ਕੈਨੇਡਾ, ਅਮਰੀਕਾ ਤੇ ਯੂਕੇ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਘਟੀ, ਲੋਕ ਸਭਾ ਵਿੱਚ ਪੇਸ਼ ਹੋਏ ਇਹ ਅੰਕੜੇ

ਤਸਵੀਰ ਸਰੋਤ, Getty Images
- ਲੇਖਕ, ਤਨੀਸ਼ਾ ਚੌਹਾਨ
- ਰੋਲ, ਬੀਬੀਸੀ ਪੱਤਰਕਾਰ
ਕੀ ਵੱਖ-ਵੱਖ ਮੁਲਕਾਂ ਦੇ ਸਖ਼ਤ ਨਿਯਮਾਂ ਨੇ ਭਾਰਤੀ ਵਿਦਿਆਰਥੀਆਂ ਨੂੰ ਨਿਰਾਸ਼ ਕੀਤਾ ਹੈ?
ਕੀ ਭਾਰਤ ਵਿੱਚ ਪੜ੍ਹਾਈ ਲਈ ਵਧੀਆ ਢਾਂਚਾ ਖੜ੍ਹਾ ਹੋ ਰਿਹਾ ਹੈ?
ਇਹ ਕਈ ਅਜਿਹੇ ਸਵਾਲ ਹਨ ਜੋ ਚਰਚਾ ਦੇ ਵਿੱਚ ਆਏ ਹਨ। ਇਸ ਦਾ ਕਾਰਨ ਹੈ ਉਹ ਡਾਟਾ ਜਿਸ ਵਿੱਚ ਸਾਹਮਣੇ ਆਇਆ ਹੈ ਕਿ ਕੈਨੇਡਾ, ਯੂਕੇ ਅਤੇ ਯੂਐੱਸ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਇੱਕ ਸਾਲ ਵਿੱਚ ਕਰੀਬ 28 ਫੀਸਦ ਦਾ ਘਾਟਾ ਹੋਇਆ ਹੈ।
ਦੁਨੀਆਂ ਦੇ ਸਾਰੇ ਮੁਲਕਾਂ ਦੀ ਗੱਲ ਕਰੀਏ ਤਾਂ ਸਾਲ 2023 ਤੋਂ 2024 ਦਰਮਿਆਨ ਵਿਦੇਸ਼ ਪੜ੍ਹਣ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 1,33,925 ਘੱਟ ਹੋਈ ਹੈ। ਇਹ ਘਾਟਾ ਕਰੀਬ ਕਰੀਬ 15 ਫ਼ੀਸਦ ਹੈ।
ਇਸ ਦਾ ਕੀ ਕਾਰਨ ਹੈ? ਕੀ ਇਹ ਰੁਝਾਨ ਆਉਣ ਵਾਲੇ ਸਮੇਂ ਵਿੱਚ ਬਦਲੇਗਾ? ਵਿਦਿਆਰਥੀ ਅਤੇ ਮਾਹਰ ਇਸ ਬਾਰੇ ਕੀ ਸੋਚਦੇ ਹਨ, ਇਸਦੀ ਚਰਚਾ ਇਸ ਰਿਪੋਰਟ ਵਿੱਚ ਕਰਾਂਗੇ।
ਪਹਿਲਾਂ ਇਹ ਜਾਣਦੇ ਹਾਂ ਕਿ ਹੁਣ ਤੱਕ ਭਾਰਤੀ ਵਿਦਿਆਰਥੀ ਸਭ ਤੋਂ ਜ਼ਿਆਦਾ ਕਿਹੜੇ ਮੁਲਕਾਂ ਵਿੱਚ ਜਾਣ ਨੂੰ ਤਰਜੀਹ ਦਿੰਦੇ ਰਹੇ ਹਨ।

ਸਭ ਤੋਂ ਜ਼ਿਆਦਾ ਭਾਰਤੀ ਕੈਨੇਡਾ ਵਿੱਚ ਪੜ੍ਹਣ ਗਏ ਹਨ
