ਨਿੱਜੀ ਸਕੂਲ 'ਚ ਪੜ੍ਹਦੇ 15 ਸਾਲਾ ਬੱਚੇ ਦੀ ਮੌਤ ਬਣੀ ਰਹੱਸਮਈ, ਕੀ ਹੌਲਨਾਕ ਰੈਗਿੰਗ ਨੇ ਕੀਤਾ ਖੁਦਕੁਸ਼ੀ ਲਈ ਮਜਬੂਰ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੇਰਲ 'ਚ ਇੱਕ ਵਿਦਿਆਰਥੀ ਦੀ ਮਾਂ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਦੇ ਬੇਟੇ ਨੂੰ ਰੈਗਿੰਗ ਦੌਰਾਨ ਬੇਰਹਿਮੀ ਨਾਲ ਕੁੱਟਿਆ ਗਿਆ। (ਸੰਕੇਤਕ ਤਸਵੀਰ)
    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਬੀਬੀਸੀ ਪੱਤਰਕਾਰ

ਕੇਰਲ ਦੇ ਇੱਕ ਮਸ਼ਹੂਰ ਸਕੂਲ ਦੇ 15 ਸਾਲਾ ਵਿਦਿਆਰਥੀ ਦੀ ਮੌਤ ਨੇ ਸੂਬੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਦਾਅਵਾ ਹੈ ਕਿ ਮਰਨ ਵਾਲੇ ਵਿਦਿਆਰਥੀ ਦੀ ਸਕੂਲ ਵਿੱਚ ਰੈਗਿੰਗ ਕੀਤੀ ਗਈ ਸੀ। ਹਾਲਾਂਕਿ ਰੈਗਿੰਗ ਦੇ ਮਾਮਲੇ ਉੱਤੇ ਸਕੂਲ ਪ੍ਰਬੰਧਕਾਂ ਅਤੇ ਮਾਪਿਆਂ ਦੇ ਬਿਆਨਾਂ ਵਿੱਚ ਗੰਭੀਰ ਫ਼ਰਕ ਹੈ।

ਜੀਪੀਐੱਸ ਇੰਟਰਨੈਸ਼ਨਲ ਸਕੂਲ ਵਿੱਚ 9ਵੀਂ ਜਮਾਤ ਦੇ ਕੈਮਬ੍ਰਿਜ ਆਈਜੀਐੱਸਈ ਦੇ ਵਿਦਿਆਰਥੀ ਮਿਹਿਰ ਅਹਿਮਦ ਦੀ 15 ਜਨਵਰੀ ਨੂੰ ਸਕੂਲ ਤੋਂ ਘਰ ਵਾਪਸ ਆਉਣ ਤੋਂ ਤੁਰੰਤ ਬਾਅਦ ਮੌਤ ਹੋ ਗਈ ਸੀ।

ਪਰਿਵਾਰ ਦਾ ਕਹਿਣਾ ਹੈ ਕਿ ਮਿਹਰ ਨੇ ਖੁਦਕੁਸ਼ੀ ਕੀਤੀ ਹੈ। ਪੁਲਿਸ ਨੇ ਇਸ ਸਬੰਧੀ ਐੱਫ਼ਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਕੂਲ ਦੇ ਇੱਕ ਵਿਦਿਆਰਥੀ ਨੇ ਮਿਹਿਰ ਦੇ ਸਕੂਲ ਵਿਚਲੇ ਉਸ ਦੇ ਵਿਵਹਾਰ ਬਾਰੇ ਦੱਸਦਿਆਂ ਕਿਹਾ ਕਿ ਉਹ ਖੁਸ਼ਕਿਸਮਤ ਬੱਚਾ ਸੀ।

ਮਿਹਿਰ ਦੇ ਮਾਮਾ ਸ਼ਰੀਫ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਘਰ ਵਿੱਚ ਅਜਿਹਾ ਕੋਈ ਕਾਰਨ ਨਹੀਂ ਸੀ ਕਿ ਉਹ ਅਜਿਹਾ ਕਦਮ ਚੁੱਕਦਾ।"

