ਅਮਰੀਕਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੇ ਰੁਜ਼ਗਾਰ ਨਾਲ ਜੁੜੇ ਕਿਹੜੇ ਪ੍ਰੋਗਰਾਮ ਉੱਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ

ਓਪੀਟੀ ਵੀਜ਼ਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਜਾਣ ਵਾਲੇ ਕੌਮਾਂਤਰੀ ਵਿਦਿਆਰਥੀ ਓਪੀਟੀ ਦੀ ਪ੍ਰੋਗਰਾਮ ਤਹਿਤ ਕੰਮ ਕਰਨ ਨੂੰ ਤਰਜ਼ੀਹ ਦਿੰਦੇ ਹਨ
    • ਲੇਖਕ, ਅਭਿਨਵ ਗੋਇਲ
    • ਰੋਲ, ਬੀਬੀਸੀ ਪੱਤਰਕਾਰ

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੌਨਲਡ ਟਰੰਪ ਦੇ ਸਮਰਥਕ ਹੁਣ ਐੱਚ1- ਬੀ ਵੀਜ਼ਾ ਤੋਂ ਬਾਅਦ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ (ਓਪੀਟੀ) ਪ੍ਰੋਗਰਾਮ 'ਤੇ ਸਵਾਲ ਖੜ੍ਹੇ ਕਰ ਰਹੇ ਹਨ।

ਓਪੀਟੀ ਇੱਕ ਅਜਿਹਾ ਪ੍ਰੋਗਰਾਮ ਹੈ ਜੋ ਕੌਮਾਂਤਰੀ ਵਿਦਿਆਰਥੀਆਂ ਨੂੰ ਅਸਥਾਈ ਤੌਰ 'ਤੇ ਅਮਰੀਕਾ ਵਿੱਚ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ।

ਇਹ ਪ੍ਰੋਗਰਾਮ ਅਮਰੀਕਾ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਵਿੱਚ ਬਹੁਤ ਮਕਬੂਲ ਹੈ ਅਤੇ ਇਸ ਪ੍ਰੋਗਰਾਮ ਤਹਿਤ ਅਮਰੀਕਾ ਵਿੱਚ ਕੰਮ ਕਰਨ ਵਾਲਿਆਂ ਵਿੱਚ ਸਭ ਤੋਂ ਵੱਧ ਭਾਰਤੀ ਨਾਗਰਿਕ ਹਨ।

ਚੋਣ ਪ੍ਰਚਾਰ ਦੌਰਾਨ ਟਰੰਪ ਨੇ 'ਮੇਕ ਅਮਰੀਕਾ ਗ੍ਰੇਟ ਅਗੇਨ' ਦਾ ਨਾਅਰਾ ਦਿੱਤਾ ਸੀ ਅਤੇ ਉਨ੍ਹਾਂ ਦੀਆਂ ਨੀਤੀਆਂ ਇਸੇ ਤੋਂ ਪ੍ਰੇਰਿਤ ਹਨ।

ਯੂਐੱਸ ਟੈਕ ਵਰਕਰਜ਼ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਓਪੀਟੀ ਵਿਰੁੱਧ ਖੁੱਲ੍ਹ ਕੇ ਲਿਖ ਰਹੇ ਹਨ ਅਤੇ ਉਹ ਇਸ 'ਤੇ ਸਖ਼ਤ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਹਨ।

ਯੂਐੱਸ ਟੈਕ ਵਰਕਰਜ਼ ਰੁਜ਼ਗਾਰ ਲਈ ਚਲਾਏ ਜਾਣ ਵਾਲੇ ਵੀਜ਼ਾ ਪ੍ਰੋਗਰਾਮ ਖ਼ਿਲਾਫ਼ ਅਮਰੀਕੀਆਂ ਦਾ ਇੱਕ ਪਲੇਟਫਾਰਮ ਹੈ।

ਆਪਣੀ ਇੱਕ ਪੋਸਟ ਵਿੱਚ ਯੂਐੱਸ ਟੈਕ ਵਰਕਰਾਂ ਨੇ ਲਿਖਿਆ ਕਿ ਓਪੀਟੀ ਐੱਚ-1ਬੀ ਵੀਜ਼ਾ ਤੋਂ ਵੀ ਵੱਧ ਗ਼ਲਤ ਹੈ, ਜੋ ਅਮਰੀਕੀ ਨੌਜਵਾਨਾਂ ਲਈ ਨੌਕਰੀਆਂ ਦੀ ਸੰਭਾਵਨਾ ਨੂੰ ਸੌੜਾ ਜਾਂ ਖ਼ਤਮ ਕਰ ਰਿਹਾ ਹੈ।

ਉਨ੍ਹਾਂ ਨੇ ਓਪੀਟੀ ਤਹਿਤ ਕੰਮ ਕਰਨ ਵਾਲੇ ਵਿਦਿਆਰਥੀਆਂ ਨੂੰ ਤਨਖ਼ਾਹ ਵਿੱਚ ਦਿੱਤੀ ਜਾਂਦੀ ਟੈਕਸ ਛੋਟ 'ਤੇ ਵੀ ਸਵਾਲ ਉਠਾਏ ਹਨ।

