ਸੈਰ-ਸਪਾਟੇ ਲਈ ਸਭ ਤੋਂ ਚੋਟੀ ਦਾ ਦੇਸ਼ ਕਿਹੜਾ ਹੈ, ਭਾਰਤ ਲਿਸਟ ਵਿੱਚ ਕਿਹੜੇ ਨੰਬਰ 'ਤੇ ਆਇਆ

    • ਲੇਖਕ, ਲਿੰਡਸੇ ਗਲੋਵੇ
    • ਰੋਲ, ਬੀਬੀਸੀ ਪੱਤਰਕਾਰ

ਕੌਮਾਂਤਰੀ ਆਰਥਿਕ ਫੋਰਮ ਵੱਲੋਂ ਪ੍ਰਕਾਸ਼ਿਤ ਇੱਕ ਨਵੀਂ ਰਿਪੋਰਟ ਵਿੱਚ ਦੇਸ਼ ਦੇ ਕੁਦਰਤੀ ਅਤੇ ਸੱਭਿਆਚਾਰਕ ਸਰੋਤਾਂ ਦੇ ਪ੍ਰਚਾਰ ਤੇ ਸਥਿਰਤਾ ਅਤੇ ਸੈਰ-ਸਪਾਟਾ ਪ੍ਰਤੀ ਵਚਨਬੱਧਤਾ ਬਾਰੇ ਦੱਸਿਆ ਗਿਆ ਹੈ।

ਹਾਲਾਂਕਿ ਟ੍ਰੈਵਲ ਇੰਡਸਟਰੀ ਲਈ ਇਹ ਚਾਰ ਸਾਲ ਬਹੁਤ ਮੁਸ਼ਕਲ ਰਹੇ ਹਨ। ਕੌਮਾਂਤਰੀ ਸੈਲਾਨੀਆਂ ਦੀ ਆਮਦ ਆਖਰਕਾਰ 2024 ਵਿੱਚ ਮਹਾਂਮਾਰੀ ਦੇ ਸਮੇਂ ਤੋਂ ਪਹਿਲਾਂ ਦੇ ਪੱਧਰ ਤੱਕ ਪਹੁੰਚਣ ਲਈ ਤਿਆਰ ਹੈ।

ਪਿਛਲੇ ਮਹੀਨੇ ਵਰਲਡ ਇਕਨਾਮਿਕ ਫੋਰਮ ਦੁਆਰਾ ਪ੍ਰਕਾਸ਼ਿਤ ਕੀਤੇ ਗਏ ਟ੍ਰੈਵਲ ਐਂਡ ਟੂਰਿਜ਼ਮ ਡਿਵੈਲਪਮੈਂਟ ਇੰਡੈਕਸ 2024 ਦੇ ਮੁਤਾਬਕ, ਮਹਿੰਗਾਈ, ਜਲਵਾਯੂ ਪਰਿਵਰਤਨ ਤੇ ਭੂ-ਰਾਜਨੀਤਿਕ ਤਣਾਅ ਵਰਗੇ ਮਸਲਿਆਂ ਕਾਰਨ ਕੌਮਾਂਤਰੀ ਸੈਰ-ਸਪਾਟਾ ਬਹੁਤਾ ਉੱਚਾ ਸਥਾਨ ਨਹੀਂ ਰੱਖਦਾ।

ਫਿਰ ਵੀ, ਕੁਝ ਦੇਸ਼ਾਂ ਅਤੇ ਸਰਕਾਰਾਂ ਨੇ ਇਨ੍ਹਾਂ ਜੋਖਮਾਂ ਨੂੰ ਘੱਟ ਕਰਨ ਅਤੇ ਯਾਤਰਾ ਅਤੇ ਸੈਰ-ਸਪਾਟਾ ਸੰਭਾਵਨਾ ਨੂੰ ਵਧਾਉਣ ਲਈ ਬਿਹਤਰ ਕੰਮ ਕੀਤਾ ਹੈ।

ਸੂਚਕਾਂਕ ਵਿੱਚ ਸੁਰੱਖਿਆ ਪ੍ਰਬੰਧ, ਯਾਤਰਾ ਅਤੇ ਸੈਰ-ਸਪਾਟੇ ਨੂੰ ਤਰਜ਼ੀਹ, ਹਵਾਈ ਅਤੇ ਜ਼ਮੀਨੀ ਯਾਤਰਾ ਲਈ ਲੋੜੀਂਦਾ ਬੁਨਿਆਦੀ ਢਾਂਚਾ, ਕੁਦਰਤੀ ਅਤੇ ਸੱਭਿਆਚਾਰਕ ਸਰੋਤਾਂ ਅਤੇ ਸਥਿਰਤਾ ਵਰਗੇ ਕਾਰਕਾਂ ਦੇ ਆਧਾਰ 'ਤੇ ਦੁਨੀਆ ਭਰ ਦੇ ਦੇਸ਼ਾਂ ਦੀ ਦਰਜਾਬੰਦੀ ਕਰਦਾ ਹੈ।

ਇਸ ਸਾਲ ਦੀ ਦਰਜਾਬੰਦੀ ਵਿੱਚ ਸਪੇਨ, ਜਾਪਾਨ (ਪਿਛਲੇ ਸਾਲ ਦਾ ਵਿਜੇਤਾ), ਫਰਾਂਸ ਅਤੇ ਆਸਟਰੇਲੀਆ ਨੂੰ ਸਿਖਰਲੇ ਪੰਜਾਂ ਵਿੱਚ ਦਰਜਾ ਦਿੱਤਾ ਗਿਆ ਹੈ।

