ਕੈਨੇਡਾ-ਅਮਰੀਕਾ ਸਰਹੱਦ 'ਤੇ ਠੰਢ ਕਾਰਨ ਮ੍ਰਿਤਕ ਪਾਏ ਗਏ ਭਾਰਤੀ ਪਰਿਵਾਰ ਦੇ ਮਾਮਲੇ ਵਿੱਚ ਆਇਆ ਇਹ ਫੈਸਲਾ

ਕੈਨੇਡਾ-ਅਮਰੀਕਾ ਸਰਹੱਦ 'ਤੇ ਠੰਡ ਕਾਰਨ ਮ੍ਰਿਤਕ ਪਾਇਆ ਗਿਆ ਭਾਰਤੀ ਪਰਿਵਾਰ

ਤਸਵੀਰ ਸਰੋਤ, kartik jaani

ਤਸਵੀਰ ਕੈਪਸ਼ਨ, ਸਾਲ 2022 ਵਿੱਚ ਕੈਨੇਡਾ-ਅਮਰੀਕਾ ਸਰਹੱਦ 'ਤੇ ਠੰਢ ਕਾਰਨ ਮ੍ਰਿਤਕ ਪਾਇਆ ਗਿਆ ਭਾਰਤੀ ਪਰਿਵਾਰ

ਅਮਰੀਕਾ ਦੇ ਮਿਨੀਸੋਟਾ ਸੂਬੇ ਦੀ ਇੱਕ ਅਦਾਲਤ ਨੇ ਇੱਕ ਭਾਰਤੀ ਪਰਿਵਾਰ ਦੀ ਮੌਤ ਦੇ ਮਾਮਲੇ ਵਿੱਚ ਦੋ ਲੋਕਾਂ ਨੂੰ ਦਸ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।

ਜਨਵਰੀ 2022 ਵਿੱਚ, ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਕੈਨੇਡਾ ਵਿੱਚ ਠੰਢ ਕਾਰਨ ਇੱਕੋ ਭਾਰਤੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ ਸੀ।

ਇਸ ਮਾਮਲੇ ਵਿੱਚ, ਅਦਾਲਤ ਨੇ ਹਰਸ਼ ਕੁਮਾਰ ਪਟੇਲ ਅਤੇ ਸਟੀਵ ਐਂਥਨੀ ਸ਼ੈਂਡ ਨੂੰ ਮਨੁੱਖੀ ਤਸਕਰੀ ਦੇ ਇਲਜ਼ਾਮ ਹੇਠ ਦੋਸ਼ੀ ਠਹਿਰਾਇਆ ਹੈ।

ਪਿਛਲੇ ਸਾਲ ਨਵੰਬਰ ਵਿੱਚ, ਹਰਸ਼ਕੁਮਾਰ ਰਮਨਲਾਲ ਅਤੇ ਸਟੀਵ ਐਂਥਨੀ ਵਿਰੁੱਧ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਿੱਚ ਮਦਦ ਕਰਨ ਦੇ ਇਲਜ਼ਾਮਾਂ ਤਹਿਤ ਮੁਕੱਦਮਾ ਸ਼ੁਰੂ ਹੋਇਆ ਸੀ।

ਜਾਣੋ ਕੀ ਸੀ ਪੂਰਾ ਮਾਮਲਾ

ਅਮਰੀਕਾ-ਕੈਨੇਡਾ ਬਾਰਡਰ 'ਤੇ ਉਹ ਥਾਂ ਜਿੱਥੋਂ ਲਾਸ਼ਾਂ ਮਿਲੀਆਂ

ਤਸਵੀਰ ਸਰੋਤ, RCMP MANITOBA

ਤਸਵੀਰ ਕੈਪਸ਼ਨ, ਅਮਰੀਕਾ-ਕੈਨੇਡਾ ਬਾਰਡਰ 'ਤੇ ਉਹ ਥਾਂ ਜਿੱਥੋਂ ਲਾਸ਼ਾਂ ਮਿਲੀਆਂ

ਜਨਵਰੀ 2022 ਵਿੱਚ, ਕੈਨੇਡਾ ਦੇ ਓਟਾਵਾ ਵਿੱਚ ਭਾਰਤੀ ਰਾਜਦੂਤ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਸੇ ਸਾਲ 19 ਜਨਵਰੀ ਨੂੰ ਸਰਹੱਦ 'ਤੇ ਚਾਲ ਲਾਸ਼ਾਂ ਮਿਲੀਆਂ ਸਨ ਜੋ ਕਿ ਗੁਜਰਾਤੀ ਪਰਿਵਾਰ ਦੀਆਂ ਸਨ।