ਭਾਰਤ ਵਿੱਚ ਸਥਿਤ ਅਮਰੀਕੀ ਦੂਤਾਵਾਸ ਦੇ ਮੁਤਾਬਕ, ਸਾਲ 2023-24 ਵਿੱਚ 3.31 ਲੱਖ ਭਾਰਤੀ ਵਿਦਿਆਰਥੀ ਪੜ੍ਹਾਈ ਲਈ ਅਮਰੀਕਾ ਗਏ ਸਨ।

ਇਨ੍ਹਾਂ ਵਿਦਿਆਰਥੀਆਂ ਵਿੱਚੋਂ 29.42 ਫ਼ੀਸਦੀ ਯਾਨੀ 97 ਹਜ਼ਾਰ 556 ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਨੇ ਓਪੀਟੀ ਪ੍ਰੋਗਰਾਮ ਦੀ ਚੋਣ ਕੀਤੀ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਕੀ ਹੈ

ਹਰ ਸਾਲ ਦੁਨੀਆ ਭਰ ਤੋਂ ਤਕਰੀਬਨ 10 ਲੱਖ ਵਿਦਿਆਰਥੀ ਉੱਚ ਸਿੱਖਿਆ ਲਈ ਅਮਰੀਕਾ ਜਾਂਦੇ ਹਨ।

ਆਪਸ਼ਨਲ ਪ੍ਰੈਕਕਟੀਕਲ ਟ੍ਰੇਨਿੰਗ (ਓਪੀਟੀ) ਇੱਕ ਅਜਿਹਾ ਪ੍ਰੋਗਰਾਮ ਹੈ ਜੋ ਕੌਮਾਂਤਰੀ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਬਾਅਦ ਸੀਮਤ ਸਮੇਂ ਲਈ ਨੌਕਰੀ 'ਤੇ ਤਜ਼ਰਬੇ ਦਾ ਮੌਕਾ ਦਿੰਦਾ ਹੈ।

ਜੇਕਰ ਸਰਲ ਭਾਸ਼ਾ ਵਿੱਚ ਸਮਝਿਆ ਜਾਵੇ ਤਾਂ ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਸੀਮਤ ਸਮੇਂ ਲਈ ਰੁਜ਼ਗਾਰ ਮੁਹੱਈਆ ਕਰਦਾ ਹੈ।

ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐੱਸਸੀਆਈਐੱਸ) ਮੁਤਾਬਕ, ਕੌਮਾਂਤਰੀ ਵਿਦਿਆਰਥੀ ਆਪਣੀ ਪੜ੍ਹਾਈ ਦੌਰਾਨ ਜਾਂ ਫ਼ਿਰ ਪੜ੍ਹਾਈ ਮੁਕੰਮਲ ਹੋਣ ਤੋਂ ਬਾਅਦ ਇਸ ਪ੍ਰੋਗਰਾਮ ਲਈ ਅਰਜ਼ੀ ਦੇ ਸਕਦੇ ਹਨ।

ਇਸ ਪ੍ਰੋਗਰਾਮ ਤਹਿਤ ਕੌਮਾਂਤਰੀ ਵਿਦਿਆਰਥੀ ਇੱਕ ਸਾਲ ਤੱਕ ਅਮਰੀਕਾ ਵਿੱਚ ਰਹਿ ਕੇ ਕੰਮ ਕਰ ਸਕਦੇ ਹਨ।

ਓਪੀਟੀ ਲਈ ਉਹ ਵਿਦਿਆਰਥੀ ਹੀ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਕੋਲ ਸਟੱਡੀ ਵੀਜ਼ਾ ਹੁੰਦਾ ਹੈ।

ਵੀਜ਼ਾ ਕਾਊਂਸਲਰ ਗਮਨਦੀਪ ਸਿੰਘ ਦੱਸਦੇ ਹਨ ਕਿ ਭਾਰਤ ਸਣੇ ਦੁਨੀਆ ਭਰ ਤੋਂ ਅਮਰੀਕਾ 'ਚ ਪੜ੍ਹਨ ਲਈ ਆਉਣ ਵਾਲੇ ਵਿਦਿਆਰਥੀਆਂ ਨੂੰ ਐੱਫ-1 ਵੀਜ਼ਾ ਦਿੱਤਾ ਜਾਂਦਾ ਹੈ, ਜਿਸ ਨੂੰ ਸਟੱਡੀ ਵੀਜ਼ਾ ਵੀ ਕਿਹਾ ਜਾਂਦਾ ਹੈ।

ਉਹ ਕਹਿੰਦੇ ਹਨ, "ਅਮਰੀਕਾ ਵਿੱਚ ਗ੍ਰੈਜੂਏਸ਼ਨ ਵਿੱਚ ਤਿੰਨ ਦੀ ਬਜਾਇ ਚਾਰ ਸਾਲ ਲੱਗਦੇ ਹਨ, ਜਦੋਂ ਕਿ ਇੱਕ ਮਾਸਟਰਜ਼ ਡਿਗਰੀ ਲਈ ਸਿਰਫ਼ ਦੋ ਸਾਲ ਲੱਗਦੇ ਹਨ।"