ਇਸ ਸੂਚੀ ਦੇ ਸਿਖਰ 'ਤੇ ਇੱਕ ਨਵਾਂ ਆਇਆ ਉਹ ਹੈ ਅਮਰੀਕਾ ਦਾ। ਜਿਸ ਨੇ ਆਪਣੇ ਕਾਰੋਬਾਰੀ ਮਾਹੌਲ, ਹਵਾਈ ਆਵਾਜਾਈ ਦੇ ਬੁਨਿਆਦੀ ਢਾਂਚੇ ਅਤੇ ਕੁਦਰਤੀ ਸਰੋਤਾਂ ਲਈ ਆਪਣੇ ਸਕੋਰ ਦੇ ਨਾਲ ਗਲੋਬਲ ਮੁਕਾਬਲੇ ਨੂੰ ਪਛਾੜ ਦਿੱਤਾ ਹੈ।

ਭਾਰਤ 119 ਦੇਸ਼ਾਂ ਦੀ ਇਸ ਲਿਸਟ ਵਿੱਚ 39ਵੇਂ ਨੰਬਰ ਉੱਤੇ ਆਇਆ ਹੈ ਜਦਕਿ ਪਾਕਿਸਤਾਨ ਦਾ ਨੰਬਰ 101 ਹੈ।

ਉੱਚ ਸਕੋਰ ਦੇਸ਼ ਦੇ ਮਜ਼ਬੂਤ ਬੁਨਿਆਦੀ ਢਾਂਚੇ, ਵੱਖ-ਵੱਖ ਸ਼ਹਿਰਾਂ ਵਿਚਕਾਰ ਸਫ਼ਰ ਦੀ ਸੌਖ, ਵਿਭਿੰਨ ਕੁਦਰਤੀ ਅਤੇ ਸੱਭਿਆਚਾਰਕ ਮੰਜ਼ਿਲਾਂ ਅਤੇ ਯਾਤਰੀ-ਅਨੁਕੂਲ ਸਰੋਤਾਂ ਦਾ ਪ੍ਰਤੀਬਿੰਬ ਹਨ। ਜਿਸ ਵਿੱਚ ਸ਼ਹਿਰਾਂ, ਪਾਰਕਾਂ ਅਤੇ ਹੋਰ ਆਕਰਸ਼ਣਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ।

ਨਿਊਯਾਰਕ ਯੂਨੀਵਰਸਿਟੀ ਦੇ ਐੱਸਪੀਐੱਸ ਟਿਸ਼ ਸੈਂਟਰ ਆਫ਼ ਹੌਸਪੀਟਿਲਟੀ ਦੀ ਸਹਾਇਕ ਇੰਸਟ੍ਰਕਟਰ ਐਨਾ ਐਬਲਸਨ ਕਹਿੰਦੇ ਹਨ, "ਹਾਲਾਂਕਿ ਇਸ ਪ੍ਰਸ਼ੰਸਾ ਦੇ ਸਪੱਸ਼ਟ ਕਾਰਨ ਮੌਜੂਦ ਹਨ, ਜਿਵੇਂ ਕਿ ਇਸਦੇ ਵਿਭਿੰਨ ਲੈਂਡਸਕੇਪ, ਕੁਦਰਤੀ ਸੁੰਦਰਤਾ ਅਤੇ ਸੱਭਿਆਚਾਰਕ ਅਮੀਰੀ, ਅਮਰੀਕਾ ਨੇ ਯਾਤਰਾ ਅਤੇ ਸੈਰ-ਸਪਾਟਾ ਖੇਤਰ ਦਾ ਸਮਰਥਨ ਕਰਨ ਵਾਲੇ ਇੱਕ ਚੰਗੀ ਤਰ੍ਹਾਂ ਵਿਕਸਤ ਬੁਨਿਆਦੀ ਢਾਂਚੇ ਦਾ ਮਾਣ ਵੀ ਕੀਤਾ ਹੈ।"

ਬੁਨਿਆਦੀ ਢਾਂਚੇ ਦੀ ਮੌਜੂਦਗੀ ਵਧੇਰੇ ਖ਼ਰਚ ਕਰਨ ਦੀ ਤਾਕਤ ਨੂੰ ਵਧਾਉਂਦੀ ਹੈ।

ਸੰਯੁਕਤ ਰਾਜ ਟਰੈਵਲ ਐਸੋਸੀਏਸ਼ਨ ਦੇ ਦੋ-ਸਾਲਾ ਅਮਰੀਕੀ ਯਾਤਰਾ ਪੂਰਵ ਅਨੁਮਾਨ ਦੇ ਮੁਤਾਬਕ, ਮਹਾਂਮਾਰੀ ਤੋਂ ਪਹਿਲਾਂ, ਅੰਤਰਰਾਸ਼ਟਰੀ ਸੈਲਾਨੀਆਂ ਨੇ 2019 ਵਿੱਚ ਅਮਰੀਕਾ ਵਿੱਚ 1800 ਲੱਖ ਡਾਲਰ ਖਰਚ ਕੀਤੇ, ਜਿਸ ਤੋਂ ਆਰਥਿਕਤਾ ਵਿੱਚ 2 ਅਰਬ ਡਾਲਰ ਦਾ ਵਾਧਾ ਹੋਇਆ।