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

(ਚੇਤਾਵਨੀ: ਖ਼ਬਰ ਵਿੱਚਲੇ ਕੁਝ ਵੇਰਵੇ ਪਰੇਸ਼ਾਨ ਕਰ ਸਕਦੇ ਹਨ।)

ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ।

ਜੇਕਰ ਤੁਸੀਂ ਵੀ ਤਣਾਅ 'ਚੋਂ ਗੁਜ਼ਰ ਰਹੇ ਹੋ ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 18002333330 ਤੋਂ ਮਦਦ ਲੈ ਸਕਦੇ ਹੋ।

ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।

ਸੋਸ਼ਲ ਮੀਡੀਆ ਪੋਸਟ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਮਾਮਲਾ ਪਰਿਵਾਰ ਵਾਲਿਆਂ ਦੇ ਧਿਆਨ 'ਚ ਉਸ ਸਮੇਂ ਆਇਆ ਜਦੋਂ ਕੁਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ‘ਜਸਟਿਸ ਫ਼ਾਰ ਮਿਹਿਰ’ ਮੁਹਿੰਮ ਸ਼ੁਰੂ ਕਰ ਦਿੱਤੀ।

ਇਹ ਮਾਮਲਾ ਉਦੋਂ ਹੋਰ ਗੰਭੀਰ ਹੋ ਗਿਆ ਜਦੋਂ ਪਰਿਵਾਰ ਨੇ ਦੇਖਿਆ ਕਿ ਮਿਹਿਰ ਦੀ ਮੌਤ ਤੋਂ ਅਗਲੇ ਦਿਨ 'ਜਸਟਿਸ ਫ਼ਾਰ ਮਿਹਿਰ' ਨਾਂ ਦੀ ਸੋਸ਼ਲ ਮੀਡੀਆ ਪੋਸਟ ਦੇਖੀ ਸੀ, ਜਿਸ ਨੂੰ ਨੌਂ ਦਿਨਾਂ ਬਾਅਦ ਅਚਾਨਕ ਹਟਾ ਦਿੱਤਾ ਗਿਆ।

ਗਲੋਬਲ ਪਬਲਿਕ ਸਕੂਲ ਦੇ ਬੁਲਾਰੇ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਇਨ੍ਹਾਂ ਸੋਸ਼ਲ ਮੀਡੀਆ ਪੋਸਟਾਂ ਨੇ ਸਾਨੂੰ ਵੀ ਹੈਰਾਨ ਕਰ ਦਿੱਤਾ ਹੈ।"

ਸੋਸ਼ਲ ਮੀਡੀਆ ਦੀਆਂ ਇਹ ਪੋਸਟਾਂ ਮਿਹਿਰ ਦੇ ਮਾਪਿਆਂ ਲਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਦਾ ਆਧਾਰ ਬਣ ਗਈਆਂ।

ਇਸ ਤੋਂ ਬਾਅਦ ਵਿਦਿਆਰਥੀ ਦੀ ਮਾਂ ਰਾਜਨਾ ਪੀਐੱਮ ਨੇ ਵੀ ਸੋਸ਼ਲ ਮੀਡੀਆ 'ਤੇ ਇੱਕ ਲੰਬੀ ਪੋਸਟ ਲਿਖੀ।

ਇਹ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ।

ਕੇਰਲ ਦੇ ਸਿੱਖਿਆ ਮੰਤਰੀ ਕੇ. ਸ਼ਿਵਨਕੁਟੀ ਨੇ ਦੱਸਿਆ ਕਿ ਸਰਕਾਰ ਮਿਹਿਰ ਦੀ ਮੌਤ ਨਾਲ ਜੁੜੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ।

ਸਿੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਸਕੂਲ ਦੀ ਜਾਂਚ ਲਈ ਸਿੱਖਿਆ ਡਾਇਰੈਕਟਰ ਨੂੰ ਹੁਕਮ ਦਿੱਤੇ ਹਨ ਅਤੇ ਇਸ ਮਾਮਲੇ ਦੀ ਰਿਪੋਰਟ ਅਗਲੇ ਕੁਝ ਦਿਨਾਂ ਵਿੱਚ ਆਉਣ ਦੀ ਉਮੀਦ ਹੈ।

