ਦੁਨੀਆਂ ਦੇ ਉਹ ਸੱਤ ਦੇਸ਼, ਜਿਨ੍ਹਾਂ ਦੀ ਕਮਾਨ ਭਾਰਤੀ ਮੂਲ ਦੇ ਲੋਕਾਂ ਕੋਲ ਹੈ

ਭਾਰਤੀ ਮੂਲ ਦੇ ਬ੍ਰਿਟੇਨ ਦੇ ਸੰਸਦ ਮੈਂਬਰ ਰਿਸ਼ੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣ ਗਏ ਹਨ। ਦੁਨੀਆਂ ਭਰ ਦੇ ਨੇਤਾਵਾਂ ਵਿੱਚ ਇਸ ਨੂੰ ਲੈ ਕੇ ਮਿਲੀ-ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਨੂੰ ਇਤਿਹਾਸਕ ਘਟਨਾ ਕਰਾਰ ਦਿੱਤਾ ਹੈ।

ਇਸ ਦੇ ਨਾਲ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਨਕ ਨੂੰ ਵਧਾਈ ਦਿੰਦਿਆਂ ਹੋਇਆ ਕਿਹਾ ਹੈ ਕਿ ਉਹ ਆਉਣ ਵਾਲੇ ਦਿਨਾਂ 'ਚ ਦੋਹਾਂ ਦੇਸ਼ਾਂ ਦੇ ਸਾਂਝੇ ਹਿੱਤਾਂ 'ਤੇ ਉਨ੍ਹਾਂ ਨਾਲ ਮਿਲ ਕੇ ਕੰਮ ਕਰਨਗੇ।

ਸੁਨਕ ਦੀ ਇਸ ਉਪਲੱਬਧੀ 'ਤੇ ਭਾਰਤੀ ਸੋਸ਼ਲ ਮੀਡੀਆ 'ਤੇ ਕਾਫੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ।

ਭਾਰਤੀ ਕਾਰੋਬਾਰੀ ਆਨੰਦ ਮਹਿੰਦਰਾ ਨੇ ਇਸ ਮੌਕੇ 'ਤੇ ਟਵੀਟ ਕੀਤਾ ਅਤੇ ਲਿਖਿਆ, "ਵਿੰਸਟਨ ਚਰਚਿਲ ਨੇ ਸਾਲ 1947 'ਚ ਭਾਰਤ ਦੀ ਆਜ਼ਾਦੀ ਦੇ ਮੌਕੇ 'ਤੇ ਕਿਹਾ ਸੀ ਕਿ 'ਭਾਰਤੀ ਨੇਤਾ ਘੱਟ ਯੋਗਤਾ ਵਾਲੇ ਲੋਕ ਹੋਣਗੇ'। ਅੱਜ, ਸਾਡੀ ਆਜ਼ਾਦੀ ਦੇ 75ਵੇਂ ਸਾਲ ਵਿੱਚ, ਅਸੀਂ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਦੇ ਦੇਖ ਰਹੇ ਹਾਂ... ਜ਼ਿੰਦਗੀ ਬਹੁਤ ਖੂਬਸੂਰਤ ਹੈ।"

ਇਸ ਮੌਕੇ ਦੁਨੀਆਂ ਦੇ ਬਾਕੀ ਸਾਰੇ ਮੁਲਕਾਂ ਵਿੱਚ ਉੱਚ ਅਹੁਦਿਆਂ 'ਤੇ ਬੈਠੇ ਭਾਰਤੀ ਮੂਲ ਦੇ ਆਗੂਆਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ।

ਇਸ ਸਮੇਂ ਅਮਰੀਕਾ ਤੋਂ ਲੈ ਕੇ ਬ੍ਰਿਟੇਨ, ਕੈਨੇਡਾ, ਸਿੰਗਾਪੁਰ, ਆਸਟ੍ਰੇਲੀਆ ਸਣੇ ਕਈ ਅਫਰੀਕੀ ਅਤੇ ਏਸ਼ੀਆਈ ਦੇਸ਼ਾਂ ਵਿਚ ਭਾਰਤੀ ਮੂਲ ਦੇ ਨੇਤਾ ਵੱਕਾਰੀ ਅਹੁਦਿਆਂ 'ਤੇ ਹਨ।

ਆਓ ਜਾਣਦੇ ਹਾਂ ਬ੍ਰਿਟੇਨ ਤੋਂ ਇਲਾਵਾ ਉਨ੍ਹਾਂ 6 ਦੇਸ਼ਾਂ ਬਾਰੇ ਜਿਨ੍ਹਾਂ ਦੀ ਕਮਾਨ ਉਨ੍ਹਾਂ ਕੋਲ ਹੈ, ਜਿਨ੍ਹਾਂ ਦੀਆਂ ਜੜ੍ਹਾਂ ਭਾਰਤ ਨਾਲ ਜੁੜੀਆਂ ਹੋਈਆਂ ਹਨ।