ਇਸ ਨੂੰ ਪਰਿਪੇਖ ਵਿੱਚ ਰੱਖਣ ਲਈ, ਫਰਾਂਸ ਦੁਨੀਆ ਦਾ ਅਜਿਹਾ ਦੇਸ਼ ਹੈ ਜਿੱਥੇ ਸਭ ਤੋਂ ਵੱਧ ਯਾਤਰੀ ਆਉਂਦੇ ਹਨ। ਸਾਲ 2019 ਵਿੱਚ ਅਮਰੀਕਾ ਵਿੱਚ 79.4 ਲੱਖ ਸੈਲਾਨੀ ਤਾਂ ਫ਼ਰਾਂਸ ਵਿੱਚ ਮੁਕਾਬਲਤ 90 ਕਰੋੜ ਸੈਲਾਨੀ ਪਹੁੰਚੇ ਸਨ।

ਉਸ ਸਾਲ ਕੌਮਾਂਤਰੀ ਸੈਰ-ਸਪਾਟਾ ਤੋਂ ਲਗਭਗ 61 ਕਰੋੜ ਡਾਲਰਾਂ ਦੀ ਆਮਦਨੀ ਹੋਈ ਸੀ।।

ਜਦੋਂ ਕਿ ਮਹਾਂਮਾਰੀ ਦੇ ਦੌਰਾਨ 180 ਕਰੋੜ ਦੀ ਗਿਣਤੀ ਘਟੀ ਹੈ, ਯੂਐੱਸਟੀਏ ਮੁਤਾਬਕ ਵਿਜ਼ਟਰ ਪੱਧਰ 2025 ਤੱਕ ਠੀਕ ਹੋਣ ਦੀ ਸੰਭਾਵਨਾ ਹੈ।

ਦੂਜੇ ਦੇਸ਼ਾਂ ਦੇ ਮੁਕਾਬਲੇ, ਅਮਰੀਕਾ ਫੈਡਰਲ ਸਰਕਾਰ ਯਾਤਰਾ ਅਤੇ ਸੈਰ-ਸਪਾਟੇ ਲਈ ਵਿਆਪਕ ਸਹਾਇਤਾ ਪ੍ਰਦਾਨ ਕਰਦੀ ਹੈ। ਅਮਰੀਕਾ ਖ਼ਾਸ ਤੌਰ 'ਤੇ ਮਜ਼ਬੂਤ ਹਵਾਈ ਅੱਡੇ ਦੇ ਬੁਨਿਆਦੀ ਢਾਂਚੇ ਅਤੇ ਏਅਰਲਾਈਨ ਉਦਯੋਗ ਨੂੰ ਕਾਇਮ ਰੱਖਣ ਅਤੇ ਨਿਯਮਤ ਕੰਮ ਕਰਦਾ ਹੈ।

ਫਿਰ ਵੀ, ਮਾਹਰਾਂ ਦਾ ਕਹਿਣਾ ਹੈ ਕਿ ਦੇਸ਼ ਦੀ ਯਾਤਰਾ ਅਤੇ ਸੈਰ-ਸਪਾਟੇ ਦੀ ਸਫਲਤਾ ਦਾ ਬਹੁਤਾ ਹਿੱਸਾ ਇਸਦੇ ਸ਼ਹਿਰਾਂ ਦੀ ਵਿਭਿੰਨਤਾ ਵੱਡੇ ਅਤੇ ਛੋਟੇ ਅਤੇ ਉਸ ਵੱਲੋਂ ਲੰਬੇ ਸਮੇਂ ਤੋਂ ਚਲਾਈਆਂ ਜਾ ਰਹੀਆਂ ਸਥਾਈ ਸੈਰ-ਸਪਾਟਾ ਯੋਜਨਾਵਾਂ ਦਾ ਨਤੀਜਾ ਹੈ। ਇਸ ਦੇ ਨਾਲ ਹੀ ਵਿੱਤੀ ਸਹਿਯੋਗ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।

ਵਿਆਪਕ ਅਪੀਲ

ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰਾਂ ਨੇ ਵੱਡੇ ਬਜਟ ਅਤੇ ਸਟਾਫ਼ ਦੇ ਨਾਲ ਕੌਮਾਂਤਰੀ ਯਾਤਰੀਆਂ ਦੇ ਦਿਮਾਗ ਅਤੇ ਨਕਸ਼ਿਆਂ 'ਤੇ ਬਣੇ ਰਹਿਣ ਲਈ ਜ਼ੋਰਦਾਰ ਕੋਸ਼ਿਸ਼ ਕੀਤੀ ਹੈ ਅਤੇ ਇਸ ਉੱਤੇ ਵੱਡੇ ਪੱਧਰ ̛ਪੈਸੇ ਵੀ ਖ਼ਰਚ ਕੀਤੇ ਹਨ।

