SPECIAL REPORT: ਸ਼ੇਖਾਂ ਦੀਆਂ 'ਛੁੱਟੀਆਂ ਵਾਲੀਆਂ ਤੀਵੀਆਂ'

- ਲੇਖਕ, ਦਿਵਿਆ ਆਰਿਆ ਤੇ ਦੀਪਤੀ ਬੱਤਿਨੀ
- ਰੋਲ, ਬੀਬੀਸੀ ਪੱਤਰਕਾਰ
ਹੈਦਰਾਬਾਦ 'ਚ ਅਰਬ ਦੇ ਸ਼ੇਖ਼ ਅੱਲੜ੍ਹ ਕੁੜੀਆਂ ਦਾ ਸੋਸ਼ਣ ਕਰਦੇ ਹਨ। ਗਰੀਬ ਘਰਾਂ ਦੀਆਂ ਕੁੜੀਆਂ ਦੇ ਮੁਸਲਿਮ ਪਰਿਵਾਰਾਂ ਨੂੰ ਪੈਸੇ ਦੇ ਕੇ ਉਨ੍ਹਾਂ ਨਾਲ ਵਿਆਹ ਕਰਵਾਉਂਦੇ ਹਨ ਅਤੇ ਕੁਝ ਦਿਨ ਸ਼ੋਸ਼ਣ ਕਰਨ ਤੋਂ ਬਾਅਦ ਛੱਡ ਜਾਂਦੇ ਹਨ।
ਇਸ ਹੌਲਨਾਕ ਵਰਤਾਰੇ ਬਾਰੇ ਬੀਬੀਸੀ ਤੇਲੁਗੂ ਦੀ ਪੱਤਰਕਾਰ ਦੀਪਤੀ ਬੱਤਿਨੀ ਨੇ ਤੱਥ ਇਕੱਠੇ ਕੀਤੇ ਅਤੇ ਪੀੜਤਾਂ ਨਾਲ ਮੁਲਾਕਾਤ ਕੀਤੀ।
ਫਰਹੀਨ ਵਿਗਿਆਨ ਦੀ ਪੜ੍ਹਾਈ ਕਰਨਾ ਚਾਹੁੰਦੀ ਸੀ। ਉਸਦਾ ਸੁਪਨਾ ਨਰਸ ਬਣਨ ਦਾ ਸੀ।
ਜਦੋਂ ਉਸ ਦੀ ਉਮਰ ਸਿਰਫ਼ 13 ਸਾਲ ਸੀ, ਉਸਦਾ ਵਿਆਹ ਜੋਰਡਨ ਦੇ ਇੱਕ 55 ਸਾਲਾ ਸ਼ੇਖ਼ ਨਾਲ ਕਰ ਦਿੱਤਾ ਗਿਆ।
ਉਸ ਦਾ ਪਿਤਾ ਉਸਨੂੰ ਇੱਕ ਕਮਰੇ ਵਿੱਚ ਲੈ ਗਿਆ ਜਿੱਥੇ ਤਿੰਨ ਬੰਦੇ ਬੈਠੇ ਸਨ।
ਉਸਨੂੰ ਕਿਹਾ ਗਿਆ ਕਿ ਅੱਜ ਸ਼ਾਮ ਨੂੰ ਇਨ੍ਹਾਂ ਤਿੰਨਾਂ ਵਿੱਚੋਂ ਕਿਸੇ ਇੱਕ ਦਾ ਨਿਕਾਹ ਉਸ ਨਾਲ ਪੜ੍ਹਿਆ ਜਾਵੇਗਾ। ਉਨ੍ਹਾਂ ਵਿੱਚੋਂ ਇੱਕ ਨੂੰ ਉਹ ਚੁਣ ਲਵੇ।
ਫਰਹੀਨ ਕਹਿੰਦੀ ਹੈ,'' ਮੈਂ ਚੀਖ਼ ਪਈ ਅਤੇ ਹੱਥ ਜੋੜ ਕੇ ਕਹਿਣ ਲੱਗੀ ਕਿ ਮੈਂ ਪੜ੍ਹਨਾ ਚਾਹੁੰਦੀ ਹਾਂ ਪਰ ਮੇਰੀ ਕਿਸੇ ਨੇ ਨਹੀਂ ਸੁਣੀ।''