ਦੂਤਾਵਾਸ ਨੇ ਕਿਹਾ ਸੀ ਕਿ ਸਥਾਨਕ ਕੈਨੇਡੀਅਨ ਅਧਿਕਾਰੀਆਂ ਨੇ ਚਾਰ ਮ੍ਰਿਤਕਾਂ ਦੀ ਪਛਾਣ ਕੀਤੀ ਹੈ। ਜਿਨ੍ਹਾਂ ਵਿੱਚ ਜਗਦੀਸ਼ ਪਟੇਲ, ਵੈਸ਼ਾਲੀ ਪਟੇਲ, ਵਿਹਾਂਗੀ ਪਟੇਲ ਅਤੇ ਧਾਰਮਿਕ ਪਟੇਲ ਸ਼ਾਮਲ ਸਨ।

ਬਿਆਨ ਵਿੱਚ ਅੱਗੇ ਕਿਹਾ ਗਿਆ ਕਿ ਡਾਕਟਰੀ ਜਾਂਚ ਤੋਂ ਬਾਅਦ ਮੌਤ ਦਾ ਕਾਰਨ ਬਾਹਰੀ ਤੱਤਾਂ ਦੇ 'ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣਾ' ਦੱਸਿਆ ਗਿਆ।

ਕੈਨੇਡਾ ਦੀ ਪੁਲਿਸ ਮੁਤਾਬਕ, ਇੱਕ ਛੋਟੇ ਬੱਚੇ ਸਮੇਤ ਇਨ੍ਹਾਂ ਚਾਰ ਲੋਕਾਂ ਦੀਆਂ ਲਾਸ਼ਾਂ ਅਮਰੀਕੀ ਸਰਹੱਦ ਦੇ ਕੋਲ ਇੱਕ ਵੱਡੇ ਮੈਦਾਨ ਵਿੱਚ ਮਿਲੀਆਂ ਸਨ।

ਅਧਿਕਾਰੀਆਂ ਮੁਤਾਬਕ, ਸਾਰੀਆਂ ਮੌਤਾਂ ਬੁੱਧਵਾਰ ਨੂੰ -35 ਡਿਗਰੀ ਸੈਲਸੀਅਸ ਦੀ ਠੰਢੀ ਹਵਾ ਦੇ ਸੰਪਰਕ ਵਿੱਚ ਰਹਿਣ ਕਾਰਨ ਹੋਈਆਂ ਸੀ।

ਮ੍ਰਿਤਕ ਦੇ ਪਿਤਾ ਨੇ ਕੀ ਦੱਸਿਆ ਸੀ

ਉਨ੍ਹਾਂ ਦੀਆਂ ਲਾਸ਼ਾਂ ਐਮਰਸਨ ਟਾਊਨ ਦੇ ਨੇੜੇ ਮਿਲੀਆਂ ਸਨ
ਤਸਵੀਰ ਕੈਪਸ਼ਨ, ਉਨ੍ਹਾਂ ਦੀਆਂ ਲਾਸ਼ਾਂ ਐਮਰਸਨ ਟਾਊਨ ਦੇ ਨੇੜੇ ਮਿਲੀਆਂ ਸਨ

ਜਦੋਂ ਪਟੇਲ ਪਰਿਵਾਰ ਦੇ ਲਾਪਤਾ ਹੋਣ ਅਤੇ ਮੌਤ ਦੀ ਖ਼ਬਰ ਆਈ ਸੀ ਤਾਂ ਬੀਬੀਸੀ ਗੁਜਰਾਤੀ ਸੇਵਾ ਨੇ ਪਰਿਵਾਰ ਦੇ ਮੁਖੀ ਅਤੇ ਲਾਪਤਾ ਜਗਦੀਸ਼ ਪਟੇਲ ਦੇ ਪਿਤਾ ਬਲਦੇਵ ਭਾਈ ਨਾਲ ਗੱਲਬਾਤ ਕੀਤੀ ਸੀ।

