ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਏਸ਼ੀਆ ਫੇਰੀ ਤੋਂ ਕੀ ਉਮੀਦ?

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ 5 ਤੋਂ 14 ਨਵੰਬਰ ਤੱਕ ਪੂਰਬੀ ਏਸ਼ੀਆ ਦਾ ਦੌਰਾ ਕਰਨਗੇ। ਆਪਣੇ ਦੌਰੇ ਦੀ ਸ਼ੁਰੂਆਤ ਉਨ੍ਹਾਂ ਜਪਾਨ ਤੋਂ ਕੀਤੀ।

ਆਪਣੀ 12 ਦਿਨਾਂ ਫ਼ੇਰੀ ਦੌਰਾਨ ਉਹ ਚੀਨ, ਦੱਖਣੀ ਕੋਰੀਆ, ਵਿਅਤਨਾਮ ਅਤੇ ਫਿਲੀਪੀਨਜ਼ ਜਾਣਗੇ।

ਉੱਤਰੀ ਕੋਰੀਆ ਦੇ ਮਿਜ਼ਾਈਲ ਅਤੇ ਪਰਮਾਣੂ ਪ੍ਰੋਗਰਾਮਾਂ ਦੇ ਕਾਰਨ ਖਿੱਤੇ ਵਿੱਚ ਵਧ ਰਹੇ ਤਣਾਅ ਦੇ ਦਰਮਿਆਨ ਇਸ ਦੌਰੇ ਨੂੰ ਅਹਿਮ ਮੰਨਿਆ ਜਾ ਰਿਹਾ ਹੈ।

ਉੱਤਰੀ ਕੋਰੀਆ ਨੇ ਰਾਸ਼ਟਰਪਤੀ ਦੇ ਪਹਿਲੇ ਸਾਲ ਅੰਦਰ ਹੀ ਅਮਰੀਕਾ ਦਾ ਕਾਫੀ ਧਿਆਨ ਖਿੱਚਿਆ ਅਤੇ ਪ੍ਰਮੁੱਖ ਖੇਤਰੀ ਮੁੱਦਾ ਬਣਿਆ ਹੋਇਆ ਹੈ।

ਉਮੀਦ ਹੈ ਕਿ ਰਾਸ਼ਟਰਪਤੀ ਦੀਆਂ ਹੋਰ ਆਗੂਆਂ ਨਾਲ ਬੈਠਕਾਂ ਵਿੱਚ ਉੱਤਰੀ ਕੋਰੀਆ ਦਾ ਮਸਲਾ ਛਾਇਆ ਰਹੇਗਾ।

ਏਸ਼ੀਆਈ ਮੁਲਕ ਦੀ ਅਮਰੀਕਾ ਦੀ ਵਪਾਰਕ ਨੀਤੀ ਵੱਲ ਵੀ ਵੇਖਣਗੇ ਕਿਉਂਕਿ ਆਪਣੇ ਕਾਰਜਕਾਲ ਦੇ ਪਹਿਲੇ ਮਹੀਨੇ ਵਿੱਚ ਹੀ ਟਰੰਪ ਨੇ 12 ਮੁਲਕਾਂ ਦੇ ਟਰਾਂਸ-ਪੈਸਫਿਕ ਸਮਝੌਤੇ ਤੋਂ ਅਮਰੀਕਾ ਨੂੰ ਵੱਖ ਕਰ ਲਿਆ ਸੀ। ਇਹ ਸਮਝੌਤਾ ਬਰਾਕ ਓਬਾਮਾ ਨੇ ਨੇਪਰੇ ਚਾੜ੍ਹਿਆ ਸੀ।

ਜਪਾਨ ਅਤੇ ਦੱਖਣੀ ਕੋਰੀਆ

ਇਸੇ ਦੌਰਾਨ ਉਹ ਜਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਗੋਲਫ ਦੀ ਖੇਡ ਦਾ ਲੁਤਫ ਵੀ ਉਠਾਉਣਗੇ। ਕਿਹਾ ਜਾਂਦਾ ਹੈ ਕਿ ਦੋਵਾਂ ਦੇ ਰਿਸ਼ਤੇ ਕਾਫੀ ਨਿੱਘੇ ਹਨ। ਇਸ ਮਗਰੋਂ ਜਪਾਨ-ਅਮਰੀਕਾ ਸ਼ਿਖਰ ਵਾਰਤਾ ਵੀ ਹੋਵੇਗੀ।