ਉਸਦੀ ਅੰਮੀ ਨੇ ਉਸਨੂੰ ਵਿਆਹ ਦਾ ਜੋੜਾ ਦਿੰਦਿਆ ਕਿਹਾ ਇਸ ਨਿਕਾਹ ਲਈ ਉਨ੍ਹਾਂ ਨੂੰ 25 ਹਜ਼ਾਰ ਰੁਪਏ ਮਿਲ ਰਹੇ ਹਨ ਅਤੇ ਇਸ ਤੋਂ ਬਾਅਦ ਵੀ ਹਰ ਮਹੀਨੇ ਗੁਜ਼ਾਰੇ ਲਈ 5 ਹਜ਼ਾਰ ਰੁਪਏ ਮਿਲਿਆ ਕਰਨਗੇ।
ਸ਼ਾਮ ਨੂੰ ਮੁੱਲਾ ਨੇ ਉਸਦਾ ਨਿਕਾਹ ਪੜ੍ਹ ਦਿੱਤਾ ਅਤੇ ਉਹ ਵਿਆਹਤਾ ਹੋ ਗਈ।
ਜਦੋਂ ਉਹ ਇਕੱਲੇ ਸਨ ਤਾਂ ਫਰਹੀਨ ਨੇ ਚੋਰੀ ਜਹੀ ਆਪਣੇ ਪਤੀ ਵੱਲ ਦੇਖਿਆ ਅਤੇ ਅੰਦਾਜ਼ਾ ਲਾਇਆ ਕਿ ਉਹ ਬੰਦਾ ਉਸ ਤੋਂ 40 ਕੁ ਸਾਲ ਵੱਡਾ ਹੋਵੇਗਾ।
ਤਿੰਨ ਹਫ਼ਤਿਆਂ ਤੱਕ ਕੀਤਾ ਧੱਕਾ
ਫਰਹੀਨ ਆਪਣਾ ਦਰਦ ਦੱਸਦੇ ਹੋਏ ਕਹਿੰਦੀ ਹੈ,'' ਉਸ ਰਾਤ ਉਸਨੇ ਮੇਰੇ ਨਾਲ ਰੋਣ ਕੁਰਲਾਉਣ ਦੇ ਬਾਵਜੂਦ ਧੱਕਾ ਕੀਤਾ ਅਤੇ ਫਿਰ ਉਹ ਤਿੰਨ ਹਫਤਿਆਂ ਤੱਕ ਮੇਰੇ ਨਾਲ ਬਲਾਤਕਾਰ ਕਰਦਾ ਰਿਹਾ। ''
ਉਸ ਤੋਂ ਬਾਅਦ ਉਸਦੇ ਪਤੀ ਨੇ ਉਸਨੂੰ ਜੋਰਡਨ ਨਾਲ ਚੱਲਣ ਲਈ ਕਿਹਾ ਜਿੱਥੇ ਉਸਨੇ ਉਸਦੀਆਂ ਦੂਜੀਆਂ ਘਰ ਵਾਲੀਆਂ ਅਤੇ ਬੱਚਿਆਂ ਦੀ ਦੇਖਭਾਲ ਕਰਨੀ ਸੀ।
ਫਰਹੀਨ ਮੁਤਾਬਕ ਉਸਨੂੰ ਇਹ ਅਹਿਸਾਸ ਬਿਲਕੁਲ ਨਹੀਂ ਸੀ ਕਿ ਉਹ ਪਹਿਲਾ ਹੀ ਵਿਆਹਿਆ ਹੋਇਆ ਸੀ। ਉਸਨੇ ਜਾਣ ਤੋਂ ਇਨਕਾਰ ਕਰ ਦਿੱਤਾ।

ਅਖ਼ੀਰ ਇਸ ਗੱਲ 'ਤੇ ਸਮਝੋਤਾ ਹੋਇਆ ਕਿ ਉਹ ਜੋਰਡਨ ਜਾ ਕੇ ਉਸਨੂੰ ਵੀਜ਼ਾ ਭੇਜ ਕੇ ਮੰਗਵਾ ਲਵੇਗਾ।
ਪਰ ਉਸਦਾ ਵੀਜ਼ਾ ਕਦੇ ਨਹੀਂ ਆਇਆ। ਫਰਹੀਨ ਅਜੇ ਵੀ ਵਿਆਹਤਾ ਹੈ ਪਰ ਉਹ ਨਹੀਂ ਜਾਣਦੀ ਕਿ ਉਸਦਾ ਪਤੀ ਕਿੱਥੇ ਹੈ।