ਟੀਕੇ ਪਬਲਿਕ ਰੀਲੇਸ਼ਨਜ਼ ਨਾਲ ਸਬੰਧਿਤ ਟਰੇਅਨ ਸ਼ੈਰ ਦਾ ਕਹਿਣਾ ਹੈ ਕਿ, "ਦਹਾਕਿਆਂ ਤੋਂ, ਅਮਰੀਕਾ ਦੇ ਵੱਡੇ ਸ਼ਹਿਰਾਂ ਜਿਵੇਂ ਕਿ ਲਾਸ ਵੇਗਾਸ ਅਤੇ ਨਿਊਯਾਰਕ ਨੇ ਮਜ਼ਬੂਤ ਬ੍ਰਾਂਡਿੰਗ ਦੇ ਨਾਲ ਆਪਣੇ ਟਿਕਾਣਿਆਂ ਨੂੰ ਇਸ ਤਰੀਕੇ ਨਾਲ ਮਾਰਕੀਟਿੰਗ ਲਈ ਲਗਾਤਾਰ ਵਰਤਿਆ ਹੈ।

“ਦੁਨੀਆਂ ਭਾਰ ਦੇ ਸੈਲਾਨੀ ਗ੍ਰੀਨਵਿਲੇ, ਦੱਖਣੀ ਕੈਰੋਲੀਨਾ, ਮੈਕੋਨ, ਜਾਰਜੀਆ ਵਰਗੀਆਂ ਥਾਵਾਂ ਤੋਂ ਵਾਕਿਫ਼ ਹਨ।

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਨਾਲ ਉਨ੍ਹਾਂ ਦੇ ਸਬੰਧਤ ਸ਼ਹਿਰਾਂ ਵਿੱਚ ਸੈਰ-ਸਪਾਟਾ ਵਧਦਾ ਹੈ।"

ਸ਼ੈਰ ਕਹਿੰਦੇ ਹਨ, ਅਮਰੀਕਾ ਦੇ ਗਲੋਬਲ ਮੈਗਾ ਈਵੈਂਟਸ, ਸੋਚੋ ਕੋਚੇਲਾ, ਸੁਪਰ ਬਾਊਲ ਅਤੇ ਮਾਰਡੀ ਗ੍ਰਾਸ ਵੀ ਦੁਨੀਆ ਭਰ ਦੇ ਸੈਲਾਨੀਆਂ ਨੂੰ ਖਿੱਚਦੇ ਹਨ।

ਹਾਲਾਂਕਿ ਵਿਸ਼ਾਲ ਯੂਐੱਸ ਨੈਸ਼ਨਲ ਪਾਰਕ ਸਿਸਟਮ, ਜਿਸ ਦੇ 63 ਪਾਰਕ ਅਤੇ 5.4 ਕਰੋੜ ਏਕੜ (ਜੋ ਕਿ ਪੂਰੇ ਯੂਕੇ ਜਿੰਨਾ ਵੱਡਾ ਹੈ) ਨੂੰ ਨੇ ਕੌਮਾਂਤਰੀ ਆਕਰਸ਼ਨ ਦਾ ਕਾਰਨ ਨਹੀਂ ਬਣ ਸਕਿਆ।

ਸਰੋਤ ‘ਦਿ ਵਰਲਡ’ਚ ਚੀਪੈਸਟ ਡੈਸਟੀਨੇਸ਼ਨਜ਼’ ਨਾਮ ਦੀ ਕਿਤਾਬ ਦੇ ਲੇਖਕ ਟਿਮ ਲੇਫੇਲ ਦਾ ਕਹਿਣਾ ਹੈ ਹੈ ਕਿ, "ਅਮਰੀਕਾ ਨੂੰ ਪਹਾੜਾਂ, ਰੇਗਿਸਤਾਨ, ਗਰਮ ਥਾਵਾਂ, ਦਲਦਲ ਭਰੀ ਧਰਤੀ ਦੇ ਮਾਪਦੰਡਾਂ ਨੂੰ ਦੇਖਿਆ ਜਾਵੇ ਤਾਂ ਅਮਰੀਕਾ ਦਾ ਲੈਂਡਸਕੇਪ ਤੇ ਸ਼ਹਿਰ ਬਹੁਤ ਹੀ ਦਿਲਕਸ਼ ਹਨ।"

"ਨਿਊ ਓਰਲੀਨਜ਼, ਨਿਊਯਾਰਕ ਸਿਟੀ, ਸੈਂਟਾ ਫੇ, ਅਲਾਸਕਾ ਅਤੇ ਫਲੋਰੀਡਾ ਜ਼ਿਆਦਾਤਰ ਦੇਸ਼ਾਂ ਨਾਲੋਂ ਵੱਖਰੇ ਹਨ।"

ਗਲੋਬਲ ਸੋਚੋ, ਸਥਾਨਕ ਕੰਮ ਕਰੋ

ਵੱਡਾ ਜਾਂ ਛੋਟਾ, ਅਮਰੀਕਾ ਟ੍ਰੈਵਲ ਇੰਡਸਟਰੀ ਸੈਰ-ਸਪਾਟੇ ਨੂੰ ਜ਼ੀਰੋ-ਸਮ ਗੇਮ ਵਜੋਂ ਨਹੀਂ ਦੇਖਦੀ।

ਵਿਜ਼ਿਟ ਕੋਨੇਜੋ ਵੈਲੀ ਦੇ ਪ੍ਰਧਾਨ ਡੈਨੀਲੇ ਬੋਰਜਾ ਨੇ ਕਿਹਾ, "ਅਮਰੀਕਾ ਵਿੱਚ ਯਾਤਰਾ ਉਦਯੋਗ ਦੀ ਸਫ਼ਲਤਾ ਦਾ ਇੱਕ ਕਾਰਕ ਸਥਾਨਕ, ਖੇਤਰੀ ਅਤੇ ਰਾਜ ਸੈਰ-ਸਪਾਟਾ ਸੰਗਠਨਾਂ ਵਿਚਕਾਰ ਸਹਿਯੋਗੀ ਯਤਨ ਹੈ।"

