ਜੱਫ਼ੀ ਪਾਕੇ ਸਾਥੀ ਨੂੰ ਵਧਾਈ ਦੇਣਾ ਕਿੱਥੇ ਬਣ ਗਿਆ ਹੈ ਜੁਰਮ?

ਤਸਵੀਰ ਸਰੋਤ, Vivek Nair
- ਲੇਖਕ, ਅਸ਼ਰਫ ਪਡਾਨਾ
- ਰੋਲ, ਬੀਬੀਸੀ ਪੱਤਰਕਾਰ
ਦੱਖਣ ਭਾਰਤ ਵਿੱਚ 2 ਵਿਦਿਆਰਥੀਆਂ ਦੇ ਜੱਫ਼ੀ ਪਾਉਣ ਨੇ ਕੌਮੀ ਪੱਧਰ 'ਤੇ ਇੱਕ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਮੁੰਡੇ ਅਤੇ ਕੁੜੀ ਦੋਵਾਂ ਨੂੰ ਸਕੂਲ ਤੋਂ ਕੱਢ ਦਿੱਤਾ ਗਿਆ। ਬੀਬੀਸੀ ਪੱਤਰਕਾਰ ਅਸ਼ਰਫ ਪਡਾਨਾ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ।
ਕੇਰਲਾ ਦੇ ਸੇਂਟ ਥਾਮਸ ਸੈਂਟਰਲ ਸਕੂਲ ਵਿੱਚ 15 ਸਾਲਾ ਕੁੜੀ ਵੱਲੋਂ ਸਟੇਜ 'ਤੇ ਗਾਉਣ ਤੋਂ ਬਾਅਦ ਆਪਣੇ 16 ਸਾਲਾ ਸਾਥੀ ਤੋਂ ਪੁੱਛਿਆ ਗਿਆ ਕਿ ਉਸਨੇ ਕਿਹੋ ਜਿਹੀ ਪ੍ਰਤੀਯੋਗਤਾ ਕੀਤੀ ਹੈ, ਮੁੰਡੇ ਨੇ ਕਿਹਾ ਬਹੁਤ ਵਧੀਆ ਅਤੇ ਜੱਫ਼ੀ ਪਾ ਕੇ ਉਸਨੂੰ ਵਧਾਈ ਦਿੱਤੀ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ,''ਇਹ ਜੱਫ਼ੀ ਇੱਕ ਜਾਂ 2 ਸੈਕਿੰਡ ਲਈ ਸੀ।
''ਬਹੁਤ ਸਾਰੇ ਵਿਦਿਆਰਥੀ ਅਤੇ ਅਧਿਆਪਕ ਆਲੇ-ਦੁਆਲੇ ਖੜ੍ਹੇ ਸੀ ਤੇ ਮੈਂ ਕੁਝ ਗਲਤ ਮਹਿਸੂਸ ਨਹੀਂ ਕੀਤਾ।''
ਕੁੜੀ ਨੇ ਦੱਸਿਆ,'' ਕੁਝ ਅਧਿਆਪਕਾਂ ਨੇ ਪ੍ਰਿੰਸੀਪਲ ਨੂੰ ਇਸਦੀ ਸ਼ਿਕਾਇਤ ਕਰ ਦਿੱਤੀ।''