ਉਹ ਦੱਸਦੀ ਹੈ, ''ਇਸ ਘਟਨਾ ਤੋਂ ਲਗਭਗ ਇੱਕ ਸਾਲ ਬਾਅਦ ਤੱਕ ਮੈਂ ਚੁੱਪ ਰਹੀ। ਨਾਂ ਮੈਂ ਰੋਈ ਅਤੇ ਨਾਂ ਕਿਸੇ ਨੂੰ ਆਪਣਾ ਦੁੱਖ ਦੱਸਿਆ। ਕਈ ਵਾਰ ਤਾਂ ਆਪਣੀ ਅਰਥਹੀਣ ਜ਼ਿੰਦਗੀ ਖ਼ਤਮ ਕਰਨ ਦੀ ਵੀ ਸੋਚੀ। ਮੈਨੂੰ ਮੇਰੇ ਮਾਪਿਆਂ ਨੇ ਹੀ ਠੱਗਿਆ ਸੀ।''
ਇਸ ਘਟਨਾ ਨੂੰ ਹੁਣ 8 ਵਰ੍ਹੇ ਬੀਤ ਗਏ ਪਰ ਫਰਹੀਨ ਇਸ ਦਰਦ ਅਤੇ ਸੰਤਾਪ ਵਿੱਚੋਂ ਅਜੇ ਬਾਹਰ ਨਹੀਂ ਨਿਕਲੀ ਹੈ।
ਉਹ ਮੈਨੂੰ ਮਿਲਣ ਲਈ ਵੀ ਉਸ ਐਨਜੀਓ ਦੇ ਦਫ਼ਤਰ ਵਿੱਚ ਸਹਿਮਤ ਹੋਈ ਜਿੱਥੇ ਉਹ ਅੱਜਕੱਲ੍ਹ ਬੱਚਿਆਂ ਨੂੰ ਪੜ੍ਹਾਉਂਦੀ ਹੈ।
ਉਹ ਕਹਿੰਦੀ ਹੈ, ''ਮੇਰੇ ਰਿਸ਼ਤੇਦਾਰ ਮੈਨੂੰ ਬੁੱਢੇ ਨਾਲ ਵਿਆਹ ਕਰਵਾਉਣ ਦੇ ਮੇਹਣੇ ਮਾਰਦੇ ਹਨ। ਉਹ ਮੈਨੂੰ ਇੱਥੋਂ ਤੱਕ ਕਹਿੰਦੇ ਹਨ ਕਿ ਮੈਂ ਆਪਣੇ ਘਰ ਵਾਲੇ ਨੂੰ ਸੰਤੁਸ਼ਟ ਨਹੀਂ ਕਰ ਸਕੀ। ਇਸੇ ਕਾਰਨ ਮੇਰਾ ਇਹ ਹਾਲ ਹੋਇਆ ਹੈ।''
ਇਹ ਇਕੱਲਾ ਮਾਮਲਾ ਨਹੀਂ ਹੈ
ਫਰਹੀਨ ਦਾ ਕੇਸ ਇਕੱਲਾ ਮਾਮਲਾ ਨਹੀਂ ਹੈ ਇਹ ਤੇਲੰਗਾਨਾ ਪੁਲਿਸ ਵੱਲੋਂ ਪਿਛਲੇ ਤਿੰਨ ਸਾਲਾਂ 'ਚ ਦਰਜ ਕੀਤੇ ਗਏ ਅਜਿਹੇ ਹੀ 48 ਕੇਸਾਂ ਵਿੱਚੋਂ ਇੱਕ ਹੈ।
ਉਸ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਪਰ ਦਲਾਲ ਹੀ ਪੁਲਿਸ ਹੱਥ ਆਇਆ। ਸ਼ੇਖ਼ ਭਾਰਤੀ ਨਾਗਰਿਕ ਨਾ ਹੋਣ ਕਾਰਨ ਬੱਚ ਨਿਕਲਿਆ।