ਉਦਾਹਰਨ ਲਈ ਵਿਜ਼ਿਟ ਕੈਲੀਫੋਰਨੀਆ ਨੇ ਹਾਲ ਹੀ ਵਿੱਚ ਦੇਸ਼ ਭਰ ਵਿੱਚ ਆਪਣੀਆਂ ਬਾਹਰੀ, ਸੱਭਿਆਚਾਰਕ ਅਤੇ ਤੰਦਰੁਸਤੀ ਦੀਆਂ ਗਤੀਵਿਧੀਆਂ ਨੂੰ ਪ੍ਰਦਰਸ਼ਿਤ ਕਰਨ ਲਈ ਅਲਟੀਮੇਟ ਪਲੇਗ੍ਰਾਉਂਡ ਮੁਹਿੰਮ ਦੀ ਸ਼ੁਰੂਆਤ ਕੀਤੀ।

ਪਰ ਇਸ ਨੇ ਉਦਯੋਗ ਦੇ ਭਾਈਵਾਲਾਂ ਨੂੰ ਮੌਕਾ ਦਿੱਤਾ, ਜਿਵੇਂ ਕਿ ਵਿਜ਼ਿਟ ਕੋਨੇਜੋ ਵੈਲੀ, ਰੋਨਾਲਡ ਰੀਗਨ ਪ੍ਰੈਜ਼ੀਡੈਂਸ਼ੀਅਲ ਲਾਇਬ੍ਰੇਰੀ ਅਤੇ ਅਜਾਇਬ ਘਰ ਵਿਖੇ ਨਵੀਂ ਸਟਾਰ ਵਾਰਜ਼ ਪ੍ਰਦਰਸ਼ਨੀ ਵਰਗੀਆਂ ਹੋਰ ਖੇਡ ਗਤੀਵਿਧੀਆਂ ਵੱਲ ਵੀ ਧਿਆਨ ਦਿੱਤਾ।

ਇਸ ਤਰ੍ਹਾਂ ਦੀਆਂ ਸੈਰ-ਸਪਾਟਾ ਸੰਸਥਾਵਾਂ ਅਕਸਰ ਨਿੱਜੀ ਕਾਰੋਬਾਰਾਂ ਜਿਵੇਂ ਕਿ ਰੈਸਟੋਰੈਂਟਾਂ ਅਤੇ ਨਿੱਜੀ ਮਾਲਕੀ ਵਾਲੇ ਆਕਰਸ਼ਣਾਂ ਨਾਲ ਸਾਂਝੇਦਾਰੀ ਕਰਦੀਆਂ ਹਨ, ਜੋ ਕਿ ਅਮਰੀਕਾ ਸੈਰ-ਸਪਾਟਾ ਉਦਯੋਗ ਦੇ ਸਕਾਰਾਤਮਕ ਪਹਿਲੂ ਵਜੋਂ ਕੰਮ ਕਰਦੀਆਂ ਹਨ।

ਵਿਸ਼ਵ ਯਾਤਰਾ ਅਤੇ ਸੈਰ-ਸਪਾਟਾ ਕੌਂਸਲ ਦੇ ਮੁਤਾਬਕ, ਸਰਕਾਰੀ ਅਤੇ ਨਿੱਜੀ ਮਾਲਕੀ ਵਾਲੇ ਕਾਰੋਬਾਰਾਂ ਵਿਚਕਾਰ ਟਕਰਾਅ ਸਹਿਯੋਗ ਵਿੱਚ ਰੁਕਾਵਟ ਪਾ ਸਕਦਾ ਹੈ ਅਤੇ ਤਰਜੀਹਾਂ ਨੂੰ ਬਦਲ ਸਕਦਾ ਹੈ, ਪਰ ਇਹ ਸਮੱਸਿਆ ਅਮਰੀਕਾ ਵਿੱਚ ਘੱਟ ਨਜ਼ਰ ਆਉਂਦੀ ਹੈ।

ਸ਼ੈਰ ਦਾ ਇਹ ਵੀ ਕਹਿਣ ਹੈ ਕਿ ਅਮਰੀਕਾ ਵਿੱਚ ਸ਼ਹਿਰਾਂ ਦਾ ਵਿਕਾਸ ਇਸ ਤਰੀਕੇ ਨਾਲ ਹੋਇਆ ਹੈ ਕਿ ਇਸ ਨੇ ਰਵਾਇਤੀ ਤੌਰ ̛ਤੇ ਘੱਟ ਕੌਮਾਂਤਰੀ ਸੈਲਾਨੀ ਆਉਂਦੇ ਹਨ ਪਰ ਵਿਜ਼ਟਰਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।