22 ਜੁਲਾਈ ਨੂੰ ਦੋਵਾਂ ਨੂੰ ਸਕੂਲ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ। ਚਾਰ ਮਹੀਨੇ ਬਾਅਦ 22 ਨਵੰਬਰ ਨੂੰ ਮੁੰਡੇ ਨੂੰ ਸਕੂਲ ਤੋਂ ਕੱਢ ਦਿੱਤਾ ਗਿਆ।
ਪ੍ਰਿੰਸੀਪਲ ਸੇਬਸਤਿਆਨ ਨੇ ਬੀਬੀਸੀ ਨੂੰ ਦੱਸਿਆ,''ਸਕੂਲ ਬੱਚਿਆਂ ਨੂੰ ਸੁਧਾਰਣ ਲਈ ਵੀ ਹੈ''ਅਸੀਂ ਉਸਨੂੰ ਮਾਫ਼ੀ ਮੰਗਣ ਦਾ ਮੌਕਾ ਦਿੱਤਾ ਪਰ ਮੁੰਡੇ ਅਤੇ ਮਾਪਿਆਂ ਨੂੰ ਇਸ ਗੱਲ ਦਾ ਕੋਈ ਪਛਤਾਵਾ ਨਹੀਂ ਸੀ।''
ਮੁੰਡੇ ਦਾ ਕਹਿਣਾ ਹੈ ਕਿ ਉਸਨੇ ਤੁਰੰਤ ਮਾਫ਼ੀ ਮੰਗੀ।

ਤਸਵੀਰ ਸਰੋਤ, Vivek Nair
ਕੁੜੀ ਦੋਬਾਰਾ ਕਦੇ ਸਕੂਲ ਨਹੀਂ ਗਈ ਕਿਉਂਕਿ ਸਕੂਲ ਦੇ ਰਿਕਾਰਡ ਮੁਤਾਬਿਕ ਉਸਨੇ ਆਪਣਾ ਨਾਂ ਦਰਜ ਨਹੀਂ ਕਰਵਾਇਆ ਸੀ।
ਕੁੜੀ ਹਾਲ ਹੀ ਵਿੱਚ ਦੁਬਈ ਤੋਂ ਇੱਥੇ ਆਈ ਹੈ, ਜਿੱਥੇ ਉਸਦੇ ਪਿਤਾ ਕੰਮ ਕਰਦੇ ਹਨ। ਜੂਨ ਵਿੱਚ ਉਸਨੇ ਸੇਂਟ ਥਾਮਸ ਸਕੂਲ ਵਿੱਚ ਦਾਖ਼ਲਾ ਲਿਆ ਸੀ। ਉਸਦੇ ਦਾਖ਼ਲੇ ਸੰਬੰਧੀ ਕਾਗਜ਼ੀ ਕਾਰਵਾਈ ਅਜੇ ਪੂਰੀ ਨਹੀਂ ਹੋਈ ਸੀ ਜਦੋਂ ਇਹ ਵਿਵਾਦ ਛਿੜਿਆ।
ਹਾਲਾਂਕਿ ਦੋਵਾਂ ਵਿਦਿਆਰਥੀਆਂ ਨੂੰ ਅਨੁਸ਼ਾਸਨੀ ਕਮੇਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ ਜਿਸ ਨੂੰ ਸਕੂਲ ਵੱਲੋਂ ਜਾਂਚ ਲਈ ਗਠਿਤ ਕੀਤਾ ਗਿਆ ਸੀ।
ਬੀਬੀਸੀ ਕੋਲ ਸਕੂਲ ਦੀ ਕਥਿਤ ਚਾਰਜਸ਼ੀਟ ਦੀ ਕਾਪੀ ਹੈ ਜਿਸ ਵਿੱਚ ਦੋਵਾਂ ਵਿਦਿਆਰਥੀਆਂ 'ਤੇ ਅਸ਼ਲੀਲਤਾ ਅਤੇ ਅਨੁਸ਼ਾਸਣਹੀਣਤਾ ਦੇ ਇਲਜ਼ਾਮ ਲਾਏ ਗਏ ਹਨ।