ਵੀ ਸਤਿੱਆਨਰਾਇਣ ਹੈਦਰਾਬਾਦ ਦੇ ਦੱਖਣੀ ਜੋਨ ਦੇ ਡਿਪਟੀ ਪੁਲਿਸ ਕਮਿਸ਼ਨਰ ਹਨ।
ਉਹ ਕਹਿੰਦੇ ਹਨ, ''ਪੀੜਤਾਂ ਆਮ ਤੋਰ 'ਤੇ ਸਾਡੇ ਤੱਕ ਨਹੀਂ ਪਹੁੰਚਦੀਆਂ। ਸਾਡੇ ਕੋਲ ਸ਼ਿਕਾਇਤ ਉਦੋਂ ਹੀ ਪਹੁੰਚਦੀ ਹੈ ਜਦੋਂ ਸ਼ੇਖ਼ ਵਾਪਸ ਆਪਣੇ ਮੁਲਕ ਇਨ੍ਹਾਂ ਨੂੰ ਧੋਖਾ ਦੇ ਕੇ ਮੁੜ ਜਾਂਦੇ ਹਨ। ਇਹ ਸਾਡੇ ਲਈ ਵੱਡੀ ਚੁਣੌਤੀ ਹੈ। ਫਿਰ ਅਸੀਂ ਵਿਦੇਸ਼ ਮੰਤਰਾਲੇ ਨੂੰ ਇਸ ਬਾਰੇ ਦਸਦੇ ਹਾਂ। ਇਸਦੇ ਬਾਵਜੂਦ ਉਨ੍ਹਾਂ ਸ਼ੇਖ਼ਾਂ ਨੂੰ ਵਾਪਸ ਭਾਰਤ ਲਿਆਉਣਾ ਮੁਸ਼ਕਿਲ ਹੁੰਦਾ ਹੈ।''
ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਵਰਤਾਰਾ ਗੁੰਝਲਦਾਰ ਅਪਰਾਧਕ ਨੈੱਟਵਰਕ ਨਾਲ ਜੁੜਿਆ ਹੋਇਆ ਹੈ।
ਦਲਾਲ ਦੇਸ ਦੇ ਦੂਜੇ ਹਿੱਸਿਆਂ ਵਿੱਚੋਂ ਨਕਲੀ ਦਸਤਾਵੇਜ ਤਿਆਰ ਕਰਵਾਉਂਦੇ ਹਨ। ਉਹ ਵੀ ਸਰਗਰਮ ਹਨ।
ਇਹ ਨਕਲੀ ਦਸਤਾਵੇਜ ਛੋਟੇ-ਛੋਟੇ ਕਮਰਿਆਂ ਵਿੱਚ ਹੋਣ ਵਾਲੇ ਗੁਪਤ ਵਿਆਹਾਂ ਨੂੰ ਕਨੂੰਨੀ ਮਾਨਤਾ ਦਿੰਦੇ ਹਨ।
ਸਤੰਬਰ ਵਿੱਚ ਤੇਲੰਗਾਨਾ ਪੁਲਿਸ ਨੇ ਅਜਿਹੇ ਹੀ 8 ਸ਼ੇਖ਼ਾਂ ਦਾ ਗਰੁੱਪ ਦਲਾਲ ਸਣੇ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿੱਚ 2 ਬੰਦੇ 80-80 ਸਾਲ ਦੇ ਸਨ।
ਜ਼ਿਆਦਾਤਰ ਮਾਮਲਿਆਂ ਦੀ ਸ਼ਿਕਾਇਤ ਹੀ ਨਹੀਂ ਹੁੰਦੀ। ਆਮ ਤੋਰ 'ਤੇ ਪੀੜਤਾਂ ਬਹੁਤ ਛੋਟੀ ਉਮਰ ਦੀਆਂ ਹੁੰਦੀਆਂ ਹਨ। 12 ਤੋਂ 17 ਸਾਲ ਦੀਆਂ।