ਪੁਰਤਗਾਲ ਵਿੱਚ ਪ੍ਰਧਾਨ ਮੰਤਰੀ ਐਂਟੋਨੀਓ ਕੋਸਟਾ

ਯੂਰਪ ਵਿਚ ਭਾਰਤੀ ਮੂਲ ਦੇ ਨੇਤਾਵਾਂ ਵਿਚ ਐਂਟੋਨੀਓ ਕੋਸਟਾ ਦਾ ਨਾਂ ਪ੍ਰਮੁੱਖਤਾ ਨਾਲ ਲਿਆ ਜਾਂਦਾ ਹੈ। ਉਹ ਪੁਰਤਗਾਲ ਦੇ ਪ੍ਰਧਾਨ ਮੰਤਰੀ ਹਨ।

ਐਂਟੋਨੀਓ ਦੇ ਪਿਤਾ ਓਰਲੈਂਡੋ ਕੋਸਟਾ ਕਵੀ ਸਨ। ਉਨ੍ਹਾਂ ਨੇ ਬਸਤੀਵਾਦ ਵਿਰੋਧੀ ਅੰਦੋਲਨ ਵਿੱਚ ਹਿੱਸਾ ਲਿਆ ਸੀ ਅਤੇ ਪੁਰਤਗਾਲੀ ਭਾਸ਼ਾ ਵਿੱਚ ਮਸ਼ਹੂਰ ਕਿਤਾਬ 'ਸ਼ਾਈਨ ਆਫ਼ ਐਂਗਰ' ਲਿਖੀ।

ਦਾਦਾ ਲੂਈ ਅਫਾਂਸੋ ਮਾਰੀਆ ਡੀ ਕੋਸਟਾ ਵੀ ਗੋਆ ਦੇ ਵਸਨੀਕ ਸਨ। ਹਾਲਾਂਕਿ, ਐਂਟੋਨੀਓ ਕੋਸਟਾ ਦਾ ਜਨਮ ਮੋਜ਼ਾਮਬੀਕ ਵਿੱਚ ਹੋਇਆ ਸੀ, ਪਰ ਉਨ੍ਹਾਂ ਦੇ ਰਿਸ਼ਤੇਦਾਰ ਅਜੇ ਵੀ ਗੋਆ ਦੇ ਮਾਰਗੋ ਨੇੜੇ ਰੂਆ ਅਬੇਦ ਫਾਰੀਆ ਪਿੰਡ ਨਾਲ ਜੁੜੇ ਹੋਏ ਹਨ।

ਆਪਣੀ ਭਾਰਤੀ ਪਛਾਣ 'ਤੇ, ਕੋਸਟਾ ਨੇ ਇਕ ਵਾਰ ਕਿਹਾ ਸੀ, "ਮੇਰੀ ਚਮੜੀ ਦੇ ਰੰਗ ਨੇ ਮੈਨੂੰ ਕਦੇ ਵੀ ਕੁਝ ਕਰਨ ਤੋਂ ਨਹੀਂ ਰੋਕਿਆ। ਮੈਂ ਆਪਣੀ ਚਮੜੀ ਦੇ ਰੰਗ ਨਾਲ ਸਾਧਾਰਣ ਤੌਰ 'ਤੇ ਹੀ ਵਿਚਰਦਾ ਹਾਂ।"

ਇੰਨਾ ਹੀ ਨਹੀਂ, ਕੋਸਟਾ ਭਾਰਤ ਦੇ ਓਸੀਆਈ ਕਾਰਡ ਧਾਰਕਾਂ ਵਿੱਚ ਸ਼ਾਮਲ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2017 ਵਿੱਚ ਉਨ੍ਹਾਂ ਨੂੰ ਉਨ੍ਹਾਂ ਦਾ ਓਸੀਆਈ ਕਾਰਡ ਸੌਂਪਿਆ ਸੀ।

ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ

ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਵੀ ਭਾਰਤੀ ਮੂਲ ਦੇ ਸਿਆਸਤਦਾਨ ਹਨ, ਜਿਨ੍ਹਾਂ ਦੀਆਂ ਜੜ੍ਹਾਂ ਭਾਰਤ ਦੇ ਬਿਹਾਰ ਸੂਬੇ ਨਾਲ ਜੁੜੀਆਂ ਹੋਈਆਂ ਹਨ।

