ਸਭ ਤੋਂ ਵੱਡੇ ਜਹਾਜ਼ ਦੀ ਸੰਸਾਰ ਭਰ 'ਚੋਂ ਪਹਿਲੀ ਨੌਜਵਾਨ ਔਰਤ ਪਾਇਲਟ

ਤਸਵੀਰ ਸਰੋਤ, Akhil Bhakshi
- ਲੇਖਕ, ਗੁਰਪ੍ਰੀਤ ਕੌਰ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੇ ਪਠਾਨਕੋਟ 'ਚ ਮੱਧ ਵਰਗੀ ਪਰਿਵਾਰ 'ਚ ਜਨਮੀਂ ਏਨੀ ਦਿਵਿਆ ਕਦੀ ਜਹਾਜ਼ 'ਚ ਨਹੀਂ ਬੈਠੀ ਸੀ ਪਰ ਹੁਣ ਦੁਨੀਆਂ ਦੇ ਸਭ ਤੋਂ ਵੱਡੇ ਜਹਾਜ਼ਾਂ 'ਚ ਸ਼ੁਮਾਰ ਬੋਇੰਗ 777 ਨੂੰ ਉਡਾਉਣ ਵਾਲੀ ਪਹਿਲੀ ਮਹਿਲਾ ਪਾਇਲਟ ਬਣ ਗਈ ਹੈ।
30 ਸਾਲਾ ਏਨੀ ਇਹ ਜਹਾਜ਼ ਉਡਾਉਣ ਵਾਲੀ ਭਾਰਤ ਦੀ ਹੀ ਨਹੀਂ ਬਲਕਿ ਦੁਨੀਆਂ ਦੀ ਸਭ ਤੋਂ ਪਹਿਲੀ ਨੌਜਵਾਨ ਮਹਿਲਾ ਕਮਾਂਡਰ ਹੈ।
ਬੋਇੰਗ 777 ਜਹਾਜ਼ ਇੰਨਾ ਵੱਡਾ ਹੁੰਦਾ ਹੈ ਕਿ ਇਸ ਵਿੱਚ ਇਕੋ ਵੇਲੇ 350 ਤੋਂ 400 ਯਾਤਰੀ ਬੈਠ ਸਕਦੇ ਹਨ।
ਆਰਥਿਕ ਚੁਣੌਤੀਆਂ
ਏਨੀ ਦੇ ਪਿਤਾ ਫ਼ੌਜ 'ਚ ਸਿਪਾਹੀ ਸਨ। ਜਦੋਂ ਉਹ 10 ਸਾਲਾਂ ਦੀ ਸੀ ਤਾਂ ਪਿਤਾ ਦਾ ਤਬਾਦਲਾ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿੱਚ ਹੋ ਗਿਆ ਸੀ।
ਪਾਇਲਟ ਬਣਨ ਦਾ ਸੁਪਨਾ ਤਾਂ ਏਨੀ ਨੇ ਬਚਪਨ ਤੋਂ ਦੇਖਿਆ ਸੀ ਪਰ ਉਨ੍ਹਾਂ ਦੇ ਸੁਪਨਿਆਂ ਦੀ ਉਡਾਉਣ ਇੰਨੀ ਅਸਾਨ ਨਹੀਂ ਸੀ।

ਤਸਵੀਰ ਸਰੋਤ, Neelutpal das