12 ਸਾਲ ਦੀ ਤਬੱਸਮ ਦਾ 70 ਸਾਲ ਦੇ ਬੁੱਢੇ ਨਾਲ ਵਿਆਹ ਕੀਤਾ ਗਿਆ ਅਤੇ ਉਸਨੂੰ ਹੋਟਲ ਵਿੱਚ ਰੱਖਿਆ ਗਿਆ।
ਮੁਲਕ ਬੁਲਾਉਣ ਦਾ ਵਾਅਦਾ ਕੀਤਾ ਜਾਂਦਾ ਹੈ
ਉਸਦਾ ਸੈਕਸ ਸ਼ੋਸ਼ਣ ਕਰਨ ਤੋਂ ਬਾਅਦ ਇਸ ਵਾਅਦੇ ਨਾਲ ਵਾਪਸ ਘਰ ਭੇਜ ਦਿੱਤਾ ਗਿਆ ਕਿ ਉਸਦਾ ਪਤੀ ਉਸਨੂੰ ਆਪਣੇ ਮੁਲਕ ਬੁਲਾ ਲਵੇਗਾ।
ਇੱਕ ਸਾਲ ਬਾਅਦ ਤਬੱਸਮ ਨੇ ਇੱਕ ਬੱਚੀ ਨੂੰ ਜਨਮ ਦਿੱਤਾ। ਜੋ ਹੁਣ ਸਿਰਫ਼ ਉਸੇ ਦੀ ਹੀ ਜ਼ਿੰਮੇਵਾਰੀ ਹੈ।
ਆਪਣੇ ਬਾਰੇ ਦੱਸਦਿਆਂ ਉਹ ਕਹਿੰਦੀ ਹੈ, ''ਮੇਰੀ ਆਪਣੀ ਧੀ ਮੈਨੂੰ ਦੀਦੀ ਕਹਿ ਕੇ ਬੁਲਾਉਂਦੀ ਹੈ ਤੇ ਜਦੋਂ ਉਹ ਇੰਝ ਬੋਲਦੀ ਹੈ ਤਾਂ ਮੇਰਾ ਦਿਲ ਬੈਠ ਜਾਂਦਾ ਹੈ। ਉਸਦੇ ਮੂੰਹੋ ਅੰਮੀ ਸ਼ਬਦ ਸੁਣਨ ਲਈ ਮੇਰੇ ਕੰਨ ਤਰਸ ਗਏ ਹਨ।''

ਬਹੁਤੇ ਸ਼ੇਖ਼ ਓਮਾਨ, ਕਤਰ, ਸਾਊਦੀ ਅਰਬ ਅਤੇ ਯਮਨ ਨਾਲ ਸੰਬੰਧਤ ਹਨ।
ਕਈ ਕੇਸਾਂ ਵਿੱਚ ਤਾਂ ਇਹ ਬੰਦੇ ਭਾਰਤ ਵੀ ਨਹੀਂ ਆਉਂਦੇ। 15 ਸਾਲਾਂ ਅਨਾਥ ਜ਼ੇਹਰਾ ਆਪਣੀ ਦਾਦੀ ਨਾਲ ਰਹਿੰਦੀ ਹੈ ਉਸਦੇ ਮਾਮਲੇ ਵਿੱਚ ਇੰਝ ਹੀ ਹੋਇਆ।
ਉਸਦੀ ਚਾਚੀ ਨੇ ਉਸਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਉਸਨੂੰ ਬਿਨ੍ਹਾਂ ਦੱਸੇ ਪਾ ਦਿੱਤੀ।ਇਸ ਤਰ੍ਹਾਂ ਉਸਨੂੰ ਵਿਕਣ ਲਈ ਪੇਸ਼ ਕਰ ਦਿੱਤਾ ਗਿਆ।
