You’re viewing a text-only version of this website that uses less data. View the main version of the website including all images and videos.
ਵੀਅਤਨਾਮ ਜੰਗ ਨੇ ਕਿਵੇਂ ਥਾਈਲੈਂਡ ਨੂੰ ਸੈਕਸ ਟੂਰਿਜ਼ਮ ਦਾ ਕੇਂਦਰ ਬਣਾਇਆ
- ਲੇਖਕ, ਇਸਰੀਆ ਪ੍ਰੇਥੋਂਗਿਏਅਮ
- ਰੋਲ, ਬੀਬੀਸੀ ਪੱਤਰਕਾਰ
ਵੀਅਤਨਾਮ ਜੰਗ ਦੌਰਾਨ, ਅਮਰੀਕਾ ਨੇ ਉੱਤਰੀ ਵੀਅਤਨਾਮ 'ਤੇ ਬੰਬਾਰੀ ਕਰਨ ਲਈ ਥਾਈਂ ਏਅਰ ਬੇਸ ਦੀ ਵਰਤੋਂ ਕੀਤੀ।
ਹਜ਼ਾਰਾਂ ਅਮਰੀਕੀ ਫ਼ੌਜੀ ਥਾਈਲੈਂਡ ਵਿੱਚ ਸਨ ਅਤੇ ਉਨ੍ਹਾਂ ਦੇ ਸਥਾਨਕ ਔਰਤਾਂ ਨਾਲ ਸਬੰਧ ਦਾ ਮਤਲਬ ਸੀ ਕਿ ਉਹ ਕਈ ਬੱਚਿਆਂ ਦੇ ਪਿਤਾ ਸਨ।
ਪਰ ਇਨ੍ਹਾਂ ਬੱਚਿਆਂ ਦੇ ਪਿਤਾ, ਬਹੁਤੇ ਫ਼ੌਜੀ ਜੰਗ ਤੋਂ ਬਾਅਦ ਉਥੋਂ ਚਲੇ ਗਏ।
ਪੰਜਾਹ ਸਾਲਾਂ ਬਾਅਦ, ਨਵੇਂ ਡੀਐੱਨਏ ਟੈਸਟ ਇਨ੍ਹਾਂ ਵਿੱਚੋਂ ਕੁਝ ਕੁ ਬੱਚਿਆਂ ਨੂੰ ਉਨ੍ਹਾਂ ਦੇ ਜਨਮ ਵਿੱਚ ਹਿੱਸੇਦਾਰ ਪਿਤਾ ਨੂੰ ਮਿਲਣ ਵਿੱਚ ਦੁਬਾਰਾ ਕਾਮਯਾਬ ਹੋਏ ਹਨ।
ਮਾਂ ਦੀ ਬੇਵਸੀ
ਜੈਨੀ ਸਟੂਬਰ ਦਾ ਜਨਮ 1970 ਵਿੱਚ ਬੈਂਕਾਕ ਤੋਂ 140 ਕਿਲੋਮੀਟਰ ਦੱਖਣ-ਪੂਰਬ ਵਿੱਚ ਯੂ-ਟਾਪਾਓ ਏਅਰ ਬੇਸ ਦੇ ਨੇੜੇ ਇੱਕ ਨੌਜਵਾਨ ਥਾਈਂਂ ਔਰਤ ਦੇ ਘਰ ਹੋਇਆ ਸੀ।
“ਮੇਰੀ ਮਾਂ ਮੈਨੂੰ ਰੱਖ ਨਹੀਂ ਸੀ ਸਕਦੀ।
ਜੈਨੀ ਕਹਿੰਦੇ ਹਨ, “ਮੈਨੂੰ ਉਸ ਨੇ ਆਪਣੇ ਸਭ ਤੋਂ ਚੰਗੇ ਦੋਸਤ ਨੂੰ ਦੇ ਦਿੱਤਾ ਸੀ, ਪਰ ਦੋਸਤ ਵੀ ਮੈਨੂੰ ਨਹੀਂ ਰੱਖ ਸਕਿਆ।”
ਇਸ ਲਈ ਜੈਨੀ ਨੂੰ ਪਰਲ ਐੱਸ ਬਕ ਫਾਊਂਡੇਸ਼ਨ ਨੂੰ ਸੌਂਪ ਦਿੱਤਾ ਗਿਆ। ਇਹ ਇੱਕ ਕੌਮਾਂਤਰੀ ਸੰਸਥਾ ਹੈ ਜੋ "ਜੰਗ ਦੀ ਬਦੌਲਤ ਜਨਮੇ" ਅਣਚਾਹੇ ਬੱਚਿਆਂ ਦੀ ਦੇਖਭਾਲ ਕਰਦੀ ਹੈ।
ਕੋਈ ਨਹੀਂ ਜਾਣਦਾ ਸੀ ਕਿ ਜੈਨੀ ਦਾ ਪਿਤਾ ਕੌਣ ਸੀ।
ਉਨ੍ਹਾਂ ਕੋਲ ਸਿਰਫ਼ ਇਹ ਜਾਣਕਾਰੀ ਸੀ ਕਿ ਉਹ ਯੂ-ਟਾਪਾਓ ਵਿੱਚ ਕੰਮ ਕਰਦਾ ਇੱਕ ਅਮਰੀਕੀ ਸੈਨਿਕ ਸੀ।
ਯੂ-ਟਾਪਾਓ ਵੀਅਤਨਾਮ ਜੰਗ ਦੌਰਾਨ ਥਾਈਲੈਂਡ ਵਿੱਚ ਬਣੇ ਅੱਠ ਅਮਰੀਕੀ ਹਵਾਈ ਬੇਸਾਂ ਵਿੱਚੋਂ ਇੱਕ ਸੀ ਅਤੇ ਉਨ੍ਹਾਂ ਦੇ ਬੀ-52 ਬੰਬਾਰਾਂ ਲਈ ਇੱਕ ਪ੍ਰਾਇਮਰੀ ਏਅਰਫੀਲਡ ਸੀ।
1965 ਅਤੇ 1973 ਦੇ ਵਿਚਕਾਰ, ਉੱਤਰੀ ਵੀਅਤਨਾਮ ਵਿੱਚ ਕਮਿਊਨਿਸਟ ਸ਼ਾਸਨ ਵਿਰੁੱਧ ਲੜਨ ਲਈ ਹਰ ਸਾਲ ਲੱਖਾਂ ਅਮਰੀਕੀ ਫ਼ੌਜੀਆਂ ਨੂੰ ਇਸ ਇਲਾਕੇ ਵਿੱਚ ਭੇਜਿਆ ਗਿਆ।
