਾਰ ਸਫ਼ਰ 'ਤੇ ਜਾਣ ਦਾ ਫੈਸਲਾ ਲਿਆ। ਪਰ ਮੇਰਾ ਪਤੀ ਜੋ ਸਮਝਦਾ ਸੀ ਕਿ ਮੈਨੂੰ ਇਸਦੀ ਕਿਉਂ ਲੋੜ ਹੈ। ਉਸ ਨੇ ਸੱਸ ਨੂੰ ਸਮਝਾਇਆ।

ਮੇਰੀ ਆਪਣੀ ਮਾਂ ਨੂੰ ਹਾਲੇ ਇਸ ਨਵੇਂ ਸੰਕਲਪ 'ਮੀ ਟਾਈਮ' (ਖ਼ੁਦ ਨੂੰ ਵਕਤ ਦੇਣਾ) ਨੂੰ ਸਮਝਣ 'ਤੇ ਵਕਤ ਲੱਗੇਗਾ।

HER CHOICE

ਮੈਂ ਮਾਂ ਨੂੰ ਦੱਸੇ ਬਗੈਰ ਹੀ ਇਸ ਵਾਰ ਸਫ਼ਰ 'ਤੇ ਨਿਕਲ ਗਈ।

ਅਤੇ ਫਿਰ ਉਸ ਦੀ ਕਾਲ ਆਈ।

'ਮੈਂ ਤੈਨੂੰ ਸੰਪਰਕ ਕਰਨ ਦੀ ਕੱਲ ਤੋਂ ਕੋਸ਼ਿਸ਼ ਕਰ ਰਹੀ ਹਾਂ, ਤੂੰ ਕਿੱਥੇ ਹੈਂ?'

ਮੈਂ ਕਿਹਾ, 'ਸਫ਼ਰ ਕਰ ਰਹੀ ਹਾਂ ਮਾਂ।'

ਉਨ੍ਹਾਂ ਕਿਹਾ, 'ਫੇਰ? ਕਿਉਂ? ਕਿੱਥੇ?'

ਮੈਂ ਕਿਹਾ, 'ਹਾਂ, ਬਸ ਐਵੇਂ ਹੀ...ਕੁਝ ਬਦਲਾਅ ਚਾਹੁੰਦੀ ਸੀ। ਇਸ ਵਾਰੀ ਸੜਕ ਦਾ ਸਫ਼ਰ ਹੈ।'

ਉਨ੍ਹਾਂ ਕਿਹਾ, 'ਚੰਗਾ, ਤੇਰਾ ਪੁੱਤਰ ਅਤੇ ਉਸਦੇ ਪਿਤਾ ਕਿਵੇਂ ਹਨ?'

ਮੈਂ ਕਿਹਾ, 'ਠੀਕ ਨੇ, ਮੇਰੇ ਨਾਲ ਨਹੀਂ ਹਨ, ਉਹ ਘਰ ਹਨ।'

ਉਨ੍ਹਾਂ ਕਿਹਾ, 'ਹਾਏ ਓਏ ਰੱਬਾ! ਤੂੰ ਕਿਵੇਂ ਦੀ ਮਾਂ ਹੈ? ਉਸ ਬੱਚੇ ਨੂੰ ਇੱਕਲੇ ਘਰ ਛੱਡ ਕੇ ਕਿਵੇਂ ਘੁੰਮ ਸਕਦੀ ਹੈਂ? ਰੱਬ ਹੀ ਜਾਣਦਾ ਹੈ ਕਿ ਆਪਣੀ ਮਾਂ ਦੇ ਅਣਗੋਲਿਆਂ ਕਰਨ 'ਤੇ ਉਸ ਨੂੰ ਕਿੰਝ ਮਹਿਸੂਸ ਹੁੰਦਾ ਹੋਵੇਗਾ। ਪਤਾ ਨਹੀਂ ਤੇਰੀ ਸੱਸ ਨੇ ਤੈਨੂੰ ਬਾਹਰ ਕਿਵੇਂ ਭੇਜ ਦਿੱਤਾ।'

ਮੈਂ ਕਿਹਾ, 'ਮਾਂ, ਤੁਸੀਂ ਚਾਹੁੰਦੇ ਹੋ ਕਿ ਮੈਂ ਕਿਸੇ ਚੀਜ਼ ਨਾਲ ਬੰਨ੍ਹੀ ਜਾਵਾਂ ਜਾਂ ਕੁਝ ਹੋਰ?'

ਇਹ ਨਵਾਂ ਨਹੀਂ ਸੀ। ਹਰ ਵਾਰ ਜਦੋਂ ਮੈਂ ਸਫ਼ਰ 'ਤੇ ਜਾਵਾਂ ਤਾਂ ਇਹ ਸਭ ਹੁੰਦਾ ਹੈ। ਮੇਰੇ ਖ਼ੁਦ ਨੂੰ ਸਮਾਂ ਦੇਣ ਤੋਂ ਜ਼ਿਆਦਾ ਮਾਂ ਨੂੰ ਇਹ ਲੱਗਦਾ ਹੈ ਕਿ ਲੋਕ ਕੀ ਕਹਿਣਗੇ।

