#HerChoice: 'ਮੈਨੂੰ ਪੰਘੂੜੇ 'ਚ ਛੱਡ ਮੇਰੇ ਪਿਓ ਅਤੇ ਮਾਂ ਨੇ ਆਪੋ -ਆਪਣੇ ਦੂਜੇ ਵਿਆਹ ਕਰਵਾ ਲਏ'

HERCHOICE

ਮੈਂ ਉਸੇ ਤਰ੍ਹਾਂ ਹੀ ਛੱਡੀ ਹੋਈ ਹਾਂ ਜਿਵੇਂ ਖਾਣਾ ਸਵਾਦ ਨਾ ਲੱਗੇ ਤਾਂ ਛੱਡ ਦਿੱਤਾ ਜਾਂਦਾ ਹੈ, ਕੱਪੜੇ ਪੂਰੇ ਨਾ ਆਉਣ ਤਾਂ ਸੁੱਟ ਦਿੱਤੇ ਜਾਂਦੇ ਹਨ। ਉਸੇ ਤਰ੍ਹਾਂ ਮੇਰੇ ਮਾਪਿਆਂ ਨੇ ਮੈਨੂੰ ਉਦੋਂ ਛੱਡ ਦਿੱਤਾ ਜਦੋਂ ਮੈਂ ਬੱਚੀ ਹੀ ਸੀ।

ਕੀ ਉਹ ਮਰ ਗਏ ਹਨ? ਨਹੀਂ! ਮੈਂ ਅਨਾਥ ਨਹੀਂ ਹਾਂ। ਇਸ ਕਰਕੇ ਵੱਧ ਦੁੱਖ ਹੁੰਦਾ ਹੈ।

ਮੇਰੇ ਮਾਪੇ ਜ਼ਿੰਦਾ ਹਨ ਤੇ ਇਸੇ ਪਿੰਡ ਵਿੱਚ ਰਹਿੰਦੇ ਹਨ, ਪਰ ਉਹ ਇੱਕ ਅਣਜਾਣ ਦੀ ਤਰ੍ਹਾਂ ਹੀ ਪੇਸ਼ ਆਉਂਦੇ ਹਨ।

ਉਹ ਮੈਨੂੰ ਉਦੋਂ ਛੱਡ ਗਏ ਜਦੋਂ ਮੈਂ ਪੰਘੂੜੇ 'ਚ ਪਈ ਸੀ, ਜਦੋਂ ਮੈਂ ਕਦੇ ਵੀ ਹੱਸ ਸਕਦੀ ਸੀ ਤੇ ਭੁੱਖ ਲੱਗਣ 'ਤੇ ਰੋ ਸਕਦੀ ਸੀ ਜਾਂ ਫਿਰ ਲੋਰੀ ਦੀ ਉਡੀਕ ਕਰਦੀ ਸੀ।

ਇਸ ਦਰਦ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹਨ।

ਮੇਰੇ ਪਿਤਾ ਨੇ ਮੇਰਾ ਜਨਮ ਹੁੰਦਿਆਂ ਹੀ ਮੇਰੀ ਮਾਂ ਨੂੰ ਛੱਡ ਦਿੱਤਾ ਤੇ ਦੂਜੀ ਔਰਤ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੇ ਵੀ ਬੱਚੇ ਹਨ।

ਫਿਰ ਮੇਰੀ ਮਾਂ ਨੇ ਮੈਨੂੰ ਛੱਡ ਦਿੱਤਾ। ਉਹ ਵੀ ਕਿਸੇ ਹੋਰ ਆਦਮੀ ਨਾਲ ਪਿਆਰ-ਪੀਂਘਾਂ ਵਿੱਚ ਫਸ ਗਈ।

ਮੈਨੂੰ ਪਤਾ ਵੀ ਨਹੀਂ ਹੈ ਕਿ ਪਿਆਰ ਕੀ ਹੁੰਦਾ ਹੈ, ਪਿਆਰ ਨੂੰ ਗਵਾਉਣਾ ਕੀ ਹੁੰਦਾ ਹੈ।

----------------------------------------------------------------------------------------------------------------------------------------------------------