ਯੂਐੱਸ ਡਿਪਾਰਟਮੈਂਟ ਆਫ਼ ਵੈਟਰਨ ਅਫ਼ੇਅਰਜ਼ ਦੇ ਰਿਕਾਰਡ ਦਰਸਾਉਂਦੇ ਹਨ ਕਿ ਕੁੱਲ 34 ਲੱਖ ਅਮਰੀਕੀ ਦੱਖਣ-ਪੂਰਬੀ ਏਸ਼ੀਆ ਵਿੱਚ ਤੈਨਾਤ ਕੀਤੇ ਗਏ ਸਨ।
ਅਮਰੀਕਾ ਕਮਿਊਨਿਜ਼ਮ ਦੇ ਫੈਲਾਅ ਤੋਂ ਬਾਅਦ ਸ਼ੀਤ ਯੁੱਧ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਚਿੰਤਿਤ ਸੀ ਤੇ ਉਸ ਦੀਆਂ ਕਾਰਵਾਈਆਂ ਇਸੇ ਰੁਖ਼ ਉੱਤੇ ਨਿਰਭਰ ਸਨ।
ਖ਼ਾਸ ਤੌਰ 'ਤੇ ‘ਡੋਮਿਨੋ ਥਿਊਰੀ’ ਦੇ ਕਾਰਨ ਉਸ ਨੂੰ ਡਰ ਸੀ ਕਿ ਜੇ ਇੱਕ ਏਸ਼ਿਆਈ ਕੌਮ ਖੱਬੇਪੱਖੀ ਵਿਚਾਰਧਾਰਾ ਦਾ ਸਮਰਥਨ ਕਰਨ ਲੱਗੀ ਤਾਂ ਹੋਰ ਦੇਸ਼ ਵੀ ਜਲਦ ਹੀ ਇਸ ਰਾਹ ਉੱਤੇ ਤੁਰ ਪੈਣਗੇ।
ਜੰਗ ਦੇ ਸਿਖ਼ਰ 'ਤੇ, ਥਾਈਲੈਂਡ ਵਿੱਚ ਤਕਰੀਬਨ 50,000 ਅਮਰੀਕੀ ਫੌਜੀ ਤੈਨਾਤ ਸਨ।
ਇਸ ਦੌਰਾਨ ਸੈਂਕੜੇ ਫੌਜੀਆਂ ਨੇ ਨਿਯਮਤ ਤੌਰ ’ਤੇ ਥਾਈਲੈਂਡ ਦੇ ਅੰਦਰ ਅਤੇ ਬਾਹਰ ਯਾਤਰਾ ਕੀਤੀ।
ਬਾਰ, ਨਾਈਟ ਕਲੱਬ, ਵੇਸ਼ਵਾਘਰ, ਅਤੇ ਮਨੋਰੰਜਨ ਸਥਾਨ ਅਮਰੀਕੀ ਏਅਰ ਬੇਸ ਦੇ ਆਲੇ ਦੁਆਲੇ ਬਣੇ ਰੈੱਡ-ਲਾਈਟ ਜ਼ਿਲ੍ਹਿਆਂ ਦਾ ਹਿੱਸਾ ਬਣ ਗਏ।
ਬਹੁਤ ਸਾਰੇ ਫੌਜੀਆਂ ਦੇ ਸਥਾਨਕ ਔਰਤਾਂ ਨਾਲ ਥੋੜ੍ਹੇ ਸਮੇਂ ਲਈ ਸਬੰਧ ਬਣ ਗਏ ਸਨ।
ਜੈਨੀ ਦਾ ਜਨਮ ਅਜਿਹੇ ਹੀ ਇੱਕ ਰਿਸ਼ਤੇ ਤੋਂ ਹੋਇਆ ਸੀ।
ਤਿੰਨ ਹਫ਼ਤਿਆਂ ਦੀ ਉਮਰ ਵਿੱਚ, ਉਸਨੂੰ ਇੱਕ ਸਵਿਸ ਜੋੜੇ ਨੇ ਗੋਦ ਲੈ ਲਿਆ ਸੀ, ਜੋ ਉਸ ਸਮੇਂ ਥਾਈਲੈਂਡ ਵਿੱਚ ਕੰਮ ਕਰ ਰਿਹਾ ਸੀ।
ਆਪਣੇ ਸਵਿਸ ਭੈਣ-ਭਰਾਵਾਂ ਨਾਲ ਪਲ਼ ਰਹੀ ਜੈਨੀ ਨੇ ਮਹਿਸੂਸ ਨਹੀਂ ਕੀਤਾ ਕਿ ਉਹ ਉਨ੍ਹਾਂ ਤੋਂ ਵੱਖਰੀ ਹੈ।
ਇੱਕ ਦਿਨ ਤੱਕ ਜੈਨੀ ਦਾ ਆਪਣੇ ਪਰਿਵਾਰ ਨਾਲੋਂ ਅਲੱਗ ਹੋਣ ਦਾ ਅਹਿਸਾਸ ਹੋਰ ਪੁਖ਼ਤਾ ਹੋ ਗਿਆ।
ਬੈਂਕਾਕ ਵਿੱਚ ਇੱਕ ਡਿਪਾਰਟਮੈਂਟ ਸਟੋਰ ਵਿੱਚ, ਇੱਕ ਔਰਤ ਨੇ ਮੈਨੂੰ ਪੁੱਛਿਆ ਕਿ ਮੇਰੀ ਮਾਂ ਕਿੱਥੇ ਹੈ।”
“ਮੈਂ ਆਪਣੀ ਮਾਂ ਵੱਲ ਇਸ਼ਾਰਾ ਕੀਤਾ, ਇੱਕ ਸੁਨਹਿਰੀ ਔਰਤ ਜੋ ਨੇੜੇ ਹੀ ਖੜੀ ਸੀ।”
ਜੈਨੀ ਯਾਦ ਕਰਦੇ ਹਨ,“ਉਹ ਔਰਤ ਕੁਝ ਉਲਝੀ ਹੋਈ ਨਜ਼ਰ ਆਈ।”
ਰਾਤ ਨੂੰ ਸੌਣ ਸਮੇਂ ਜੋ ਕਹਾਣੀਆਂ ਸੁਣਾਈਆ ਗਈਆਂ ਉਨ੍ਹਾਂ ਤੋਂ ਜੈਨੀ ਨੂੰ ਪਤਾ ਲੱਗਿਆ ਕਿ ਉਸ ਨੂੰ ਗੋਦ ਲਿਆ ਗਿਆ ਸੀ।