ਇਸ ਵਿੱਚ ਇਹ ਵੀ ਇਲਜ਼ਾਮ ਲਾਇਆ ਗਿਆ ਹੈ ਕਿ ਉਨ੍ਹਾਂ ਦੇ ਨਿੱਜੀ ਬਲਾਗ ਅਤੇ ਇੰਸਟਾਗ੍ਰਾਮ ਅਕਾਊਂਟ ਏਤਰਾਜ਼ਯੋਗ ਕਨਵਰਸੇਸ਼ਨ ਅਤੇ ਫੋਟੋਆਂ ਨਾਲ ਭਰੇ ਹਨ।''
ਮੁੰਡੇ ਦਾ ਕਹਿਣਾ ਹੈ,''ਮੇਰਾ ਇੰਸਟਾਗ੍ਰਾਮ ਅਕਾਊਂਟ ਨਿੱਜੀ ਹੈ ਅਤੇ ਸਿਰਫ਼ ਮੇਰੇ ਫੋਲੋਅਰਸ ਹੀ ਮੇਰੀਆਂ ਕਹਾਣੀਆਂ ਦੇਖ਼ ਸਕਦੇ ਹਨ। ਇਸ ਵਿੱਚ ਕੁਝ ਵੀ ਅਸ਼ਲੀਲ ਨਹੀਂ ਹੈ ਜੋ ਚਾਰਜਸ਼ੀਟ ਵਿੱਚ ਲਿਖਿਆ ਗਿਆ ਹੈ।''
ਮੁੰਡੇ ਨੇ ਕਿਹਾ ਉਸਨੇ ਇਨ੍ਹਾਂ ਇਲਜ਼ਾਮਾ ਦੇ ਜਵਾਬ ਵਿੱਚ ਕਿਹਾ ਇਹ ਜੱਫ਼ੀ ਸਿਰਫ਼ ਵਧਾਈ ਦੇਣ ਲਈ ਸੀ ਇਸਦੇ ਪਿੱਛੇ ਹੋਰ ਕੋਈ ਮੰਤਵ ਨਹੀਂ ਸੀ।
ਕੁੜੀ ਨੇ ਇਲਜ਼ਾਮ ਲਾਇਆ ਕਿ ਕਮੇਟੀ ਦੇ ਮੈਂਬਰਾਂ ਕੋਲ ਉਨ੍ਹਾਂ ਫੋਟੋਆਂ ਦੀਆਂ ਕਾਪੀਆਂ ਹਨ ਜਿਹੜੀਆਂ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤੀਆ।
ਕੁੜੀ ਨੇ ਦੱਸਿਆ, ''ਪੈਨਲ ਦੇ ਇੱਕ ਅਧਿਕਾਰੀ ਨੇ ਮੇਰੇ ਲਈ ਗਲਤ ਸ਼ਬਦਾਂ ਦੀ ਵਰਤੋਂ ਕੀਤੀ।''

ਤਸਵੀਰ ਸਰੋਤ, Vivek Nair
ਮੁੰਡੇ ਦੇ ਪਿਤਾ ਨੇ ਕੇਰਲਾ ਦੇ ਚਾਇਲਡ ਰਾਇਟਸ ਕਮਿਸ਼ਨ ਨੂੰ ਅਪੀਲ ਕੀਤੀ, ਜਿਨ੍ਹਾਂ ਨੇ ਸਕੂਲ ਨੂੰ ਸਸਪੈਨਸ਼ਨ ਰੱਦ ਕਰਨ ਦਾ ਆਦੇਸ਼ ਦਿੱਤਾ।