ਉਸ ਵੇਲੇ ਬਲਦੇਵ ਭਾਈ ਨੇ ਕਿਹਾ ਸੀ, ''ਦਸ ਦਿਨ ਪਹਿਲਾਂ, ਮੇਰਾ ਬੇਟਾ ਕੈਨੇਡਾ ਲਈ ਰਵਾਨਾ ਹੋਇਆ। ਉਸ ਨੇ ਮੈਨੂੰ ਫ਼ੋਨ ਕਰਕੇ ਦੱਸਿਆ ਕਿ ਉਸ ਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ ਹੈ। ਉਹ, ਉਸ ਦੀ ਪਤਨੀ, ਬੇਟੀ ਵਿਹਾਂਗੀ ਤੇ ਬੇਟਾ ਧਾਰਮਿਕ ਸਾਰੇ ਕੈਨੇਡਾ ਗਏ ਸਨ।''

ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਪਿਛਲੇ ਪੰਜ-ਛੇ ਦਿਨਾਂ ਤੋਂ ਉਨ੍ਹਾਂ ਦਾ ਜਗਦੀਸ਼ ਪਟੇਲ ਨਾਲ ਕੋਈ ਸੰਪਰਕ ਨਹੀਂ ਸੀ।

ਬਲਦੇਵ ਭਾਈ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਜਗਦੀਸ਼ ਅਤੇ ਉਨ੍ਹਾਂ ਦੇ ਪਰਿਵਾਰ ਨੇ ਕੈਨੇਡਾ ਦੇ ਵੀਜ਼ਾ ਦੀ ਅਰਜ਼ੀ ਕਦੋਂ ਦਿੱਤੀ ਸੀ।

ਮੈਨੀਟੋਬਾ ਪੁਲਿਸ ਨੇ ਕੀ ਦੱਸਿਆ ਸੀ

ਰੌਇਲ ਕੈਨੇਡੀਅਨ ਮਾਊਂਟਡ ਪੁਲਿਸ ਦੇ ਟਵੀਟ

ਤਸਵੀਰ ਸਰੋਤ, RCMP Manitoba/X

ਤਸਵੀਰ ਕੈਪਸ਼ਨ, ਰੌਇਲ ਕੈਨੇਡੀਅਨ ਮਾਊਂਟਡ ਪੁਲਿਸ ਦੇ ਟਵੀਟ

ਰੌਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ 27 ਜਨਵਰੀ 2022 ਨੂੰ ਕੁਝ ਟਵੀਟ (ਹੁਣ ਐਕਸ) ਕਰਕੇ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਸੀ।

ਟਵੀਟਸ ਵਿੱਚ ਕਿਹਾ ਗਿਆ ਸੀ ਕਿ 19 ਜਨਵਰੀ ਨੂੰ ਰੌਇਲ ਕੈਨੇਡੀਅਨ ਮਾਊਂਟਡ ਪੁਲਿਸ ਨੂੰ ਐਮਰਸਨ ਦੇ ਕੋਲ, ਅਮਰੀਕਾ ਕੈਨੇਡਾ ਸਰਹੱਦ ਤੋਂ ਲਗਭਗ 12 ਮੀਟਰ ਦੂਰ ਚਾਰ ਲਾਸ਼ਾਂ ਮਿਲੀਆਂ ਹਨ।

26 ਜਨਵਰੀ ਨੂੰ ਪੋਸਟਮਾਰਟਮ ਮੁਕੰਮਲ ਕਰ ਲਏ ਗਏ ਅਤੇ ਪੀੜਤ ਇਹ ਹਨ-

  • ਜਗਦੀਸ਼ ਕੁਮਾਰ ਪਟੇਲ, 39 ਸਾਲਾ ਪੁਰਸ਼
  • ਵੈਸ਼ਾਲੀਬੇਨ ਪਟੇਲ, 37 ਸਾਲਾ ਮਹਿਲਾ
  • ਵਿਹਾਂਗੀ ਪਟੇਲ, 11 ਸਾਲ ਬੱਚੀ
  • ਧਾਰਮਿਕ ਪਟੇਲ, 3 ਸਾਲਾ ਬੱਚਾ