ਮਿਹਿਰ ਨਾਲ ਕੀ ਹੋਇਆ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਦਿਆਰਥੀ ਦੀ ਮਾਂ ਨੇ ਇਸ ਘਟਨਾ ਬਾਰੇ ਸੋਸ਼ਲ ਮੀਡੀਆ 'ਤੇ ਲੰਮੀ ਪੋਸਟ ਲਿਖੀ ਹੈ। (ਸੰਕੇਤਕ ਤਸਵੀਰ)

ਰਜਨਾ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਕਿ ਕਿਵੇਂ ਉਸ ਦਿਨ ਦੁਪਹਿਰ 2.45 ਵਜੇ ਮਿਹਿਰ ਦੇ ਸਕੂਲ ਤੋਂ ਵਾਪਸ ਆਉਣ ਤੋਂ ਇੱਕ ਘੰਟੇ ਬਾਅਦ ਹੀ ਉਨ੍ਹਾਂ ਦੀ ਦੁਨੀਆ ਉਜੜ ਗਈ।

ਮੌਤ ਤੋਂ ਬਾਅਦ, ਰਜਨਾ ਅਤੇ ਉਨ੍ਹਾਂ ਦੇ ਪਤੀ ਨੇ ਮਿਹਿਰ ਦੇ ਦੋਸਤਾਂ ਅਤੇ ਸਕੂਲ ਦੇ ਸਾਥੀਆਂ ਨਾਲ ਗੱਲ ਕੀਤੀ ਅਤੇ ਇਹ ਸਮਝਣ ਲਈ ਸੋਸ਼ਲ ਮੀਡੀਆ ਪੋਸਟਾਂ ਦੀ ਜਾਂਚ ਕੀਤੀ ਕਿ ਉਨ੍ਹਾਂ ਦੇ ਬੇਟੇ ਨੇ ਅਜਿਹਾ ਸਖ਼ਤ ਕਦਮ ਕਿਉਂ ਚੁੱਕਿਆ।

ਉਨ੍ਹਾਂ ਪੋਸਟ ਵਿੱਚ ਲਿਖਿਆ ਸੀ, "ਮਿਹਿਰ ਨਾਲ ਸਕੂਲ ਵਿੱਚ ਅਤੇ ਸਕੂਲ ਬੱਸ ਵਿੱਚ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਬੇਰਹਿਮੀ ਨਾਲ ਰੈਗਿੰਗ ਕੀਤੀ, ਧਮਕਾਇਆ ਅਤੇ ਉਸ ਉੱਤੇ ਹਮਲਾ ਕੀਤਾ ਗਿਆ।"

ਰਜਨਾ ਨੇ ਆਪਣੀ ਪੋਸਟ 'ਚ ਲਿਖਿਆ, ''ਅਸੀਂ ਜੋ ਸਬੂਤ ਇਕੱਠੇ ਕੀਤੇ ਹਨ ਉਹ ਦਿਲ-ਦਹਿਲਾਉਣ ਵਾਲੇ ਹਨ।

ਮਿਹਿਰ ਨੂੰ ਅਣਗਿਣਤ ਤਰੀਕਿਆਂ ਦੇ ਦੁਰਵਿਵਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ, ਇੱਥੋਂ ਤੱਕ ਕਿ ਉਸ ਦੇ ਆਖ਼ਰੀ ਦਿਨ ਵੀ।"

ਉਨ੍ਹਾਂ ਨੇ ਅੱਗੇ ਲਿਖਿਆ, "ਉਸ ਨੂੰ ਜ਼ਬਰਦਸਤੀ ਵਾਸ਼ਰੂਮ ਵਿੱਚ ਲਿਜਾਇਆ ਗਿਆ, ਟਾਇਲਟ ਸੀਟ ਨੂੰ ਚੱਟਣ ਲਈ ਮਜਬੂਰ ਕੀਤਾ ਗਿਆ ਅਤੇ ਫ਼ਿਰ ਉਸਦਾ ਸਿਰ ਟਾਇਲਟ ਵਿੱਚ ਪਾ ਕੇ ਫਲੱਸ਼ ਕੀਤਾ ਗਿਆ। ਇਨ੍ਹਾਂ ਵਹਿਸ਼ੀਆਨਾ ਹਰਕਾਤਾਂ ਨੇ ਉਸ ਨੂੰ ਅੰਦਰੋਂ ਤੋੜ ਦਿੱਤਾ ਸੀ, ਜਿਸ ਨੂੰ ਅਸੀਂ ਸਮਝ ਵੀ ਨਹੀਂ ਸਕਦੇ।"