ਸਕੂਲ ਨੇ ਕੇਰਲਾ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਜਿਸਦੇ ਅਧਾਰ 'ਤੇ ਮੁੰਡੇ ਨੂੰ ਸਕੂਲ ਤੋਂ ਬਾਹਰ ਕੱਢਿਆ ਗਿਆ। ਇਸ ਵਿੱਚ ਕਿਹਾ ਗਿਆ ਸੀ ਸਕੂਲ ਨੂੰ ਮਰਿਆਦਾ ਬਰਕਰਾਰ ਰੱਖਣ ਲਈ ਅਜਿਹੇ ਫੈਸਲੇ ਲੈਣ ਦਾ ਅਧਿਕਾਰ ਹੈ।
ਹੁਣ ਮੁੰਡੇ ਦੇ ਮਾਪੇ ਇੰਤਜ਼ਾਰ ਕਰ ਰਹੇ ਹਨ ਕਿ ਕ੍ਰਿਸਮਸ ਦੀਆਂ ਛੁੱਟੀਆਂ ਤੋਂ ਬਾਅਦ ਕਦੋਂ ਹਾਈਕੋਰਟ ਖੁੱਲ੍ਹੇ ਅਤੇ ਉਹ ਮੁੜ ਪਟੀਸ਼ਨ ਦਾਖ਼ਲ ਕਰ ਸਕਣ।
ਮੁੰਡੇ ਦੇ ਪਿਤਾ ਦਾ ਕਹਿਣਾ ਹੈ,''ਸਾਨੂੰ ਨਿਆਂਪਾਲਿਕਾ ਤੋਂ ਉਮੀਦ ਹੈ।
ਉਨ੍ਹਾਂ ਕਿਹਾ ਜਦੋਂ ਤੋਂ ਉਨ੍ਹਾਂ ਦੇ ਮੁੰਡੇ ਨੂੰ ਸਕੂਲ ਤੋਂ ਮੁੱਅਤਲ ਕੀਤਾ ਗਿਆ ਹੈ ਉਹ ਕੰਮ 'ਤੇ ਨਹੀਂ ਗਏ। ਉਹ ਘਰ ਹੀ ਹਨ ਅਤੇ ਇਸ ਸਮੱਸਿਆ ਦੇ ਹੱਲ ਵਿੱਚ ਜੁਟੇ ਹਨ। ਉਹ ਆਪਣੇ ਮੁੰਡੇ ਦਾ ਸਮਰਥਨ ਕਰਦੇ ਹਨ।

ਉਨ੍ਹਾਂ ਨੇ ਕਿਹਾ ਸਕੂਲੀ ਅਧਿਕਾਰੀ ਉਨ੍ਹਾਂ ਦੇ ਮੁੰਡੇ ਅਤੇ ਕੁੜੀ ਦੇ ਇੰਸਟਾਗ੍ਰਾਮ ਫੋਲੋਅਰਸ ਵਿੱਚ ਨਹੀਂ ਸਨ, ਉਨ੍ਹਾਂ ਨੇ ਪਤਾ ਨਹੀਂ ਕਿੱਥੋਂ ਫੋਟੋਆਂ ਲਈਆਂ, ਕਾਪੀਆਂ ਬਣਾਈਆਂ ਅਤੇ ਕੋਰਟ ਵਿੱਚ ਪੇਸ਼ ਕਰ ਦਿੱਤੀਆਂ।
''ਕੀ ਉਹ ਉਨ੍ਹਾਂ ਦੀ ਜਸੂਸੀ ਕਰ ਰਹੇ ਸੀ?'' ਉਨ੍ਹਾਂ ਨੇ ਕਿਹਾ ਉਹ ਪ੍ਰਾਇਵਾਸੀ ਦੇ ਮੁੱਦੇ ਨੂੰ ਕੋਰਟ ਵਿੱਚ ਚੁੱਕਣਗੇ।
ਉਹ ਅਤੇ ਉਨ੍ਹਾਂ ਦੀ ਪਤਨੀ ਆਪਣੇ ਮੁੰਡੇ ਦੇ ਪੇਪਰਾਂ ਨੂੰ ਲੈ ਕੇ ਚਿੰਤਤ ਹਨ। ਜੋ ਕਿ ਉਸਦੇ ਮੁੰਡੇ ਦੇ ਕਾਲਜ ਵਿੱਚ ਦਾਖ਼ਲਾ ਲੈਣ 'ਤੇ ਅਸਰ ਪਾ ਸਕਦਾ ਹੈ।