ਜਦੋਂ ਜੈਨੀ 14 ਸਾਲ ਦੀ ਸੀ ਤਾਂ ਪਰਿਵਾਰ ਸਵਿਟਜ਼ਰਲੈਂਡ ਜਾ ਕੇ ਰਹਿਣ ਲੱਗਿਆ।
ਜੈਨੀ ਨੇ ਆਪਣੇ ਆਪ ਨਾਲ ਵਾਅਦੀ ਕੀਤਾ ਕਿ ਉਹ ਉਸ ਨੂੰ ਜਨਮ ਦੇਣ ਵਾਲੇ ਮਾਤਾ-ਪਿਤਾ ਨੂੰ ਲੱਭਣ ਲਈ ਇੱਕ ਦਿਨ ਥਾਈਲੈਂਡ ਵਾਪਸ ਆਵੇਗੀ।
2022 ਵਿੱਚ ਜੈਨੀ ਨੇ ਡੀਐੱਨਏ ਟੈਸਟ ਕਰਵਾਇਆ ਅਤੇ ਉਹ ਅਮਰੀਕਾ ਵਿੱਚ ਆਪਣੇ ਪਿਤਾ ਨੂੰ ਲੱਭਣ ਦੇ ਯੋਗ ਹੋ ਗਈ ਸੀ।
ਪਰ ਜੈਨੀ ਦਾ ਸਫ਼ਰ ਬਹੁਤ ਲੰਬਾ ਸੀ, ਹੁਣ 53 ਸਾਲਾਂ ਦੀ ਹੈ ਤੇ ਅਜੇ ਵੀ ਆਪਣੀ ਥਾਈ ਮਾਂ ਦੀ ਬੇਸਬਰੀ ਨਾਲ ਭਾਲ ਕਰ ਰਹੀ ਹੈ।
ਜੈਨੀ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹਨ ਤੇ ਉਹ ਕਹਿੰਦੇ ਹਨ, "ਮੈਂ ਆਪਣੇ ਆਪ ਨੂੰ ਦੱਸਦੀ ਹਾਂ ਕਿ ਮੈਂ ਸ਼ਾਇਦ ਆਪਣੀ ਮਾਂ ਨੂੰ ਕਦੇ ਨਹੀਂ ਲੱਭ ਸਕਾਂਗੀ ਅਤੇ ਮੇਰੀ ਕਹਾਣੀ ਦਾ ਅੰਤ ਕਦੇ ਵੀ ਸੁਖੀ ਨਹੀਂ ਹੋਵੇਗਾ।"
ਜੰਗ ਅਤੇ ਸੈਕਸ ਟੂਰਿਜ਼ਮ
ਲੰਬੀ ਜੰਗ ਦੌਰਾਨ ਅਮਰੀਕਾ ਦੀ ਭਾਰੀ ਲਾਗਤ ਲੱਗੀ ਤੇ ਉਸ ਨੂੰ ਵੱਡੇ ਜਾਨੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਨੇ ਫ਼ੌਜਾਂ 1973 ਵਿੱਚ ਵਾਪਸ ਸੱਦ ਲਈਆਂ ਗਈਆਂ ਸਨ। ਦੋ ਸਾਲ ਬਾਅਦ, ਗ਼ੈਰ-ਕਮਿਊਨਿਸਟ ਦੱਖਣੀ ਵੀਅਤਨਾਮ ਨੇ ਕਮਿਊਨਿਸਟ ਉੱਤਰੀ ਖੇਤਰ ਉੱਤੇ ਆਪਣੀ ਸਾਰੀ ਜਾਨ ਲਾ ਕੇ ਹਮਲਾ ਕਰ ਦਿੱਤਾ।
ਅਮਰੀਕੀ ਮੌਜੂਦਗੀ ਨੇ ਨਾਟਕੀ ਢੰਗ ਨਾਲ ਥਾਈਲੈਂਡ ਦੀ ਕੌਮਾਂਤਰੀ ਧਾਰਨਾ ਨੂੰ ਬਦਲ ਦਿੱਤਾ ਅਤੇ ਇੱਥੇ ਸੈਰ-ਸਪਾਟੇ ਵਿੱਚ ਵੀ ਵਾਧਾ ਹੋਇਆ।
1960 ਵਿੱਚ ਸਿਰਫ਼ 200,000 ਕੌਮਾਂਤਰੀ ਅਤੇ ਘਰੇਲੂ ਸੈਲਾਨੀਆਂ ਵਿੱਚੋਂ, ਦੇਸ਼ ਨੇ 1970 ਵਿੱਚ 800,000 ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਅਤੇ ਇੱਕ ਦਹਾਕੇ ਬਾਅਦ 50 ਲੱਖ ਲੋਕ ਥਾਈਲੈਂਡ ਘੁੰਮਣ ਪਹੁੰਚੇ।
ਵੀਅਤਨਾਮ ਜੰਗ ਦੇ ਪੰਜਾਹ ਸਾਲ ਬਾਅਦ, ਥਾਈਲੈਂਡ ਸੈਰ-ਸਪਾਟੇ ਲਈ ਇੱਕ ਪ੍ਰਮੁੱਖ ਕੌਮਾਂਤਰੀ ਸਥਾਨ ਬਣਿਆ ਹੋਇਆ ਹੈ।
ਇੰਨਾ ਹੀ ਨਹੀਂ ਇਹ ਸੈਕਸ ਟੂਰਿਜ਼ਮ ਲਈ ਇੱਕ ਹੱਬ ਜੋ ਕਿ ਅੰਸ਼ਕ ਤੌਰ 'ਤੇ ਜੰਗ ਦੇ ਯੁੱਗ ਦੀ ਵਿਰਾਸਤ ਸੀ।
ਟੀਵੀ ’ਤੇ ਅਪੀਲਾਂ
