10 ਰੁਪਏ ਦਾ ਸਿੱਕਾ ਭਾਰਤ ਦੇ ਲੋਕਾਂ ਨੂੰ ਕਿਉਂ ਪਾ ਰਿਹਾ ਭਾਜੜਾਂ ?

ਪਿਛਲੇ ਕੁਝ ਦਿਨਾਂ ਤੋਂ ਭਾਰਤੀ ਕੇਂਦਰੀ ਬੈਂਕ ਨੇ ਲੱਖਾਂ ਲੋਕਾਂ ਨੂੰ ਮੈਸੇਜ ਭੇਜੇ ਹਨ ਤਾਂ ਜੋ ਭਾਰਤੀ ਕਰੰਸੀ ਦੀ ਕੀਮਤ ਨੂੰ ਸੁਰੱਖਿਅਤ ਰੱਖਿਆ ਜਾਏ। ਡਰੋ ਨਾ, ਭਾਰਤ ਦਾ ਅਰਥਚਾਰਾ ਡਿੱਗਣ ਵਾਲਾ ਨਹੀਂ, ਫਿਲਹਾਲ ਤਾਂ ਬਿਲਕੁਲ ਨਹੀਂ।
ਇਹ ਮੈਸੇਜ ਜੋ ਸ਼ਾਇਦ ਤੁਹਾਨੂੰ ਵੀ ਆਏ ਹੋਣਗੇ, ਇਸ ਲਈ ਕੀਤੇ ਜਾ ਰਹੇ ਹਨ ਤਾਂ ਕਿ 10 ਰੁਪਏ ਦੇ ਸਿੱਕੇ ਦੀ ਇਕਸਾਰਤਾ ਬਰਕਰਾਰ ਰਹੇ।
ਸਾਡਾ ਪੈਸਾ ਅਸਲੀ ਹੈ, ਇਹ ਦੱਸਣ ਲਈ ਸਰਕਾਰਾਂ ਕਿੰਨੀ ਮਿਹਨਤ ਕਰਦੀਆਂ ਹਨ, ਇਹ ਗੱਲ ਦਾ ਇਸੇ ਦਾ ਸਬੂਤ ਹੈ।
ਪਰ ਸੱਚ ਤਾਂ ਇਹ ਹੈ ਕਿ ਪੈਸਾ ਅਸਲ ਵਿੱਚ ਮਨੁੱਖਤਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਚਾਲ ਹੈ।
ਮੁੱਦਾ ਇਹ ਹੈ ਕਿ ਭਾਰਤ ਵਿੱਚ ਕਈ ਲੋਕਾਂ ਨੂੰ ਇਹ ਲੱਗਦਾ ਹੈ ਕਿ ਨਵੇਂ 10 ਰੁਪਏ ਦੇ ਸਿੱਕੇ ਅਸਲੀ ਨਹੀਂ ਹਨ, ਇਸ ਲਈ ਉਸ ਤੋਂ ਭੱਜ ਰਹੇ ਹਨ।
ਨਵੇਂ ਸਿੱਕਿਆਂ ਦੇ ਨਕਲੀ ਹੋਣ ਦੀ ਅਫ਼ਵਾਹ ਗੁਜਰਾਤ ਤੋਂ ਸ਼ੁਰੂ ਹੋ ਕੇ ਪੂਰੇ ਦੇਸ਼ ਵਿੱਚ ਫੈਲ ਗਈ ਹੈ।
ਕਿਉਂ ਇਹ ਸਿੱਕਾ ਪਾ ਰਿਹਾ ਭਾਜੜਾਂ?
ਤਾਮਿਲਨਾਡੂ ਦੇ ਰਿਕਸ਼ਾ ਚਾਲਕ ਸੈਮੀ ਕਹਿੰਦੇ ਹਨ, ''ਕੋਈ ਵੀ ਇਹ ਸਿੱਕੇ ਨਹੀਂ ਲੈਂਦਾ। ਨਾ ਰਾਸ਼ਨ ਵਾਲੇ ਅਤੇ ਨਾ ਚਾਹ ਵਾਲੇ।''
ਦੁਕਾਨਦਾਰ ਵੀਰਾਪੈਂਡੀ ਨੇ ਕਿਹਾ ਕਿ ਬੱਸ ਕੰਡਕਟਰ ਵੀ ਇਹ ਨਹੀਂ ਲੈਂਦੇ। ਉਨ੍ਹਾਂ ਕਿਹਾ, ''ਸਫ਼ਰ ਕਰਨ ਵਾਲੇ ਵੀ ਇਹ ਸਿੱਕੇ ਨਹੀਂ ਲੈ ਰਹੇ ਹਨ।''
ਸੁਣਨ ਵਿੱਚ ਇਹ ਵੱਡਾ ਮਸਲਾ ਨਹੀਂ ਲੱਗਦਾ। ਜੇ ਲੋਕ ਇਸ ਸਿੱਕੇ ਨੂੰ ਨਹੀਂ ਵੀ ਲੈ ਰਹੇ, ਫਿਰ ਚਿੰਤਾ ਕਿਉਂ?