ਭਾਰਤ ਵਿੱਚੋਂ ਕੈਨੇਡਾ ਵਿੱਚ ਸਭ ਤੋਂ ਵੱਧ ਗਿਣਤੀ ਵਿੱਚ ਵਿਦਿਆਰਥੀ ਵਿਦੇਸ਼ ਵਿੱਚ ਪੜ੍ਹਨ ਗਏ ਹਨ।
- ਦੂਜੇ ਨੰਬਰ 'ਤੇ ਆਉਂਦਾ ਹੈ ਅਮਰੀਕਾ
- ਤੀਜੇ ਨੰਬਰ 'ਤੇ ਆਉਂਦਾ ਹੈ ਯੂਕੇ
- ਚੌਥੇ ਨੰਬਰ 'ਤੇ ਆਸਟ੍ਰੇਲੀਆ ਹੈ ਅਤੇ
- ਪੰਜਵੇ ਨੰਬਰ 'ਤੇ ਜਰਮਨੀ ਹੈ
ਹੁਣ ਸਮਝਦੇ ਹਾਂ ਕਿ ਕਿਹੜੇ ਮੁਲਕਾਂ ਵਿੱਚ ਜਾਣ ਲਈ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ ਅਤੇ ਕਿਹੜੇ ਮੁਲਕਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟੀ ਹੈ।
ਅਸੀਂ ਜੋ ਡਾਟਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਉਹ ਲੋਕ ਸਭਾ ਵਿੱਚ ਸਿੱਖਿਆ ਰਾਜ ਮੰਤਰੀ ਸੁਕੰਤਾ ਮਜੂਮਦਾਰ ਨੇ ਐੱਮਪੀ ਮੁਹੰਮਦ ਬਸ਼ੀਰ ਦੇ ਸਵਾਲ ਦੇ ਜਵਾਬ ਵਿੱਚ ਸਾਂਝਾ ਕੀਤਾ ਹੈ।

ਪਹਿਲਾਂ ਉਨ੍ਹਾਂ ਮੁਲਕਾਂ ਬਾਰੇ ਜਾਣਦੇ ਹਾਂ ਜਿੱਥੇ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘਟੀ ਹੈ।
ਕੈਨੇਡਾ- ਕੈਨੇਡਾ ਵਿੱਚ ਸਾਲ 2023 ਵਿੱਚ 2,33,532 ਭਾਰਤੀ ਵਿਦਿਆਰਥੀ ਗਏ ਸਨ ਜਦਕਿ ਸਾਲ 2024 ਵਿੱਚ ਇਹ ਗਿਣਤੀ ਘੱਟ ਕੇ 1,37,608 ਹੋ ਗਈ। ਇਹ ਘਾਟਾ 95,924 ਹੈ ਜੋ ਕਿ ਕਰੀਬ 41 ਫ਼ੀਸਦ ਹੈ।
ਅਮਰੀਕਾ- ਅਮਰੀਕਾ ਵਿੱਚ ਸਾਲ 2023 ਵਿੱਚ 2,34,473 ਭਾਰਤੀ ਵਿਦਿਆਰਥੀ ਗਏ ਸਨ ਜਦਕਿ ਸਾਲ 2024 ਵਿੱਚ ਇਹ ਗਿਣਤੀ ਘੱਟ ਕੇ 2,04,053 ਹੋ ਗਈ। ਇਹ ਘਾਟਾ 30,420 ਹੈ ਜੋ ਕਿ ਕਰੀਬ 13 ਫ਼ੀਸਦ ਹੈ।