6 ਨਵੰਬਰ ਨੂੰ ਉਹ ਜਪਾਨੀ ਸਮਰਾਟ ਅਖੀਟੋ ਨੂੰ ਵੀ ਪਹਿਲੀ ਵਾਰ ਮਿਲਣਗੇ। ਸਮਰਾਟ ਨਾਲ ਮੁਲਾਕਾਤ ਤੋਂ ਬਾਅਦ ਉਹ ਉੱਤਰੀ ਕੋਰੀਆ ਵੱਲੋਂ ਅਗਵਾਹ ਕੀਤੇ ਲੋਕਾਂ ਦੇ ਪਰਿਵਰਾਕ ਮੈਂਬਰਾਂ ਨੂੰ ਵੀ ਮਿਲਣਗੇ।

ਉੱਤਰੀ ਕੋਰੀਆ ਦੇ ਡਰਾਵਿਆਂ ਦੇ ਚਲਦਿਆਂ ਜਪਾਨ ਦੀ ਨਜ਼ਰ ਅਮਰੀਕਾ ਦੀਆਂ ਵਪਾਰਕ ਯੋਜਨਾਵਾਂ 'ਤੇ ਵੀ ਟਿਕੀ ਰਹੇਗੀ।

ਟਰੰਪ ਦੇ ਟਰਾਂਸ-ਪੈਸਫਿਕ ਸਮਝੋਤੇ ਤੋਂ ਪਿੱਛੇ ਹਟਣ ਦਾ ਸਿੱਧਾ ਅਸਰ ਜਪਾਨੀ ਪ੍ਰਧਾਨ ਮੰਤਰੀ ਦੀ ਆਰਥਿਕ ਨੀਤੀ 'ਤੇ ਪਿਆ ਹੈ।

ਜ਼ਿਕਰਯੋਗ ਹੈ ਕਿ ਆਬ 'ਆਬੇਨੋਮਿਕਸ' ਰਾਹੀਂ ਜਪਾਨੀ ਅਰਥਾਚਾਰਾ ਸੁਧਾਰਣ ਦੇ ਯਤਨ ਵਿੱਚ ਹਨ। ਉਨ੍ਹਾਂ ਦੀ ਨੀਤੀ ਵਿੱਚ ਇਸ ਸਮਝੋਤੇ ਦੀ ਖਾਸ ਥਾਂ ਸੀ।

ਆਬੇ ਨੇ ਇਹ ਵੀ ਕਿਹਾ ਸੀ ਕਿ ਅਮਰੀਕਾ ਬਿਨਾਂ ਸਮਝੌਤਾ ਬੇਅਰਥ ਹੋਵੇਗਾ। ਜਦਕਿ ਟਰੰਪ ਦਾ ਕਹਿਣਾ ਹੈ ਕਿ ਅਜਿਹੇ ਸਮਝੋਤੇ ਅਮਰੀਕੀਆਂ ਦੀਆਂ ਨੋਕਰੀਆਂ ਖੁੱਸਣ ਦੀ ਵਜ੍ਹਾਂ ਹਨ ਅਤੇ ਉਸਨੂੰ ਵੱਡੇ ਵਪਾਰਕ ਘਾਟੇ ਦੇ ਰਹੇ ਹਨ।

ਦੱਖਣੀ ਕੋਰੀਆ, ਅਮਰੀਕਾ ਦਾ ਉੱਤਰੀ ਕੋਰੀਆ ਪ੍ਰਤੀ ਨੀਤੀ ਵਿੱਚ ਅਹਿਮ ਭਾਲੀਵਾਲ ਹੈ। ਟਰੰਪ ਦੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਪ੍ਰਤੀ ਭੜਕੀਲੇ ਬਿਆਨ ਮੂਨ ਲਈ ਚਿੰਤਾ ਦਾ ਸਬੱਬ ਹਨ।