"ਜੇਕਰ ਕੋਈ ਓਪੀਟੀ ਪ੍ਰੋਗਰਾਮ ਨਹੀਂ ਹੋਵੇਗਾ, ਤਾਂ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਫ਼ੌਰਨ ਬਾਅਦ ਆਪਣੇ ਦੇਸ਼ ਪਰਤਣਾ ਪਵੇਗਾ।"

ਗਮਨਦੀਪ ਦੱਸਦੇ ਹਨ, "ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਵਿਦਿਆਰਥੀ ਆਮ ਤੌਰ 'ਤੇ ਓਪੀਟੀ ਲਈ ਅਪਲਾਈ ਕਰਦੇ ਹਨ ਅਤੇ ਇਸ ਤਹਿਤ ਉਨ੍ਹਾਂ ਨੂੰ ਇੱਕ ਸਾਲ ਲਈ ਅਮਰੀਕਾ 'ਚ ਕੰਮ ਕਰਨ ਦਾ ਮੌਕਾ ਮਿਲਦਾ ਹੈ।"

ਉਹ ਕਹਿੰਦੇ ਹਨ, "ਓਪੀਟੀ ਦੌਰਾਨ ਵਿਦਿਆਰਥੀ ਉਸੇ ਖੇਤਰ ਵਿੱਚ ਕੰਮ ਕਰ ਸਕਦਾ ਹੈ, ਜਿਸ ਦੀ ਉਸ ਨੇ ਪੜ੍ਹਾਈ ਕੀਤੀ ਹੁੰਦੀ ਹੈ।"

ਓਪੀਟੀ ਕਿੰਨੀ ਤਰ੍ਹਾਂ ਦੇ ਹਨ?

ਓਪੀਟੀ ਵੀਜ਼ਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰ ਸਾਲ ਤਕਰੀਬਨ 10 ਲੱਖ ਲੋਕ ਅਮਰੀਕਾ ਪੜ੍ਹਨ ਜਾਂਦੇ ਹਨ

ਓਪੀਟੀ ਦੋ ਤਰੀਕਿਆਂ ਦਾ ਹੁੰਦਾ ਹੈ। ਇੱਕ ਪ੍ਰੀ-ਕੰਪਲੀਸ਼ਨ ਅਤੇ ਦੂਜਾ-ਪੋਸਟ-ਕੰਪਲੀਸ਼ਨ ਓਪੀਟੀ ਪ੍ਰੋਗਰਾਮ।

ਪ੍ਰੀ-ਕੰਪਲੀਸ਼ਨ ਵਿੱਚ, ਵਿਦਿਆਰਥੀ ਆਪਣੀ ਪੜ੍ਹਾਈ ਦੌਰਾਨ ਇਸ ਪ੍ਰੋਗਰਾਮ ਲਈ ਅਰਜ਼ੀ ਦੇ ਸਕਦੇ ਹਨ। ਅਰਜ਼ੀ ਮਨਜ਼ੂਰ ਹੋਣ ਦੀ ਸੂਰਤ ਵਿੱਚ ਉਹ ਹਫ਼ਤੇ ਵਿੱਚ 20 ਘੰਟੇ ਕੰਮ ਕਰ ਸਕਦਾ ਹੈ ਅਤੇ ਜਦੋਂ ਕਾਲਜ ਵਿੱਚ ਪੜ੍ਹਾਈ ਦਾ ਕੋਈ ਸੈਸ਼ਨ ਨਹੀਂ ਚੱਲ ਰਿਹਾ ਹੁੰਦਾ ਹੈ, ਉਹ ਪੂਰਾ ਸਮਾਂ ਯਾਨੀ ਫ਼ੁੱਲ ਟਾਈਮ ਇੰਮਪਾਈ ਵਜੋਂ ਕੰਮ ਕਰ ਸਕਦਾ ਹੈ।

ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਵਿਦਿਆਰਥੀ ਪੋਸਟ-ਕੰਪਲੀਸ਼ਨ ਓਪੀਟੀ ਲਈ ਅਪਲਾਈ ਕਰ ਸਕਦੇ ਹਨ।

ਅਜਿਹਾ ਕਰਨ ਨਾਲ ਵਿਦਿਆਰਥੀ ਬਿਨਾਂ ਸਟੱਡੀ ਵੀਜ਼ਾ ਦੇ ਇੱਕ ਸਾਲ ਲਈ ਅਮਰੀਕਾ ਵਿੱਚ ਰਹਿ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ।