ਜੈਨੀ ਸਟੂਬਰ ਦੇ ਜਨਮ ਤੋਂ ਕੁਝ ਸਾਲ ਪਹਿਲਾਂ, ਮੌਰਿਸ ਕੇ ਪਲੇ ਰੌਬਰਟਸ ਨੂੰ ਵੀ ਗੋਦ ਲਿਆ ਗਿਆ ਸੀ।
ਮੌਰਿਸ ਦਾ ਜਨਮ ਵੀ ਇੱਕ ਅਮਰੀਕੀ ਸੈਨਿਕ ਨਾਲ ਉਸਦੀ ਥਾਈ ਮਾਂ ਦੇ ਰਿਸ਼ਤੇ ਤੋਂ ਬਾਅਦ ਹੋਇਆ ਸੀ।
ਉਸਦੀ ਮਾਂ ਨੇ ਉਸਨੂੰ ਪਰਲ ਐੱਸ ਬਕ ਨੂੰ ਸੌਂਪ ਦਿੱਤਾ ਸੀ। ਇਹ ਉਹੀ ਫਾਊਂਡੇਸ਼ਨ ਹੈ ਜਿਸ ਨੇ ਜੈਨੀ ਨੂੰ ਗੋਦ ਲੈਣ ਵਿੱਚ ਸਵਿਸ ਪਰਿਵਾਰ ਦੀ ਮਦਦ ਕੀਤੀ ਸੀ।
ਫਾਊਂਡੇਸ਼ਨ ਨੇ ਅੰਦਾਜ਼ਾ ਲਗਾਇਆ ਕਿ 1968 ਤੱਕ ਆਏ ‘2,000 ਤੋਂ ਵੱਧ’ ਬੱਚਿਆਂ ਵਿੱਚੋਂ ਅੱਧੇ ਥਾਈ ਸਨ,
ਅੱਧੇ-ਅਮਰੀਕੀ ਸਨ, ਜਿਨ੍ਹਾਂ ਦੇ ਜਨਮ ਲਈ ਜ਼ਿੰਮੇਵਾਰ ਪਿਤਾ ਜੰਗ ਦੌਰਾਨ ਥਾਈਲੈਂਡ ਵਿੱਚ ਤੈਨਾਤ ਸਨ।
ਇਸ ਸੰਸਥਾ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਵਿੱਚੋਂ ਸਿਰਫ਼ 5 ਫ਼ੀਸਦੀ ਪਿਤਾ ਜੋ ਜੰਗ ਤੋਂ ਬਾਅਦ ਅਮਰੀਕਾ ਵਾਪਸ ਚਲੇ ਗਏ ਸਨ ਉਨ੍ਹਾਂ ਨੇ ਥਾਈਲੈਂਡ ਵਿੱਚ ਆਪਣੇ ਬੱਚਿਆਂ ਲਈ ਵਿੱਤੀ ਸਹਾਇਤਾ ਮੁਹੱਈਆ ਕਰਵਾਈ।
ਪਰ ਜਿਨ੍ਹਾਂ ਨੇ ਸ਼ੁਰੂ ਵਿੱਚ ਅਜਿਹਾ ਕੀਤਾ, ਉਨ੍ਹਾਂ ਵਿੱਚੋਂ ਬਹੁਤਿਆਂ ਨੇ ਇੱਕ ਸਾਲ ਬਾਅਦ ਹੀ ਪੈਸੇ ਭੇਜਣੇ ਬੰਦ ਕਰ ਦਿੱਤੇ।
ਅੱਜ, ਉਹ ਇੱਕ ਮਸ਼ਹੂਰ ਅਦਾਕਾਰ ਅਤੇ ਟੀਵੀ ਪ੍ਰੀਜੈਂਟਰ ਹੈ।
ਪਰ ਉਹ ਆਪਣੇ ਬਚਪਨ ਨੂੰ ਅਣਗੌਲਿਆ ਕਰਨ ਦੇ ਸਮੇਂ ਦੀ ਗੱਲ ਕਰਦੇ ਹਨ।
ਉਹ ਕਹਿੰਦੇ ਹਨ ਕਿ ਉਨ੍ਹਾਂ ‘ਨੌਕਰ ਵਜੋਂ’ ਪਾਲਿਆ ਗਿਆ ਸੀ ਤੇ ਉਸ ਨੂੰ ਢਿੱਡ ਭਰਨ ਜੋਗੇ ਭੋਜਨ ਲਈ ਕੰਮ ਕਰਨਾ ਪੈਂਦਾ ਸੀ।
“ਘਰ ਵਿੱਚ, ਮੈਨੂੰ ਮਾਰਿਆ ਗਿਆ, ਲੱਤਾਂ ਮਾਰੀਆਂ ਗਈਆਂ ਅਤੇ ਜ਼ੁਬਾਨੀ ਗਾਲ੍ਹਾਂ ਦਿੱਤੀਆਂ ਗਈਆਂ, ਸਕੂਲ ਵਿੱਚ, ਮੈਂ ਦੂਜੇ ਬੱਚਿਆਂ ਨਾਲ ਲੜਦਾ ਸੀ।”
“ਮੇਰੀ ਗਾੜੇ ਰੰਗ ਦੀ ਚਮੜੀ ਦਾ ਮਤਲਬ ਸੀ ਕਿ ਮੈਨੂੰ ਗੰਦਾ ਸਮਝਿਆ ਜਾਂਦਾ ਸੀ, ਜੋ ਉਨ੍ਹਾਂ ਲਈ ਇੱਕ ਮਾੜਾ ਸੀ।”
ਉਹ ਕਈ ਵਾਰ ਘਰੋਂ ਭੱਜੇ ਪਰ ਹਮੇਸ਼ਾ ਵਾਪਸ ਪਰਤ ਆਏ।
17 ਸਾਲ ਦੀ ਉਮਰ ਵਿੱਚ, ਮੌਰਿਸ ਨੇ ਅੰਤ ਵਿੱਚ ਆਪਣਾ ਇਹ ਘਰ ਛੱਡ ਦਿੱਤਾ ਅਤੇ ਪਟਾਯਾ ਵਿੱਚ ਪਰਲ ਐੱਸ ਬਕ ਫਾਊਂਡੇਸ਼ਨ ਨਾਲ ਸੰਪਰਕ ਕੀਤਾ।
ਉਨ੍ਹਾਂ ਦੇ ਸਹਿਯੋਗ ਨਾਲ, ਉਹ ਆਪਣੀ ਵੋਕੇਸ਼ਨਲ ਡਿਗਰੀ ਪੂਰੀ ਕਰਨ ਦੇ ਯੋਗ ਹੋ ਗਏ।