ਤਸਵੀਰ ਸਰੋਤ, Getty Images
ਹੋਰ ਲੱਖਾਂ ਭਾਰਤੀਆਂ ਵਾਂਗ ਮੈਨੂੰ ਵੀ ਅੱਜ ਸਵੇਰੇ ਇਹ ਮੈਸੇਜ ਮਿਲਿਆ। ਮੈਸੇਜ ਇਹ ਕਹਿ ਰਿਹਾ ਸੀ ਕਿ ਇਨ੍ਹਾਂ ਸਿੱਕਿਆਂ ਨੂੰ ਬਿਨਾਂ ਕਿਸੇ ਡਰ ਦੇ ਵਰਤ ਲਵਾਂ।
ਮੈਸੇਜ ਵਿੱਚ ਹੋਰ ਜਾਣਕਾਰੀ ਲੈਣ ਲਈ ਨੰਬਰ(14440) ਵੀ ਦਿੱਤਾ ਗਿਆ ਸੀ।
ਮੈਂ ਨੰਬਰ ਮਿਲਾਇਆ। ਇੱਕ -ਦੋ ਸੈਕਿੰਟਾਂ ਬਾਅਦ ਭਾਰਤੀ ਰਿਸ਼ਰਵ ਬੈਂਕ ਦਾ ਕਾਲ ਆਇਆ। ਇੱਕ ਰਿਕਾਰਡਿਡ ਮੈਸੇਜ ਵੱਜਿਆ, ਜੋ ਕਹਿ ਰਿਹਾ ਸੀ ਕਿ ਭਾਰਤ ਸਰਕਾਰ ਨੇ ਕੁਝ ਸਾਲਾਂ ਵਿੱਚ ਵੱਖ ਵੱਖ ਤਰ੍ਹਾਂ ਦੇ 10 ਰੁਪਏ ਦੇ ਸਿੱਕੇ ਈਜਾਦ ਕੀਤੇ ਹਨ ਅਤੇ ਸਾਰੇ ਮਾਨਤਾ ਪ੍ਰਾਪਤ ਹਨ।
ਮੈਸੇਜ ਵਿੱਚ ਕਿਹਾ ਜਾ ਰਿਹਾ ਸੀ, ਜਨਤਾ ਨੂੰ 10 ਰੁਪਏ ਦੇ ਸਿੱਕੇ ਬਿਨਾਂ ਕਿਸੇ ਝਿਜਕ ਦੇ ਇਸਤੇਮਾਲ ਕਰਨੇ ਚਾਹੀਦੇ ਹਨ।
ਕਿਉਂ ਚਿੰਤਤ ਹੈ ਸਰਕਾਰ?
ਭਾਰਤ ਸਰਕਾਰ ਦੇ ਇੰਨੀ ਮਿਹਨਤ ਕਰਨ ਦੀ ਵਜ੍ਹਾ ਇਹ ਹੈ ਕਿ ਸਰਕਾਰ ਜਾਣਦੀ ਹੈ ਕਿ ਪੈਸੇ ਦੀ ਕੀਮਤ ਨਹੀਂ ਹੈ।
ਆਪਣੀ ਜੇਬ 'ਚੋਂ ਇੱਕ ਨੋਟ ਕੱਢੋ ਅਤੇ ਉਸ ਨੂੰ ਧਿਆਨ ਨਾਲ ਵੇਖੋ।
ਨੋਟ 'ਤੇ ਲਿਖਿਆ ਹੈ, ''ਮੈਂ ਧਾਰਕ ਨੂੰ ਨੋਟ ਦੀ ਕੀਮਤ ਅਦਾ ਕਰਨ ਦਾ ਵਾਅਦਾ ਕਰਦਾ ਹਾਂ।''

ਤਸਵੀਰ ਸਰੋਤ, Getty Images
ਆਪਣੀ ਸਰਕਾਰ ਨੂੰ ਆਖੋ ਕਿ ਇਹ ਵਾਅਦਾ ਪੂਰਾ ਕਰੇ ਅਤੇ ਉਹ ਤੁਹਾਨੂੰ ਓਨੀ ਹੀ ਕੀਮਤ ਦਾ ਦੂਜਾ ਨੋਟ ਦੇ ਦੇਵੇਗੀ।
ਤੁਹਾਡੇ ਨੋਟ ਦੇ ਬਦਲੇ ਦੂਜਾ ਨੋਟ ਮਿਲ ਜਾਏਗਾ। ਇਹ ਸਾਨੂੰ ਦੱਸਦਾ ਹੈ ਕਿ ਪੈਸਾ ਸਾਡੀ ਕਲਪਨਾ ਤੋਂ ਵਧ ਕੇ ਕੁਝ ਵੀ ਨਹੀਂ ਹੈ।