ਇੱਕ ਹੋਰ ਟਵੀਟ ਵਿੱਚ ਰੌਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਦੱਸਿਆ ਸੀ ਕਿ ਸਾਰੇ ਇੱਕੋ ਪਰਿਵਾਰ ਦੇ ਹਨ ਅਤੇ ਭਾਰਤੀ ਨਾਗਰਿਕ ਹਨ। ਐਮਬੀ ਦੇ ਚੀਫ਼ ਮੈਡੀਕਲ ਐਗਜ਼ਾਮੀਨਰ ਨੇ ਪੁਸ਼ਟੀ ਕੀਤੀ ਹੈ ਕਿ ਮੌਤ ਦੀ ਵਜ੍ਹਾ ਮੌਸਮ ਹੈ।

ਰੌਇਲ ਕੈਨੇਡੀਅਨ ਮਾਊਂਟਡ ਪੁਲਿਸ ਮੰਮੁਤਾਬਕ, ਪਟੇਲ ਪਰਿਵਾਰ 12 ਜਨਵਰੀ ਨੂੰ ਟੋਰਾਂਟੋ ਪਹੁੰਚਿਆ ਸੀ ਅਤੇ ਉੱਥੋਂ ਲਗਭਗ 18 ਜਨਵਰੀ ਨੂੰ ਐਮਰਸਨ ਲਈ ਨਿਕਲ ਪਿਆ ਸੀ। ਉਸ ਥਾਂ ਤੋਂ ਅਤੇ ਆਸੇ-ਪਾਸਿਓਂ ਕੋਈ ਵਾਹਨ ਬਰਾਮਦ ਨਹੀਂ ਹੋਇਆ ਸੀ, ਇਸ ਦਾ ਮਤਲਬ ਹੈ ਕਿ ਕੋਈ ਉਨ੍ਹਾਂ ਨੂੰ ਸਰਹੱਦ 'ਤੇ ਛੱਡ ਕੇ ਚਲਿਆ ਗਿਆ।

ਗੈਰ-ਕਾਨੂੰਨੀ ਦਾਖ਼ਲੇ ਦਾ ਸ਼ੱਕ

ਬੀਬੀਸੀ ਗੁਜਰਾਤੀ ਨੇ ਉਸ ਵੇਲੇ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਅਤੇ ਸੇਵਾਮੁਕਤ ਏਐਸਪੀ ਦੀਪਕ ਵਿਆਸ ਨਾਲ ਗੱਲਬਾਤ ਕੀਤੀ ਸੀ।

ਵਿਆਸ ਨੇ ਵਿਜੀਲੈਂਸ ਸੈੱਲ ਨਾਲ ਵੀ ਕਈ ਸਾਲ ਕੰਮ ਕੀਤਾ ਹੈ। ਉਨ੍ਹਾਂ ਨੇ ਦੱਸਿਆ ਸੀ, ''ਜੇ ਕੈਨੇਡਾ ਦੇ ਹਾਈ ਕਮਿਸ਼ਨ ਤੋਂ ਇੰਨੀ ਦੇਰ ਤੱਕ ਕਿਸੇ ਦੀ ਮੌਤ ਦੀ ਇਤਲਾਹ ਨਹੀਂ ਮਿਲੀ ਹੈ ਤਾਂ ਇਹ ਸਾਫ਼ ਹੈ ਕਿ ਇਹ ਲੋਕ ਕਿਸੇ ਦੀ ਮਦਦ ਨਾਲ ਵਿਜ਼ਟਰ ਵੀਜ਼ਾ 'ਤੇ ਕੈਨੇਡਾ ਗਏ ਹੋਣਗੇ ਅਤੇ ਗੈਰ-ਕਾਨੂੰਨੀ ਘੁਸਪੈਠ ਦੀ ਕੋਸ਼ਿਸ਼ ਦੌਰਾਨ ਠੰਢ ਨਾਲ ਮਰ ਗਏ।''