ਫਿਰ ਉਹ ਥਾਈਲੈਂਡ ਦੇ ਮਨੋਰੰਜਨ ਕਾਰੋਬਾਰ ਵਿੱਚ ਆ ਗਏ ਅਤੇ ਸਟੇਜ ਨਾਮ ਮੌਰਿਸ ਕੇ ਦੇ ਨਾਲ, ਟੀਵੀ ਸ਼ੋਅ ਦੀ ਮੇਜ਼ਬਾਨੀ ਕਰਨ ਲੱਗੇ।
ਆਪਣੇ ਸ਼ੋਅ 'ਤੇ, ਉਨ੍ਹਾਂ ਨੇ ਕਿਸੇ ਵੀ ਵਿਅਕਤੀ ਨੂੰ ਆਪਣੀ ਮਾਂ ਬਾਰੇ ਜਾਣਕਾਰੀ ਰੱਖਣ ਲਈ ਅੱਗੇ ਆਉਣ ਦੀ ਅਪੀਲ ਕੀਤੀ।
1995 ਵਿੱਚ ਜਦੋਂ ਮੌਰਿਸ 34 ਸਾਲਾਂ ਦੇ ਸਨ ਜੋਂ ਉਹ ਉਨ੍ਹਾਂ ਦੇ ਅਪਾਰਟਮੈਂਟ ਵਿੱਚ ਆਈ।
“ਅਸੀਂ ਆਪਣੇ ਆਪ ਨੂੰ ਇੱਕ ਦੂਜੇ ਦੀਆਂ ਬਾਹਾਂ ਵਿੱਚ ਨਹੀਂ ਸੁੱਟਿਆ, ਭਾਵੇਂ ਮੈਂ ਉਸ ਨੂੰ ਜੱਫੀ ਪਾਉਣਾ ਚਾਹੁੰਦਾ ਸੀ।”
ਉਹ ਕਹਿੰਦੇ ਹਨ, “ਮਾਂ ਦੇ ਪਿਆਰ ਦੀ ਲੋੜ ਗੁੱਸੇ ਵਿੱਚ ਬਦਲ ਗਈ। ਮੈਂ ਜਾਣਨਾ ਚਾਹੁੰਦਾ ਸੀ ਕਿ ਉਸਨੇ ਮੈਨੂੰ ਕਿਉਂ ਛੱਡ ਦਿੱਤਾ।ֲ”
ਮਾਂ ਨੇ ਉਸ ਨੂੰ ਦੱਸਿਆ ਕਿ ਇੱਕ ਥਾਈ ਔਰਤ ਲਈ ਪਿਤਾ ਤੋਂ ਬਿਨ੍ਹਾਂ ਕਿਸੇ ਕਾਲੇ ਬੱਚੇ ਨੂੰ ਚੁੱਕਣਾ ਇੱਕ ਕਲੰਕ ਸੀ।
ਮੌਰਿਸ ਨੂੰ ਦੱਸਿਆ ਗਿਆ, "ਮੇਰੇ ਬਿਨਾਂ ਉਹ ਦੁਬਾਰਾ ਵਿਆਹ ਕਰ ਸਕਦੀ ਸੀ, ਇੱਕ ਸਹੀ ਪਰਿਵਾਰ ਰੱਖ ਸਕਦੀ ਸੀ,"
ਮੌਰਿਸ ਨੂੰ ਪਤਾ ਲੱਗਿਆ ਕਿ ਉਸਦੇ ਪਿਤਾ ਇੱਕ ਅਮਰੀਕੀ ਸਿਪਾਹੀ ਸਨ ਜੋ ਬੈਂਕਾਕ ਦੇ ਪੂਰਬ ਵਿੱਚ, ਚਾਚੋਏਂਗਸਾਓ ਸੂਬੇ ਨੇੜੇ ਜ਼ਮੀਨੀ ਕੰਮ ਕਰਦੇ ਸਨ, ਜਿੱਥੇ ਉਹ ਉਸਦੀ ਥਾਈ ਮਾਂ ਨੂੰ ਮਿਲੇ ਸਨ।
ਉਨ੍ਹਾਂ ਨੇ ਥੋੜ੍ਹੇ ਸਮੇਂ ਲਈ ਡੇਟ ਕੀਤੀ, ਪਰ ਫਿਰ ਉਹ ਉਸਨੂੰ ਦੱਸੇ ਬਿਨਾਂ ਥਾਈਲੈਂਡ ਛੱਡ ਕੇ ਚਲੇ ਗਏ।
“ਉਸਨੂੰ ਮੌਰਿਸ ਦੇ ਬਾਪ ਦਾ ਨਾਮ ਯਾਦ ਨਹੀਂ ਸੀ। ਉਸਨੇ ਸਾਰੀਆਂ ਫੋਟੋਆਂ ਅਤੇ ਹੋਰ ਸਭ ਕੁਝ ਸਾੜ ਦਿੱਤਾ ਸੀ।”
“ਮੇਰੀ ਮਾਂ ਉਸ ਬਾਰੇ ਸਭ ਕੁਝ ਭੁੱਲਣਾ ਚਾਹੁੰਦੀ ਸੀ, ਲੋਕ ਉਸ ਨੂੰ ਸੈਕਸ ਵਰਕਰ ਸਮਝਦੇ ਸਨ।
ਇਨ੍ਹਾਂ ਅਣਚਾਹੇ ਬੱਚਿਆਂ ਦੇ ਨਾਲ, ਥਾਈਲੈਂਡ ਵਿੱਚ ਵਿਆਪਕ ਵੇਸਵਾਗਮਨੀ ਵੀ ਉਨ੍ਹਾਂ ਸਾਲਾਂ ਦਾ ਪ੍ਰਤੀਬਿੰਬ ਪੇਸ਼ ਕਰਦੀ ਹੈ।
ਬ੍ਰਿਸਟਲ ਯੂਨੀਵਰਸਿਟੀ ਦੇ ਪ੍ਰੋਫੈਸਰ ਯਾਨੋਸ ਜ਼ੈਲਬਰਬਰਗ ਦਾ ਕਹਿਣਾ ਹੈ ਕਿ ਅਮਰੀਕੀ ਹਵਾਈ ਅੱਡੇ ਦੇ ਨੇੜੇ ਰੈੱਡ-ਲਾਈਟ ਜ਼ਿਲ੍ਹਿਆਂ ਦਾ ਵਿਕਾਸ ਵੀਅਤਨਾਮ ਜੰਗ ਦੌਰਾਨ ਦੇਸ਼ ਵਿੱਚ ਫੌਜੀ ਮੌਜੂਦਗੀ ਦਾ ਨਤੀਜਾ ਸੀ।
ਉਹ ਕਹਿੰਦੇ ਹਨ, “ਥਾਈਲੈਂਡ ਇਸ ਗੱਲ ਦੀ ਸਪੱਸ਼ਟ ਉਦਾਹਰਣ ਹੈ ਕਿ ਸੈਕਸ ਉਦਯੋਗ ਕਿਵੇਂ ਵਿਕਸਤ ਹੁੰਦਾ ਹੈ।”