#HerChoice 12 ਭਾਰਤੀ ਔਰਤਾਂ ਦੀਆਂ ਸੱਚੀਆਂ ਕਹਾਣੀਆਂ ਦੀ ਲੜੀ ਹੈ। ਇਹ ਕਹਾਣੀਆਂ 'ਮਾਡਰਨ ਭਾਰਤੀ ਔਰਤਾਂ'ਦੀ ਵਿਚਾਰਧਾਰਾ ਦਾ ਦਾਇਰਾ ਵਧਾਉਂਦੀਆਂ ਹਨ ਤੇ ਚੁਣੌਤੀ ਦਿੰਦੀਆਂ ਹਨ। ਉਨ੍ਹਾਂ ਔਰਤਾਂ ਦੀ ਚੋਣ, ਖਾਹਿਸ਼ਾਂ, ਇੱਛਾਵਾਂ ਨੂੰ ਪੇਸ਼ ਕਰਦੀਆਂ ਹਨ।

----------------------------------------------------------------------------------------------------------------------------------------------------------

ਮੇਰੇ ਮਾਮੇ ਨੇ ਤਰਸ ਕਰਕੇ ਮੇਰਾ ਪਾਲਣ-ਪੋਸ਼ਣ ਕੀਤਾ। ਜਦੋਂ ਮੈਨੂੰ ਥੋੜ੍ਹੀ ਸਮਝ ਆਈ ਤਾਂ ਉਨ੍ਹਾਂ ਨੇ ਹੀ ਮੈਨੂੰ ਮੇਰੇ ਮਾਪੇ ਦਿਖਾਏ।

ਮੈਂ ਉਨ੍ਹਾਂ ਨੂੰ ਨਿਰਾਸ਼ ਅੱਖਾਂ ਨਾਲ ਦੇਖਦੀ। ਮੈਨੂੰ ਲੱਗਿਆ ਉਹ ਮੈਨੂੰ ਆਪਣੇ ਵੱਲ ਖਿੱਚਣਗੇ ਤੇ ਜੱਫ਼ੀ ਪਾਉਣਗੇ ਪਰ ਮੇਰੇ ਵੱਲ ਉਨ੍ਹਾਂ ਇਸ ਤਰ੍ਹਾਂ ਦੇਖਿਆ ਜਿਵੇਂ ਮੈਂ ਅਣਜਾਨ ਹਾਂ।

ਮੈਨੂੰ ਸਮਝ ਆ ਗਿਆ ਸੀ ਕਿ ਮੈਂ ਕਿਸੇ ਦੀ ਔਲਾਦ ਨਹੀਂ।

ਇਸ ਲਈ ਮੇਰੇ ਮਾਮੇ ਨੇ ਮੈਨੂੰ ਐੱਨਜੀਓ ਵੱਲੋਂ ਚਲਾਏ ਜਾ ਰਹੇ ਇੱਕ ਹੋਸਟਲ ਵਿੱਚ ਭੇਜ ਦਿੱਤਾ।

ਮੈਨੂੰ ਨਹੀਂ ਪਤਾ ਸੀ ਕਿ ਇੱਕ ਹੋਰ ਝਟਕਾ ਉੱਥੇ ਮੇਰੀ ਉਡੀਕ ਕਰ ਰਿਹਾ ਸੀ।

ਮੇਰੇ ਪਿਤਾ ਨੇ ਮੇਰੀ ਮਤਰੇਈ ਭੈਣ ਨੂੰ ਵੀ ਉਸੇ ਹੋਸਟਲ ਵਿੱਚ ਛੱਡਿਆ ਹੋਇਆ ਸੀ।

HERCHOICE

ਉਸ ਨੂੰ ਹਰ ਵਾਰ ਦੇਖ ਕੇ ਲਗਦਾ ਸੀ ਕਿ ਮੇਰੀ ਕੋਈ ਲੋੜ ਨਹੀਂ ਹੈ।

ਮੇਰੇ ਮਨ ਵਿੱਚ ਉਸ ਖਿਲਾਫ਼ ਕੋਈ ਗਿਲਾ ਨਹੀਂ ਹੈ। ਅਸੀਂ ਅਕਸਰ ਗੱਲਾਂ ਕਰਦੇ ਹਾਂ। ਉਸ ਨੂੰ ਪਤਾ ਹੈ ਕਿ ਮੈਨੂੰ ਸਭ ਕੁਝ ਪਤਾ ਹੈ ਅਤੇ ਮੈਨੂੰ ਵੀ ਪਤਾ ਹੈ ਕਿ ਉਹ ਵੀ ਸਭ ਜਾਣਦੀ ਹੈ।

ਇਹ ਦੁੱਖ ਭਰੀ ਕਹਾਣੀ ਹੈ। ਮੇਰੇ ਪਿਤਾ ਅਕਸਰ ਉਸ ਨੂੰ ਮਿਲਣ ਆਉਂਦੇ ਹਨ ਅਤੇ ਛੁੱਟੀਆਂ ਦੌਰਾਨ ਘਰ ਲੈ ਜਾਂਦੇ ਹਨ।