ਇਹ ਮਿਲਣ 'ਤੇ ਵਿਦਿਆਰਥੀ ਹਫ਼ਤੇ ਵਿਚ 20 ਘੰਟੇ ਜਾਂ ਫ਼ਿਰ ਫ਼ੁੱਲ ਟਾਈਮ ਵੀ ਕੰਮ ਕਰ ਸਕਦੇ ਹਨ।

ਜੇਕਰ ਕਿਸੇ ਵਿਦਿਆਰਥੀ ਕੋਲ ਸਟੈਮ ਯਾਨੀ ਵਿਗਿਆਨ, ਟੈਕਨਾਲੋਜੀ, ਇੰਜੀਨੀਅਰਿੰਗ ਜਾਂ ਗਣਿਤ ਦੇ ਖੇਤਰ ਵਿੱਚ ਡਿਗਰੀ ਹੈ, ਤਾਂ ਇਸ ਪ੍ਰੋਗਰਾਮ ਤਹਿਤ ਵਰਕ ਪਰਮਿਟ ਨੂੰ 2 ਸਾਲ ਹੋਰ ਵਧਾਇਆ ਜਾ ਸਕਦਾ ਹੈ।

ਯਾਨੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਵਿਦਿਆਰਥੀ ਤਿੰਨ ਸਾਲਾਂ ਲਈ ਅਮਰੀਕਾ ਵਿੱਚ ਰਹਿ ਸਕਦਾ ਹੈ ਅਤੇ ਕੰਮ ਕਰ ਸਕਦਾ ਹੈ।

ਗਮਨਦੀਪ ਸਿੰਘ ਆਪਣੇ ਇੱਕ ਵਿਦਿਆਰਥੀ ਦੀ ਉਦਾਹਰਣ ਦਿੰਦੇ ਹੋਏ ਕਹਿੰਦੇ ਹਨ, "ਸਾਡਾ ਇੱਕ ਵਿਦਿਆਰਥੀ, ਰਾਕੇਸ਼, ਸਾਲ 2021 ਵਿੱਚ ਅਮਰੀਕਾ ਗਿਆ ਸੀ। ਉਹ ਵਿਗਿਆਨ ਵਿੱਚ ਗ੍ਰੈਜੂਏਸ਼ਨ ਕਰ ਰਿਹਾ ਹੈ ਅਤੇ ਉਸਨੇ ਆਪਣੀ ਪੜ੍ਹਾਈ ਦੌਰਾਨ ਹੀ ਓਪੀਟੀ ਲਈ ਅਪਲਾਈ ਕੀਤਾ ਸੀ ਅਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।"

ਉਹ ਕਹਿੰਦੇ ਹਨ, "ਓਪੀਟੀ ਦੌਰਾਨ ਕੀਤੇ ਗਏ ਕੰਮ ਨੂੰ ਤਜ਼ਰਬੇ ਵਜੋਂ ਗਿਣਿਆ ਜਾਂਦਾ ਹੈ, ਜਿਸ ਦੀ ਮਦਦ ਨਾਲ ਰਾਕੇਸ਼ ਲਈ ਭਵਿੱਖ ਵਿੱਚ ਨੌਕਰੀ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ।"

ਦੂਜੇ ਪਾਸੇ ਰਾਕੇਸ਼ ਸਾਇੰਸ ਦੀ ਪੜ੍ਹਾਈ ਕਰ ਰਿਹਾ ਹੈ। ਇਸ ਕੋਰਸ ਦੇ ਬੱਚੇ ਤਿੰਨ ਸਾਲ ਤੱਕ ਓਪੀਟੀ ਲੈ ਸਕਦੇ ਹਨ।

ਓਪੀਟੀ ਖ਼ਤਮ ਹੋਣ ਤੋਂ ਬਾਅਦ ਕੀ ਹੋਵੇਗਾ?

ਓਪੀਟੀ ਵੀਜ਼ਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਓਟੀਪੀ ਪ੍ਰੋਗਰਾਮ ਲਈ ਅਪਲਾਈ ਕਰਨ ਵਾਲੇ ਸਭ ਤੋਂ ਜ਼ਿਆਦਾ ਭਾਰਤੀ ਹਨ

ਅੰਬੇਡਕਰ ਯੂਨੀਵਰਸਿਟੀ, ਦਿੱਲੀ ਤੋਂ ਅੰਗਰੇਜ਼ੀ ਸਾਹਿਤ ਦੀ ਪੜ੍ਹਾਈ ਕਰਨ ਤੋਂ ਬਾਅਦ ਹਰਮਨਪ੍ਰੀਤ ਕੌਰ ਨੇ ਸਾਲ 2017 ਵਿੱਚ ਅਮਰੀਕਾ ਦੀ 'ਮਿਸੀਸਿਪੀ ਕਾਲਜ' ਯੂਨੀਵਰਸਿਟੀ ਵਿੱਚ ਦਾਖਲਾ ਲਿਆ ਸੀ।

ਇੱਥੋਂ ਉਸ ਨੇ ਮਾਨਸਿਕ ਸਿਹਤ ਕਾਉਂਸਲਿੰਗ ਵਿੱਚ ਮਾਸਟਰ ਡਿਗਰੀ ਕੀਤੀ।

ਬੀਬੀਸੀ ਨਾਲ ਗੱਲ ਕਰਦੇ ਹੋਏ, ਹਰਮਨਪ੍ਰੀਤ ਕੌਰ ਕਹਿੰਦੇ ਹਨ, "ਮੈਂਟਲ ਹੈਲਥ ਕਾਉਂਸਲਿੰਗ ਵਿੱਚ ਆਪਣੀ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ, ਮੈਂ ਇੱਕ ਸਾਲ ਲਈ ਓਟੀਪੀ ਲਈ ਅਰਜ਼ੀ ਦੇ ਸਕਦੀ ਸੀ। ਕੋਰਸ ਖਤਮ ਹੋਣ ਤੋਂ ਬਾਅਦ, ਸਾਨੂੰ ਨੌਕਰੀ ਲੱਭਣ ਲਈ 90 ਦਿਨ ਦਿੱਤੇ ਗਏ ਸਨ।"