ਅਮਰੀਕੀ ਫ਼ੌਜੀ ਵੀਅਤਨਾਮ ਵਿੱਚ ਲੜਨ ਲਈ ਗਏ ਸਨ ਪਰ ਉਨ੍ਹਾਂ ਨੇ ਥਾਈਲੈਂਡ ਵਿੱਚ ਆਪਣਾ ਆਫ-ਡਿਊਟੀ ਸਮਾਂ ਆਰਾਮ ਨਾਲ ਬਿਤਾਇਆ।
ਪ੍ਰੋਫੈਸਰ ਜ਼ੈਲਬਰਬਰਗ ਕਹਿੰਦੇ ਹਨ,“ ਜਦੋਂ ਜੰਗ ਖ਼ਤਮ ਹੋਈ, ਫੌਜੀਆਂ ਦੀ ਤਾਂ ਸੈਲਾਨੀਆਂ ਨੇ ਲੈ ਲਈ। ”
ਭਾਵੇਂ ਦਹਾਕੇ ਪਹਿਲਾਂ ਫੌਜੀ ਚੌਕੀਆਂ ਬੰਦ ਹੋ ਗਈਆਂ ਸਨ ਪਰ ਇਸ ਤਾਰੀਖ ਤੱਕ, ਰੈੱਡ-ਲਾਈਟ ਡਿਸਟ੍ਰਿਕਟ ਸਥਿਤ ਹਨ ਜਿੱਥੇ ਅਮਰੀਕੀ ਬੇਸ ਖੜ੍ਹੇ ਹੁੰਦੇ ਸਨ।
'ਕਿਰਾਏ ਦੀਆਂ ਔਰਤਾਂ'
‘ਲਵ, ਮਨੀ ਐਂਡ ਓਬਲੀਗੇਸ਼ਨ’ (ਪਿਆਰ, ਪੈਸਾ ਅਤੇ ਜ਼ਿੰਮੇਵਾਰੀ ਦੇ ਲੇਖਕ) ਨਾਮ ਦੀ ਕਿਤਾਬ ਦੇ ਲੇਖਕ ਪੈਚਰਿਨ ਲਾਪਾਨੁਨ ਇੱਕ ਉੱਤਰ-ਪੂਰਬੀ ਥਾਈ ਪਿੰਡ ਵਿੱਚ ਕੌਮਾਂਤਰੀ ਵਿਆਹਾਂ ਬਾਰੇ ਦੱਸਦੇ ਹਨ ਕਿ ਥਾਈ ਔਰਤਾਂ ਅਤੇ ਅਮਰੀਕੀ ਫੌਜੀ ਆਦਮੀਆਂ ਦਾ ਇੱਕ ਗੁੰਝਲਦਾਰ ਰਿਸ਼ਤਾ ਸੀ।
ਲੇਖਕ ਦਾ ਕਹਿਣਾ ਹੈ, "ਕਈ ਮਾਮਲਿਆਂ ਵਿੱਚ ਉਹ ਕੁਝ ਮਹੀਨਿਆਂ ਲਈ ਇੱਕ ਜੋੜੇ ਵਜੋਂ ਇਕੱਠੇ ਰਹਿੰਦੇ ਸਨ, ਪਰ ਉਨ੍ਹਾਂ ਦਾ ਰਿਸ਼ਤਾ ਉਦੋਂ ਤੱਕ ਕਾਇਮ ਰਿਹਾ ਜਦੋਂ ਤੱਕ ਫੌਜੀਆਂ ਨੂੰ ਫਰੰਟਲਾਈਨ ਜਾਂ ਅਮਰੀਕਾ ਵਾਪਸ ਨਹੀਂ ਭੇਜਿਆ ਜਾਂਦਾ।”
ਥਾਈ ਸਮਾਜ ਵਿੱਚ ਕੁਝ ਲੋਕ ਇਨ੍ਹਾਂ ਔਰਤਾਂ ਨੂੰ ‘ਕਿਰਾਏ ਦੀਆਂ ਪਤਨੀਆਂ’ ਵਜੋਂ ਦੇਖਦੇ ਹਨ।
ਮੌਰਿਸ ਦੀ ਮਾਂ ਦੀ ਪਹਿਲੀ ਮੁਲਾਕਾਤ ਤੋਂ ਇੱਕ ਦਹਾਕੇ ਬਾਅਦ ਮੌਤ ਹੋ ਗਈ ਅਤੇ ਇਸ ਪ੍ਰੀਜੈਂਟਰ ਨੇ ਸੋਚਿਆ ਕਿ ਹੁਣ ਇਸ ਦੇ ਨਾਲ ਹੀ ਉਸ ਦੀ ਆਪਣੇ ਪਿਤਾ ਨੂੰ ਮਿਲਣ ਦੀ ਭਾਲ ਦਾ ਵੀ ਅੰਤ ਹੋ ਜਾਵੇਗਾ।
ਪਰ ਸਾਲਾਂ ਬਾਅਦ, ਉਸਨੇ ਇੱਕ ਅਮਰੀਕੀ ਕੰਪਨੀ ਨਾਲ ਡੀਐੱਨਏ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਜੋ ਕਿਸੇ ਦੇ ਪੁਰਖਿਆਂ ਦਾ ਪਤਾ ਲਗਾਉਣ ਲਈ ਸੀ।
ਨਤੀਜੇ ਸਾਹਮਣੇ ਆਏ ਅਤੇ ਉਸਨੇ ਆਖਰਕਾਰ ਇੱਕ ਚਚੇਰੇ ਭਰਾ ਦੀ ਪਛਾਣ ਹੋਈ। ਜਿਸ ਨਾਲ ਉਸ ਨੇ ਇਹ ਪੁੱਛਣ ਲਈ ਸੰਪਰਕ ਕੀਤਾ ਕਿ ਕੀ ਉਸਦੇ ਪਰਿਵਾਰ ਵਿੱਚ ਕੋਈ 1964 ਅਤੇ 1966 ਦੇ ਵਿਚਕਾਰ ਥਾਈਲੈਂਡ ਵਿੱਚ ਸੀ ਜਾਂ ਨਹੀਂ।
ਕੋਈ ਸੀ ਜੋ ਥਾਈਲੈਂਡ ਤੈਨਾਤ ਸੀ, ਇੱਕ ਸਾਬਕਾ ਸਿਪਾਹੀ ਜਿਸਦਾ ਨਾਮ ਈਸਾਯਾਹ ਰੌਬਰਟਸ ਸੀ।