ਮੈਂ ਸਭ ਕੁਝ ਚੁੱਪਚਾਪ ਦੇਖਦੀ ਰਹਿੰਦੀ ਹਾਂ ਤੇ ਸੋਚਦੀ ਹਾਂ,ਕਿ ਉਹ ਕਦੇ ਮੈਨੂੰ ਵੀ ਘਰ ਲੈ ਕੇ ਜਾਣਗੇ, ਪਰ ਮੈਨੂੰ ਹਮੇਸ਼ਾ ਨਿਰਾਸ਼ਾ ਹੀ ਮਿਲੀ। ਉਨ੍ਹਾਂ ਮੇਰੇ ਵੱਲ ਦੇਖਦਿਆ ਤੱਕ ਵੀ ਨਹੀਂ।

ਮੈਨੂੰ ਨਹੀਂ ਪਤਾ ਕਿ ਉਹ ਮੈਨੂੰ ਪਿਆਰ ਵੀ ਕਰਦੇ ਹਨ ਜਾਂ ਨਹੀਂ ਅਤੇ ਕੀ ਮੇਰੀ ਮਤਰੇਈ ਮਾਂ ਕਦੇ ਮੈਨੂੰ ਘਰ ਆਉਣ ਦੀ ਇਜਾਜ਼ਤ ਵੀ ਦੇਵੇਗੀ।

ਮੈਂ ਉਨ੍ਹਾਂ ਦੀਆਂ ਨਜ਼ਰਾਂ ਤੋਂ ਬਚ ਕੇ ਫੁੱਟ-ਫੁੱਟ ਕੇ ਰੋਂਦੀ ਹਾਂ। ਹੋਰਨਾਂ ਬੱਚਿਆਂ ਵਾਂਗ ਮੈਂ ਛੁੱਟੀਆਂ ਦੀ ਉਮੀਦ ਨਹੀਂ ਕਰਦੀ।

ਛੁੱਟੀਆਂ ਦਾ ਮਤਲਬ ਹੁੰਦਾ ਹੈ ਖੇਤਾਂ ਵਿੱਚ ਕੰਮ ਕਰਕੇ ਪੈਸੇ ਕਮਾਉਣਾ, ਨਹੀਂ ਤਾਂ ਮੈਨੂੰ ਖਾਣਾ ਨਹੀਂ ਮਿਲਦਾ। ਕਈ ਵਾਰੀ ਮੈਂ ਮੱਝਾਂ ਵੀ ਚਾਰਦੀ ਹਾਂ।

ਮੈਂ ਆਪਣੀ ਦਿਹਾੜੀ ਦੀ ਕਮਾਈ ਆਪਣੇ ਮਾਮੇ ਦੇ ਪਰਿਵਾਰ ਨੂੰ ਦੇ ਦਿੰਦੀ ਹਾਂ। ਇਸ ਦੇ ਬਦਲੇ ਵਿੱਚ ਉਹ ਮੈਨੂੰ ਖਾਣਾ ਤੇ ਰਹਿਣ ਲਈ ਥਾਂ ਦਿੰਦੇ ਹਨ।

ਮੈਨੂੰ ਕੁਝ ਪੈਸੇ ਜੋੜਨ ਦੀ ਵੀ ਇਜਾਜ਼ਤ ਮਿਲ ਜਾਂਦੀ ਹੈ ਤਾਂਕਿ ਮੈਂ ਸਕੂਲ ਖੁੱਲ੍ਹਣ 'ਤੇ ਸਟੇਸ਼ਨਰੀ ਖਰੀਦ ਸਕਾਂ।

HERCHOICE

ਮੈਂ ਫਿਰ ਵੀ ਆਪਣੇ ਮਾਪਿਆਂ ਨੂੰ ਪਿਆਰ ਕਰਦੀ ਹਾਂ। ਮੈਨੂੰ ਉਨ੍ਹਾਂ ਨਾਲ ਰੋਸਾ ਨਹੀਂ ਹੈ।

ਮੈਂ ਉਨ੍ਹਾਂ ਦੇ ਪਿਆਰ ਨੂੰ ਤਰਸਦੀ ਹਾਂ। ਮੈਂ ਉਨ੍ਹਾਂ ਨਾਲ ਤਿਉਹਾਰ ਮਨਾਉਣ ਦੇ ਸੁਫ਼ਨੇ ਲੈਂਦੀ ਹਾਂ, ਪਰ ਦੋਵਾਂ ਦੇ ਜੀਵਨ ਸਾਥੀ ਅਤੇ ਪਰਿਵਾਰ ਹਨ।

