ਬਿਟਕੁਆਇਨ ਨਾਲ ਕਿਵੇਂ ਅਰਬਪਤੀ ਬਣੇ ਵਿੰਕੇਲਵੋਸ ਭਰਾ

Bitcoin

ਤਸਵੀਰ ਸਰੋਤ, Getty Images

2013 ਵਿੱਚ ਬਿਟਕੁਆਇਨ ਦਾ ਇੱਕ ਫ਼ੀਸਦ ਹਿੱਸਾ ਖ਼ਰੀਦਣ ਵਾਲੇ ਵਿੰਕੇਲਵੋਸ ਭਰਾ ਅੱਜ ਅਰਬਪਤੀ ਬਣ ਗਏ ਹਨ। ਟੇਲਰ ਅਤੇ ਕੈਮਰੂਨ ਵਿੰਕੇਲਵੋਸ ਨੇ 2013 ਵਿੱਚ 90 ਹਜ਼ਾਰ ਬਿਟਕੁਆਇਨ ਖ਼ਰੀਦੇ ਸੀ।

ਉਸ ਵੇਲੇ ਇੱਕ ਬਿਟਕੁਆਇਨ ਦੀ ਕੀਮਤ ਕਰੀਬ 120 ਡਾਲਰ ਹੁੰਦੀ ਸੀ। ਇਹ ਕੀਮਤ ਅੱਜ ਵੱਧ ਕੇ ਲਗਭਗ 16 ਹਜ਼ਾਰ ਡਾਲਰ ਯਾਨਿ ਕਿ ਕਰੀਬ ਸਾਢੇ 10 ਲੱਖ ਰੁਪਏ ਹੋ ਗਈ ਹੈ। ਸਿਰਫ਼ ਇੱਕ ਸਾਲ ਵਿੱਚ ਹੀ ਇਸਦੀ ਕੀਮਤ ਵਿੱਚ ਲਗਭਗ 2100 ਫ਼ੀਸਦ ਉਛਾਲ ਆਇਆ ਹੈ।

ਕੁਆਇਨ ਡੈਸਕ ਡੌਟਕੋਮ ਮੁਤਾਬਿਕ ਇਸ ਹਫ਼ਤੇ ਬਿਟਕੁਆਇਨ ਦੀ ਕੀਮਤ ਵਿੱਚ 50 ਫ਼ੀਸਦ ਤੋਂ ਵੱਧ ਦਾ ਉਛਾਲ ਆਇਆ ਹੈ। ਹੁਣ ਇਹ ਕੀਮਤ ਵੱਧ ਕੇ 16,050.83 ਡਾਲਰ ਹੋ ਗਈ ਹੈ।

ਵਿੰਕੇਲਵੋਸ ਭਰਾਵਾਂ ਨੇ ਜ਼ਕਰਬਰਗ 'ਤੇ ਕੀਤਾ ਸੀ ਮੁਕੱਦਮਾ

ਵਿੰਕੇਲਵੋਸ ਭਰਾ 2009 ਵਿੱਚ ਉਸ ਵੇਲੇ ਚਰਚਾ ਵਿੱਚ ਆਏ ਜਦੋਂ ਉਨ੍ਹਾਂ ਦੇ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ਕਰਬਰਗ 'ਤੇ ਉਨ੍ਹਾਂ ਦਾ ਆਈਡੀਆ ਚੋਰੀ ਕਰਨ ਦਾ ਇਲਜ਼ਾਮ ਲਾਇਆ ਅਤੇ ਉਨ੍ਹਾਂ 'ਤੇ ਮੁਕੱਦਮਾ ਦਰਜ ਕਰ ਦਿੱਤਾ।

Bitcoin

ਤਸਵੀਰ ਸਰੋਤ, Reuters

ਵਿੰਕੇਲਵੋਸ ਭਰਾਵਾਂ ਨੇ ਤਰਕ ਦਿੱਤਾ ਸੀ ਕਿ ਹਾਵਰਡ ਯੂਨੀਵਰਸਟੀ ਵਿੱਚ ਪੜ੍ਹਾਈ ਦੌਰਾਨ ਉਨ੍ਹਾਂ ਨੇ ਯੂਨੀਵਰਸਟੀ ਵਿੱਚ ਇੱਕ ਸੋਸ਼ਲ ਨੈੱਟਵਰਕ (ਹਾਵਰਡ ਕਨੈਕਸ਼ਨ, ਜਿਸ ਨੂੰ ਬਾਅਦ ਵਿੱਚ ਕਨੈਕਟ ਯੂ ਕਿਹਾ ਗਿਆ) ਬਣਾਉਣ ਬਾਰੇ ਸੋਚਿਆ ਸੀ।