ਮਿਹਿਰ ਦੀ ਮਾਂ ਨੇ ਅੱਗੇ ਲਿਖਿਆ, ''ਉਸ ਨੂੰ ਉਸ ਦੇ ਰੰਗ ਕਾਰਨ ਵੀ ਤੰਗ ਕੀਤਾ ਜਾਂਦਾ ਸੀ। ਉਸਦੀ ਮੌਤ ਤੋਂ ਬਾਅਦ ਵੀ ਉਹ ਆਪਣੇ ਜ਼ੁਲਮ ਤੋਂ ਨਹੀਂ ਟਲੇ।"

ਇਕ ਹੈਰਾਨ ਕਰਨ ਵਾਲੇ ਚੈਟ ਸਕ੍ਰੀਨਸ਼ਾਟ ਤੋਂ ਉਨ੍ਹਾਂ ਦੀ ਬੇਰਹਿਮੀ ਦਾ ਪਤਾ ਲੱਗਦਾ ਹੈ। ਇਸ ਸਕਰੀਨਸ਼ਾਟ 'ਚ ਮਿਹਿਰ ਦੇ ਰੰਗ ਦਾ ਉਸ ਦੀ ਮੌਤ ਤੋਂ ਬਾਅਦ ਵੀ ਮਜ਼ਾਕ ਉਡਾਇਆ ਗਿਆ ਸੀ।

ਉਨ੍ਹਾਂ ਨੇ ਦੱਸਿਆ ਕਿ 'ਮਿਹਿਰ ਦੇ ਦੋਸਤਾਂ ਨੇ ਇਸ ਘਟਨਾ ਵੱਲ ਧਿਆਨ ਖਿੱਚਣ ਲਈ 'ਜਸਟਿਸ ਫਾਰ ਮਿਹਿਰ' ਨਾਂ ਦੀ ਸੋਸ਼ਲ ਮੀਡੀਆ ਪੋਸਟ ਬਣਾਈ ਸੀ।

ਪਰ ਉਨ੍ਹਾਂ ਨੂੰ ਸ਼ੱਕ ਹੈ ਕਿ ਸਕੂਲ ਸੱਚਾਈ ਨੂੰ ਦਬਾਉਣ ਲਈ ਵਿਦਿਆਰਥੀਆਂ ਨੂੰ ਧਮਕੀਆਂ ਦੇ ਰਿਹਾ ਹੈ, ਇਸ ਲਈ ਇਹ ਪੇਜ ਹੀ ਡਿਲੀਟ ਕਰ ਦਿੱਤਾ ਗਿਆ ਹੈ।

ਮਿਹਿਰ ਦੇ ਮਾਮਾ ਸ਼ਰੀਫ ਨੇ ਦੱਸਿਆ ਕਿ ਉਸ ਦੇ ਦੋਸਤਾਂ ਤੋਂ ਪਤਾ ਲੱਗਾ ਹੈ ਕਿ ਮਿਹਿਰ ਨਹੀਂ ਚਾਹੁੰਦਾ ਸੀ ਕਿ ਉਸ ਦੇ ਮਾਤਾ-ਪਿਤਾ ਇਹ ਜਾਣ ਸਕਣ ਕਿ ਉਹ ਸਕੂਲ 'ਚ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹੈ।

ਉਹ ਕਹਿੰਦੇ ਹਨ, "ਸਾਨੂੰ ਨਹੀਂ ਪਤਾ ਕਿ ਇਸ ਵਿੱਚ ਕਿੰਨੇ ਲੋਕ ਸ਼ਾਮਲ ਸਨ। ਅਸੀਂ ਸਿਰਫ਼ ਇਹ ਜਾਣਦੇ ਹਾਂ ਕਿ ਉਹ ਸਾਰੇ ਪਲੱਸ ਵਨ ਅਤੇ ਪਲੱਸ ਟੂ ਦੇ ਵਿਦਿਆਰਥੀ ਸਨ। ਸਾਨੂੰ ਜੋ ਵੀ ਨਾਮ ਮਿਲੇ, ਅਸੀਂ ਪੁਲਿਸ ਨੂੰ ਦੱਸ ਦਿੱਤੇ।"