ਉਹ ਦੱਸਦੇ ਹਨ, "ਮੈਂ ਕੋਰਸ ਪੂਰਾ ਕਰਨ ਤੋਂ ਪਹਿਲਾਂ ਹੀ ਨੌਕਰੀ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਮੈਨੂੰ ਓਪੀਟੀ ਤਹਿਤ ਇੱਕ ਸਾਲ ਦਾ ਵਰਕ ਵੀਜ਼ਾ ਮਿਲਿਆ ਅਤੇ ਇਸ ਦੌਰਾਨ ਮੈਂ ਇੱਕ ਹਸਪਤਾਲ ਵਿੱਚ ਕੰਮ ਕੀਤਾ।"

"ਮੇਰੇ ਵਰਕ ਪਰਮਿਟ ਦੀ ਮਿਆਦ ਦੇ ਦੌਰਾਨ, ਮੇਰੇ ਕੋਲ ਸਟੱਡੀ ਵੀਜ਼ਾ (ਐੱਫ਼-1) ਨੂੰ ਬਦਲ ਕੇ ਐੱਫ਼-1 ਓਪੀਟੀ ਵੀਜ਼ਾ ਵਿੱਚ ਬਦਲ ਦਿੱਤਾ ਗਿਆ ਸੀ।"

ਹਰਮਨਪ੍ਰੀਤ ਕਹਿੰਦੇ ਹਨ, "ਓਪੀਟੀ ਦਾ ਫਾਇਦਾ ਇਹ ਸੀ ਕਿ ਮੈਂ ਜੋ ਪੜ੍ਹਾਈ ਅਮਰੀਕਾ ਵਿੱਚ ਕੀਤੀ, ਮੈਂ ਸਾਲ ਭਰ ਲਈ ਉਸੇ ਖੇਤਰ ਵਿੱਚ ਕੰਮ ਵੀ ਅਮਰੀਕਾ ਵਿੱਚ ਹੀ ਕੀਤਾ ਅਤੇ ਇਸ ਤਰ੍ਹਾਂ ਮੈਨੂੰ ਚੰਗਾ ਤਜ਼ਰਬਾ ਮਿਲ ਗਿਆ।"

ਉਹ ਕਹਿੰਦੇ ਹਨ ਕਿ ਜੇਕਰ ਕੋਈ ਕੰਪਨੀ ਸਾਲ ਭਰ ਚੱਲਣ ਵਾਲੇ ਓਪੀਟ ਤੋਂ ਬਾਅਦ ਨੌਕਰੀ ਨੂੰ ਸਪਾਂਸਰ ਨਹੀਂ ਕਰਦੀ, ਤਾਂ ਵਿਦਿਆਰਥੀ ਅਕਸਰ ਦੂਜੇ ਕੋਰਸਾਂ ਵਿੱਚ ਦਾਖਲਾ ਲੈ ਲੈਂਦੇ ਹਨ ਜਾਂ ਫਿਰ ਉਨ੍ਹਾਂ ਨੂੰ ਆਪਣੇ ਦੇਸ਼ ਵਾਪਿਸ ਪਰਤਣਾ ਪਵੇਗਾ।

ਹਰਮਨਪ੍ਰੀਤ ਦਾ ਕਹਿਣਾ ਹੈ ਕਿ ਅਕਸਰ ਓਪੀਟੀ ਵਿਦਿਆਰਥੀਆਂ ਲਈ ਐੱਚ1-ਬੀ ਵੀਜ਼ਾ ਮਿਲਣਾ ਔਖਾ ਹੋ ਜਾਂਦਾ ਹੈ।

ਕਿਉਂਕਿ ਨੌਕਰੀ ਦੇਣ ਵਾਲੇ ਕਿਸੇ ਅਜਿਹੇ ਵਿਅਕਤੀ ਨੂੰ ਨੌਕਰੀ 'ਤੇ ਨਹੀਂ ਰੱਖਣਾ ਚਾਹੁੰਦੇ ਜਿਸ ਕੋਲ ਸਾਲ ਭਰ ਕੰਮ ਕਰਨ ਲਈ ਵੀਜ਼ਾ ਹੋਵੇ ਅਤੇ ਦੂਜਾ, ਐੱਚ1-ਬੀ ਵੀਜ਼ਾ ਦੀ ਗਿਣਤੀ ਬਹੁਤ ਸੀਮਤ ਹੈ।