ਇਸ ਨੈੱਟਵਰਕ ਨੂੰ ਤਿਆਰ ਕਰਨ ਲਈ ਉਨ੍ਹਾਂ ਨੇ ਜ਼ਕਰਬਰਗ ਨੂੰ ਕੰਮ 'ਤੇ ਰੱਖਿਆ। ਇਸਦੇ 2 ਮਹੀਨੇ ਬਾਅਦ ਹੀ ਜ਼ਕਰਬਰਗ ਨੇ ਫੇਸਬੁੱਕ ਦੀ ਸਥਾਪਨਾ ਕੀਤੀ।

ਜ਼ਕਰਬਰਗ ਨਾਲ ਸਮਝੌਤਾ

ਨੁਕਸਾਨ ਦੀ ਭਰਪਾਈ ਲਈ ਵਿੰਕੇਲਵੋਸ ਭਰਾਵਾਂ ਨੇ ਜ਼ਕਰਬਰਗ ਤੋਂ 100 ਮਿਲੀਅਨ ਡਾਲਰ ਮੁਆਵਜ਼ੇ ਦੀ ਮੰਗ ਕੀਤੀ।

ਅਮਰੀਕੀ ਮੀਡੀਆ ਮੁਤਾਬਿਕ ਇਹ ਮੁਆਵਜ਼ਾ ਤਾਂ ਉਨ੍ਹਾਂ ਨੂੰ ਨਹੀਂ ਮਿਲਿਆ ਪਰ 2011 ਵਿੱਚ ਉਨ੍ਹਾਂ ਨੇ ਜ਼ਕਰਬਰਗ ਦੇ ਨਾਲ ਅਦਾਲਤ ਦੇ ਬਾਹਰ ਸਮਝੌਤਾ ਕਰ ਲਿਆ।

ਇਸ ਸਮਝੌਤੇ ਤਹਿਤ ਵਿੰਕੇਲਵੋਸ ਭਰਾਵਾਂ ਨੂੰ 65 ਮਿਲੀਅਨ ਡਾਲਰ ਦੀ ਮੋਟੀ ਰਕਮ ਮਿਲੀ।

2013 ਵਿੱਚ ਵਿੰਕੇਲਵੋਸ ਭਰਾਵਾਂ ਨੇ ਇਸ ਰਕਮ ਦੇ ਇੱਕ ਹਿੱਸੇ ਯਾਨਿ ਕਿ 11 ਮਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਵਰਚੁਅਲ ਮੁਦਰਾ ਬਿਟਕੁਆਇਨ ਵਿੱਚ ਕਰ ਦਿੱਤਾ।

ਇਸਦੀ ਕੀਮਤ ਅੱਜ ਵੱਧ ਕੇ 1100 ਮਿਲੀਅਨ ਅਮਰੀਕੀ ਡਾਲਰ ਤੋਂ ਵੀ ਜ਼ਿਆਦਾ ਹੋ ਗਈ ਹੈ।

Bitcoin

ਤਸਵੀਰ ਸਰੋਤ, EYEWIRE

ਜਿਸ ਵੇਲੇ ਵਿੰਕੇਲਵੋਸ ਭਰਾਵਾਂ ਨੇ ਬਿਟਕੁਆਇਨ ਵਿੱਚ ਨਿਵੇਸ਼ ਕੀਤਾ, ਉਦੋਂ ਬਹੁਤ ਘੱਟ ਲੋਕ ਇਸ ਵਰਚੁਅਲ ਮੁਦਰਾ ਬਾਰੇ ਜਾਣਦੇ ਸੀ।

ਵਿੰਕੇਲਵੋਸ ਭਰਾਵਾਂ ਨੂੰ ਲੱਗਿਆ ਸੀ ਕਿ ਭਵਿੱਖ 'ਚ ਇਸ ਵਿੱਚ ਜ਼ਬਰਦਸਤ ਉਛਾਲ ਆ ਸਕਦਾ ਹੈ। ਉਹ ਬਿਟਕੁਆਇਨ ਦੇ ਮੁੱਖ ਸਪੋਂਸਰ ਵਿੱਚ ਇੱਕ ਸੀ।

ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਅੱਜ ਤੱਕ ਅਪਣਾ ਇੱਕ ਵੀ ਬਿਟਕੁਆਇਨ ਵੇਚਿਆ ਨਹੀਂ ਹੈ। ਬਿਟਕੁਆਇਨ ਦੇ ਸਰਕੁਲੇਸ਼ਨ ਨੂੰ ਇੱਕ ਬਲੌਕਚੇਨ ਸੌਫਟਵੇਅਰ ਜ਼ਰੀਏ ਕੰਟਰੋਲ ਕੀਤਾ ਜਾ ਸਕਦਾ ਹੈ।