ਯੂਕੇ- ਯੂਕੇ ਵਿੱਚ ਸਾਲ 2023 ਵਿੱਚ 1,36,921 ਭਾਰਤੀ ਵਿਦਿਆਰਥੀ ਗਏ ਸਨ ਜਦਕਿ ਸਾਲ 2024 ਵਿੱਚ ਇਹ ਗਿਣਤੀ ਘੱਟ ਕੇ 98,890 ਹੋ ਗਈ। ਇਹ ਘਾਟਾ 38,031 ਹੈ ਜੋ ਕਿ ਕਰੀਬ 28 ਫ਼ੀਸਦ ਹੈ।
ਆਸਟ੍ਰੇਲੀਆ- ਆਸਟ੍ਰੇਲੀਆ ਵਿੱਚ ਸਾਲ 2023 ਵਿੱਚ 78,093 ਭਾਰਤੀ ਵਿਦਿਆਰਥੀ ਗਏ ਸਨ ਜਦਕਿ ਸਾਲ 2024 ਵਿੱਚ ਇਹ ਗਿਣਤੀ ਘੱਟ ਕੇ 68,572 ਹੋ ਗਈ। ਇਹ ਘਾਟਾ 9521 ਹੈ ਜੋ ਕਿ ਕਰੀਬ 12 ਫ਼ੀਸਦ ਹੈ।
ਚੀਨ- ਚੀਨ ਵਿੱਚ ਸਾਲ 2023 ਵਿੱਚ 7279 ਭਾਰਤੀ ਵਿਦਿਆਰਥੀ ਗਏ ਸਨ ਜਦਕਿ ਸਾਲ 2024 ਵਿੱਚ ਇਹ ਗਿਣਤੀ ਘੱਟ ਕੇ 4978 ਹੋ ਗਈ। ਇਹ ਘਾਟਾ 2301 ਹੈ ਜੋ ਕਿ ਕਰੀਬ 32 ਫ਼ੀਸਦ ਹੈ।
ਹੁਣ ਗੱਲ ਕਰਦੇ ਹਾਂ ਉਨ੍ਹਾਂ ਮੁਲਕਾਂ ਦੀ ਜਿੱਥੇ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਜਰਮਨੀ- ਜਰਮਨੀ ਵਿੱਚ ਸਾਲ 2023 ਵਿੱਚ 23,296 ਭਾਰਤੀ ਵਿਦਿਆਰਥੀ ਗਏ ਸਨ ਜਦਕਿ ਸਾਲ 2024 ਵਿੱਚ ਇਹ ਗਿਣਤੀ ਵੱਧ ਕੇ 34,702 ਹੋ ਗਈ। ਇਹ ਵਾਧਾ 11,406 ਦਾ ਹੈ ਜੋ ਕਰੀਬ 49 ਫ਼ੀਸਦ ਹੈ।
ਰੂਸ- ਰੂਸ ਵਿੱਚ ਸਾਲ 2023 ਵਿੱਚ 23,503 ਭਾਰਤੀ ਵਿਦਿਆਰਥੀ ਗਏ ਸਨ ਜਦਕਿ ਸਾਲ 2024 ਵਿੱਚ ਇਹ ਗਿਣਤੀ ਵੱਧ ਕੇ 31,444 ਹੋ ਗਈ। ਇਹ ਵਾਧਾ 7941 ਦਾ ਹੈ ਜੋ ਕਰੀਬ 34 ਫ਼ੀਸਦ ਹੈ।
ਬੰਗਲਾਦੇਸ਼- ਬੰਗਲਾਦੇਸ਼ ਵਿੱਚ ਸਾਲ 2023 ਵਿੱਚ 20,368 ਭਾਰਤੀ ਵਿਦਿਆਰਥੀ ਗਏ ਸਨ ਜਦਕਿ ਸਾਲ 2024 ਵਿੱਚ ਇਹ ਗਿਣਤੀ ਵੱਧ ਕੇ 29,232 ਹੋ ਗਈ। ਇਹ ਵਾਧਾ 8864 ਦਾ ਹੈ ਜੋ ਕਰੀਬ 45 ਫ਼ੀਸਦ ਹੈ।
