ਉੱਤਰੀ ਕੋਰੀਆ ਤੇ ਡੋਨਾਲਡ ਟ੍ਰੰਪ ਵਿਚਾਲੇ ਜ਼ੁਬਾਨੀ ਜੰਗ ਤੇਜ਼

ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਰੀ ਯੋਂਗ-ਹੋ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟ੍ਰੰਪ 'ਤੇ ਆਪਣੇ ਦੇਸ਼ ਦੇ ਖ਼ਿਲਾਫ ਜੰਗ ਛੇੜਣ ਦੇ ਇਲਜ਼ਾਮ ਲਗਾਏ ਹਨ।

ਯੋਂਗ-ਹੋ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਅਮਰੀਕੀ ਬੌਂਬਰਸ ਨੂੰ ਮਾਰਨ ਦਾ ਹੱਕ ਹੈ ਅਤੇ ਇਹ ਕਾਰਵਾਈ ਉਸ ਵੇਲੇ ਹੋ ਸਕਦੀ ਹੈ ਜਦੋਂ ਜਦੋਂ ਉਹ ਉੱਤਰੀ ਕੋਰੀਆ ਦੇ ਹਵਾਈ ਖੇਤਰ 'ਚ ਨਾ ਵੀ ਹੋਣ।

ਦੁਨੀਆਂ ਨੂੰ 'ਇਹ ਸਾਫ ਤੌਰ 'ਤੇ ਯਾਦ ਰੱਖਣਾ ਚਾਹੀਦਾ ਹੈ' ਕਿ ਜੰਗ ਦਾ ਐਲਾਨ ਅਮਰੀਕਾ ਨੇ ਪਹਿਲਾਂ ਕੀਤਾ ਹੈ।

ਵਾਈਟ ਹਾਊਸ ਨੇ ਉੱਤਰੀ ਕੋਰੀਆ ਦੇ ਇਸ ਬਿਆਨ ਨੂੰ 'ਬੇਤੁਕਾ' ਦੱਸਦੇ ਹੋਏ ਖਾਰਜ ਕਰ ਦਿੱਤਾ ਹੈ।

ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਨੇ ਉੱਤਰੀ ਕੋਰੀਆ ਨੂੰ ਉਕਸਾਉਣ ਵਾਲੀ ਕਾਰਵਾਈ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ।

ਅਮਰੀਕੀ ਰਾਸ਼ਟਰਪਤੀ ਦਾ ਟਵੀਟ

ਸੰਯੁਕਤ ਰਾਸ਼ਟਰ ਦੇ ਬੁਲਾਰੇ ਨੇ ਕਿਹਾ ਹੈ ਕਿ ਦੋਹਾਂ ਮੁਲਕਾਂ ਵਿਚਾਲੇ ਚੱਲ ਰਹੀ ਤਿੱਖੀ ਸ਼ਬਦੀ ਜੰਗ ਨਾਲ ਨੁਕਸਾਨਦੇਹ ਗ਼ਲਤਫ਼ਹਿਮੀਆਂ ਪੈਦਾ ਹੋ ਸਕਦੀਆਂ ਹਨ।

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਟ੍ਰੰਪ ਨੇ ਟਵੀਟ ਕਰਦਿਆਂ ਕਿਹਾ ਸੀ ਕਿ, "ਲਿਟਲ ਰੌਕੇਟਮੈਨ ਜ਼ਿਆਦਾ ਦਿਨਾਂ ਤੱਕ ਨਹੀਂ ਰਹਿਣਗੇ।"

ਟ੍ਰੰਪ ਨੇ ਲਿਖਿਆ, "ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਦੇ ਸੰਯੁਕਤ ਰਾਸ਼ਟਰ 'ਚ ਦਿੱਤੇ ਗਏ ਭਾਸ਼ਣ ਨੂੰ ਸੁਣਿਆ। ਜੇਕਰ ਉਹ ਲਿਟਲ ਰੌਕੇਟਮੈਨ ਦੇ ਵਿਚਾਰਾਂ ਦਾ ਰਾਗ ਅਲਾਪਣਗੇ ਤਾਂ ਉਹ ਜ਼ਿਆਦਾ ਦਿਨਾਂ ਤੱਕ ਬੱਚ ਨਹੀਂ ਸਕਣਗੇ।"