ਜ਼ੇਹਰਾ ਨੇ ਦੱਸਿਆ, ''ਉਸੇ ਸ਼ਾਮ ਘਰ ਕਾਜ਼ੀ ਆਇਆ ਅਤੇ ਉਸਨੇ ਫੋਨ 'ਤੇ ਨਿਕਾਹ ਪੜ੍ਹ ਦਿੱਤਾ।ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਮੇਰਾ ਨਿਕਾਹ ਕਿਸ ਨਾਲ ਹੋ ਰਿਹਾ ਹੈ।''
ਛੇਤੀ ਹੀ ਉਸਦਾ ਵੀਜ਼ਾ ਆਇਆ ਅਤੇ ਉਹ ਯਮਨ ਭੇਜ ਦਿੱਤੀ ਗਈ ਜਿੱਥੇ ਇੱਕ 65 ਸਾਲਾਂ ਬੰਦੇ ਦੀ ਪਛਾਣ ਉਸਦੇ ਪਤੀ ਵਜੋਂ ਕਰਵਾਈ ਗਈ। ਜਿਹੜਾ ਉਸਨੂੰ ਹੋਟਲ ਲੈ ਗਿਆ।
ਜ਼ੇਹਰਾ ਮੁਤਾਬਕ ਉਸ ਨਾਲ ਧੱਕਾ ਕੀਤਾ ਗਿਆ ਤੇ ਪਤ ਲੁੱਟੀ ਗਈ ਅਤੇ ਫਿਰ ਉਸਨੂੰ ਇਸ ਝੂਠੇ ਵਾਅਦੇ ਨਾਲ ਹੈਦਰਾਬਾਦ ਭੇਜ ਦਿੱਤਾ ਗਿਆ ਕਿ ਉਸਨੂੰ ਜਲਦ ਵਾਪਸ ਬੁਲਾ ਲਿਆ ਜਾਵੇਗਾ।
ਫਰਹੀਨ ਅਤੇ ਜ਼ੇਹਰਾ ਵਰਗੀਆਂ ਕੁੜੀਆਂ ਜਿਨ੍ਹਾਂ ਦੇ ਘਰ ਵਾਲੇ ਇਸ ਤਰ੍ਹਾਂ ਛੱਡ ਦਿੰਦੇ ਹਨ ਉਨ੍ਹਾਂ ਲਈ ਜ਼ਿੰਦਗੀ ਦਾ ਗੁਜ਼ਾਰਾ ਮੁਸ਼ਕਲ ਹੋ ਜਾਂਦਾ ਹੈ
ਅਜਿਹੀਆਂ ਔਰਤਾਂ ਦੀ ਮਦਦ ਲਈ ਜਮੀਲਾ ਨਿਸ਼ਾਤ ਨੇ ਸ਼ਾਹੀਨ ਨਾਂ ਦੀ ਐਨਜੀਓ ਖੋਲ੍ਹੀ ਹੋਈ ਹੈ।
ਉਸ ਮੁਤਾਬਕ ਅਜਿਹੇ ਵਿਆਹ ਲੋਕ ਪੈਸੇ ਲਈ ਕਰਵਾਉਂਦੇ ਹਨ ਅਤੇ ਇਸ ਤਰ੍ਹਾਂ ਮੁਸਲਮਾਨ ਕੁੜੀਆਂ ਨੂੰ ਗੁਆਂਢੀ ਦੇਸ਼ਾਂ ਵਿੱਚ ਵੇਚ ਦਿੰਦੇ ਹਨ।
ਜਮੀਲਾ ਨੇ ਦੱਸਿਆ, ''ਅਜਿਹੇ ਪਰਿਵਾਰ ਬਹੁਤ ਹੀ ਗੁਰਬਤ ਵਾਲੇ ਹਾਲਾਤ ਵਿੱਚ ਦਿਨ ਕੱਟਦੇ ਹਨ। ਉਨ੍ਹਾਂ ਦੇ ਬੱਚੇ ਸਕੂਲ ਵਿੱਚ ਮਿਲਣ ਵਾਲੇ ਦੁਪਹਿਰ ਦੇ ਖਾਣੇ ਨਾਲ ਪਲਦੇ ਹਨ।''