"ਅਸੀਂ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਹੋਰ ਬੱਚੇ ਕਿਹੜੇ ਸਨ। ਸਾਨੂੰ ਇਸ ਦੀ ਪਰਵਾਹ ਵੀ ਨਹੀਂ ਹੈ। ਅਸੀਂ ਸਿਰਫ਼ ਮਿਹਿਰ ਲਈ ਇਨਸਾਫ਼ ਚਾਹੁੰਦੇ ਹਾਂ।"

ਸਕੂਲ ਦਾ ਕੀ ਕਹਿਣਾ ਹੈ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਦਿਆਰਥੀ 39 ਦਿਨਾਂ ਤੋਂ ਇਸ ਸਕੂਲ ਵਿੱਚ ਸੀ ਅਤੇ ਸਕੂਲ ਨੇ ਕਿਹਾ ਕਿ ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। (ਸੰਕੇਤਕ ਤਸਵੀਰ)

ਸਕੂਲ ਦੇ ਬੁਲਾਰੇ ਨੇ ਕਿਹਾ, "ਸਾਡੀ ਜਾਂਚ ਵਿੱਚ ਫਿਲਹਾਲ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ ਹੈ।"

"ਅਸੀਂ ਉਨ੍ਹਾਂ ਬੱਚਿਆਂ ਅਤੇ ਅਧਿਆਪਕਾਂ ਨਾਲ ਗੱਲ ਕੀਤੀ ਹੈ ਜੋ ਬੱਚਿਆਂ ਦੇ ਸੰਪਰਕ ਵਿੱਚ ਸਨ, ਜਿਨ੍ਹਾਂ ਵਿੱਚ ਮਿਹਿਰ ਵੀ ਸ਼ਾਮਲ ਸਨ।"

ਬੁਲਾਰੇ ਨੇ ਅੱਗੇ ਕਿਹਾ, "ਦੇਖੋ, ਮਿਹਿਰ ਸਾਡੇ ਨਾਲ ਸਿਰਫ 39 ਦਿਨ ਰਿਹਾ ਸੀ। ਇਨ੍ਹਾਂ ਦਿਨਾਂ ਦੌਰਾਨ ਉਸ ਨਾਲ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।"

"ਜੇ ਉਸ ਨੂੰ ਕੋਈ ਸਮੱਸਿਆ ਹੁੰਦੀ, ਤਾਂ ਇਹ ਉਸ ਦੀ ਸਰੀਰਕ ਭਾਸ਼ਾ ਅਤੇ ਚਿਹਰੇ ਦੇ ਹਾਵ-ਭਾਵ ਤੋਂ ਸਪੱਸ਼ਟ ਹੋ ਜਾਂਦਾ। ਪਰ ਸਾਨੂੰ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ।"

ਉਨ੍ਹਾਂ ਕਿਹਾ, "ਸਾਡੀ ਜਾਂਚ-ਪੜਤਾਲ ਦੇ ਆਧਾਰ 'ਤੇ, ਅਸੀਂ ਸਿਰਫ ਇਹ ਜਾਣਦੇ ਹਾਂ ਕਿ ਉਹ ਸਾਡੇ ਨਾਲ ਖੁਸ਼ ਸੀ, ਹਾਲਾਂਕਿ ਉਸ ਨੂੰ ਆਪਣੇ ਪਿਛਲੇ ਸਕੂਲ ਤੋਂ ਕੁਝ ਸਮੱਸਿਆਵਾਂ ਜ਼ਰੂਰ ਸਨ ਜਿਸ ਤੋਂ ਉਹ ਇੱਥੇ ਆਇਆ ਸੀ।"