ਉਹ ਕਹਿੰਦੇ ਹਨ, "ਹਾਲ ਹੀ ਵਿੱਚ, ਟੈਂਪਾ, ਸਵਾਨਾ, ਸਿਨਸਿਨਾਟੀ, ਇੰਡੀਆਨਾਪੋਲਿਸ ਵਰਗੀਆਂ ਥਾਵਾਂ ਨੇ ਬ੍ਰਾਂਡ ਜਾਗਰੂਕਤਾ ਲਿਆਉਣ ਲਈ ਆਪਣੇ ਮੈਸੇਜ ਇਸ ਤਰੀਕੇ ਨਾਲ ਤਿਆਰ ਕੀਤੇ ਕਿ ਲੋਕ ਇਸ ਵੱਲ ਆਕਰਸ਼ਤ ਹੋਣ, ਜੋ ਕਿ ਇੱਕ ਤੇਜ਼ ਰਣਨੀਤੀ ਸੀ।"

20-ਸਾਲ ਦੇ ਉਦਯੋਗ ਦੇ ਅਨੁਭਵੀ ਹੋਣ ਦੇ ਨਾਤੇ ਸ਼ੈਰ ਦਾ ਮੰਨਣਾ ਹੈ ਕਿ ਅਮਰੀਕਾ ਆਪਣੀ ਮਜ਼ਬੂਤ ਯਾਤਰਾ ਵਿਕਾਸ ਚਾਲ ਨੂੰ ਬਰਕਰਾਰ ਰੱਖਣ ਦੇ ਯੋਗ ਹੋ ਰਿਹਾ ਹੈ ਕਿਉਂਕਿ ਹਰੇਕ ਸੂਬੇ ਅਤੇ ਸ਼ਹਿਰ ਵਿੱਚ ਹਰੇਕ ਬਿਊਰੋ ਆਪਣੇ ਮਾਰਕੀਟਿੰਗ ਯਤਨਾਂ ਨੂੰ ਤਰਜ਼ੀਹ ਦਿੰਦਾ ਹੈ।

ਸ਼ੈਰ ਕਹਿੰਦੇ ਹਨ, "ਅਸੀਂ ਇਨ੍ਹਾਂ ਛੋਟੀਆਂ ਅਤੇ ਘੱਟ-ਜਾਣ ਪਛਾਣ ਵਾਲੀਆਂ ਮੰਜ਼ਿਲਾਂ ਵਿੱਚ ਦਿਲਚਸਪੀ ਵਿੱਚ ਬਹੁਤ ਵਾਧਾ ਦੇਖਿਆ ਹੈ।"

“ਉਹ ਮਹਾਂਮਾਰੀ ਦੇ ਦੌਰਾਨ ਪ੍ਰਸਿੱਧ ਹੋ ਗਏ ਜਦੋਂ ਲੋਕ ਘੁੰਮਣ ਲਈ ਘੱਟ ਆਬਾਦੀ ਵਾਲੀਆਂ ਥਾਵਾਂ ਦੀ ਭਾਲ ਕਰ ਰਹੇ ਸਨ ਅਤੇ ਹੁਣ ਸਮਾਰਟ ਮੰਜ਼ਿਲਾਂ ਜਿਨ੍ਹਾਂ ਨੇ ਇਹ ਵਾਧਾ ਦੇਖਿਆ ਹੈ, ਉਹ ਮਹਿਸੂਸ ਕਰਦੇ ਹਨ ਕਿ ਸੈਰ-ਸਪਾਟਾ ਵਿੱਚ ਅਸਲ ਪੈਸਾ ਹੈ।"

ਨਿਵੇਸ਼ ਹਮੇਸ਼ਾ ਰਾਤੋ-ਰਾਤ ਨਹੀਂ ਹੁੰਦਾ ਹੈ, ਪਰ ਚਾਰਲਸਟਨ ਅਤੇ ਨਾਪਾ ਵੈਲੀ ਵਰਗੀਆਂ ਥਾਵਾਂ ਨੂੰ ਲੰਬੇ ਸਮੇਂ ਦੀ ਰਣਨੀਤੀ ਤੋਂ ਲਾਭ ਹੋਇਆ ਹੈ ਅਤੇ ਇਹ ਸ਼ਹਿਰ ਦੀ ਸਮੁੱਚੀ ਆਰਥਿਕਤਾ ਨੂੰ ਕਿਵੇਂ ਪ੍ਰਭਾਵਤ ਕਰ ਸਕਦਾ ਹੈ।

ਸ਼ੈਰ ਕਹਿੰਦੇ ਹਨ, "ਜ਼ਿਆਦਾ ਸੈਲਾਨੀਆਂ ਦਾ ਮਤਲਬ ਹੈ ਸਥਾਨਕ ਰੈਸਟੋਰੈਂਟਾਂ, ਦੁਕਾਨਾਂ ਅਤੇ ਹੋਟਲਾਂ ਵਿੱਚ ਗਾਹਕਾਂ ਦੀ ਗਿਣਤੀ ਵਧਣਾ।"

"ਸੈਲਾਨੀ ਸਥਾਨਕ ਤੌਰ 'ਤੇ ਜਿਹੜਾ ਵੀ ਇੱਕ ਡਾਲਰ ਖਰਚ ਕਰਦੇ ਹਨ ਅਤੇ ਕਮਿਊਨਿਟੀ ਵਿੱਚ ਰਹਿੰਦੇ ਹਨ, ਇਸਦਾ ਨਾਟਕੀ ਤੌਰ ̛ਤੇ ਸਿੱਧਾ ਆਰਥਿਕ ਪ੍ਰਭਾਵ ਹੁੰਦਾ ਹੈ।”