ਪਿਤਾ ਦੇ ਆਰਥਿਕ ਹਾਲਾਤ ਇੰਨੇ ਚੰਗੇ ਨਹੀਂ ਸਨ ਕਿ ਉਹ ਬੇਟੀ ਨੂੰ ਪਾਇਲਟ ਦੀ ਪੜਾਈ ਲਈ 10 ਲੱਖ ਰੁਪਏ ਦੇ ਸਕਣ।
ਪਰ ਉਨ੍ਹਾਂ ਦੇ ਪਿਤਾ ਨੇ ਕੁਝ ਪੈਸੇ ਦੋਸਤਾਂ ਤੋਂ ਉਧਾਰ ਲਏ ਅਤੇ ਬਾਕੀ ਲੋਨ ਲੈਣ ਦਾ ਫ਼ੈਸਲਾ ਕੀਤਾ।
ਏਨੀ ਕਹਿੰਦੀ ਹੈ, "ਮੇਰੇ ਮਾਪਿਆਂ ਨੇ ਮੇਰੇ ਸੁਪਨੇ 'ਤੇ ਭਰੋਸਾ ਕੀਤਾ ਅਤੇ ਮੈਂ ਅੱਜ ਜੋ ਵੀ ਹਾਂ ਉਨ੍ਹਾਂ ਕਰਕੇ ਹਾਂ।"
ਏਨੀ ਨੇ ਉੱਤਰ ਪ੍ਰਦੇਸ਼ ਦੇ ਫਲਾਇੰਗ ਸਕੂਲ ਇੰਦਰਾ ਗਾਂਧੀ ਨੈਸ਼ਨਲ ਫਲਾਇੰਗ ਅਕਾਦਮੀ 'ਚ ਦਾਖਲਾ ਲਿਆ ਪਰ ਚੁਣੌਤੀਆਂ ਇੱਥੋਂ ਤੱਕ ਹੀ ਨਹੀਂ ਸਨ।
ਅਕਾਦਮੀ 'ਚ ਅੰਗਰੇਜ਼ੀ ਸਿੱਖਣ ਦੀ ਚੁਣੌਤੀ
ਇੱਕ ਪਾਇਲਟ ਨੇ ਵੱਖ ਵੱਖ ਦੇਸਾਂ ਵਿੱਚ ਜਾਣਾ ਹੁੰਦਾ ਹੈ। ਵੱਖ ਵੱਖ ਲੋਕਾਂ ਨਾਲ ਮਿਲਣਾ ਹੁੰਦਾ ਹੈ। ਇਸ ਲਈ ਅੰਗਰੇਜ਼ੀ ਦਾ ਕਾਫੀ ਮਹੱਤਵ ਹੁੰਦਾ ਹੈ।
ਏਨੀ ਦੀ ਅੰਗਰੇਜ਼ੀ ਵਧੀਆ ਨਹੀਂ ਸੀ ਅਤੇ ਉਨ੍ਹਾਂ ਨੇ ਆਪਣੀ ਅੰਗਰੇਜ਼ੀ ਸੁਧਾਰਨ ਲਈ ਆਪਣੇ ਸਹਿਪਾਠੀਆਂ ਤੇ ਹੋਰ ਲੋਕਾਂ ਨਾਲ ਅੰਗਰੇਜ਼ੀ 'ਚ ਗੱਲ ਕਰਨ ਲੱਗੀ।
ਉਹ ਦੱਸਦੀ ਹੈ, "ਪਹਿਲਾਂ ਸਾਰੇ ਮੇਰੇ 'ਤੇ ਹੱਸਦੇ ਸਨ, ਮੇਰਾ ਮਜ਼ਾਕ ਉਡਾਉਂਦੇ ਸਨ ਪਰ ਕੁਝ ਸਮੇਂ ਬਾਅਦ ਉਹੀ ਲੋਕ ਮੇਰੀਆਂ ਗ਼ਲਤੀਆਂ ਸੁਧਾਰਨ ਲੱਗੇ।"

ਤਸਵੀਰ ਸਰੋਤ, Rocky
"ਇਸ ਦੇ ਨਾਲ ਹੀ ਮੈਂ ਅੰਗਰੇਜ਼ੀ ਖ਼ਬਰਾਂ ਅਤੇ ਫਿਲਮਾਂ ਦੇਖਣ ਲੱਗੀ ਤੇ ਗਾਣੇ ਸੁਣਨ ਲੱਗ ਪਈ ਸੀ। ਅੱਜ ਮੇਰੀ ਅੰਗਰੇਜ਼ੀ ਹਿੰਦੀ ਨਾਲੋਂ ਵਧੀਆ ਹੈ।"
