ਵਿਆਹ ’ਚ ਆਏ 'ਜੂਲੀ' ਨੇ ਪਾਈ ਲਾੜੇ ਨੂੰ ਭਸੂੜੀ!

ਤਸਵੀਰ ਸਰੋਤ, SAM PANTHAKY/AFP/Getty Images
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਪੰਜਾਬੀ ਲਈ
ਹਰਿਆਣਾ ਦੇ ਇੱਕ ਪਰਿਵਾਰ ਦੇ ਜਸ਼ਨ ਦੇ ਰੰਗ 'ਚ ਭੰਗ ਪੈ ਗਿਆ। ਹਾਲਾਤ ਇਹ ਬਣ ਗਏ ਨੇ ਕਿ ਵਿਆਹ 'ਚ ਆਈ 'ਜੂਲੀ' ਨੇ ਲਾੜੇ ਦੀ ਜ਼ਿੰਦਗੀ 'ਚ ਮੁਸ਼ਕਿਲਾਂ ਪੈਦਾ ਕਰ ਦਿੱਤੀਆਂ ਹਨ। 'ਜੂਲੀ' ਕੌਣ ਹੈ ਅਤੇ ਉਸ ਕਾਰਨ ਕਿਹੜੇ ਪੁਆੜੇ ਪਏ, ਅੱਗੇ ਪੜ੍ਹੋ।
ਜ਼ਿਲ੍ਹਾ ਫਤਿਹਾਬਾਦ ਦੇ ਪੁਨਿਆ ਪਰਿਵਾਰ ਨੂੰ ਆਪਣੇ 28 ਸਾਲਾ ਮੁੰਡੇ ਸੰਜੇ ਪੂਨੀਆ ਦੇ ਵਿਆਹ ਦਾ ਗੋਡੇ-ਗੋਡ ਚਾਅ ਸੀ।
11 ਫਰਵਰੀ ਨੂੰ ਫਤਿਹਾਬਾਅਦ ਦੇ ਟੋਹਾਨਾ ਦੇ ਸੰਜੇ ਅਤੇ ਉਚਾਨਾ ਦੇ ਪਿੰਡ ਡੋਹਾਨਾਖੇੜਾ ਦੀ ਰੀਤੂ ਦਾ ਵਿਆਹ ਹੋਇਆ।
ਘਰ ਵਿੱਚ ਨੂੰਹ ਆਈ ਸੀ ਤਾਂ ਲਾਜ਼ਮੀ ਹੈ ਕਿ ਜਸ਼ਨ ਦਾ ਮਨਾਇਆ ਜਾਵੇਗਾ।
ਵਿਆਹ ਵਾਲੇ ਘਰ ਵਿੱਚ ਵਧਾਈਆਂ ਦੇਣ ਆਉਣ ਵਾਲਿਆਂ ਦਾ ਸਿਲਸਿਲਾ ਜਾਰੀ ਹੀ ਸੀ ਕਿ ਕੁੜੀ ਦੇ ਪਰਿਵਾਰ ਵੱਲੋਂ ਦਿੱਤੇ ਗਏ ਇੱਕ 'ਗਿਫ਼ਟ' ਨੇ ਸਾਰਿਆਂ ਦੇ ਜੋਸ਼ ਨੂੰ ਠੰਢਾ ਕਰ ਦਿੱਤਾ।
ਸੰਜੇ ਦੇ ਸਹੁਰਾ ਸਾਬ੍ਹ ਚਾਂਦੀਰਾਮ ਨੇ ਆਪਣੇ ਕੁੜਮ ਕਰਮਵੀਰ ਪੁਨਿਆ ਨੂੰ ਇੱਕ ਲੰਗੂਰ ਤੋਹਫ਼ੇ ਵੱਜੋਂ ਦੇ ਦਿੱਤਾ।