ਮੂਨ ਇੱਕ ਫਰਾਖ ਦਿਲ(ਲਿਬਰਲ) ਆਗੂ ਵਜੋਂ ਜਾਣੇ ਜਾਂਦੇ ਹਨ ਜੋ ਕਿ ਕੂਟਨੀਤੀ ਅਤੇ ਗੱਲਬਾਤ ਨੂੰ ਦੇਸ ਉੱਪਰ ਦਬਾਅ ਦੇ ਨਾਲ ਮਿਲਾ ਕੇ ਵਰਤਣ ਦੇ ਹਮਾਇਤੀ ਹਨ ਜਦਕਿ ਟਰੰਪ ਨੇ ਹਾਲ ਹੀ ਵਿੱਚ ਆਪਣੇ ਸੈਕਟਰਕੀ ਆਫ ਸਟੇਟ ਨੂੰ ਸਲਾਹ ਦਿੱਤੀ ਸੀ ਕਿ ਉਹ ਉੱਤਰੀ ਕੋਰੀਆ ਬਾਰੇ ਗੱਲਬਾਤ ਕਰਨ ਦੀਆਂ ਗੱਲਾਂ ਨੂੰ ਲੈ ਕੇ ਊਰਜਾ ਖ਼ਰਾਬ ਨਾ ਕਰਨ।

ਚੀਨ ਦੀ ਭੂਮਿਕਾ

ਇੱਕ ਸਰਕਾਰੀ ਭੋਜ ਅਤੇ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਾਲ ਸਮਾਰੋਹਾਂ ਅਤੇ ਬੈਠਕਾਂ ਲਈ ਉਹ ਚੀਨ ਪਹੁੰਚਣਗੇ। ਦੁਨੀਆਂ ਦੇ ਦੋ ਸਭ ਤੋਂ ਵੱਡੇ ਅਰਥਚਾਰਿਆਂ ਦੇ ਆਗੂਆਂ ਦੀ 8 ਨਵੰਬਰ ਨੂੰ ਹੋਣ ਵਾਲੀ ਬੈਠਕ ਦੇ ਉੱਪਰ ਵੀ ਨਜ਼ਰਾਂ ਟਿਕੀਆਂ ਰਹਿਣਗੀਆਂ।

ਇਸ ਬੈਠਕ ਵਿੱਚੋਂ ਕੀ ਨਿਕਲਦਾ ਹੈ ਇਸ ਮਗਰੋਂ ਅਮਰੀਕਾ ਦੀ ਚੀਨ ਪ੍ਰਤੀ ਨੀਤੀ ਕਿਵੇਂ ਪ੍ਰਭਾਵਿਤ ਹੋ ਸਕਦੀ ਹੈ। ਕਈ ਮਸਲੇ ਵਿਚਾਰੇ ਜਾਣਗੇ ਪਰ ਕੋਈ ਬੁਨਿਆਦੀ ਤਬਦੀਲੀ ਹੋਣ ਦੀ ਉਮੀਦ ਨਹੀਂ ਹੈ।

ਅਮਰੀਕਾ ਵਿੱਚ ਚੀਨੀ ਸਫੀ਼ਰ ਕੁਈ ਟਿੰਕੇ ਨੇ ਕਿਹਾ ਹੈ ਕਿ ਦੋਹੇਂ ਦੇਸ ਆਰਥਿਕ ਅਤੇ ਵਪਾਰਕ ਮੁੱਦਿਆਂ 'ਤੇ ਸਾਰਥਕ ਨਤੀਜੇ ਹਾਸਲ ਕਰਨਗੇ। ਇਸੇ ਦੌਰਾਨ ਉਹ ਇਹ ਚੇਤਾਉਣਾ ਵੀ ਨਹੀਂ ਭੁੱਲੇ ਕਿ ਵਪਾਰਕ ਝਗੜਿਆਂ ਨੂੰ "ਉਸਾਰੂ ਅਤੇ ਵਿਹਾਰਕ ਢੰਗ" ਨਾਲ ਨਿਪਟਾਉਣਾ ਚਾਹੀਦਾ ਹੈ।