17 ਸਾਲਾਂ ਦੀ ਉਮਰ 'ਚ ਬਣੀ ਪਾਇਲਟ
ਏਨੀ 17 ਸਾਲ ਦੀ ਉਮਰ 'ਚ ਪਾਇਲਟ ਬਣ ਗਈ ਸੀ। ਉਹ ਦੱਸਦੀ ਹੈ, "ਜਦੋਂ ਟ੍ਰੇਨਿੰਗ ਦੌਰਾਨ ਪਹਿਲੀ ਵਾਰ ਮੈਂ ਜਹਾਜ਼ ਉਡਾਇਆ ਤਾਂ ਮੈਨੂੰ ਲੱਗਾ ਮੇਰੇ ਸੁਪਨਾ ਪੂਰਾ ਹੋ ਗਿਆ ਹੈ।"
19 ਸਾਲਾ ਦੀ ਉਮਰ 'ਚ ਉਨ੍ਹਾਂ ਨੂੰ ਏਅਰ ਇੰਡੀਆ 'ਚ ਨੌਕਰੀ ਮਿਲੀ। ਉਸ ਵੇਲੇ ਉਨ੍ਹਾਂ ਨੇ ਬੋਇੰਗ 737 ਜਹਾਜ਼ ਉਡਾਇਆ ਅਤੇ 21 ਸਾਲ ਦੀ ਉਮਰ 'ਚ ਉਹ ਬੋਇੰਗ 777 ਉਡਾਉਣ ਲੱਗ ਗਈ ਸੀ।
ਹੁਣ ਉਹ ਇਹ ਜਹਾਜ਼ ਉਡਾਉਣ ਵਾਲੀ ਪਹਿਲੀ ਨੌਜਵਾਨ ਮਹਿਲਾ ਪਾਇਲਟ ਬਣ ਗਈ ਹੈ।
ਆਪਣੀ ਮੰਜ਼ਿਲ 'ਤੇ ਪਹੁੰਚਣ ਤੋਂ ਬਾਅਦ ਏਨੀ ਆਪਣੇ ਭੈਣ ਭਰਾਵਾਂ ਦੇ ਸੁਪਨੇ ਪੂਰੇ ਕਰਨ 'ਚ ਮਦਦ ਕਰਨ ਲੱਗੀ।
ਏਨੀ ਦੀ ਭੈਣ ਅਮਰੀਕਾ ਵਿੱਚ ਦੰਦਾਂ ਦੀ ਡਾਕਟਰ ਹੈ ਅਤੇ ਭਰਾ ਆਸਟ੍ਰੇਲੀਆ 'ਚ ਪੜ੍ਹਾਈ ਕਰ ਰਿਹਾ ਹੈ।
ਏਨੀ ਮੁਤਾਬਕ ਉਨ੍ਹਾਂ ਦੀ ਸਭ ਤੋਂ ਲੰਬੀ ਫਲਾਇਟ 18 ਘੰਟੇ ਦੀ ਸੀ, ਜੋ ਦਿੱਲੀ ਤੋਂ ਸੇਨ ਫ੍ਰਾਂਸਿਸਕੋ ਤੱਕ ਦੀ ਸੀ।
ਕਿੰਨੀ ਬਦਲੀ ਜ਼ਿੰਦਗੀ
ਏਨੀ ਕਹਿੰਦੀ ਹੈ ਕਿ ਉਸ ਦੇ ਸੰਘਰਸ਼ ਨੇ ਜ਼ਿੰਦਗੀ ਬਦਲ ਦਿੱਤੀ ਹੈ।

ਤਸਵੀਰ ਸਰੋਤ, Akhil Bhakshi