“ਸੈਰ-ਸਪਾਟਾ ਬੂਮ ਵੱਖ-ਵੱਖ ਇਲਾਕਿਆਂ ਵਿੱਚ ਹੋਰ ਨੌਕਰੀਆਂ ਅਤੇ ਮੌਕੇ ਪੈਦਾ ਕਰਦਾ ਹੈ।"

ਅੰਕੜਿਆਂ ਦੀ ਖੇਡ

ਲੇਫੇਲ ਦੇ ਮੁਤਾਬਕ ਅਮਰੀਕਾ ਨੂੰ ਕੁਝ ਸੈਰ-ਸਪਾਟਾ ਸਫਲਤਾ ਪੁਰਾਣੇ ਜ਼ਮਾਨੇ ਦੇ ਚੰਗੇ ਕੰਮ, ਨੈਤਿਕਤਾ, ਸੰਗਠਨਾਤਮਕ ਕੁਸ਼ਲਤਾ ਅਤੇ ਭਰੋਸੇਯੋਗ ਸੰਚਾਰ ਤੋਂ ਵੀ ਮਿਲੀ ਹੈ।

ਉਹ ਕਹਿੰਦੇ ਹਨ, "ਯੂਐਸਏ ਟੂਰਿਜ਼ਮ ਬੋਰਡ ਪੱਤਰਕਾਰਾਂ ਨੂੰ ਜਵਾਬ ਦਿੰਦੇ ਹਨ, ਉਹ ਮਾਰਕੀਟਿੰਗ ਮੁਹਿੰਮਾਂ ਦੀ ਪਾਲਣਾ ਕਰਦੇ ਹਨ, ਉਹ ਆਪਣੀ ਨੌਕਰੀ ਵਿੱਚ ਬਿਹਤਰ ਪ੍ਰਾਪਤ ਕਰਨ ਲਈ ਕਾਨਫਰੰਸਾਂ ਵਿੱਚ ਜਾਂਦੇ ਹਨ ਅਤੇ ਲੋਕਾਂ ਨੂੰ ਸਹਿਯੋਗ ਦੇਣ ਲਈ ਉਤਸੁਕ ਰਹਿੰਦੇ ਹਨ।"

"ਉਹ ਆਰਓਆਈ [ਨਿਵੇਸ਼ 'ਤੇ ਵਾਪਸੀ] ਨੂੰ ਦੇਖਦੇ ਹਨ ਅਤੇ ਕੀ ਕੰਮ ਕਰ ਰਿਹਾ ਹੈ ਤਾਂ ਜੋ ਉਹ ਅਗਲੇ ਸਾਲ ਆਪਣੀਆਂ ਮੁਹਿੰਮਾਂ ਵਿੱਚ ਸੁਧਾਰ ਕਰ ਸਕਣ।”

ਉਹ ਧਿਆਨ ਰੱਖਦੇ ਹਨ ਅਤੇ ਦੇਖਦੇ ਹਨ ਕਿ ਦੂਸਰੇ ਕਿਸ ਨਾਲ ਸਫਲਤਾ ਪ੍ਰਾਪਤ ਕਰ ਰਹੇ ਹਨ।

ਉਹ ਨਿਯਮਿਤ ਤੌਰ 'ਤੇ ਆਪਣੀਆਂ ਸਰਹੱਦਾਂ ਤੋਂ ਬਾਹਰ ਦੇਖਦੇ ਹਨ ਅਤੇ ਘਰੇਲੂ ਯਾਤਰੀ ਅਧਾਰ ਲਈ ਮਾਰਕੀਟਿੰਗ ਨਾਲ ਸੰਤੁਸ਼ਟ ਨਹੀਂ ਰਹਿੰਦੇ ਹਨ।

ਲੇਫੇਲ ਸਾਲਾਨਾ ਆਈਪੀਡਬਲਿਊ ਕਾਨਫਰੰਸ ਦੇ ਵਾਧੇ ਵੱਲ ਇਸ਼ਾਰਾ ਕਰਦੇ ਹਨ ਇਹ ਦੁਨੀਆ ਦੇ ਸਭ ਤੋਂ ਵੱਡੇ ਇਨਬਾਉਂਡ ਟਰੈਵਲ ਟ੍ਰੇਡ ਸ਼ੋਅ ਵਿੱਚੋਂ ਇੱਕ ਹੈ।

ਜੋ ਕਿ ਕੌਮਾਂਤਰੀ ਟੂਰ ਆਪਰੇਟਰਾਂ ਕੋਲ ਭਵਿੱਖੀ ਯਾਤਰਾ ਦੀਆਂ ਸੰਭਾਵਨਾਂਵਾਂ ਸਬੰਧੀ ਹੈ।

ਐਬਲਸਨ ਦੇ ਮੁਤਾਬਕ, ਅਮਰੀਕਾ-ਅਧਾਰਤ ਵਿਜ਼ਟਰ ਬਿਊਰੋ ਅਤੇ ਡੈਸਟੀਨੇਸ਼ਨ ਪ੍ਰਬੰਧਨ ਸੰਸਥਾਵਾਂ ਵਿੱਚ ਵੀ ਮਜ਼ਬੂਤ ਜਾਣਕਾਰੀ ਕੇਂਦਰ ਹੁੰਦੇ ਹਨ ਜੋ ਇੱਕ ਬਿਹਤਰੀਨ ਡਿਜ਼ੀਟਲ ਮੌਜੂਦਗੀ ਦਾ ਸਮਰਥਨ ਕਰਦੇ ਹਨ।