ਜੇਕਰ ਵਿਦਿਆਰਥੀ ਕਿਸੇ ਹੋਰ ਕੋਰਸ ਵਿੱਚ ਦਾਖਲਾ ਲੈਂਦਾ ਹੈ ਤਾਂ ਉਸਨੂੰ ਦੁਬਾਰਾ ਸਟੱਡੀ ਵੀਜ਼ਾ ਯਾਨੀ ਐੱਫ਼-1 ਵੀਜ਼ਾ ਮਿਲਦਾ ਹੈ।

ਕੈਨੇਡਾ ਰਹਿੰਦੇ ਮੁਕੇਸ਼ ਵੀ ਕੁਝ ਅਜਿਹੇ ਹੀ ਤੱਥਾਂ ਦਾ ਜ਼ਿਕਰ ਕਰਦੇ ਹਨ। ਉਹ ਬਿਜ਼ਨਸ ਐਨਾਲਿਟਿਕਸ ਵਿੱਚ ਮਾਸਟਰ ਡਿਗਰੀ ਕਰਨ ਲਈ 2017 ਵਿੱਚ ਅਮਰੀਕਾ ਗਏ ਸਨ।

ਇਹ ਕੋਰਸ 'ਸਟੈਮ' ਅਧੀਨ ਆਉਂਦਾ ਹੈ, ਯਾਨੀ ਇਸ ਕੋਰਸ ਤੋਂ ਬਾਅਦ ਵਿਦਿਆਰਥੀ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਤਿੰਨ ਸਾਲ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ।

ਮੁਕੇਸ਼ ਕਹਿੰਦੇ ਹਨ, "ਮੇਰੀ ਮਾਸਟਰ ਡਿਗਰੀ 2019 ਵਿੱਚ ਪੂਰੀ ਹੋਈ ਸੀ, ਫਿਰ ਮੈਂ 2023 ਤੱਕ ਓਪੀਟੀ ਤਹਿਤ ਤਿੰਨ ਸਾਲ ਪੂਰਾ ਸਮਾਂ ਕੰਮ ਕੀਤਾ।

ਇਸ ਦੌਰਾਨ ਮੇਰੀ ਕੰਪਨੀ ਮੇਰਾ ਵੀਜ਼ਾ ਐੱਚ1- ਬੀ ਲਾਟਰੀ ਵਿੱਚ ਪਾਉਂਦੀ ਰਹੀ, ਪਰ ਮੇਰਾ ਨਾਂ ਨਹੀਂ ਆਇਆ, ਜਿਸ ਕਾਰਨ ਮੈਨੂੰ ਅਮਰੀਕਾ ਛੱਡ ਕੇ ਕੈਨੇਡਾ ਜਾਣਾ ਪਿਆ।''

ਉਹ ਕਹਿੰਦੇ ਹਨ, "ਓਪੀਟੀ ਖ਼ਤਮ ਹੋਣ ਤੋਂ ਬਾਅਦ, ਤੁਸੀਂ ਅਮਰੀਕਾ ਵਿੱਚ ਕੰਮ ਨਹੀਂ ਕਰ ਸਕਦੇ।

ਅਜਿਹੀ ਸਥਿਤੀ ਵਿੱਚ, ਜਾਂ ਤਾਂ ਕਿਸੇ ਨੂੰ ਦੁਬਾਰਾ ਯੂਨੀਵਰਸਿਟੀ ਵਿੱਚ ਦਾਖਲਾ ਲੈਣਾ ਪੈਂਦਾ ਹੈ, ਜਾਂ ਫਿਰ ਵਾਪਸ ਘਰ ਪਰਤਣਾ ਪੈਂਦਾ ਹੈ।

ਮੁਕੇਸ਼ ਦਾ ਕਹਿਣਾ ਹੈ ਕਿ ਜਿਨ੍ਹਾਂ ਬੱਚਿਆਂ ਨੇ ਸਟੱਡੀ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਸੈਕਿੰਡ ਮਾਸਟਰਜ਼ 'ਚ ਦਾਖਲਾ ਲਿਆ ਸੀ ਟਰੰਪ ਦੇ ਆਉਣ ਤੋਂ ਬਾਅਦ ਉਨ੍ਹਾਂ 'ਚ ਖ਼ਤਸ਼ਾ ਜ਼ਰੂਰ ਪੈਦਾ ਹੋ ਗਿਆ ਹੈ ਕਿਉਂਕਿ ਹੁਣ ਰਿਜੈਕਸ਼ਨ ਰੇਟ ਵਧ ਸਕਦਾ ਹੈ। ਯਾਨੀ ਪਹਿਲਾਂ ਦੇ ਮੁਕਾਬਲੇ ਵੱਧ ਅਰਜ਼ੀਆਂ ਰੱਦ ਕੀਤੇ ਜਾਣ ਦੀ ਸੰਭਾਵਨਾ ਹੈ।

ਓਪੀਟੀ ਬਾਰੇ ਚਿੰਤਾਵਾਂ

ਓਪੀਟੀ ਵੀਜ਼ਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਓਟੀਪੀ ਖ਼ਤਮ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਆਪਣੇ ਦੇਸ਼ ਵਾਪਸ ਪਰਤਣਾ ਪੈਂਦਾ ਹੈ