ਸਕੂਲ ਅਥਾਰਿਟੀ ਨੇ ਬੀਬੀਸੀ ਨੂੰ ਕਿਹਾ,'' ਉਨ੍ਹਾਂ ਨੇ ਮੁੰਡੇ ਦਾ ਤਬਾਦਲਾ ਕਿਸੇ ਹੋਰ ਸਕੂਲ ਵਿੱਚ ਕਰਨ ਦੀ ਇਜਾਜ਼ਤ ਦਿੱਤੀ ਸੀ ਪਰ ਇਹ ਕੇਂਦਰੀ ਸਿੱਖਿਆ ਬੋਰਡ 'ਤੇ ਨਿਰਭਰ ਕਰਦਾ ਹੈ ਕਿ ਉਹ ਪ੍ਰੀਖਿਆ ਦੇ ਸਕਦਾ ਹੈ ਜਾਂ ਨਹੀਂ।
ਲੋਕਾਂ ਵੱਲੋਂ ਸਕੂਲ ਦੇ ਇਸ ਸਖ਼ਤ ਰਵਈਏ ਦੀ ਅਲੋਚਨਾ ਕੀਤੀ ਜਾ ਰਹੀ ਹੈ।
ਵੀਰਵਾਰ ਨੂੰ ਮੁੰਡੇ ਨੂੰ ਇੱਕ ਝਿੱਠੀ ਮਿਲੀ ਜੋ ਉਸਨੂੰ 3 ਜਨਵਰੀ ਦੀ ਬੈਠਕ ਲਈ ਪ੍ਰਿੰਸੀਪਲ ਵੱਲੋਂ ਭੇਜੀ ਗਈ ਹੈ।
ਕੁੜੀ ਸੇਂਟ ਥਾਮਸ ਸਕੂਲ ਵਿੱਚ ਪੜ੍ਹਾਈ ਜਾਰੀ ਨਹੀਂ ਰੱਖਣਾ ਚਾਹੁੰਦੀ। ਉਹ ਉਮੀਦ ਕਰਦੀ ਹੈ ਕਿ ਉਸਨੂੰ ਇੱਥੇ ਪੇਪਰ ਦੇਣ ਦੀ ਇਜਾਜ਼ਤ ਦਿੱਤੀ ਜਾਵੇਗੀ ਤਾਂ ਜੋ ਉਸਦਾ ਪੂਰਾ ਸਾਲ ਨਾ ਖ਼ਰਾਬ ਹੋਵੇ।
ਉਸਨੇ ਕਿਹਾ,''ਮੈਂ ਚੰਗੇ ਮਾਹੌਲ ਵਾਲੇ ਕੈਂਪਸ ਵਿੱਚ ਪੜ੍ਹਾਈ ਕਰਨਾ ਚਾਹੁੰਦੀ ਹਾਂ। ਜਿੱਥੇ ਇਸ ਤਰ੍ਹਾਂ ਦਾ ਰੱਵੀਆ ਨਾ ਅਪਣਾਇਆ ਜਾਂਦਾ ਹੋਵੇ।
ਉਹ ਕਹਿੰਦੀ ਹੈ, ਉਹ ਕਿਸੇ ਹੋਰ ਸਕੂਲ ਵਿੱਚ ਦਾਖ਼ਲੇ ਲਈ ਅਰਜ਼ੀ ਵੀ ਦੇ ਚੁੱਕੀ ਹੈ ਪਰ ਇਸ ਹਾਦਸੇ ਕਾਰਨ ਉਹ ਵੀ ਰੱਦ ਹੋ ਚੁੱਕੀ ਹੈ।
ਉਸਨੇ ਕਿਹਾ ਸਕੂਲ ਵੱਲੋਂ ਮੇਰੇ ਪੜ੍ਹਾਈ ਕਰਨ ਦੇ ਅਧਿਕਾਰ ਅਤੇ ਨਿੱਜੀ ਹੱਕ ਨੂੰ ਖੋਇਆ ਹੈ।