2019 ਵਿੱਚ, ਚਚੇਰੇ ਭਰਾ ਨੇ ਮੌਰਿਸ ਅਤੇ ਈਸਾਯਾਹ ਵਿਚਕਾਰ ਬਹੁਤ ਸਾਰੇ ਲੋਕਾਂ ਦੀ ਪਹਿਲੀ ਵੀਡੀਓ ਕਾਲ ਦਾ ਪ੍ਰਬੰਧ ਕਰਨ ਵਿੱਚ ਮਦਦ ਕੀਤੀ। ਹੁਣ ਉਸ ਦੇ ਪਿਤਾ ਦੇ ਤਿੰਨ ਹੋਰ ਬੱਚੇ ਹਨ ਜੋ ਵੱਡੇ ਹੋ ਚੁੱਕੇ ਹਨ।
2022 ਵਿੱਚ ਅਤੇ ਕੋਵਿਡ ਮਹਾਂਮਾਰੀ ਦੇ ਕਾਰਨ ਮੌਰਿਸ ਪਹਿਲੀ ਵਾਰ ਆਪਣੇ 85-ਸਾਲਾ ਪਿਤਾ ਨੂੰ ਮਿਲਣ ਲਈ ਅਲਬਾਮਾ ਗਿਆ।
ਇੱਕ ਡੀਐੱਨਏ ਟੈਸਟ ਨੇ ਦਿਖਾਇਆ ਕਿ ਉਨ੍ਹਾਂ ਦਾ ਜੈਨੇਟਿਕ ਮੇਲ 99.6 ਫ਼ੀਸਦੀ ਤੱਕ ਸੀ।
ਮੌਰਿਸ ਕਹਿੰਦੇ ਹਨ, “ਮੇਰੇ ਡੈਡੀ ਨੇ ਕਿਹਾ ਕਿ ਸਾਨੂੰ ਹੋਰ ਡੀਐੱਨਏ ਟੈਸਟਾਂ ਦੀ ਲੋੜ ਨਹੀਂ ਹੈ, ਉਨ੍ਹਾਂ ਦਾ ਡੀਐੱਨਏ ਮੇਰੇ ਚਿਹਰੇ ਉੱਤੇ ਹੈ।”
ਯਸਾਯਾਹ ਨੇ ਵਾਇਸ ਆਫ਼ ਅਮਰੀਕਾ ਨਾਲ ਇੱਕ ਇੰਟਰਵਿਊ ਵਿੱਚ ਕਿਹਾ, “ਮੈਂ ਜਾਣਦਾ ਹਾਂ ਕਿ ਉਹ ਸ਼ਾਇਦ ਮੇਰਾ ਪੁੱਤ ਸੀ ਕਿਉਂਕਿ ਮੇਰਾ ਉਸਦੀ ਮਾਂ ਨਾਲ ਰਿਸ਼ਤਾ ਸੀ। ਮੈਂ ਉਸਨੂੰ ਅਸਵੀਕਾਰ ਨਹੀਂ ਕਰਾਂਗਾ।”
“ਮੈਂ ਉਸਨੂੰ ਸਵੀਕਾਰ ਕਰਦਾ ਹਾਂ ਅਤੇ ਜ਼ਿੰਮੇਵਾਰੀ ਲੈਂਦਾ ਹਾਂ।”
ਇਸ ਸਾਲ ਦੇ ਸ਼ੁਰੂ ਵਿੱਚ, ਮੌਰਿਸ ਨੇ ਥਾਈਲੈਂਡ ਵਿੱਚ ਆਪਣਾ ਟੀਵੀ ਕਰੀਅਰ ਛੱਡ ਦਿੱਤਾ ਅਤੇ ਆਪਣੇ ਪਿਤਾ ਨਾਲ ਰਹਿਣ ਲਈ ਅਮਰੀਕਾ ਚਲੇ ਗਏ।
ਉਹ ਆਪਣੀ ਨਵੀਂ ਜ਼ਿੰਦਗੀ ਦੀਆਂ ਵੀਡੀਓਜ਼ ਆਨਲਾਈਨ ਸ਼ੇਅਰ ਕਰਦੇ ਹਨ।
ਨਾਂ ਤੱਕ ਵੀ ਨਹੀਂ
ਜੈਨੀ ਸਟੂਬਰ ਆਪਣੇ ਪਿਤਾ ਨੂੰ ਜੱਫੀ ਪਾਉਂਦੇ ਹੋਏ ਮੌਰਿਸ ਦੇ ਵੀਡੀਓ ਦੇਖਦੀ ਹੈ ਅਤੇ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ ਹਨ।
ਉਸ ਨੇ 2022 ਵਿੱਚ ਇੱਕ ਡੀਐੱਨਏ ਟੈਸਟ ਜ਼ਰੀਏ ਆਪਣੇ ਪਿਤਾ ਨੂੰ ਵੀ ਲੱਭ ਲਿਆ - ਪਰ ਉਹ ਅਜੇ ਤੱਕ ਉਸ ਨੂੰ ਨਹੀਂ ਮਿਲੇ ਹਨ।
ਹੁਣ 78 ਸਾਲ ਦੀ ਉਮਰ ਵਿੱਚ ਉਹ ਅਮਰੀਕਾ ਦੀ ਜੇਲ੍ਹ ਵਿੱਚ ਸਮਾਂ ਕੱਟ ਰਿਹਾ ਹੈ।
ਉਹ ਚਿੱਠੀਆਂ ਅਤੇ ਫੋਟੋਆਂ ਜ਼ਰੀਏ ਇੱਕ ਦੂਜੇ ਦੇ ਸੰਪਰਕ ਵਿੱਚ ਹਨ ਤੇ ਉਸਨੂੰ ਵਿਸ਼ਵਾਸ ਹੈ ਕਿ ਉਹ ਸੱਚਮੁੱਚ ਉਸਦੀ ਧੀ ਹੈ।
ਜੈਨੀ ਕਹਿੰਦੇ ਹਨ, “ਮੈਂ ਉਸ ਨੂੰ ਪੁੱਛਿਆ ਕਿ ਮੇਰੀ ਮਾਂ ਕੌਣ ਸੀ। ਉਹ ਕਹਿੰਦਾ ਹੈ ਕਿ ਉਹ ਉਸਦਾ ਪੂਰਾ ਨਾਮ ਨਹੀਂ ਜਾਣਦਾ।”
“ਉਹ ਦਰਵਾਜ਼ਾ ਜੋ ਮੈਨੂੰ ਮੇਰੀ ਮਾਂ ਵੱਲ ਲੈ ਜਾ ਸਕਦਾ ਸੀ, ਬੰਦ ਹੋ ਗਿਆ ਹੈ।”