20 ਜਨਵਰੀ ਨੂੰ ਡੌਨਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ।

ਅਮਰੀਕਾ ਵਿੱਚ ਟਰੰਪ ਦੀ ਸੱਤਾ ਵਿੱਚ ਵਾਪਸੀ ਨੂੰ ਲੈ ਕੇ ਭਾਰਤ ਭਾਰਤ ਵਿੱਚ ਐਪੀਕਲ ਇਮੀਗ੍ਰੇਸ਼ਨ ਐਕਸਪਰਟਸ ਦੇ ਡਾਇਰਕਟਰ ਮਨੀਸ਼ ਸ਼੍ਰੀਵਾਸਤਵ ਕੁਝ ਚਿੰਤਿਤ ਨਜ਼ਰ ਆਉਂਦੇ ਹਨ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ, ''ਟਰੰਪ ਦੀ ਅਮਰੀਕਾ ਫਸਟ ਨੀਤੀ ਦਾ ਅਸਰ ਕੁਝ ਹੀ ਦਿਨਾਂ 'ਚ ਦਿਖਾਈ ਦੇਣ ਲੱਗੇਗਾ। ਕਿਉਂਕਿ ਉਹ ਵਾਰ-ਵਾਰ ਕਹਿ ਚੁੱਕੇ ਹਨ ਕਿ ਅਮਰੀਕੀ ਨੌਕਰੀਆਂ 'ਤੇ ਪਹਿਲਾ ਹੱਕ ਅਮਰੀਕੀ ਲੋਕਾਂ ਦਾ ਹੈ।"

ਸ਼੍ਰੀਵਾਸਤਵ ਦਾ ਕਹਿਣਾ ਹੈ, ''ਸਟੈਮ ਪੜ੍ਹਾਈ ਕਰਨ ਵਾਲਿਆਂ ਨੂੰ ਮਿਲਣ ਵਾਲਾ ਤਿੰਨ ਸਾਲ ਦਾ ਵਰਕ ਵੀਜ਼ਾ ਘਟਾ ਕੇ ਇੱਕ ਸਾਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ, ਇੱਕ ਸਾਲ ਦਾ ਵਰਕ ਵੀਜ਼ਾ ਜੋ ਆਮ ਕੋਰਸ ਤੋਂ ਬਾਅਦ ਮਿਲਦਾ ਸੀ, ਨੂੰ ਖ਼ਤਮ ਕੀਤਾ ਜਾ ਸਕਦਾ ਹੈ।"

ਉਹ ਕਹਿੰਦੇ ਹਨ ਕਿ ਟਰੰਪ ਦੇ ਆਉਣ ਤੋਂ ਬਾਅਦ ਵੀਜ਼ਾ ਰੱਦ ਹੋਣ ਦੀ ਦਰ ਵੱਧ ਜਾਵੇਗੀ ਅਤੇ ਪਹਿਲਾਂ ਦੇ ਮੁਕਾਬਲੇ ਕਾਗਜ਼ਾਂ ਦੀ ਜਾਂਚ ਵੀ ਵੱਧ ਜਾਵੇਗੀ।

ਗਮਨਦੀਪ ਸਿੰਘ ਵੀ ਅਜਿਹੇ ਹੀ ਖ਼ਦਸ਼ਿਆਂ ਦਾ ਜ਼ਿਕਰ ਕਰਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਤੋਂ ਜ਼ਿਆਦਾਤਰ ਬੱਚੇ ਅਮਰੀਕਾ ਵਿੱਚ ਸੈਟਲ ਹੋਣ ਯਾਨੀ ਪੱਕੀ ਰਿਹਾਇਸ਼ ਲਈ ਜਾਂਦੇ ਹਨ ਅਤੇ ਪੜ੍ਹਾਈ ਤਾਂ ਸਿਰਫ਼ ਇੱਕ ਬਹਾਨਾ ਹੈ।

ਉਨ੍ਹਾਂ ਦਾ ਕਹਿਣਾ ਹੈ, "ਜੇਕਰ ਓਪੀਟੀ ਤਹਿਤ ਮਿਲਣ ਵਾਲੇ ਵਰਕ ਵੀਜ਼ਿਆਂ ਸਬੰਧੀ ਨਿਯਮ ਸਖ਼ਤ ਕੀਤੇ ਗਏ ਤਾਂ ਹਜ਼ਾਰਾਂ ਬੱਚਿਆਂ ਨੂੰ ਵਾਪਸ ਪਰਤਣਾ ਪਵੇਗਾ ਅਤੇ ਜਿਹੜੇ ਬੱਚੇ ਸਾਧਾਰਨ ਕੋਰਸ ਕਰ ਰਹੇ ਹਨ, ਉਨ੍ਹਾਂ ਨੂੰ ਸਭ ਤੋਂ ਵੱਧ ਮਾਰ ਪਵੇਗੀ।"