ਸਿੰਗਾਪੁਰ- ਸਿੰਗਾਪੁਰ ਵਿੱਚ ਸਾਲ 2023 ਵਿੱਚ 12,763 ਭਾਰਤੀ ਵਿਦਿਆਰਥੀ ਗਏ ਸਨ ਜਦਕਿ ਸਾਲ 2024 ਵਿੱਚ ਇਹ ਗਿਣਤੀ ਵੱਧ ਕੇ 14,547 ਹੋ ਗਈ। ਇਹ ਵਾਧਾ 1784 ਦਾ ਹੈ ਜੋ ਕਰੀਬ 14 ਫ਼ੀਸਦ ਹੈ।
ਨਿਊਜ਼ੀਲੈਂਡ- ਨਿਊਜ਼ੀਲੈਂਡ ਵਿੱਚ ਸਾਲ 2023 ਵਿੱਚ 6471 ਭਾਰਤੀ ਵਿਦਿਆਰਥੀ ਗਏ ਸਨ ਜਦਕਿ ਸਾਲ 2024 ਵਿੱਚ ਇਹ ਗਿਣਤੀ ਵੱਧ ਕੇ 7297 ਹੋ ਗਈ। ਇਹ ਵਾਧਾ 826 ਦਾ ਹੈ ਜੋ ਕਰੀਬ 13 ਫ਼ੀਸਦ ਹੈ।

ਇਸ ਵਰਤਾਰੇ ਨੂੰ ਕਿਵੇਂ ਸਮਝੀਏ
ਅਸੀਂ ਇਸ ਬਾਬਤ ਪ੍ਰੋਫੈਸਰ ਅਤੇ ਪਰਵਾਸ ਮਾਮਲਿਆਂ ਦੇ ਮਾਹਰ ਸਤਿੰਦਰ ਕੁਮਾਰ ਨਾਲ ਗੱਲਬਾਤ ਕੀਤੀ।
ਪ੍ਰੋ. ਸਤਿੰਦਰ ਕੁਮਾਰ ਦਾ ਮਨੰਣਾ ਹੈ ਕਿ ਵੱਖ-ਵੱਖ ਦੇਸ਼ਾਂ ਦੇ ਵੱਖ-ਵੱਖ ਕਾਰਕਾਂ ਨੂੰ ਇੱਥੇ ਸਮਝਣਾ ਜ਼ਰੂਰੀ ਹੈ। ਉਹ ਕਹਿੰਦੇ ਹਨ ਕਿ ਜੇਕਰ ਗੱਲ ਕੈਨੇਡਾ ਦੀ ਕਰੀਏ ਤਾਂ ਉਨ੍ਹਾਂ ਨੇ ਹਾਲ ਹੀ ਵਿੱਚ ਵੀਜ਼ਾ ਪਾਲਿਸੀ ਨੂੰ ਕਾਫੀ ਸਖ਼ਤ ਕੀਤਾ ਹੈ।
"ਸਟੂਡੈਂਟ ਵੀਜ਼ਾ ਜਾਰੀ ਕਰਨ ਵਿੱਚ ਕਰੀਬ-ਕਰੀਬ ਇੱਕ ਤਿਹਾਈ ਗਿਰਾਵਟ ਆਈ ਹੈ। ਇਸ ਤੋਂ ਇਲਾਵਾ ਉੱਥੇ ਮਹਿੰਗਾਈ ਦਾ ਵਧਣਾ, ਨੌਕਰੀਆਂ ਦੀ ਘਾਟ, ਹਾਊਸਿੰਗ ਦੀ ਦਿੱਕਤ, ਅਨਿਸ਼ਚਿਤਤਾ ਅਤੇ ਸੁਰੱਖਿਆ ਸੰਬੰਧੀ ਦਿੱਕਤਾਂ ਵੀ ਇਸ ਦਾ ਵੱਡਾ ਕਾਰਨ ਰਹੀਆਂ ਹਨ।"
