ਪ੍ਰੈਸ ਰੀਵਿਊ: NRI ਲਾੜਿਆਂ 'ਤੇ ਨਜ਼ਰ, ਸਿੱਖਾਂ ਦੀ ਸ਼ਲਾਘਾ ਤੇ ਹੋਰ ਖ਼ਬਰਾਂ

ਪ੍ਰੈਸ ਰੀਵਿਊ ਵਿੱਚ ਅੱਜ ਪੜ੍ਹੋ ਕੇਂਦਰ ਸਰਕਾਰ ਵੱਲੋਂ ਐੱਨਆਰਆਈ ਲਾੜਿਆਂ 'ਤੇ ਨਜ਼ਰ ਰੱਖਣ ਦੀ ਤਿਆਰੀ ਦੀ ਖ਼ਬਰ ਅਤੇ ਸਿੰਗਾਪੁਰ 'ਚ ਸਿੱਖ ਭਾਈਚਾਰੇ ਦੀ ਕਿਉਂ ਹੋਈ ਸ਼ਲਾਘਾ ਅਤੇ ਹੋਰ ਖ਼ਬਰਾਂ।

ਹਿੰਦੁਸਤਾਨ ਟਾਈਮਸ 'ਚ ਛਪੀ ਖ਼ਬਰ ਮੁਤਾਬਕ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਐੱਨਆਰਆਈ ਵਿਆਹਾਂ ਦਾ ਰਿਕਾਰਡ ਰੱਖਣ ਤੇ ਟਰੈਕ ਕਰਨ ਲਈ ਵੈੱਬ ਪੋਰਟਲ ਸਥਾਪਤ ਕਰ ਰਿਹਾ ਹੈ।

ਸਾਰੇ ਸੂਬਿਆਂ ਦੇ ਰਜਿਸਟਰਾਰ ਪੋਰਟਲ 'ਤੇ ਐੱਨਆਰਆਈ ਵਿਆਹਾਂ ਦੀ ਜਾਣਕਾਰੀ ਅਪਲੋਡ ਕਰਨਗੇ।

ਵਿਆਹ ਤੋਂ ਬਾਅਦ ਐੱਨਆਰਆਈ ਲੋਕਾਂ ਵੱਲੋਂ ਪਤਨੀਆਂ ਨਾਲ ਗਲਤ ਵਿਵਹਾਰ ਜਾਂ ਵਿਆਹ ਤੋਂ ਬਾਅਦ ਭਾਰਤ 'ਚ ਹੀ ਛੱਡ ਜਾਣ ਦੇ ਮਾਮਲਿਆਂ ਨੂੰ ਧਿਆਨ 'ਚ ਰੱਖਦਿਆਂ ਮੰਤਰਾਲੇ ਨੇ ਇਹ ਕਦਮ ਚੁੱਕਿਆ ਹੈ।

ਦ ਟ੍ਰਿਬਿਊਨ 'ਚ ਖ਼ਬਰ ਏਜੰਸੀ ਪੀਟੀਆਈ ਦੇ ਹਵਾਲੇ ਤੋਂ ਛਪੀ ਖ਼ਬਰ ਮੁਤਾਬਕ ਸਿੰਗਾਪੁਰ ਦੇ ਉੱਪ ਪ੍ਰਧਾਨਮੰਤਰੀ ਥਰਮਨ ਸ਼ਾਨਮੁਗਰਤਨਮ ਨੇ ਸਿੱਖ ਭਾਈਚਾਰੇ ਦੀ ਸ਼ਲਾਘਾ ਕੀਤੀ।

ਸਿੰਗਾਪੁਰ 'ਚ ਇੱਕ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਸਿੰਗਾਪੁਰ 'ਚ ਸਿੱਖਾਂ ਦਾ ਯੋਗਦਾਨ ਸ਼ਲਾਘਾਯੋਗ ਹੈ ਅਤੇ ਸਾਨੂੰ ਉਨ੍ਹਾਂ 'ਤੇ ਮਾਣ ਹੈ।

ਇਸ ਤੋਂ ਇਲਾਵਾ ਦੱਖਣ ਦੇ ਸੂਪਰਸਟਾਰ ਰਜਨੀਕਾਂਤ ਵੱਲੋਂ ਸਿਆਸਤ 'ਚ ਆਉਣ ਦੇ ਐਲਾਨ ਨੂੰ ਸਾਰੀਆਂ ਅਖ਼ਬਾਰਾਂ ਨੇ ਪ੍ਰਮੁੱਖਤਾ ਨਾਲ ਛਾਪਿਆ ਹੈ।

ਪੰਜਾਬੀ ਟ੍ਰਿਬਿਊਨ ਵਿੱਚ ਛਪੀ ਇੱਕ ਖ਼ਬਰ ਦੇ ਤਹਿਤ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ ਕਿ ਸੂਬਾ ਸਰਕਾਰ ਸੂਬੇ ਵਿੱਚ ਵੱਡੀਆਂ ਇਮਾਰਤਾਂ ਨੂੰ ਅੱਗ ਤੋਂ ਸੁਰੱਖਿਅਤ ਰੱਖਣ ਲਈ ਕੁਝ ਕਨੂੰਨ ਲਾਗੂ ਕਰਨ ਜਾ ਰਹੀ ਹੈ।

ਜਿਸ ਮੁਤਾਬਕ ਅਜਿਹੀਆਂ 67 ਫੁੱਟ ਤੋਂ ਉੱਚੀਆਂ ਉਸਾਰੀਆਂ ਸੀਲ ਹੋਣਗੀਆਂ, ਜਿਨ੍ਹਾਂ ਦੁਆਲੇ 20 ਫੁੱਟ ਚੌੜੀ ਸੜਕ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਬਕਾਇਦਾ ਇਸ ਲਈ ਵਿਭਾਗ ਵੱਲੋਂ ਅਜਿਹੀਆਂ ਇਮਾਰਤਾਂ ਦੀ ਨਿਸ਼ਾਨਦੇਹੀ ਲਈ ਮੁਹਿੰਮ ਵੀ ਵਿੱਢੀ ਗਈ ਹੈ।

ਅਜੀਤ ਅਖ਼ਬਾਰ ਦੀ ਖ਼ਬਰ ਮੁਤਾਬਕ ਜਲੰਧਰ-ਨਕੋਦਰ ਰੋਡ 'ਤੇ ਪਿੰਡ ਤਾਜਪੁਰ ਨੇੜੇ ਆਟੋ ਅਤੇ ਜੀਪ ਵਿਚਾਲੇ ਹੋਈ ਟੱਕਰ 'ਚ ਇੱਕ ਬੱਚੀ ਸਣੇ 5 ਵਿਅਕਤੀਆਂ ਦਾ ਮੌਤ ਅਤੇ 5 ਹੋਰ ਗੰਭੀਰ ਤੌਰ 'ਤੇ ਜਖ਼ਮੀ ਹੋ ਗਏ ਹਨ।

ਪੰਜਾਬ ਸਣੇ ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਕਾਰਨ ਰੋਜ਼ਾਨਾ ਹੋ ਰਹੇ ਸੜਕ ਹਾਦਸਿਆਂ ਵਿੱਚ ਮੌਤਾਂ ਦਾ ਅੰਕੜਾਂ ਵੱਧ ਰਿਹਾ ਹੈ।ਮੌਸਮ ਦੀ ਖ਼ਰਾਬੀ ਅਤੇ ਸੰਘਣੀ ਧੁੰਦ ਦਾ ਪ੍ਰਭਾਵ ਸੈਂਕੜੇ ਉਡਾਣਾਂ 'ਤੇ ਵੀ ਪਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)