ਐੱਚ1-ਬੀ ਵੀਜ਼ਾ ਸਬੰਧੀ ਮੁਸ਼ਕਲਾਂ

ਓਪੀਟੀ ਵੀਜ਼ਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਨੂੰ ਡਰ ਹੈ ਕਿ ਓਪੀਟੀ ਤਹਿਤ ਮਿਲਣ ਵਾਲੀ ਐਕਸਟੈਂਸ਼ਨ ਵੀ ਖ਼ਤਮ ਕਰ ਦਿੱਤੀ ਜਾਵੇਗੀ

ਅਮਰੀਕੀ ਐੱਚ-1ਬੀ ਵੀਜ਼ਾ 1990 ਵਿੱਚ ਸ਼ੁਰੂ ਕੀਤਾ ਗਿਆ ਸੀ। ਇਹ ਖ਼ਾਸ ਤੌਰ 'ਤੇ ਹੁਨਰਮੰਦ ਕਰਮਚਾਰੀਆਂ ਲਈ ਸੀ।

ਸ਼ੁਰੂ ਵਿੱਚ ਇਹ ਵੀਜ਼ਾ ਤਿੰਨ ਸਾਲਾਂ ਲਈ ਦਿੱਤਾ ਜਾਂਦਾ ਹੈ, ਪਰ ਇਸ ਦੀ ਮਿਆਦ ਛੇ ਸਾਲ ਤੱਕ ਵਧਾਈ ਜਾ ਸਕਦੀ ਹੈ।

2004 ਤੋਂ ਹਰ ਸਾਲ ਜਾਰੀ ਹੋਣ ਵਾਲੇ ਐੱਚ-1ਬੀ ਵੀਜ਼ਿਆਂ ਦੀ ਗਿਣਤੀ 85 ਹਜ਼ਾਰ ਤੱਕ ਸੀਮਤ ਹੋ ਕਰ ਦਿੱਤੀ ਗਈ ਸੀ।

ਇਨ੍ਹਾਂ ਵਿੱਚੋਂ 20 ਹਜ਼ਾਰ ਵੀਜ਼ੇ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਕੋਲ ਅਮਰੀਕੀ ਯੂਨੀਵਰਸਿਟੀਆਂ ਤੋਂ ਮਾਸਟਰ ਜਾਂ ਇਸ ਤੋਂ ਉੱਚ ਡਿਗਰੀ ਹੋਵੇ।

ਪਰ ਇਹ ਵੀਜ਼ਾ ਉਦੋਂ ਹੀ ਮਿਲਦਾ ਹੈ ਜਦੋਂ ਅਮਰੀਕਾ ਸਥਿਤ ਕੰਪਨੀਆਂ ਜਾਂ ਹੋਰ ਸੰਸਥਾਵਾਂ ਨੌਕਰੀਆਂ ਦੀ ਪੇਸ਼ਕਸ਼ ਕਰਦੀਆਂ ਹਨ ਅਤੇ ਖੁਦ ਸਪਾਂਸਰ ਬਣ ਜਾਂਦੀਆਂ ਹਨ।

ਪਰ ਡੌਨਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਭਾਰਤੀ ਮਾਹਰ ਐੱਚ-1ਬੀ ਵੀਜ਼ਾ ਨੂੰ ਲੈ ਕੇ ਚਿੰਤਾ ਪ੍ਰਗਟ ਕਰ ਰਹੇ ਹਨ।

ਡੌਨਲਡ ਟਰੰਪ ਸ਼ੁਰੂ ਤੋਂ ਹੀ ਐੱਚ-1ਬੀ ਵੀਜ਼ਾ ਦਾ ਵਿਰੋਧ ਕਰਦੇ ਰਹੇ ਹਨ, ਹਾਲਾਂਕਿ ਹਾਲ ਹੀ 'ਚ ਉਨ੍ਹਾਂ ਨੇ ਵੀ ਇਸ ਦਾ ਸਮਰਥਨ ਕੀਤਾ ਹੈ।

ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਐੱਚ-1ਬੀ ਵੀਜ਼ਾ ਰੱਦ ਹੋਣ ਦੀ ਦਰ ਸਭ ਤੋਂ ਵੱਧ ਸੀ।

ਅਕਤੂਬਰ 2017 ਤੋਂ ਸਤੰਬਰ 2018 ਦਰਮਿਆਨ ਇਹ ਦਰ 24 ਫ਼ੀਸਦੀ ਤੱਕ ਪਹੁੰਚ ਗਈ ਸੀ। ਜਦੋਂ ਕਿ ਪਿਛਲੇ ਓਬਾਮਾ ਪ੍ਰਸ਼ਾਸਨ ਦੌਰਾਨ ਰੱਦ ਹੋਣ ਦੀ ਦਰ ਮਹਿਜ਼ ਪੰਜ ਤੋਂ ਅੱਠ ਫ਼ੀਸਦੀ ਸੀ।

ਜੋਅ ਬਾਇਡਨ ਪ੍ਰਸ਼ਾਸਨ ਦੇ ਦੌਰਾਨ ਐੱਚ-1ਬੀ ਵੀਜ਼ਾ ਰੱਦ ਹੋਣ ਦੀ ਦਰ ਦੋ ਤੋਂ ਚਾਰ ਫ਼ੀਸਦੀ ਰਹਿ ਗਈ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)