ਉਹ ਇਹ ਵੀ ਮੰਨਦੇ ਹਨ ਕਿ ਹਾਲ ਹੀ ਵਿੱਚ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਤੋਂ ਬਾਅਦ ਭਾਰਤ-ਕੈਨੇਡਾ ਦੇ ਸੰਬੰਧਾਂ ਵਿੱਚ ਆਈ ਖ਼ਟਾਸ ਨੇ ਵੀ ਉੱਥੇ ਜਾਣ ਦੀ ਭਰੋਸੇਯੋਗਤਾ ਨੂੰ ਘਟਾਇਆ ਹੈ। ਪਰ ਇਹ ਸਭ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ, ਇਸ ਤੋਂ ਇੱਕ-ਦੂਜੇ ਤੋਂ ਵੱਖ ਕਰਕੇ ਨਹੀਂ ਦੇਖ ਸਕਦੇ।
ਗੱਲ ਯੂਕੇ ਦੀ ਕਰੀਏ ਤਾਂ ਯੂਕੇ ਦੇ ਸਪਾਊਸ ਅਤੇ ਪੇਰੇਂਟਸ ਨੂੰ ਲੈ ਕੇ ਜਾਣ ਦੇ ਸਖ਼ਤ ਨਿਯਮਾਂ ਕਾਰਨ ਵੀ ਵਿਦਿਆਰਥੀਆਂ ਵਿੱਚ ਉੱਥੇ ਜਾਣ ਦਾ ਰੁਝਾਨ ਘੱਟਿਆ ਹੈ। ਜ਼ਿਆਦਾਤਰ ਵਿਦਿਆਰਥੀ ਵਿਦੇਸ਼ਾਂ ਵਿੱਚ ਸਿਰਫ਼ ਪੜ੍ਹਣ ਲਈ ਨਹੀਂ ਬਲਕਿ ਉੱਥੇ ਸੈਟਲ ਹੋਣ ਲਈ ਜਾਂਦੇ ਹਨ।
ਇਸੇ ਤਰ੍ਹਾਂ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਨੇ ਹੀ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਘਟਾ ਦਿੱਤਾ ਹੈ ਜਿਸ ਕਰਕੇ ਉੱਥੇ ਦਾਖ਼ਲਾ ਮਿਲਣਾ ਵੀ ਵਿਦਿਆਰਥੀਆਂ ਲਈ ਚੈਲੇਂਜ ਹੋ ਗਿਆ ਹੈ। ਇਸ ਤੋਂ ਇਲਾਵਾ ਹਰ 2-3 ਸਾਲਾਂ ਬਾਅਦ ਉਨ੍ਹਾਂ ਦੀ ਵੀਜ਼ਾ ਨੀਤੀਆਂ ਵਿੱਚ ਬਦਲਾਅ ਵੀ ਵਿਦਿਆਰਥੀਆਂ ਨੂੰ ਨਿਰਾਸ਼ ਕਰਦਾ ਹੈ।
ਪ੍ਰੋ. ਸਤਿੰਦਰ ਕੁਮਾਰ ਭਾਰਤ ਵਿੱਚ ਨਾਮੀ ਯੂਨੀਵਰਸਿਟੀਆਂ ਦੀ ਗਿਣਤੀ ਵਿੱਚ ਵਾਧੇ ਕਾਰਨ ਵੀ ਹੁਣ ਭਾਰਤ ਵਿੱਚ ਰਹਿਣ ਤੋਂ ਤਰਜੀਹ ਦਿੰਦੇ ਹਨ। ਇਹ ਸਥਿਤੀ ਅੱਜ ਤੋਂ 10-15 ਸਾਲ ਪਹਿਲਾਂ ਨਹੀਂ ਸੀ।
ਹੁਣ ਸਿੱਖਿਆ ਵਿੱਚ ਸੁਧਾਰ ਵੀ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਭਾਰਤ ਵਿੱਚ ਪੜ੍ਹਣ ਅਤੇ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਹੈ।