ਸਵੇਰੇ ਚਾਹ ਵੇਚਣ ਵਾਲਾ ਇਸ ਲਈ ਮੇਰਾ ਪੈਸਾ ਸਵੀਕਾਰ ਲੈਂਦਾ ਹੈ ਕਿਉਂ ਉਸ ਨੂੰ ਵਿਸ਼ਵਾਸ ਹੈ ਕਿ ਚੌਲ ਵੇਚਣ ਵਾਲਾ ਵੀ ਉਹ ਨੋਟ ਸਵੀਕਾਰ ਲਵੇਗਾ।
ਦੁਕਾਨਦਾਰ ਵੀ ਉਸੇ ਵਿਸ਼ਵਾਸ 'ਤੇ ਪੈਸਾ ਲੈ ਲੈਂਦਾ ਹੈ ਕਿ ਉਹ ਉਸ ਪੈਸੇ ਨੂੰ ਕਿਤੇ ਹੋਰ ਇਸਤੇਮਾਲ ਕਰ ਸਕੇਗਾ।
ਪੈਸੇ ਦੀ ਅਸਲੀ ਕੀਮਤ ਵਿਸ਼ਵਾਸ ਨਾਲ ਹੈ।
ਇਹ ਸਿਸਟਮ ਬਹੁਤ ਸ਼ਕਤੀਸ਼ਾਲੀ ਹੈ ਪਰ ਨਾਲ ਹੀ ਬਹੁਤ ਨਾਜ਼ੁਕ ਵੀ।

ਤਸਵੀਰ ਸਰੋਤ, AFP
ਆਪਣੀ ਕਿਤਾਬ 'ਸੇਪੀਅਨਜ਼' ਵਿੱਚ ਯੁਵਲ ਨੋਆਹ ਹਰਾਰੀ ਕਹਿੰਦੇ ਹਨ ਕਿ ਵਿਸ਼ਵਾਸ ਦਾ ਇਹ ਸਿਸਟਮ ਮਨੁੱਖਤਾ ਨੂੰ ਜੋੜ ਕੇ ਰੱਖਣ ਵਾਲੀ ਸਭ ਤੋਂ ਵੱਡੀ ਸ਼ਕਤੀ ਹੈ।
ਇਹ ਭਾਸ਼ਾ, ਪਰੰਪਰਾ, ਵਿਰਸੇ, ਕਾਨੂੰਨ ਅਤੇ ਧਰਮ ਦੇ ਵਿਚਕਾਰ ਦਾ ਪੁਲ ਹੈ।
ਹਰਾਰੀ ਨੇ ਕਿਹਾ, ''ਵੱਖ ਵੱਖ ਰੱਬ ਅਤੇ ਵੱਖ ਵੱਖ ਰਾਜਿਆਂ ਨੂੰ ਪੂਜਣ ਵਾਲੇ ਲੋਕ ਵੀ ਇੱਕੋ ਪੈਸੇ ਦਾ ਇਸਤੇਮਾਲ ਕਰਦੇ ਹਨ। ਅਮਰੀਕੀ ਵਿਰਸੇ, ਧਰਮ ਅਤੇ ਰਾਜਨੀਤੀ ਨੂੰ ਨਫਰਤ ਕਰਨ ਵਾਲਾ ਓਸਾਮਾ ਬਿਨ ਲਾਦੇਨ ਵੀ ਅਮਰੀਕੀ ਡਾਲਰਾਂ ਦਾ ਬੇਹੱਦ ਸ਼ੌਕੀਨ ਸੀ।''
ਪਰ ਇਹ ਸਿਸਟਮ ਨਾਜ਼ੁਕ ਹੈ ਕਿਉਂਕਿ ਵਿਸ਼ਵਾਸ ਅਸਥਾਈ ਹੈ। ਇਸ ਲਈ ਭਾਰਤ ਦੇ ਅਧਿਕਾਰੀ ਚਿੰਤਤ ਹਨ।
ਭਾਰਤ ਸਰਕਾਰ ਦੀ ਇਹ ਚਿੰਤਾ ਨਾਜਾਇਜ਼ ਵੀ ਨਹੀਂ ਹੈ ਕਿਉਂਕਿ ਜੇ ਭਾਰਤ ਦੇ ਲੋਕਾਂ ਦਾ ਕਰੰਸੀ ਤੋਂ ਵਿਸ਼ਵਾਸ ਉੱਠ ਗਿਆ ਤਾਂ ਅਰਥਚਾਰਾ ਪੂਰੀ ਤਰ੍ਹਾਂ ਡਿੱਗ ਜਾਏਗਾ।