ਮਾਪੇ ਇਸ ਨੂੰ ਪ੍ਰਮਾਣਿਤ ਵਿਆਹ ਦੱਸਦੇ ਹਨ
ਮਾਪੇ ਇਹ ਮੰਨਣ ਲਈ ਤਿਆਰ ਨਹੀਂ ਹੁੰਦੇ ਕਿ ਉਨ੍ਹਾਂ ਨੇ ਪੈਸਿਆ ਲਈ ਆਪਣੀ ਕੁੜੀ ਦਾ ਸੌਦਾ ਕੀਤਾ ਹੈ ।
ਉਹ ਆਪਣੇ ਆਪ ਨੂੰ ਸਹੀ ਠਹਿਰਾਉਣ ਲਈ ਉਸਨੂੰ ਸਮਾਜ ਵੱਲੋਂ ਪ੍ਰਮਾਣਿਤ ਵਿਆਹ ਦੱਸਦੇ ਹਨ।
ਇਹ ਬਹੁਤ ਦਰਦਨਾਕ ਅਤੇ ਰੌਂਗਟੇ ਖੜ੍ਹੇ ਕਰਨ ਵਾਲੀਆਂ ਕਹਾਣੀਆਂ ਹਨ।

ਰੂਬੀਆ ਅਤੇ ਸੁਲਤਾਨਾ ਬਚਪਨ ਦੀਆਂ ਸਹੇਲੀਆਂ ਹਨ।
ਉਨ੍ਹਾਂ ਦੋਵਾਂ ਦਾ ਵਿਆਹ ਇੱਕ ਹੀ ਬੰਦੇ ਨਾਲ ਕਰ ਦਿੱਤਾ ਗਿਆ। ਜਿਸ ਦਾ ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਿਆ।
ਬੁੱਢਿਆਂ ਨਾਲ ਹੁੰਦਾ ਹੈ ਨਿਕਾਹ
ਰੂਬੀਆ ਸਿਰਫ਼ 13 ਸਾਲਾਂ ਦੀ ਸੀ ਜਦੋਂ ਉਸਦਾ ਨਿਕਾਹ ਓਮਾਨ ਦੇ 78 ਸਾਲਾਂ ਸ਼ੇਖ਼ ਨਾਲ ਕਰ ਦਿੱਤਾ ਗਿਆ।
ਆਪਣੇ ਨਾਲ ਵਾਪਰੀ ਘਟਨਾ ਨੂੰ ਰੋਂਦੇ ਹੋਏ ਰੂਬੀਆ ਨੇ ਦੱਸਿਆ, ''ਉਹ ਮੈਨੂੰ ਅਤੇ ਮੇਰੀ ਸਹੇਲੀ ਨੂੰ ਛੱਡ ਗਿਆ। ਸਾਡੀ ਕਾਫ਼ੀ ਸਮੇਂ ਤੋਂ ਉਸਨੇ ਸਾਰ ਨਹੀਂ ਲਈ। ਆਖ਼ਰ ਇਸ ਦੁਖ ਕਾਰਨ ਮੇਰੀ ਸਹੇਲੀ ਨੇ ਮੌਤ ਨੂੰ ਗਲੇ ਲਾ ਲਿਆ।''
ਇਸਲਾਮਿਕ ਵਿਦਵਾਨ ਮੁਫ਼ਤੀ ਹਾਫ਼ਿਜ਼ ਅਬਰਾਰ ਅਜਿਹੇ ਵਿਆਹਾਂ ਨੂੰ 'ਵੇਸਵਾਗਮਨੀ' ਕਹਿੰਦੇ ਹਨ।
ਉਨ੍ਹਾਂ ਮੁਤਾਬਕ ਜਿਹੜੇ ਕਾਜ਼ੀ ਪੈਸੇ ਲੈ ਕੇ ਅਜਿਹੇ ਨਿਕਾਹ ਪੜ੍ਹ ਰਹੇ ਹਨ ਉਹ ਅਸਲ ਵਿੱਚ ਮੁਸਲਮਾਨ ਭਾਈਚਾਰੇ ਅਤੇ ਇਸਲਾਮ ਦੇ ਨਾਂ ਨੂੰ ਬਦਨਾਮ ਲਾ ਰਹੇ ਹਨ।