ਅਮਰੀਕਾ ਦੇ ਕੁੱਲ ਵਪਾਰਕ ਘਾਟੇ ਦਾ 'ਅੱਧਾ' ਚੀਨ ਕਰਕੇ ਹੁੰਦਾ ਹੈ। ਟਰੰਪ ਨੇ ਇਸ ਮਾਮਲੇ ਵਿੱਚ ਚੀਨੀ ਵਪਾਰਕ ਗਤੀਵਿਧੀਆਂ ਜਿਨ੍ਹਾਂ ਕਰਕੇ ਅਮਰੀਕੀ ਵਪਾਰ ਦੇ ਬੌਧਿਕ ਹੱਕਾਂ ਦੀ ਚੋਰੀ ਵੀ ਵੱਧੀ ਹੈ, ਲਈ ਡੁੰਘੀ ਜਾਂਚ ਦੇ ਹੁਕਮ ਦਿੱਤੇ ਸਨ।

ਹਾਲਾਂਕਿ ਬੀਜਿੰਗ ਨੇ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ ਹੈ। ਚੀਨੀ ਸਫ਼ੀਰ ਨੇ ਇਹ ਵੀ ਉਮੀਦ ਜਤਾਈ ਕਿ ਦੋਹੇਂ ਦੇਸ ਉੱਤਰੀ ਕੋਰੀਆ ਦੇ ਸੰਕਟ ਨਾਲ ਸਾਂਝੇ ਰੂਪ ਵਿੱਚ ਨਜਿੱਠਣ ਦੇ ਲਈ ਵੀ ਕੋਈ ਸਪਸ਼ਟ ਹਦਾਇਤਾਂ ਦੇ ਸਕਦੇ ਹਨ।

ਟਰੰਪ ਸ਼ੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨਗੇ ਕੀ ਸਮਾਂ ਬਦਲ ਗਿਆ ਹੈ ਅਤੇ ਅਮਰੀਕਾ ਅਸਾਵੇਂ ਵਪਾਰ ਅਤੇ ਉੱਤਰੀ ਕੋਰੀਆ ਨੂੰ ਲੈ ਕੇ ਕੋਈ ਵੀ ਅਸੰਤੋਖਜਨਕ ਸਹਿਯੋਗ ਬਰਦਾਸ਼ਤ ਨਹੀਂ ਕਰੇਗਾ।

ਜ਼ਿੰਗ ਸ਼ਕਤੀ ਦਾ ਵਿਖਾਵਾ ਵੀ ਕਰਨਗੇ ਕਿ ਉਨ੍ਹਾਂ ਦੇ ਅਧੀਨ ਚੀਨ ਘਰੇਲੂ ਅਤੇ ਕੌਮਾਂਤਰੀ ਪੱਧਰ ਤੇ ਕਿੰਨਾ ਕਾਮਯਾਬ ਹੋਇਆ ਹੈ।

ਆਖਰ ਟਰੰਪ ਦੀ ਪੰਜ ਦੇਸਾਂ ਦੀ ਇਸ ਫ਼ੇਰੀ ਦਾ ਕੇਂਦਰੀ ਬਿੰਦੂ 10 ਨਵੰਬਰ ਨੂੰ ਏ.ਪੀ.ਈ.ਸੀ ਦੀ ਬੈਠਕ ਦੌਰਾਨ ਖ਼ਾਸ ਭਾਸ਼ਣ ਹੋਵੇਗਾ।

ਇਸ ਭਾਸ਼ਣ ਦੌਰਾਨ ਉਹ 'ਸੁਤੰਤਰ ਅਤੇ ਖੁੱਲ੍ਹੇ ਭਾਰਤ-ਪੈਸਿਫਿਕ' ਬਾਰੇ ਆਪਣਾ ਨਜ਼ਰੀਆ ਵੀ ਰੱਖ ਸਕਦੇ ਹਨ।

ਇਸਦਾ ਮੰਤਵ ਭਾਰਤ ਨੂੰ ਪੂਰਬੀ ਏਸ਼ੀਆ ਵਿੱਚ ਅੰਦਰ ਤੱਕ ਲਿਆਉਣਾ ਅਤੇ ਪੈਸੀਫਿਕ ਨੂੰ ਚੀਨ ਖ਼ਿਲਾਫ਼ ਇੱਕ ਸਮਤੋਲ ਬਰਕਰਾਰ ਰੱਖਣ ਵਾਲੀ ਸ਼ਕਤੀ ਵਜੋਂ ਕਾਇਮ ਕਰਨਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)