ਉੱਤਰੀ ਕੋਰੀਆ ਦਾ ਜਵਾਬ

ਟ੍ਰੰਪ ਦੇ ਟਵੀਟ ਦਾ ਜਵਾਬ ਦਿੰਦਿਆਂ ਉੱਤਰੀ ਕੋਰੀਆ ਦੇ ਮੰਤਰੀ ਨੇ ਕਿਹਾ, "ਬਹੁਤ ਜਲਦ ਉਨ੍ਹਾਂ ਦਾ ਦੇਸ ਇਸਦਾ ਜਵਾਬ ਦੇ ਦੇਵੇਗਾ ਕਿ ਕੌਣ ਜ਼ਿਆਦਾ ਦਿਨਾਂ ਤੱਕ ਨਹੀਂ ਬਚੇਗਾ।"

ਉੱਤਰੀ ਕੋਰੀਆ ਦੇ ਮੰਤਰੀ ਦੇ ਬਿਆਨ ਤੋਂ ਬਾਅਦ ਪੈਂਟਾਗਨ ਦੇ ਬੁਲਾਰੇ ਕਰਨਲ ਰੌਬਰਟ ਮੈਨਿੰਗ ਨੇ ਕਿਹਾ, "ਜੇਕਰ ਉੱਤਰੀ ਕੋਰੀਆ ਆਪਣੀ ਹਮਲਾਵਰ ਗਤੀਵਿਧੀਆਂ ਨੂੰ ਨਹੀਂ ਰੋਕਦਾ ਤਾਂ ਤੁਸੀਂ ਜਾਣਦੇ ਹੋ ਅਸੀਂ ਯਕੀਨੀ ਬਣਾਂਵਾਗੇ ਕਿ ਰਾਸ਼ਟਰਪਤੀ ਕੋਲ ਉੱਤਰੀ ਕੋਰੀਆ ਨਾਲ ਨਜਿੱਠਣ ਲਈ ਸਾਰੇ ਬਦਲ ਮੌਜੂਦ ਹਨ।"

'ਸਿੱਧੇ ਸੰਘਰਸ਼ ਦਾ ਖਦਸ਼ਾ ਨਹੀਂ'

ਪਿਛਲੇ ਕੁਝ ਸਮੇਂ ਤੋਂ ਅਮਰੀਕਾ ਅਤੇ ਉੱਤਰੀ ਕੋਰੀਆ ਇੱਕ ਦੂਜੇ 'ਤੇ ਸ਼ਬਦੀ ਹਮਲੇ ਕਰ ਰਹੇ ਹਨ।

ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਤਿੱਖੀ ਹੁੰਦੀ ਜ਼ੁਬਾਨੀ ਜੰਗ ਦੇ ਬਾਵਜੂਦ ਵੀ ਦੋਵਾਂ ਦੇਸਾਂ ਵਿਚਾਲੇ ਆਹਮੋ-ਸਾਹਮਣੇ ਹੋਣ ਵਾਲੇ ਸੰਘਰਸ਼ ਦੀ ਸੰਭਾਵਨਾ ਬਹੁਤ ਘੱਟ ਹੈ।

ਭਾਰੀ ਕੌਮਾਂਤਰੀ ਦਬਾਅ ਅਤੇ ਸਾਰੀਆਂ ਪਾਬੰਦੀਆਂ ਦੇ ਬਾਵਜੂਦ ਉੱਤਰੀ ਕੋਰੀਆ ਨੇ ਪਿਛਲੇ ਹਫ਼ਤੇ ਬੈਲਿਸਟਿਕ ਮਿਜ਼ਾਈਲਾਂ ਦਾ ਪ੍ਰੀਖਣ ਜਾਰੀ ਰੱਖਿਆ ਸੀ।

ਉੱਤਰੀ ਕੋਰੀਆ ਦੇ ਲੀਡਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਮਾਣੂ ਹਥਿਆਰ ਕੇਵਲ ਸੁਰੱਖਿਆ ਲਈ ਹਨ ਅਤੇ ਉਨ੍ਹਾਂ ਤਾਕਤਾਂ ਦੇ ਵਿਰੁੱਧ ਹਨ ਜੋ ਉਸ ਨੂੰ ਤਬਾਹ ਕਰਨ ਦੀ ਨੀਤ ਰੱਖਦੀਆਂ ਹਨ।

ਸਤੰਬਰ ਮਹੀਨੇ ਦੀ ਸ਼ੁਰੂਆਤ ਵਿੱਚ ਪਰਮਾਣੂ ਪ੍ਰੀਖਣ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਉੱਤਰੀ ਕੋਰੀਆ ਖਿਲਾਫ਼ ਨਵੀਆਂ ਪਬੰਦੀਆਂ ਦਾ ਐਲਾਨ ਕੀਤਾ ਸੀ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)