ਉਹ ਕਹਿੰਦੇ ਹਨ, "ਸੈਰ-ਸਪਾਟਾ ਪੇਸ਼ੇਵਰਾਂ ਲਈ ਸਿਖਲਾਈ ਅਤੇ ਸਿੱਖਿਆ ਉਦਯੋਗ ਦੀਆਂ ਲੋੜਾਂ ਅਤੇ ਰੁਝਾਨਾਂ ਦੇ ਜਵਾਬ ਵਿੱਚ ਵਿਕਸਤ ਹੋ ਰਿਹਾ ਹੈ।"

ਯਾਤਰਾ ਤਕਨੀਕ ਅਪਣਾਉਣ ਅਤੇ ਏਆਈ ਵਰਗੀਆਂ ਨਵੀਆਂ ਤਕਨੀਕਾਂ ਵਰਗੇ ਮਹਾਂਮਾਰੀ ਦੇ ਤੇਜ਼ ਰੁਝਾਨਾਂ ਤੋਂ ਯਾਤਰੀਆਂ ਦੀ ਖੋਜ ਅਤੇ ਯਾਤਰਾ ਬੁੱਕ ਕਰਨ ਦੇ ਤਰੀਕੇ ਨੂੰ ਬਦਲਣ ਦੀ ਉਮੀਦ ਕੀਤੀ ਜਾਂਦੀ ਹੈ।

ਸਿਖਲਾਈ ਨੂੰ ਉਦਯੋਗ ਦੇ ਸਮਰਥਨ ਦੁਆਰਾ ਵੀ ਉਤਸ਼ਾਹਿਤ ਕੀਤਾ ਗਿਆ ਹੈ, ਖਾਸ ਤੌਰ 'ਤੇ ਬ੍ਰਾਂਡ ਯੂਐੱਸਏ ਅਤੇ ਯੂਐੱਸਟੀਏ ਵਰਗੀਆਂ ਸੰਸਥਾਵਾਂ ਵੱਲੋਂ। ਇਹ ਸੰਸਥਾਵਾਂ ਅਮਰੀਕਾ ਨੂੰ ਇੱਕ ਪ੍ਰਮੁੱਖ ਯਾਤਰਾ ਸਥਾਨ ਵਜੋਂ ਉਤਸ਼ਾਹਿਤ ਕਰਨ ਅਤੇ ਵੀਜ਼ਾ ਅਤੇ ਦਾਖਲਾ ਨੀਤੀਆਂ ਬਾਰੇ ਦੁਨੀਆਂ ਭਰ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਦਾ ਕੰਮ ਕਰਦੀਆਂ ਹਨ।

ਅਮਰੀਕਾ ਕਦੇ ਵੀ ਆਪਣੀ ਸੂਖਮਤਾ ਜਾਂ ਛੋਟੇ ਪੈਮਾਨੇ 'ਤੇ ਕੰਮ ਕਰਨ ਲਈ ਨਹੀਂ ਜਾਣਿਆ ਜਾਂਦਾ ਹੈ ਅਤੇ ਜਦੋਂ ਇਸ ਦੀਆਂ ਸੈਰ-ਸਪਾਟਾ ਪੇਸ਼ਕਸ਼ਾਂ ਦੀ ਗੱਲ ਆਉਂਦੀ ਹੈ, ਤਾਂ ਇਹ ਫਾਰਮੂਲਾ ਇੱਕ ਤਾਕਤ ਸਾਬਤ ਹੋਇਆ ਹੈ।

ਲੈਫੇਲ ਕਹਿੰਦੇ ਹਨ, "ਜਦੋਂ ਅਮਰੀਕਾ ਵਿੱਚ ਇੱਕ ਰੁਝਾਨ 'ਤੇ ਚੱਲਦਾ ਹੈ, ਇਹ ਉਦੋਂ ਤੱਕ ਨਹੀਂ ਰੁਕਦਾ ਜਦੋਂ ਤੱਕ ਇਹ ਸੰਤ੍ਰਿਪਤ ਨਹੀਂ ਹੁੰਦਾ। ਵਾਈਨ, ਕਰਾਫਟ ਬੀਅਰ ਅਤੇ ਕੌਫੀ, ਜਾਂ ਸ਼ਹਿਰਾਂ ਵਿੱਚ ਬੱਚਿਆਂ ਲਈ ਅਜਾਇਬ ਘਰ, ਸੰਗੀਤ ਸਮਾਰੋਹ ਅਤੇ ਗਤੀਵਿਧੀਆਂ ਵੱਲ਼ ਹੀ ਵੇਖ ਲਓ।”

"ਅਸੀਂ ਉਦੋਂ ਤੱਕ ਨਹੀਂ ਰੁਕਦੇ ਜਦੋਂ ਤੱਕ ਅਸੀਂ ਹਰ ਕਿਸੇ ਨੂੰ ਗੁਣਵੱਤਾ ਜਾਂ ਵਿਭਿੰਨਤਾ ਵਿੱਚ ਪਾਰ ਨਹੀਂ ਕਰ ਲੈਂਦੇ।"

ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)