ਉਨ੍ਹਾਂ ਕਿਹਾ ਸੀ, ''ਬਾਕੀ ਵਿਦੇਸ਼ੀ ਸਰਕਾਰ ਨੂੰ ਉਨ੍ਹਾਂ ਦੀ ਪਛਾਣ ਕਰਨੀ ਚਾਹੀਦੀ ਹੈ ਤੇ ਭਾਰਤ ਨੂੰ ਜਵਾਬ ਦੇਣਾ ਚਾਹੀਦਾ ਹੈ।''

ਉਨ੍ਹਾਂ ਕਿਹਾ, ''ਜੇ ਅਜਿਹੇ ਮਾਮਲੇ ਵਿੱਚ ਕੋਈ ਧੋਖਾਧੜੀ ਹੁੰਦੀ ਹੈ ਤਾਂ ਸ਼ਾਇਦ ਹੀ ਕਦੇ ਪੁਲਿਸ ਸ਼ਿਕਾਇਤ ਹੁੰਦੀ ਹੈ। ਰੈਕੇਟ ਇਸੇ ਤਰ੍ਹਾਂ ਕੰਮ ਕਰਦਾ ਹੈ।''

ਗੁਜਰਾਤ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਵੀ ਨਾਮ ਨਾ ਛਾਪਣ ਦੀ ਸ਼ਰਤ 'ਤੇ ਸ਼ੱਕ ਜ਼ਾਹਰ ਕੀਤਾ ਸੀ ਕਿ ਗੁਜਰਾਤੀ ਪਰਿਵਾਰ ਗੈਰ-ਕਾਨੂੰਨੀ ਰੂਪ ਵਿੱਚ ਅਮਰੀਕਾ ਵਿੱਚ ਦਾਖਲ ਹੋਇਆ ਸੀ।

ਸਰਹੱਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੁਜਰਾਤ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਸ਼ੱਕ ਜ਼ਾਹਰ ਕੀਤਾ ਸੀ ਕਿ ਗੁਜਰਾਤੀ ਪਰਿਵਾਰ ਗੈਰ-ਕਾਨੂੰਨੀ ਰੂਪ ਵਿੱਚ ਅਮਰੀਕਾ ਵਿੱਚ ਦਾਖਲ ਹੋਇਆ ਸੀ (ਸੰਕੇਤਕ ਤਸਵੀਰ)

ਮੈਨੀਟੋਬਾ ਰੌਇਲ ਕੈਨੇਡੀਅਨ ਮਾਊਂਟੇਡ ਪੁਲਿਸ ਦੇ ਸਹਾਇਕ ਕਮਿਸ਼ਨਰ ਜੇਨ ਮੈਕਲਾਚੀ ਨੇ ਕਿਹਾ ਸੀ ਕਿ ਇਹ ''ਲੋਕ ਇੱਕ ਅੰਤਹੀਣ ਖੇਤਰ ਵਿੱਚ ਠੰਢ, ਘਾਤਕ ਹਨੇਰੇ ਅਤੇ ਹਵਾ ਦਾ ਸਾਹਮਣਾ ਬਿਨਾਂ ਕਿਸੇ ਮਦਦ ਦੇ ਕਰ ਰਹੇ ਸੀ।''

ਉਸੇ ਹਫ਼ਤੇ ਜਾਰੀ ਇੱਕ ਬਿਆਨ ਵਿੱਚ, ਮਿਨੀਸੋਟਾ ਵਿੱਚ ਅਮਰੀਕੀ ਫ਼ੈਡਰਲ ਅਧਿਕਾਰੀਆਂ ਨੇ ਫਲੋਰਿਡਾ ਨਿਵਾਸੀ 47 ਸਾਲਾ ਸਟੀਵ ਸ਼ੈਂਡ ਉੱਪਰ ਮਨੁੱਖੀ ਤਸਕਰੀ ਦੇ ਇਲਜ਼ਾਮ ਲਗਾਏ ਸਨ।