ਪ੍ਰਵਿੰਦ ਜਗਨਨਾਥ ਦੇ ਪਿਤਾ ਅਨਿਰੁਧ ਜਗਨਨਾਥ ਨੂੰ ਵੀ ਮਾਰੀਸ਼ੀਅਨ ਰਾਜਨੀਤੀ ਦੇ ਮਜ਼ਬੂਤ ਨੇਤਾਵਾਂ ਵਿੱਚ ਗਿਣੇ ਜਾਂਦੇ ਸਨ। ਉਨ੍ਹਾਂ ਨੇ ਮਾਰੀਸ਼ਸ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ ਹਨ।

ਮੌਜੂਦਾ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਵੀ ਕੁਝ ਸਮਾਂ ਪਹਿਲਾਂ ਵਾਰਾਣਸੀ ਵਿੱਚ ਆਪਣੇ ਪਿਤਾ ਦੀਆਂ ਅਸਥੀਆਂ ਗੰਗਾ ਵਿੱਚ ਪ੍ਰਵਾਹਿਤ ਕਰਨ ਲਈ ਆਏ ਸਨ। ਇਸ ਦੇ ਨਾਲ ਹੀ ਉਹ ਵੱਖ-ਵੱਖ ਮੌਕਿਆਂ 'ਤੇ ਭਾਰਤ ਆਉਂਦੇ ਰਹੇ ਹਨ।

ਮਾਰੀਸ਼ਸ ਦੇ ਮੌਜੂਦਾ ਰਾਸ਼ਟਰਪਤੀ ਪ੍ਰਿਥਵੀਰਾਜ ਸਿੰਘ ਰੂਪਨ ਵੀ ਭਾਰਤੀ ਮੂਲ ਦੇ ਸਿਆਸਤਦਾਨ ਹੀ ਹਨ।

ਸਿੰਗਾਪੁਰ ਦੀ ਰਾਸ਼ਟਰਪਤੀ ਹਲੀਮਾ ਯਾਕੂਬ

ਸਿੰਗਾਪੁਰ ਦੀ ਰਾਸ਼ਟਰਪਤੀ ਹਲੀਮਾ ਯਾਕੂਬ ਦੇ ਪੁਰਖਿਆਂ ਦੀਆਂ ਜੜ੍ਹਾਂ ਵੀ ਭਾਰਤ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਦੇ ਪਿਤਾ ਭਾਰਤੀ ਮੂਲ ਦੇ ਸਨ। ਉਨ੍ਹਾਂ ਦੀ ਮਾਂ ਮਲਯ ਮੂਲ ਦੀ ਸੀ।

ਸਿੰਗਾਪੁਰ ਵਿੱਚ ਮਲਯ ਆਬਾਦੀ ਲਗਭਗ 15 ਫੀਸਦ ਹੈ। ਮਲਯ ਮੂਲ ਦੇ ਲੋਕ ਇੰਡੋਨੇਸ਼ੀਆ ਅਤੇ ਮਲੇਸ਼ੀਆ ਵਿੱਚ ਫੈਲੇ ਹੋਏ ਹਨ।

ਇਸ ਤੋਂ ਬਾਅਦ ਵੀ ਹਲੀਮਾ ਯਾਕੂਬ ਨੇ ਸਿੰਗਾਪੁਰ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣ ਕੇ ਇਤਿਹਾਸ ਰਚ ਦਿੱਤਾ ਸੀ।

ਇਸ ਤੋਂ ਪਹਿਲਾਂ ਉਹ ਸਿੰਗਾਪੁਰ ਦੀ ਸੰਸਦ ਵਿੱਚ ਸਪੀਕਰ ਦੀ ਭੂਮਿਕਾ ਨਿਭਾ ਰਹੀ ਸੀ। ਹਲੀਮਾ ਯਾਕੂਬ ਨੇ ਇਸ ਤੋਂ ਪਹਿਲਾਂ ਸੰਸਦ ਦੀ ਪਹਿਲੀ ਮਹਿਲਾ ਸਪੀਕਰ ਬਣ ਕੇ ਇਤਿਹਾਸ ਰਚਿਆ ਸੀ।

ਸੂਰੀਨਾਮ ਦੇ ਪ੍ਰਧਾਨ ਚੰਦਰਿਕਾ ਪ੍ਰਸਾਦ ਸੰਤੋਖੀ

ਲਾਤੀਨੀ ਅਮਰੀਕੀ ਦੇਸ਼ ਸੂਰੀਨਾਮ ਦੇ ਰਾਸ਼ਟਰਪਤੀ ਚੰਦਰਿਕਾ ਪ੍ਰਸਾਦ ਸੰਤੋਖੀ ਵੀ ਇੱਕ ਅਜਿਹੇ ਸਿਆਸਤਦਾਨ ਹਨ, ਜਿਨ੍ਹਾਂ ਦੇ ਤਾਰ ਵੀ ਭਾਰਤ ਨਾਲ ਜੁੜੇ ਹੋਏ ਹਨ।