ਤੇਲੰਗਾਨਾ ਬਾਲ ਅਧਿਕਾਰ ਸੁਰੱਖਿਆ ਅਧਿਕਾਰੀ ਇਮਤਿਆਜ਼ ਅਲੀ ਖ਼ਾਨ ਇਸ ਵਰਤਾਰੇ ਬਾਰੇ ਜਾਗਰੂਕਤਾ ਫਲਾਉਣ ਲਈ ਮਸਜਿਦਾਂ ਦੀ ਮਦਦ ਲੈ ਰਹੇ ਹਨ।
ਉਹ ਕਹਿੰਦੇ ਹਨ,'' ਅਜਿਹੇ ਵਿਆਹਾਂ ਨੂੰ ਰੋਕਣ ਲਈ ਅਸੀਂ ਮਸਜਿਦਾਂ ਵਿੱਚ ਜਾ ਕੇ ਨਮਾਜ਼ ਦੇ ਸਮੇਂ ਲੋਕਾਂ ਨੂੰ ਜਾਗਰੂਕ ਕਰਦੇ ਹਾਂ।''
ਫਰਹੀਨ, ਤਬੱਸਮ, ਜ਼ੇਹਰਾ, ਰੂਬੀਆ ਅਤੇ ਸੁਲਤਾਨਾ ਦੂਜੀਆਂ ਔਰਤਾਂ ਲਈ ਇੱਕ ਮਿਸਾਲ ਵੀ ਹਨ ਜਿਹੜੀਆਂ ਦੂਜਿਆਂ ਦੀ ਮਦਦ ਕਰ ਰਹੀਆਂ ਹਨ।
ਆਪਣੀ ਮੁਸ਼ਕਲ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਦੇ ਬਾਵਜੂਦ ਫਰਹੀਨ ਸੁਪਨਾ ਦੇਖਦੀ ਹੈ ਕਿ ਇੱਕ ਦਿਨ ਸਮਾਜ ਵਿੱਚ ਔਰਤਾਂ ਦੀ ਸਿੱਖਿਆ ਪ੍ਰਤੀ ਅਤੇ ਉਨ੍ਹਾਂ ਨੂੰ ਸਿਰਫ਼ ਸੈਕਸ ਸ਼ੈਅ ਵਜੋਂ ਨਾ ਦੇਖਣ ਦੀ ਜਾਗਰੂਕਤਾ ਆਵੇਗੀ।
ਉਹ ਕਹਿੰਦੀ ਹੈ, ''ਮੇਰੇ ਮਾਪਿਆਂ ਨੂੰ ਮੇਰੇ ਨਾਲ ਕੀਤੇ ਦਾ ਹੁਣ ਅਫ਼ਸੋਸ ਹੈ ਅਤੇ ਜੇ ਇਹ ਭਾਵਨਾ ਦੂਜੇ ਪਰਿਵਾਰਾਂ ਤੱਕ ਪਹੁੰਚੇ ਅਤੇ ਉਹ ਪੈਸਿਆਂ ਖਾਤਰ ਆਪਣੀਆਂ ਧੀਆਂ ਦੇ ਇਸ ਤਰ੍ਹਾਂ ਵਿਆਹ ਨਾ ਕਰਨ ਤਾਂ ਮੈਂ ਸਮਝਾਂਗੀ ਕਿ ਮੇਰਾ ਸੁਪਨਾ ਪੂਰਾ ਹੋ ਗਿਆ।''
(ਇਸ ਰਿਪੋਰਟ ਵਿੱਚ ਵਰਤੇ ਗਏ ਸਾਰੇ ਨਾਂ ਕੁੜੀਆਂ ਦੀ ਪਛਾਣ ਗੁਪਤ ਰੱਖਣ ਲਈ ਕਾਲਪਨਿਕ ਹਨ)