ਅਧਿਕਾਰੀਆਂ ਨੇ ਦੱਸਿਆ ਸੀ, ''ਸ਼ਾਂਡ ਸਰਹੱਦ ਦੇ ਇੱਕ ਪੇਂਡੂ ਇਲਾਕੇ ਵਿੱਚ 15 ਯਾਤਰੀ ਵੈਨਾਂ ਫੜ੍ਹੀਆਂ ਗਈਆਂ ਸਨ। ਉਨ੍ਹਾਂ ਦੇ ਕੋਲ ਖਾਣਾ ਅਤੇ ਪਾਣੀ ਵੀ ਸੀ। ਦੋ ਵਿਅਕਤੀ ਜੋ ਉਨ੍ਹਾਂ ਨੂੰ ਮਿਲੇ ਉਹ ਬਿਨਾਂ ਦਸਤਾਵੇਜ਼ਾਂ ਦੇ ਦੋ ਭਾਰਤੀ ਸਨ।''

ਜਦੋਂ ਇਨ੍ਹਾਂ ਸਾਰੇ ਲੋਕਾਂ ਨੂੰ ਬਾਰਡਰ ਪੈਟਰੋਲ ਸਟੇਸ਼ਨ ਲਿਆਂਦਾ ਜਾ ਰਿਹਾ ਸੀ ਤਾਂ ਅਮਰੀਕੀ ਏਜੰਟਾਂ ਨੂੰ ਅਚਾਨਕ ਭਾਰਤੀ ਨਾਗਰਿਕਾਂ ਦਾ ਇੱਕ ਸਮੂਹ ਮਿਲਿਆ। ਉਨ੍ਹਾਂ ਨੇ ਏਜੰਟਾਂ ਨੂੰ ਦੱਸਿਆ ਕਿ ਉਹ 11 ਘੰਟਿਆਂ ਤੋਂ ਭੱਜ ਰਹੇ ਹਨ ਅਤੇ ਕਿਸੇ ਦੀ ਉਡੀਕ ਕਰ ਰਹੇ ਸਨ, ਜਿਸ ਨੇ ਉਨ੍ਹਾਂ ਨੂੰ ਲੈਣ ਆਉਣਾ ਸੀ।

'ਇੱਕ ਪੁਰਸ਼ ਦੇ ਬੈਗ ਵਿੱਚ ਬੱਚਿਆਂ ਦੇ ਕੱਪੜੇ, ਖਿਡੌਣੇ ਅਤੇ ਦਵਾਈ ਵੀ ਸੀ। ਉਸ ਨੇ ਦੱਸਿਆ ਕਿ ਉਹ ਚਾਰ ਜਣਿਆਂ ਦੇ ਪਰਿਵਾਰ ਲਈ ਸਮਾਨ ਲਿਜਾਅ ਰਿਹਾ ਸੀ, ਪਰ ਰਾਤ ਨੂੰ ਵਿੱਛੜ ਗਿਆ।'

ਗੁਜਰਾਤ ਦੇ ਪਟੇਲ ਭਾਈਚਾਰੇ ਵਿੱਚ ਵਿਦੇਸ਼ ਜਾਣ ਦੀ ਲਲਕ ਕਿਉਂ

ਪਰਵਾਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਉੱਤਰੀ ਗੁਜਰਾਤ ਦੇ ਪੱਟੀਦਾਰ ਭਾਈਚਾਰੇ ਵਿੱਚ ਵਿਦੇਸ਼ ਜਾਣ ਦੀ ਪ੍ਰਬਲ ਇੱਛਾ ਹੁੰਦੀ ਹੈ (ਸੰਕੇਤਕ ਤਸਵੀਰ)

ਗੁਤਜਰਾਤ ਤੋਂ ਵਿਦੇਸ਼ ਜਾਣ ਅਤੇ ਉਥੇ ਆਪਣਾ ਨਾਮ ਕਮਾਉਣ ਵਾਲਿਆਂ ਵਿੱਚ ਪਾਟੀਦਾਰ ਭਾਈਚਾਰੇ ਨੂੰ ਸਭ ਤੋਂ ਅੱਗੇ ਮੰਨਿਆ ਜਾਂਦਾ ਹੈ।

ਖ਼ਾਸ ਕਰਕੇ ਉੱਤਰੀ ਗੁਜਰਾਤ ਦੇ ਪੱਟੀਦਾਰ ਭਾਈਚਾਰੇ ਵਿੱਚ ਵਿਦੇਸ਼ ਜਾਣ ਦੀ ਪ੍ਰਬਲ ਇੱਛਾ ਹੁੰਦੀ ਹੈ।