ਇੱਕ ਇੰਡੋ-ਸੂਰੀਨਾਮੀ ਹਿੰਦੂ ਪਰਿਵਾਰ ਵਿੱਚ ਪੈਦਾ ਹੋਏ, ਚੰਦਰਿਕਾ ਪ੍ਰਸਾਦ ਸੰਤੋਖੀ ਨੂੰ ਚਾਨ ਸੰਤੋਖੀ ਕਿਹਾ ਜਾਂਦਾ ਹੈ।

ਕੁਝ ਰਿਪੋਰਟਾਂ ਮੁਤਾਬਕ ਚੰਦਰਿਕਾ ਪ੍ਰਸਾਦ ਸੰਤੋਖੀ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਸੰਸਕ੍ਰਿਤ ਭਾਸ਼ਾ ਵਿੱਚ ਚੁੱਕੀ ਸੀ।

ਗੁਆਨਾ ਦੇ ਪ੍ਰਧਾਨ ਇਰਫ਼ਾਨ ਅਲੀ

ਕੈਰੇਬੀਅਨ ਦੇਸ਼ ਗੁਆਨਾ ਦੇ ਰਾਸ਼ਟਰਪਤੀ ਇਰਫ਼ਾਨ ਅਲੀ ਦੇ ਪੁਰਖਿਆਂ ਦੀਆਂ ਜੜ੍ਹਾਂ ਵੀ ਭਾਰਤ ਨਾਲ ਜੁੜੀਆਂ ਹੋਈਆਂ ਹਨ।

ਉਨ੍ਹਾਂ ਦਾ ਜਨਮ ਸਾਲ 1980 ਵਿੱਚ ਭਾਰਤੀ ਮੂਲ ਦੇ ਪਰਿਵਾਰ ਵਿੱਚ ਹੋਇਆ ਸੀ।

ਸੇਸ਼ੇਲ ਦੇ ਰਾਸ਼ਟਰਪਤੀ ਵਾਵੇਲ ਰਾਮਕਲਵਾਨ

ਸੇਸ਼ੇਲ ਦੇ ਰਾਸ਼ਟਰਪਤੀ ਵਾਵੇਲ ਰਾਮਕਲਾਵਨ ਵੀ ਭਾਰਤੀ ਮੂਲ ਦੇ ਨੇਤਾ ਹਨ, ਜਿਨ੍ਹਾਂ ਦੇ ਪੁਰਖੇ ਭਾਰਤ ਦੇ ਬਿਹਾਰ ਸੂਬੇ ਨਾਲ ਜੁੜੇ ਹੋਏ ਹਨ।

ਉਨ੍ਹਾਂ ਦੇ ਪਿਤਾ ਇੱਕ ਲੁਹਾਰ ਸੀ। ਉਸੇ ਸਮੇਂ, ਉਨ੍ਹਾਂ ਦੀ ਮਾਂ ਇੱਕ ਅਧਿਆਪਿਕਾ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2021 'ਚ ਉਨ੍ਹਾਂ ਨੂੰ ਭਾਰਤ ਦਾ ਪੁੱਤਰ ਦੱਸਦੇ ਹੋਏ ਕਿਹਾ ਸੀ ਕਿ 'ਵਾਵਲ ਰਾਮਕਲਾਵਨ ਦੀਆਂ ਜੜ੍ਹਾਂ ਬਿਹਾਰ ਦੇ ਗੋਪਾਲਗੰਜ ਨਾਲ ਜੁੜੀਆਂ ਹੋਈਆਂ ਹਨ। ਅੱਜ ਉਨ੍ਹਾਂ ਦੇ ਪਿੰਡ ਵਾਲੇ ਹੀ ਨਹੀਂ ਸਗੋਂ ਪੂਰੇ ਭਾਰਤ ਦੇ ਲੋਕ ਉਨ੍ਹਾਂ ਦੀਆਂ ਪ੍ਰਾਪਤੀਆਂ 'ਤੇ ਮਾਣ ਕਰਦੇ ਹਨ।