ਉਹ ਕਹਿੰਦੀ ਹੈ, "ਅੱਜ ਵਿਜੇਵਾੜਾ ਦੇ ਕਈ ਕਾਲਜਾਂ 'ਚ ਕੁੜੀਆਂ ਨੂੰ ਪੈਂਟ-ਸ਼ਰਟ ਪਾਉਣ ਦੀ ਇਜਾਜ਼ਤ ਨਹੀਂ ਹੈ ਪਰ ਦੁਨੀਆਂ ਘੁੰਮਣ ਤੋਂ ਬਾਅਦ ਮੇਰਾ ਲਾਈਫ ਸਟਾਇਲ ਬਦਲ ਗਿਆ ਹੈ।
ਮੇਰੀ ਸਮਝ ਵੱਧ ਗਈ ਹੈ। ਹੁਣ ਮੈਂ ਨਿਊਯਾਰਕ ਤੇ ਕਦੀ ਫੈਸ਼ਨ ਕੈਪੀਟਲ ਪੈਰਿਸ ਵਿੱਚ ਹੁੰਦੀ ਹਾਂ। ਜਿੱਥੇ ਮੈਂ ਕਈ ਲੋਕਾਂ ਨਾਲ ਮਿਲਦੀ ਹਾਂ, ਕਈ ਚੀਜ਼ਾਂ ਦੇਖਦੀ ਹਾਂ।"
ਏਨੀ ਕਹਿੰਦੀ ਹੈ ਕਿ ਉਨ੍ਹਾਂ ਨੂੰ ਫਿੱਟ ਰਹਿਣਾ ਚੰਗਾ ਲੱਗਦਾ ਹੈ। ਸੋਹਣਾ ਦਿਖਣਾ ਵਧੀਆ ਲੱਗਦਾ ਹੈ।
ਉਹ ਰੋਜ਼ਾਨਾ ਕਸਰਤ ਕਰਦੀ ਹੈ, ਸਿਹਤ ਦਾ ਖਿਆਲ ਰੱਖਦੀ ਹੈ।
ਉਹ ਕਹਿੰਦੀ ਹੈ, "ਮੇਰਾ ਕੰਮ ਕਈ ਵਾਰ ਤਣਾਅਪੂਰਨ ਹੁੰਦਾ ਹੈ ਪਰ ਮੈਨੂੰ ਉਸ ਤਣਾਅ ਤੋਂ ਵੀ ਰਿਕਵਰ ਕਰਨਾ ਪੈਂਦਾ ਹੈ।"
ਏਨੀ ਵੀ ਆਮ ਨੌਜਵਾਨਾਂ ਵਾਂਗ ਜ਼ਿੰਦਗੀ ਦਾ ਆਨੰਦ ਲੈਂਦੀ ਹੈ। ਉਹ ਖਾਲੀ ਸਮੇਂ 'ਚ ਗਾਣੇ ਸੁਣਦੀ ਹੈ।
ਉਸ ਨੂੰ ਯੋਗਾ ਕਰਨਾ, ਡਾਂਸ ਕਰਨਾ ਅਤੇ ਦੋਸਤਾਂ ਨਾਲ ਮਿਲਣਾ ਪਸੰਦ ਹੈ।
ਦੂਜਿਆਂ ਨੂੰ ਟ੍ਰੇਨਿਗ ਦੇਣਾ ਚਾਹੁੰਦੀ ਹੈ ਏਨੀ
ਏਨੀ ਦੱਸਦੀ ਹੈ ਕਿ ਉਹ ਭਵਿੱਖ 'ਚ ਦੂਜਿਆਂ ਨੂੰ ਪਾਇਲਟ ਬਣਨ ਦੀ ਟ੍ਰੇਨਿੰਗ ਦੇਣਾ ਚਾਹੁੰਦੀ ਹੈ।
ਇਸ ਦੇ ਨਾਲ ਹੀ ਉਹ ਉਨ੍ਹਾਂ ਨੌਜਵਾਨਾਂ ਨੂੰ ਗਾਇਡ ਕਰਨਾ ਚਾਹੁੰਦੀ ਹੈ, ਜੋ ਪੂਰੀ ਜਾਣਕਾਰੀ ਨਾ ਹੋਣ ਕਾਰਨ ਆਪਣੇ ਸੁਪਨੇ ਪੂਰੇ ਨਹੀਂ ਕਰ ਪਾਉਂਦੇ।