ਉੱਤਰੀ ਗੁਰਜਰਾਤ ਦੇ ਪਟੇਲ ਸਮਾਜ ਦੇ ਆਗੂ ਅਤੇ ਸੇਵਾ ਮੁਕਤ ਅਧਿਆਪਕ ਆਰਐੱਸ ਪਟੇਲ ਨਾਲ ਬੀਬੀਸੀ ਗੁਜਰਾਤੀ ਨੇ ਇਸ ਬਾਰੇ ਗੱਲਬਾਤ ਕੀਤੀ।

ਆਰਐੱਸ ਪਟੇਲ ਨੇ ਕਿਹਾ, ''ਉੱਤਰੀ ਗੁਜਰਾਤ ਦੇ ਨੌਜਵਾਨ ਅਮਰੀਕਾ ਤੇ ਕੈਨੇਡਾ ਜਾਣ ਲਈ ਕੋਈ ਵੀ ਰਸਤਾ ਅਪਣਾ ਲੈਂਦੇ ਹਨ। ਉੱਤਰੀ ਗੁਜਰਾਤ ਦੇ 42 ਪਿੰਡਾਂ ਦੇ ਜ਼ਿਆਦਾਤਰ ਨੌਜਵਾਨ ਵਿਦੇਸ਼ ਵਿੱਚ ਸਥਾਪਤ ਹੋ ਗਏ ਹਨ। ਅਜਿਹੇ ਨੌਜਵਾਨਾਂ ਦਾ ਜਲਦੀ ਵਿਆਹ ਹੋ ਜਾਂਦਾ ਹੈ।''

ਇਨ੍ਹਾਂ ਪਿੰਡਾਂ ਨੂੰ ''ਡੌਲਰੀਆ ਪਿੰਡ'' ਕਿਹਾ ਜਾਂਦਾ ਹੈ। ਜਿੱਥੇ ਬਾਹਰਲੇ ਦੇਸ਼ਾਂ ਤੋਂ ਡਾਲਰ ਆਉਂਦੇ ਹਨ।

ਇਹ ਪਿੰਡ ਪਟੇਲਾਂ ਦੇ ਪਿੰਡਾਂ ਵਜੋਂ ਹੀ ਜਾਣੇ ਜਾਂਦੇ ਹਨ ਕਿਉਂਕਿ ਇੱਥੇ ਪਟੇਲ ਭਾਈਚਾਰੇ ਵਿੱਚ ਆਪਸਦਾਰੀ ਵਿੱਚ ਵੀ ਵਿਆਹ ਕਰਵਾਏ ਜਾਂਦੇ ਹਨ।

ਆਰਐੱਸ ਪਟੇਲ ਨੇ ਕਿਹਾ, ''ਜੋ ਮੁੰਡੇ ਪੈਸਾ ਕਮਾਉਣ ਵਿਦੇਸ਼ ਜਾਂਦੇ ਹਨ, ਉਨ੍ਹਾਂ ਨੂੰ ਉੱਥੇ ਪਹਿਲਾਂ ਤੋਂ ਵਸੇ ਹੋਏ ਪਟੇਲ ਤੁਰੰਤ ਆਪਣੇ ਕੋਲ ਕੰਮ 'ਤੇ ਰੱਖ ਲੈਂਦੇ ਹਨ। ਇਸ ਤਰ੍ਹਾਂ ਇੱਥੋਂ ਦੇ ਨੌਜਵਾਨ ਚੰਗੇ ਜੀਵਨ ਦੀ ਆਸ ਵਿੱਚ ਵਿਦੇਸ਼ ਜਾਂਦੇ ਹਨ। ਘੱਟ ਪੜ੍ਹੇ-ਲਿਖੇ ਲੋਕ ਆਪਣੀ ਜ਼ਿੰਦਗੀ ਦਾਅ 'ਤੇ ਲਗਾ ਕੇ ਉੱਥੇ ਜਾਂਦੇ ਹਨ।''