ਆਪਣੇ ਪੱਤਰਾਂ ਵਿੱਚ, ਜੈਨੀ ਦੇ ਪਿਤਾ ਨੇ ਯਾਦ ਕੀਤਾ ਕਿ ਉਸਦੀ ਮਾਂ ਯੂ-ਟਾਪਾਓ ਏਅਰ ਬੇਸ ਦੇ ਬਾਹਰ ਇੱਕ ਫੂਡ ਸਟਾਲ 'ਤੇ ਕੰਮ ਕਰਦੀ ਸੀ।
ਜਦੋਂ ਉਹ ਥਾਈਲੈਂਡ ਵਿੱਚ ਤੈਨਾਤ ਸੀ, ਉਹ ਤਕਰੀਬਨ 10 ਮਹੀਨਿਆਂ ਤੱਕ ਇੱਕ ਦੂਜੇ ਦੇ ਸੰਪਰਕ ਵਿੱਚ ਸਨ।
“ਫਿਰ ਮੇਰੇ ਪਿਤਾ ਨੂੰ 1970 ਵਿੱਚ ਅਮਰੀਕਾ ਵਾਪਸ ਬੁਲਾਇਆ ਗਿਆ।”
“ਫੌਜ ਉਸਦੇ ਛੋਟੇ ਭਰਾ ਨੂੰ ਸਾਈਗਨ (ਹੋ ਚੀ ਮਿਨ ਸਿਟੀ) ਭੇਜਣਾ ਚਾਹੁੰਦੀ ਸੀ, ਅਤੇ ਇੱਕ ਨਿਯਮ ਸੀ ਕਿ ਇੱਕੋ ਪਰਿਵਾਰ ਦੇ ਸਿਪਾਹੀਆਂ ਨੂੰ ਇੱਕੋ ਸਮੇਂ 'ਤੇ ਤੈਨਾਤ ਨਹੀਂ ਕੀਤਾ ਜਾ ਸਕਦਾ ਸੀ।”
ਪਿਤਾ ਕਹਿੰਦੇ ਹਨ ਕਿ ਉਨ੍ਹਾਂ ਨੂੰ ਕਦੇ ਨਹੀਂ ਪਤਾ ਲੱਗਾ ਕਿ ਫੂਡ ਸਟਾਲ ਦੀ ਥਾਈ ਔਰਤ ਗਰਭਵਤੀ ਸੀ।
ਜੈਨੀ ਆਪਣੇ ਪਿਤਾ ਬਾਰੇ ਦੱਸਦੇ ਹਨ ਕਿ ਉਸ ਨੇ ਬਾਅਦ ਵਿੱਚ ਵਿਆਹ ਕਰਵਾ ਲਿਆ ਸੀ ਪਰ ਤਲਾਕ ਹੋ ਗਿਆ ਤੇ ਉਨ੍ਹਾਂ ਦੇ ਦੋ ਹੋਰ ਬੱਚੇ ਹਨ ਜੋ ਹੁਣ ਬਾਲਗ ਹਨ।
"ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਕਦੇ ਮੇਰੀ ਮਾਂ ਦਾ ਪੂਰਾ ਨਾਮ ਨਹੀਂ ਪਤਾ ਸੀ, ਉਨ੍ਹਾਂ ਨੂੰ ਅਫਸੋਸ ਹੈ ਕਿ ਉਨ੍ਹਾਂ ਨੇ ਕਦੇ ਨਹੀਂ ਪੁੱਛਿਆ।"
ਜੈਨੀ ਕਈ ਵਾਰ ਥਾਈਲੈਂਡ ਵਾਪਸ ਗਈ ਅਤੇ ਉਸ ਖੇਤਰ ਦਾ ਦੌਰਾ ਕੀਤਾ ਜਿੱਥੇ ਖਾਣੇ ਦੇ ਸਟਾਲ ਖੜ੍ਹੇ ਹੁੰਦੇ ਸਨ।
ਉਸਨੇ ਆਂਢ-ਗੁਆਂਢ ਦੇ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਿੱਥੇ ਉਸਦਾ ਮੰਨਣਾ ਹੈ ਕਿ ਉਸਦੀ ਮਾਂ ਸ਼ਾਇਦ ਰਹਿੰਦੀ ਅਤੇ ਕੰਮ ਕਰਦੀ ਸੀ ਪਰ ਕੋਈ ਸੁਰਾਗ ਨਹੀਂ ਮਿਲਿਆ।
“ਮੈਂ ਉਸਦੀ ਤਸਵੀਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਮੇਰੇ ਪਿਤਾ ਨੇ ਮੈਨੂੰ ਕਿਹਾ, 'ਜੈਨੀ, ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖੋ, ਮੁਸਕਰਾਓ ਅਤੇ ਤੁਸੀਂ ਉਸਨੂੰ ਦੇਖੋਗੇ'।”
ਫਿਲਹਾਲ, ਜੈਨੀ ਨੂੰ ਉਮੀਦ ਹੈ ਕਿ ਉਸ ਦੇ ਪਿਤਾ ਨੂੰ ਮਾਫੀ ਮਿਲ ਜਾਵੇਗੀ ਅਤੇ ਜਲਦੀ ਹੀ ਉਹ ਜੇਲ੍ਹ ਤੋਂ ਬਾਹਰ ਆ ਜਾਣਗੇ।
ਉਹ ਉਸ ਨਾਲ ਵੀਡੀਓ ਚੈਟ ਕਰਨਾ ਪਸੰਦ ਕਰੇਗੀ।
ਜੈਨੀ ਕਹਿੰਦੇ ਹਨ, "ਉਮੀਦ ਹੈ ਅਜਿਹਾ ਹੋਵੇਗਾ, ਅਗਲੇ ਸਾਲ ਜਾਂ ਉਸ ਤੋਂ ਬਾਅਦ। ਪਰ ਕੌਣ ਜਾਣਦਾ ਹੈ, ਸ਼ਾਇਦ ਕਦੇ ਨਹੀਂ...।"