ਤਸਵੀਰ ਸਰੋਤ, Rocky
ਉਹ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੀ ਹੈ ਕਿ ਬਹੁਤ ਘੱਟ ਫਲਾਇੰਗ ਸੰਸਥਾਨਾਂ 'ਚ ਵਿਦਿਆਰਥੀਆਂ ਨੂੰ ਵਜੀਫ਼ਾ ਮਿਲਦਾ ਹੈ ਅਤੇ ਲੋਨ ਦੀ ਵਿਆਜ਼ ਦਰ ਵੀ ਕਾਫੀ ਜ਼ਿਆਦਾ ਹੁੰਦਾ ਹੈ।
ਉਨ੍ਹਾਂ ਮੁਤਾਬਕ ਸਰਕਾਰ ਨੂੰ ਪੜ੍ਹਾਈ ਲਈ ਲੋਨ ਦੀ ਵਿਆਜ਼ ਦਰ ਘੱਟ ਕਰਨੀ ਚਾਹੀਦੀ ਹੈ।
ਜੇਕਰ ਤੁਸੀਂ ਵੀ ਬਣਨਾ ਚਾਹੁੰਦੇ ਹੋ ਪਾਇਲਟ
- ਕਈ ਨੌਜਵਾਨ ਪਾਇਲਟ ਬਣਨ ਦਾ ਸੁਪਨਾ ਦੇਖਦੇ ਹਨ ਪਰ ਸਹੀ ਜਾਣਕਾਰੀ ਅਤੇ ਜਾਣਕਾਰੀ ਦੀ ਘਾਟ ਕਰਕੇ ਸੁਪਨੇ ਪੂਰੇ ਨਹੀਂ ਕਰ ਪਾਉਂਦੇ।
- ਇਸ ਲਈ ਏਨੀ ਦਿਵਿਆ ਕੁਝ ਟਿਪਸ ਦੇ ਰਹੀ ਹੈ-
- ਸਕੂਲ 'ਚ 11ਵੀਂ-12ਵੀਂ 'ਚ ਗਣਿਤ ਦੇ ਵਿਸ਼ੇ ਰੱਖਣ
- ਪਾਇਲਟ ਦੇ ਕੋਰਸ 'ਚ ਦਾਖ਼ਲੇ ਲਈ ਘੱਟੋ ਘੱਟ 50 ਫੀਸਦ ਨੰਬਰ ਹੋਣੇ ਚਾਹੀਦੇ ਹਨ।
- ਇਸ ਪੇਸ਼ੇ ਲਈ ਮੈਡੀਕਲ ਫਿਟਨਸ ਬਹੁਤ ਜਰੂਰੀ ਹੈ। ਨੌਕਰੀ ਇੰਟਰਵਿਊ ਵੇਲੇ ਕਈ ਟੈਸਟ ਹੁੰਦੇ ਹਨ। ਨੌਕਰੀ ਮਿਲਣ ਤੋਂ ਬਾਅਦ ਹਰ ਸਾਲ ਟੈਸਟ 'ਚੋਂ ਨਿਕਲਣਾ ਪੈਂਦਾ ਹੈ। ਇਸ ਲਈ ਸ਼ੁਰੂ ਤੋਂ ਹੀ ਸਿਹਤ ਦਾ ਖ਼ਿਆਲ ਰੱਖੋ।
- ਆਰਥਿਕ ਤੰਗੀ ਹੈ ਤਾਂ ਲੋਨ ਲੈ ਸਕਦੇ ਹੋ।
- ਆਪਣੀ ਅੰਗਰੇਜ਼ੀ 'ਤੇ ਲਗਾਤਾਰ ਕੰਮ ਕਰਦੇ ਰਹੋ, ਇਹ ਬਹੁਤ ਜਰੂਰੀ ਹੈ।