ਡਿੰਗੂਚਾ ਪਿੰਡ

ਤਸਵੀਰ ਸਰੋਤ, Roxy Gagdekar and Pavan Jaiswal

ਤਸਵੀਰ ਕੈਪਸ਼ਨ, ਗੁਜਰਾਤ ਦਾ ਡਿੰਗੂਚਾ ਪਿੰਡ

ਬੀਬੀਸੀ ਗੁਜਰਾਤੀ ਨੇ ਘਟਨਾ ਦੇ ਬਾਰੇ ਵਿੱਚ ਡਿੰਗੂਚਾ ਪਿੰਡ ਦਾ ਦੌਰਾ ਕੀਤਾ।

ਕੁਝ ਲੋਕਾਂ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ ਕਿ ਜੇ ਪਿੰਡ ਤੋਂ ਕਿਸੇ ਪਿਰਵਾਰ ਵਿੱਚੋਂ ਕੋਈ ਵੀ ਵਿਅਕਤੀ ਅਮਰੀਕਾ ਨਾ ਗਿਆ ਹੋਵੇ ਤਾਂ ਲੋਕ ਉੱਥੇ ਵਿਆਹ ਕਰਨ ਤੋਂ ਝਿਜਕਦੇ ਹਨ।

ਇੱਕ 50 ਸਾਲਾ ਵਿਅਕਤੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਸੀ ਕਿ ''ਮੇਰਾ ਬੇਟਾ 35 ਸਾਲ ਦਾ ਹੈ ਪਰ ਮੇਰੇ ਪਰਿਵਾਰ ਵਿੱਚੋਂ ਕੋਈ ਵੀ ਵਿਅਕਤੀ ਅਮਰੀਕਾ ਵਿੱਚ ਨਹੀਂ ਰਹਿੰਦਾ ਹੈ।''

ਇਸ ਪਿੰਡ ਵਿੱਚ ਪਲਣ ਵਾਲਾ ਹਰ ਬੱਚਾ ਦੂਜੇ ਦੇਸ਼ ਵਿੱਚ ਵਸਣ ਦਾ ਸੁਪਨਾ ਦੇਖਦਾ ਹੈ। ਇੱਥੇ ਲਗਭਗ ਹਰ ਬੱਚਾ, ਅਮਰੀਕੀ ਵੀਜ਼ੇ ਦੀਆਂ ਕਿਸਮਾਂ ਬਾਰੇ ਜਾਣਦਾ ਹੈ।

ਵਿਜ਼ਿਟਰ ਵੀਜ਼ਾ ਤੋਂ ਗ੍ਰੀਨ ਕਾਰਡ ਤੱਕ ਯਾਤਰਾ ਕਿਵੇਂ ਕਰੀਏ, ਇਸ ਬਾਰੇ ਵੀ ਯੋਜਨਾਵਾਂ ਹਨ। ਪਿੰਡ ਵਿੱਚ ਜ਼ਿਆਦਾਤਰ ਬਜ਼ੁਰਗ ਰਹਿੰਦੇ ਹਨ ਕਿਉਂਕਿ ਜ਼ਿਆਦਾਤਰ ਨੌਜਵਾਨ ਵਿਦੇਸ਼ ਚਲੇ ਗਏ ਹਨ।

ਇੱਕ ਪਿੰਡ ਵਾਸੀ ਨੇ ਕਿਹਾ, ''ਪਿੰਡ ਵਿੱਚ ਜ਼ਿਆਦਾਤਰ ਲੋਕ ਬਜ਼ੁਰਗ ਹਨ ਕਿਉਂਕਿ ਉਨ੍ਹਾਂ ਦੇ ਬੱਚੇ ਅਮਰੀਕਾ ਚਲੇ ਗਏ ਹਨ।''

ਇਸ ਤੋਂ ਇਲਵਾ ਇੱਕ ਪਿੰਡ ਵਾਸੀ ਨੇ ਦੱਸਿਆ.''ਪਿੰਡ ਵਿੱਚ ਹੁਣ ਉਹੀ ਲੋਕ ਰਹਿ ਗਏ ਹਨ ਜਿਨ੍ਹਾਂ ਕੋਲ ਵਿਦੇਸ਼ ਜਾਣ ਲਈ ਪੈਸੇ ਨਹੀਂ ਹਨ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)