ਕਮਲਾ ਹੈਰਿਸ ਨੇ ਅਮਰੀਕਾ ਵਿੱਚ ਇਤਿਹਾਸ ਰਚਿਆ

ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੀ ਭਾਰਤੀ ਮੂਲ ਦੇ ਦਿੱਗਜ਼ ਦੇ ਨੇਤਾਵਾਂ 'ਚ ਸ਼ਾਮਲ ਹਨ।

ਸਾਲ 2021 'ਚ ਉਨ੍ਹਾਂ ਨੂੰ 85 ਮਿੰਟ ਲਈ ਅਮਰੀਕੀ ਰਾਸ਼ਟਰਪਤੀ ਅਹੁਦੇ ਦੀਆਂ ਸ਼ਕਤੀਆਂ ਵੀ ਦਿੱਤੀਆਂ ਗਈਆਂ ਸਨ।

ਇਸ ਦੇ ਨਾਲ ਕਮਲਾ ਹੈਰਿਸ ਅਮਰੀਕੀ ਇਤਿਹਾਸ ਦੀ ਪਹਿਲੀ ਮਹਿਲਾ ਬਣ ਗਏ ਜਿਸ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਹੈ।

ਇਸ ਤੋਂ ਪਹਿਲਾਂ ਕਮਲਾ ਹੈਰਿਸ ਨੇ ਵੀ ਅਮਰੀਕੀ ਜਮਹੂਰੀਅਤ ਦੇ 250 ਸਾਲਾ ਦੇ ਇਤਿਹਾਸ ਵਿੱਚ ਪਹਿਲੀ ਔਰਤ, ਪਹਿਲੀ ਸਿਆਹਫਾਮ ਅਤੇ ਪਹਿਲੀ ਏਸ਼ੀਆਈ-ਅਮਰੀਕੀ ਮਹਿਲਾ ਉਪ-ਰਾਸ਼ਟਰਪਤੀ ਬਣ ਕੇ ਇਤਿਹਾਸ ਰਚਿਆ ਸੀ।

ਕਮਲਾ ਹੈਰਿਸ ਭਾਰਤ ਨਾਲ ਆਪਣੇ ਸਬੰਧਾਂ ਦਾ ਖੁੱਲ੍ਹ ਕੇ ਜ਼ਿਕਰ ਕਰਨ ਲਈ ਵੀ ਜਾਣੀ ਜਾਂਦੀ ਹੈ।

ਆਪਣੀ 2018 ਦੀ ਸਵੈ-ਜੀਵਨੀ, 'ਦਿ ਟਰੁੱਥ ਵੀ ਟੋਲਡ' ਵਿੱਚ, ਉਨ੍ਹਾਂ ਨੇ ਲਿਖਿਆ, "ਲੋਕ ਮੇਰੇ ਨਾਮ ਨੂੰ ਵਿਰਾਮ ਚਿੰਨ੍ਹ ਦੇ ਰੂਪ ਵਿੱਚ ਬੋਲਦੇ ਹਨ, ਭਾਵ "ਕੌਮਾ-ਲਾ।"

ਇਸ ਦੇ ਬਾਅਦ ਕੈਲੇਫੋਰਨੀਆ ਦੀ ਸੀਨੇਟਰ ਕਮਲਾ ਆਪਣੇ ਭਾਰਤੀ ਨਾਂ ਦਾ ਅਰਥ ਸਮਝਦੀ ਹੈ। ਕਮਲ ਨੇ ਦੱਸਿਆ ਸੀ, ''ਮੇਰੇ ਨਾਂ ਦਾ ਮਤਲਬ ਹੈ ਕਮਲ ਦਾ ਫੁੱਲ। ਭਾਰਤੀ ਸੱਭਿਆਚਾਰ ਵਿਚ ਇਸਦੀ ਕਾਫੀ ਅਹਿਮੀਅਤ ਹੈ। ਕਮਲ ਦਾ ਪੌਦਾ ਪਾਣੀ ਵਿਚ ਹੁੰਦਾ ਹੈ। ਫੁੱਲ ਪਾਣੀ ਦੀ ਸਤ੍ਹਾ ਤੋਂ ਉੱਪਰ ਖਿੜਦਾ ਹੈ। ਜੜ੍ਹਾਂ ਨਦੀ ਤਲ ਨਾਲ ਮਜ਼ਬੂਤੀ ਨਾਲ ਜੁੜੀਆਂ ਹੁੰਦੀਆਂ ਹਨ।''

ਕਮਲਾ ਭਾਰਤ ਵਿਚ ਜੰਮੀ ਮਾਂ ਅਤੇ ਜਮਾਇਕਾ ਵਿਚ ਪੈਦਾ ਹੋਏ ਪਿਤਾ ਦੀ ਸੰਤਾਨ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)