ਉਹ ਮੰਨਦੇ ਹਨ ਕਿ ਭਾਰਤ ਵਿੱਚ ਨੌਜਵਾਨਾਂ ਲਈ ਮੌਕੇ ਵੀ ਵਧੇ ਹਨ।

ਤਸਵੀਰ ਸਰੋਤ, Getty Images
'ਇਕ ਵਕਤੀ ਦੌਰ ਹੈ'
ਆਰਥਿਕ ਮਾਮਲਿਆਂ ਦੇ ਜਾਣਕਾਰ ਪ੍ਰੋ. ਮਨਜੀਤ ਸਿੰਘ ਦਾ ਮੰਨਣਾ ਹੈ ਕਿ ਇਹ ਵਕਤੀ ਦੌਰ ਹੈ। ਵੱਖ-ਵੱਖ ਦੇਸ਼ਾਂ ਵੱਲੋਂ ਵੀਜ਼ਾ ਨੀਤੀਆਂ ਸਖ਼ਤ ਜ਼ਰੂਰ ਕੀਤੀਆਂ ਗਈਆਂ ਹਨ ਪਰ ਕੁਝ ਵੀ ਪੂਰੀ ਤਰ੍ਹਾਂ ਨਹੀਂ ਰੁਕਿਆ।
ਉਹ ਮੰਨਦੇ ਹਨ ਕਿ ਇਸ ਤੋਂ ਬਾਅਦ ਹੁਣ ਭਾਰਤੀ ਨੌਜਵਾਨ ਭਾਰਤ ਵਿੱਚ ਮੌਕੇ ਤਲਾਸ਼ਣਗੇ। ਪਹਿਲਾਂ ਤਾਂ ਉਹ ਨੌਕਰੀ ਨਾ ਮਿਲਣ ਉੱਤੇ ਵਿਦੇਸ਼ਾਂ ਵੱਲ ਰੁਖ਼ ਕਰਦੇ ਸਨ ਪਰ ਹੁਣ ਉਹ ਮੌਕੇ ਬਣਾਉਣਗੇ।
ਉਹ ਕਹਿੰਦੇ ਹਨ ਕਿ ਜਿਸ ਹਿਸਾਬ ਨਾਲ ਮਾਈਗ੍ਰੇਸ਼ਨ ਹੋ ਰਹੀ ਸੀ, ਉਸ ਉੱਤੇ ਨਕੇਲ ਕੱਸੀ ਜਾਣੀ ਵੀ ਜ਼ਰੂਰੀ ਸੀ। ਪਰ ਹੁਣ ਸਰਕਾਰਾਂ ਨੂੰ ਵੀ ਆਪਣੇ ਰਵੱਈਏ ਬਦਲਣੇ ਪੈਣਗੇ।
ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਸਰਕਾਰਾਂ ਨੂੰ ਵੀ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਪੈਣਗੇ।
ਉਨ੍ਹਾਂ ਕਿਹਾ, "ਜੋ ਵੀ ਹੋ ਜਾਵੇ, ਨਾ ਤਾਂ ਉਹ ਮੁਲਕ ਪਰਵਾਸੀਆਂ ਬਿਨਾਂ ਰਹਿ ਸਕਦੇ ਹਨ ਅਤੇ ਨਾ ਹੀ ਨੌਜਵਾਨ ਬਾਹਰ ਜਾਣ ਦਾ ਰੁਝਾਨ ਛੱਡ ਸਕਦੇ ਹਨ। ਇਹ ਇੱਕ ਵਕਤੀ ਦੌਰ ਹੈ ਪਰ ਇਸ ਤੋਂ ਸਿੱਖਣਾ ਜ਼ਰੂਰੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