ਤਸਵੀਰ ਸਰੋਤ, BBC/Sat Singh
ਤੋਹਫ਼ੇ 'ਚ ਆਏ ਲੰਗੂਰ ਦਾ ਨਾਮ ਹੈ ਜੂਲੀ। ਮਾਮਲਾ ਜੰਗਲੀ ਜੀਵ ਨਾਲ ਜੁੜਿਆ ਸੀ ਇਸ ਲਈ ਭਸੂੜੀ ਤਾਂ ਪੈਣੀ ਹੀ ਸੀ।
ਪੀਪਲਜ਼ ਫਾਰ ਐਨੀਮਲ ਸੰਸਥਾ ਵੱਲੋਂ ਸ਼ਿਕਾਇਤ ਮਿਲਣ 'ਤੇ ਸੰਜੇ ਪੁਨਿਆ ਖ਼ਿਲਾਫ ਜੰਗਲੀ ਜੀਵ ਐਕਟ ਤਹਿਤ ਮਾਮਲਾ ਦਰਜ ਹੋ ਗਿਆ।
'ਜੂਲੀ' ਦੇ ਆਉਣ ਦਾ ਸਬੱਬ
ਲਾੜੇ ਦੇ ਪਿਤਾ ਕਰਮਵੀਰ ਪੂਨੀਆ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦੇ ਹਨ।
ਕਰਮਵੀਰ ਨੇ ਦੱਸਿਆ ਕਿ ਉਨ੍ਹਾਂ ਨੇ ਡੰਗਰਾਂ ਦਾ ਚਾਰਾ, ਸ਼ਲਗਮ, ਮੂਲੀ ਤੇ ਹੋਰ ਕਈ ਸਬਜ਼ੀਆਂ ਬੀਜੀਆਂ ਸਨ।
ਉਨ੍ਹਾਂ ਦੇ ਇਲਾਕੇ ਵਿੱਚ ਬਾਂਦਰਾਂ ਦਾ ਕਹਿਰ ਬਹੁਤ ਜ਼ਿਆਦਾ ਹੈ। ਇਸ ਪਰੇਸ਼ਾਨੀ ਨਾਲ ਨਜਿੱਠਣ ਲਈ ਕਾਫ਼ਾ ਮੁਸ਼ੱਕਤ ਕਰਨੀ ਪੈਂਦੀ ਸੀ।

ਤਸਵੀਰ ਸਰੋਤ, BBC/Sat Singh
ਕਰਮਵੀਰ ਮੁਤਾਬਕ, ''ਉਨ੍ਹਾਂ ਦੇ ਕੁੜਮ ਵਿਆਹ ਦੀ ਤਰੀਕ ਤੈਅ ਕਰਨ ਉਨ੍ਹਾਂ ਦੇ ਘਰ ਪਹੁੰਚੇ। ਗੱਲਾਂ ਸ਼ੁਰੂ ਹੋਈਆਂ ਤਾਂ ਬਾਂਦਰਾਂ ਦੀ ਸਮੱਸਿਆ ਦਾ ਵੀ ਜ਼ਿਕਰ ਹੋਇਆ। ਕੁੜੀ ਦੇ ਪਿਤਾ ਚਾਂਦੀਰਾਮ ਨੇ ਬਾਂਦਰਾਂ ਨੂੰ ਭਜਾਉਣ ਲਈ ਉਨ੍ਹਾਂ ਨੂੰ ਤੋਹਫ਼ੇ ਵਜੋਂ ਜੂਲੀ ਨਾਮ ਦਾ ਲੰਗੂਰ ਦੇ ਦਿੱਤਾ।''
ਲਾੜੇ ਦੇ ਪਿਤਾ ਕਰਮਵੀਰ ਮੁਤਾਬਕ, ''ਮੇਰੇ ਮੁੰਡੇ ਦੇ ਸਹੁਰੇ ਵਾਲੇ ਇਹ ਲੰਗੂਰ ਜੀਂਦ ਤੋਂ ਲੈ ਕੇ ਆਏ ਸਨ।''
ਜਦੋਂ ਰੰਗ 'ਚ ਪਿਆ ਭੰਗ
ਘਰ ਵਿੱਚ ਵਿਆਹ ਦਾ ਜਸ਼ਨ ਜਾਰੀ ਸੀ ਕਿ ਅਚਾਨਕ ਵਾਈਲਡ ਲਾਈਫ਼ ਟੀਮ ਦੇ ਅਫ਼ਸਰਾਂ ਤੇ ਮੁਲਾਜ਼ਮਾਂ ਨੇ ਦਸਤਕ ਦਿੱਤੀ।
ਜਾਨਵਰਾਂ ਦੀ ਸੁਰੱਖਿਆ ਲਈ ਕੰਮ ਕਰਦੀ ਸੰਸਥਾ ਪੀਪਲਜ਼ ਫ਼ਾਰ ਐਨੀਮਲ ਨੇ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ ਕਿ ਟੋਹਾਨਾ ਦੇ ਇੱਕ ਘਰ ਵਿੱਚ ਲੰਗੂਰ ਨੂੰ ਬੰਨ੍ਹ ਕੇ ਰੱਖਿਆ ਗਿਆ ਹੈ।
ਸ਼ਿਕਾਇਤ ਦੇ ਅਧਾਰ 'ਤੇ ਟੀਮ ਲਾੜੇ ਸੰਜੇ ਪੁਨਿਆ ਦੇ ਘਰ ਪਹੁੰਚੀ। ਲੰਗੂਰ ਨੂੰ ਟੀਮ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ।