ਮੈਨੂੰ ਕਿਸੇ ਦੇ ਘਰ ਵਿੱਚ ਢੋਈ ਨਹੀਂ ਹੈ। ਮੈਨੂੰ ਕੋਸ਼ਿਸ਼ ਕਰਨ ਤੋਂ ਵੀ ਡਰ ਲਗਦਾ ਹੈ।

ਇਸ ਲਈ ਤਿਉਹਾਰ ਆਉਂਦੇ-ਜਾਂਦੇ ਰਹਿੰਦੇ ਹਨ। ਪਰਿਵਾਰ ਨਾਲ ਤਿਉਹਾਰ ਮਨਾਉਣਾ ਇੱਕ ਅਜਿਹਾ ਮਹਿੰਗਾ ਸੁੱਖ ਹੈ ਜੋ ਮੈਂ ਮਾਣ ਨਹੀਂ ਸਕਦੀ।

ਮੈਂ ਸਿਰਫ਼ ਆਪਣੇ ਦੋਸਤਾਂ ਦੀਆਂ ਕਹਾਣੀਆਂ ਹੀ ਸੁਣਦੀ ਹਾਂ। ਮੇਰੇ ਸੁਫ਼ਨੇ ਉਨ੍ਹਾਂ ਦੀਆਂ ਛੁੱਟੀਆਂ ਦੇ ਹੀ ਬਣੇ ਹੋਏ ਹਨ।

ਮੇਰੇ ਦੋਸਤ ਮੇਰੇ ਅਸਲੀ ਭੈਣ-ਭਰਾ ਹਨ ਜਿਨ੍ਹਾਂ ਨਾਲ ਮੈਂ ਸੁੱਖ-ਦੁੱਖ ਸਾਂਝਾ ਕਰਦੀ ਹਾਂ।

ਮੈਂ ਆਪਣੇ ਸਾਰੇ ਅਹਿਸਾਸ ਉਨ੍ਹਾਂ ਨਾਲ ਹੀ ਸਾਂਝੇ ਕਰਦੀ ਹਾਂ ਅਤੇ ਜਦੋਂ ਮੈਂ ਇਕੱਲੇ ਸੰਘਰਸ਼ ਕਰਦੀ ਥੱਕ ਜਾਂਦੀ ਹਾਂ ਤਾਂ ਉਹ ਮੇਰਾ ਧਿਆਨ ਰੱਖਦੇ ਹਨ, ਮੇਰੀ ਪਰਵਾਹ ਕਰਦੇ ਹਨ।

ਸਾਡੇ ਹੋਸਟਲ ਦੀ ਵਾਰਡਨ ਮੇਰੀ ਅਸਲ ਮਾਂ ਹੈ। ਉਨ੍ਹਾਂ ਤੋਂ ਹੀ ਮੈਨੂੰ ਪਤਾ ਲੱਗਿਆ ਮਾਂ ਦਾ ਪਿਆਰ ਕੀ ਹੁੰਦਾ ਹੈ।

ਜਦੋਂ ਮੇਰੇ ਦੋਸਤ ਬਿਮਾਰ ਹੁੰਦੇ ਹਨ ਤਾਂ ਵਾਰਡਨ ਉਨ੍ਹਾਂ ਦੇ ਪਰਿਵਾਰ ਨੂੰ ਬੁਲਾ ਲੈਂਦੀ ਹੈ, ਪਰ ਮੇਰੇ ਲਈ ਤਾਂ ਉਹ ਹੀ ਮੇਰਾ ਪਰਿਵਾਰ ਹੈ।

ਉਹ ਜੋ ਕਰ ਸਕਦੇ ਹਨ, ਉਹ ਕਰਦੇ ਹਨ। ਉਹ ਸਭ ਤੋਂ ਵਧੀਆ ਕੱਪੜੇ ਮੈਨੂੰ ਦਿੰਦੇ ਹਨ। ਮੈਨੂੰ ਉਦੋਂ ਬਹੁਤ ਖਾਸ ਮਹਿਸੂਸ ਹੁੰਦਾ ਹੈ। ਮੈਨੂੰ ਪਿਆਰ ਕੀਤੇ ਜਾਣ ਦਾ ਅਹਿਸਾਸ ਹੁੰਦਾ ਹੈ।