ਮੈਂ ਖ਼ੁਦ ਦੀ ਭਾਲ ਲਈ ਸਫ਼ਰ ਕਰਦੀ ਹਾਂ। ਮੈਨੂੰ ਆਪਣੇ ਪਰਿਵਾਰ ਦੀ ਦੇਖਭਾਲ ਦੀ ਫ਼ਿਕਰ ਹੈ, ਪਰ ਮੈਂ ਖੁਦ ਦੀ ਦੇਖਭਾਲ ਵੀ ਕਰਦੀ ਹਾਂ। ਜਦੋਂ ਮੈਂ ਇੱਕਲੀ ਸਫਰ ਕਰਦੀ ਹਾਂ ਤਾਂ ਮੈਂ ਖੁਦ ਦੀ ਦੇਖਭਾਲ ਕਰਦੀ ਹਾਂ।

ਜਦੋਂ ਮੈਂ ਇਸ ਤਰ੍ਹਾਂ ਬਾਹਰ ਜਾਂਦੀ ਹਾਂ, ਤਾਂ ਜ਼ਿੰਮੇਵਾਰੀ ਅਤੇ ਫੈਸਲੇ ਦੋਵੇਂ ਮੇਰੇ ਹੀ ਹੁੰਦੇ ਹਨ।

ਮੈਂ ਸੁਰੱਖਿਅਤ ਰਹਿੰਦੀ ਹਾਂ ਅਤੇ ਫਿਰ ਵੀ ਮੈਂ ਸਾਹਸੀ ਹਾਂ। ਲਗਭਗ ਇੱਕ ਵੱਖਰੀ ਔਰਤ।

ਸਪੀਤੀ ਘਾਟੀ ਦਾ ਡਰਾਈਵਰ ਜਿਸ ਨੇ ਸਾਨੂੰ ਸ਼ਰਾਬ ਦੀ ਪੇਸ਼ਕਸ਼ ਕੀਤੀ ਸੀ, ਉਹ ਇੱਕ ਸੋਹਣਾ ਮਰਦ ਸੀ ਅਤੇ ਉਸ ਨਾਲ ਗੱਲਾਂ ਕਰਕੇ ਅਤੇ ਸ਼ਰਾਬ ਪੀ ਕੇ ਮਜ਼ਾ ਆਇਆ। ਉਹ ਕਿੰਨੇ ਵਧੀਆਂ ਪਹਾੜੀ ਗੀਤ ਗਾਉਂਦਾ ਸੀ।

ਪਿਛਲੇ ਸਾਲ ਜਦੋਂ ਮੈਂ ਆਪਣੀ ਸਹੇਲੀ ਨਾਲ ਸਫ਼ਰ ਕਰ ਰਹੀ ਸੀ ਅਤੇ ਸਾਡੇ ਡਰਾਈਵਰ ਨੇ ਸਾਨੂੰ ਹੋਟਲ ਛੱਡਿਆ, ਉਸ ਨੇ ਪੁੱਛਿਆ, 'ਕੁਝ ਹੋਰ ਇੰਤਜ਼ਾਮ ਚਾਹੀਦਾ ਤੁਹਾਨੂੰ?'

ਮੈਂ ਅਜੇ ਵੀ ਹੈਰਾਨ ਹਾਂ ਕਿ ਉਸ ਦੀ ਗੱਲ ਦਾ ਕੀ ਮਤਲਬ ਹੋਣਾ ਚਾਹੀਦਾ ਹੈ, ਕੀ ਉਹ ਸਾਨੂੰ ਸ਼ਰਾਬ ਜਾਂ ਗਿਗੋਲੋ (ਮੁੰਡੇ) ਦੀ ਪੇਸ਼ਕਸ਼ ਕਰ ਰਿਹਾ ਸੀ!

ਇਹ ਤਜ਼ਰਬੇ ਅਤੇ ਇਹ ਲੋਕ ਅਸਲੀ ਦੁਨੀਆਂ ਹਨ। ਉਨ੍ਹਾਂ ਨੂੰ ਮਿਲਣ ਲਈ ਨਿਸ਼ਚਿਤ ਤੌਰ 'ਤੇ ਘੱਟੋ-ਘੱਟ ਕੁਝ ਦਿਨਾਂ ਲਈ ਵਿਆਹੀ ਔਰਤ, ਪਤਨੀ ਅਤੇ ਮਾਂ ਦਾ 'ਟੈਗ' ਹਟਾਉਣ ਦੀ ਜ਼ਰੂਰਤ ਹੈ।

(ਇਹ ਪੱਛਮੀ ਭਾਰਤ ਵਿਚ ਰਹਿੰਦੀ ਇਕ ਔਰਤ ਦੀ ਸੱਚੀ ਕਹਾਣੀ ਹੈ, ਉਸਨੇ ਆਪਣੀ ਕਹਾਣੀ ਬੀਬੀਸੀ ਪੱਤਰਕਾਰ ਅਰੁੰਧਤੀ ਜੋਸ਼ੀ ਨਾਲ ਸਾਂਝੀ ਕੀਤੀ ਅਤੇ ਇਸ ਸੀਰੀਜ਼ ਦੀ ਨਿਰਮਾਤਾ ਦਿਵਿਆ ਆਰਿਆ ਹਨ। ਔਰਤ ਦੀ ਬੇਨਤੀ ਤੇ ਉਨ੍ਹਾਂ ਦੀ ਪਛਾਣ ਬੇਨਤੀ 'ਤੇ ਗੁਪਤ ਰੱਖੀ ਗਈ ਹੈ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)