ਤਸਵੀਰ ਸਰੋਤ, BBC /Sat Singh
ਸੰਜੇ ਪੁਨਿਆ ਖ਼ਿਲਾਫ ਜੰਗਲੀ ਜੀਵ ਕਾਨੂੰਨ ਤਹਿਤ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ।
ਵਿਭਾਗ ਦੇ ਅਫ਼ਸਰ ਜੈਯਵਿੰਦਰ ਨੇਹਰਾ ਨੇ ਕਿਹਾ, ''ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਸੰਜੇ ਦੇ ਸਹੁਰੇ ਪਰਿਵਾਰ ਨੂੰ ਅਸਲ ਵਿੱਚ ਇਹ ਲੰਗੂਰ ਕਿੱਥੋਂ ਮਿਲਿਆ। ਜੇਕਰ ਕਿਸੇ ਨੇ ਵੇਚਿਆ ਹੈ ਤਾਂ ਸੰਬੰਧਿਤ ਸ਼ਖਸ 'ਤੇ ਵੀ ਕਾਰਵਾਈ ਕੀਤੀ ਜਾਵੇਗੀ।''
ਜੈਯਵਿੰਦਰ ਨੇਹਰਾ ਕਹਿੰਦੇ ਹਨ ਕਿ ਕਾਨੂੰਨ ਮੁਤਾਬਕ ਲੰਗੂਰ ਨੂੰ ਨਾ ਤਾਂ ਤੰਗ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਪਾਲਿਆ ਜਾ ਸਕਦਾ ਹੈ।

ਤਸਵੀਰ ਸਰੋਤ, BBC/Sat Singh
ਨੇਹਰਾ ਨੇ ਕਿਹਾ, ''ਜਦੋਂ ਅਸੀਂ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਲੰਗੂਰ ਖੁਲ੍ਹੇ ਵਿੱਚ ਘੁੰਮ ਰਿਹਾ ਸੀ। ਹਾਲਾਂਕਿ ਰਾਤ ਨੂੰ ਉਸਨੂੰ ਪਿੰਜਰੇ ਅੰਦਰ ਬੰਦ ਕਰਕੇ ਰੱਖਿਆ ਜਾਂਦਾ ਸੀ।''
ਸੰਜੇ ਲਈ ਕਿੰਨੀ ਵੱਡੀ ਹੈ ਮੁਸ਼ਕਿਲ?
ਕਾਨੂੰਨ ਤਹਿਤ ਅਜਿਹੇ ਮਾਮਲੇ ਵਿੱਚ ਆਮਤੌਰ 'ਤੇ ਜੁਰਮਾਨਾ ਕੀਤਾ ਜਾਂਦਾ ਹੈ।
ਜੈਯਵਿੰਦਰ ਨੇਹਰਾ ਮੁਤਾਬਕ, ''ਜੋ ਮਾਮਲਾ ਦਰਜ ਕੀਤਾ ਗਿਆ ਹੈ ਉਸ ਤਹਿਤ ਮੁਲਜਮ਼ ਨੂੰ 1 ਤੋਂ 7 ਸਾਲ ਤੱਕ ਦੀ ਸਜ਼ਾ ਅਤੇ 25 ਹਜ਼ਾਰ ਰੁਪਏ ਜੁਰਮਾਨੇ ਦੀ ਤਜਵੀਜ਼ ਹੈ।''
ਸ਼ਨੀਵਾਰ ਨੂੰ ਲੰਗੂਰ ਜੂਲੀ ਦਾ ਮੈਡੀਕਲ ਕਰਵਾ ਕੇ ਇਹ ਦੇਖਿਆ ਜਾਵੇਗਾ ਕਿ ਕਿਤੇ ਇਸ 'ਤੇ ਤਸ਼ੱਦਦ ਤਾਂ ਨਹੀਂ ਢਾਹਿਆ ਗਿਆ।
ਇਸ ਮਗਰੋਂ ਉਸ ਨੂੰ ਚਿੜਿਆਘਰ ਭੇਜ ਦਿੱਤਾ ਜਾਵੇਗਾ।