ਜ਼ਿੰਦਗੀ ਦੀਆਂ ਕੁਝ ਅਜਿਹੀਆਂ ਆਮ ਖੁਸ਼ੀਆਂ ਵੀ ਹਨ ਜਿਨ੍ਹਾਂ ਤੋਂ ਬਿਨਾਂ ਮੈਂ ਜਿਊਣਾ ਸਿੱਖ ਲਿਆ ਹੈ, ਜਿਵੇਂ ਕਿ ਮੈਂ ਕਿਸੇ ਨੂੰ ਆਪਣਾ ਮਨਪਸੰਦ ਖਾਣਾ ਪਕਾਉਣ ਲਈ ਨਹੀਂ ਕਹਿ ਸਕਦੀ।

ਹੁਣ ਮੈਂ 9ਵੀਂ ਜਮਾਤ ਵਿੱਚ ਪੜ੍ਹਦੀ ਹਾਂ। ਇਸ ਹੋਸਟਲ ਵਿੱਚ ਸਿਰਫ਼ 10ਵੀਂ ਤੱਕ ਹੀ ਬੱਚੇ ਰੱਖੇ ਜਾਂਦੇ ਹਨ।

ਮੈਨੂੰ ਨਹੀਂ ਪਤਾ ਮੈਂ ਉਸ ਤੋਂ ਬਾਅਦ ਕਿੱਥੇ ਜਾਵਾਂ। ਮੇਰੇ ਮਾਮਾ ਮੇਰੀ ਹੁਣ ਮੱਦਦ ਨਹੀਂ ਕਰਨਗੇ।

ਹੋ ਸਕਦਾ ਹੈ ਮੈਨੂੰ ਆਪਣੀ ਸਕੂਲ ਫੀਸ ਦੇਣ ਲਈ ਕੰਮ ਕਰਨਾ ਪਏ ਕਿਉਂਕਿ ਮੈਂ ਧਾਰ ਲਿਆ ਹੈ ਕਿ ਮੈਂ ਆਪਣੀ ਪੜ੍ਹਾਈ ਨਹੀਂ ਛੱਡਾਂਗੀ।

ਮੇਰੀ ਪੜ੍ਹਾਈ ਹੀ ਇੱਕ ਤਰੀਕਾ ਹੈ ਜਿਸ ਨਾਲ ਮੈਂ ਆਪਣੀ ਜ਼ਿੰਦਗੀ ਸਵਾਰ ਸਕਦੀ ਹਾਂ।

ਮੈਂ ਡਾਕਟਰ ਬਣਨਾ ਚਾਹੁੰਦੀ ਹਾਂ।

ਜੇ ਮੈਂ ਆਪਣੇ ਪਿੰਡ ਵਿੱਚ ਵਾਪਸ ਚਲੀ ਜਾਵਾਂਗੀ ਤਾਂ ਸ਼ਾਇਦ ਮੇਰਾ ਵਿਆਹ ਕਰ ਦਿੱਤਾ ਜਾਵੇ।

ਇਹ ਨਹੀਂ ਹੈ ਕਿ ਮੈਂ ਵਿਆਹ ਜਾਂ ਪਰਿਵਾਰ ਤੋਂ ਨਫ਼ਰਤ ਕਰਦੀ ਹਾਂ, ਪਰ ਮੈਂ ਪਹਿਲਾਂ ਆਤਮ-ਨਿਰਭਰ ਬਣਨਾ ਚਾਹੁੰਦੀ ਹਾਂ।

ਜਦੋਂ ਮੈਂ ਵੱਡੀ ਹੋ ਜਾਵਾਂਗੀ ਤਾਂ ਆਪਣੀ ਪਸੰਦ ਦੇ ਸ਼ਖ਼ਸ ਨਾਲ ਵਿਆਹ ਕਰਵਾ ਲਵਾਂਗੀ ਤੇ ਇਹ ਯਕੀਨੀ ਬਣਾਵਾਂਗੀ ਕਿ ਮੈਂ ਉਸ ਨਾਲ ਆਪਣਾ ਵਧੀਆ ਪਿਆਰ ਭਰਿਆ ਪਰਿਵਾਰ ਬਣਾਵਾਂ।

(ਇਹ ਦੱਖਣੀ-ਭਾਰਤ ਦੀ ਇੱਕ ਜਵਾਨ ਕੁੜੀ ਦੀ ਕਹਾਣੀ ਹੈ ਜੋ ਕਿ ਬੀਬੀਸੀ ਪੱਤਰਕਾਰ ਪਦਮਾ ਮੀਨਾਕਸ਼ੀ ਨੂੰ ਦੱਸੀ ਗਈ ਤੇ ਦਿਵਿਆ ਆਰਿਆ ਨੇ ਪ੍ਰੋਡਿਊਸ ਕੀਤੀ ਹੈ। ਔਰਤ ਦੀ ਪਛਾਣ ਗੁਪਤ ਰੱਖੀ ਗਈ ਹੈ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)