ਮੰਨਿਆ ਜਾਂਦਾ ਹੈ ਕਿ ਇਸ ਸੌਫਟਵੇਅਰ ਨੂੰ ਹੈਕ ਕਰਨਾ ਬਹੁਤ ਮੁਸ਼ਕਿਲ ਹੈ।

ਬਿਟਕੁਆਇਨ ਨੂੰ ਅਮਰੀਕੀ ਸਟੌਕ ਮਾਰਕਿਟ ਵਿੱਚ ਲਿਆਉਣ ਦਾ ਪ੍ਰਸਤਾਵ

ਵਿਸ਼ਵ ਦੀ ਬੇਹਤਰੀਨ ਯੂਨੀਵਰਸਟੀ ਤੋਂ ਅਰਥਸ਼ਾਸਤਰ ਦੀ ਪੜ੍ਹਾਈ ਕਰਨ ਵਾਲੇ ਵਿੰਕੇਲਵੋਸ ਭਰਾ ਅਥਲੀਟ ਵੀ ਸੀ। ਉਨ੍ਹਾਂ ਨੇ ਇੱਕ ਐਕਸਚੇਂਜ ਰੇਟ 'ਜੇਮਿਨੀ' ਅਤੇ ਅਪਣਾ ਖ਼ੁਦ ਦਾ ਨਿਵੇਸ਼ ਫੰਡ ਵਿੰਕੇਲਵੋਸ ਕੈਪੀਟਲ ਬਣਿਆ।

Bitcoin

ਤਸਵੀਰ ਸਰੋਤ, Getty Images

ਉਹ ਬਿਟਕੁਆਇਨ ਨੂੰ ਅਮਰੀਕੀ ਸਟੌਕ ਮਾਰਕੀਟ ਵਿੱਚ ਲਿਆਉਣਾ ਚਾਹੁੰਦੇ ਹਨ ਪਰ ਇਸ ਨਾਲ ਜੁੜੇ ਉਨ੍ਹਾਂ ਦੇ ਪ੍ਰਸਤਾਵ ਨੂੰ ਐਸਈਸੀ ਯਾਨਿ ਸਿਕਊਰਟੀਜ਼ ਮਾਰਕੀਟ ਕਮਿਸ਼ਨ ਨੇ ਖ਼ਾਰਿਜ ਕਰ ਦਿੱਤਾ। ਇਸ ਤੋਂ ਬਾਅਦ ਕਰਿਪਟੋਕਰੰਸੀ ਵਿੱਚ ਕੁਝ ਅਸਥਾਈ ਗਿਰਾਵਟ ਵੀ ਦੇਖਣ ਨੂੰ ਮਿਲੀ।

ਕਈ ਵਿਸ਼ਲੇਸ਼ਕ ਅਤੇ ਮਾਹਰ ਬਿਟਕੁਆਇਨ ਵਿੱਚ ਨਿਵੇਸ਼ ਨੂੰ ਖ਼ਤਰਾ ਦੱਸਦੇ ਹਨ। ਉਹ ਇਸਦਾ ਕਾਰਨ ਲੰਬੀ ਗਰੰਟੀ ਦੀ ਕਮੀ ਅਤੇ ਇਸਦੇ ਇੱਕ ਕਲਿੱਕ ਨਾਲ ਡਿੱਗਣ ਦੀ ਸੰਭਾਵਨਾਵਾਂ ਦੱਸਦੇ ਹਨ।

ਗੋਲਡਮੈਨ ਸੇਕਸ ਦੇ ਨਿਵੇਸ਼ਕ ਕਹਿੰਦੇ ਹਨ ਕਿ ਬਿਟਕੁਆਇਨ ਇੱਕ ਬੁਲਬੁਲਾ ਹੈ ਜੋ ਫੁੱਟਣ ਹੀ ਵਾਲਾ ਹੈ ਅਤੇ ਰਵਾਇਤੀ ਬੈਂਕ ਇਸ 'ਤੇ ਭਰੋਸਾ ਨਹੀਂ ਕਰਦੇ।

ਟੇਲਰ ਅਤੇ ਕੈਮਰੂਨ ਵਿੰਕੇਲਵੋਸ ਨੇ ਇਹ ਖ਼ਤਰਾ ਮੁੱਲ ਲੈਣ ਦਾ ਫ਼ੈਸਲਾ ਕੀਤਾ ਅਤੇ ਉਹ ਅੱਜ ਅਰਬਪਤੀ ਹਨ।

ਹਾਲਾਂਕਿ ਜ਼ਕਰਬਰਗ ਜਿੰਨਾ ਅਮੀਰ ਬਣਨ ਲਈ ਅਜੇ ਉਨ੍ਹਾਂ ਨੂੰ ਹੋਰ 73 ਹਜ਼ਾਰ ਮਿਲੀਅਨ ਡਾਲਰ ਦੀ ਲੋੜ ਹੋਵੇਗੀ। ਉਹ ਵੀ ਉਦੋਂ, ਜਦੋਂ ਬਿਟਕੁਆਇਨ ਦੀ ਕੀਮਤ ਵਿੱਚ ਗਿਰਾਵਟ ਨਾ ਆਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)