ਸਕੂਲ ਆਉਣ ਤੋਂ ਤੁਰੰਤ ਬਾਅਦ, "ਸਕੂਲ ਦੇ ਕੌਂਸਲਰ ਨੇ ਕਲਾਸ ਵਿੱਚ ਇੱਕ ਐਕਟੀਵਿਟੀ ਕਰਵਾਈ ਸੀ, ਜਿਸ ਵਿੱਚ ਮਿਹਿਰ ਅਤੇ ਉਸਦੇ ਨਾਲ ਪੜ੍ਹਨ ਵਾਲੇ ਸਾਰੇ ਵਿਦਿਆਰਥੀ ਸ਼ਾਮਲ ਸਨ। ਇਸ ਤੋਂ ਬਾਅਦ ਉਹ ਸਕੂਲ ਦੇ ਮਾਹੌਲ ਵਿੱਚ ਆਸਾਨੀ ਨਾਲ ਢਲ ਗਿਆ। ਅਸਲ ਵਿੱਚ, ਉਹ ਇੱਕ ਸਧਾਰਨ ਬੱਚਾ ਸੀ।"

ਰੈਗਿੰਗ ਦੇ ਇਲਜ਼ਾਮਾਂ ਨਾਲ ਸਬੰਧਤ ਸੋਸ਼ਲ ਮੀਡੀਆ ਪੋਸਟਾਂ ਦਾ ਹਵਾਲਾ ਦਿੰਦੇ ਹੋਏ ਬੁਲਾਰੇ ਨੇ ਸਕੂਲ ਦੇ ਸੁਰੱਖਿਆ ਪ੍ਰਬੰਧਾਂ ਵੱਲ ਇਸ਼ਾਰਾ ਕੀਤਾ।

ਉਨ੍ਹਾਂ ਨੇ ਕਿਹਾ, "ਜੇ ਅਸੀਂ ਆਪਣੇ ਸੁਰੱਖਿਆ ਪ੍ਰਬੰਧਾਂ ਨੂੰ ਵੇਖੀਏ, ਤਾਂ ਸਾਡੇ ਕੋਲ ਸਾਡੇ ਕਲਾਸਰੂਮਾਂ ਵਿੱਚ ਕੈਮਰੇ, ਗਲਿਆਰਿਆਂ ਵਿੱਚ ਕੈਮਰੇ ਲੱਗੇ ਹੋਏ ਹਨ ਅਤੇ ਹਰ ਵਾਸ਼ਰੂਮ ਦੇ ਬਾਹਰ ਕੇਅਰਟੇਕਰ ਤਾਇਨਾਤ ਹਨ।"

"ਅੰਤਰਰਾਸ਼ਟਰੀ ਬਲਾਕ ਵਿੱਚ ਲੜਕਿਆਂ ਅਤੇ ਲੜਕੀਆਂ ਦੇ ਵਾਸ਼ਰੂਮ ਇੱਕੋ ਮੰਜ਼ਿਲ 'ਤੇ ਨਹੀਂ, ਸਗੋਂ ਵੱਖ-ਵੱਖ ਮੰਜ਼ਿਲਾਂ 'ਤੇ ਹਨ।"

"ਜਿਸ ਦਿਨ ਮਿਹਿਰ ਸਕੂਲ ਤੋਂ ਗਿਆ ਸੀ, ਉਸ ਨੇ ਸਵੇਰੇ ਆਪਣੇ ਬਾਸਕਟਬਾਲ ਕੈਂਪ ਵਿੱਚ ਨਿਯਮਿਤ ਤੌਰ 'ਤੇ ਹਿੱਸਾ ਲਿਆ ਸੀ। ਇਸ ਤੋਂ ਦੋ ਦਿਨ ਪਹਿਲਾਂ ਹੀ ਉਹ ਸਕੂਲ ਦੇ ਮਾਡਲ ਯੂਨਾਈਟਿਡ ਨੇਸ਼ਨਜ਼ ਡੈਲੀਗੇਸ਼ਨ ਦਾ ਹਿੱਸਾ ਸਨ।"

"ਉਸਨੇ ਆਈਆਈਐੱਮ-ਯੂਐੱਨ ਕਾਨਫਰੰਸ ਵਿੱਚ ਵੀ ਹਿੱਸਾ ਲਿਆ।"

ਬੁਲਾਰੇ ਨੇ ਕਿਹਾ, ''ਪਰ ਸਕੂਲ 'ਚ 14 ਜਨਵਰੀ ਨੂੰ ਇੱਕ ਘਟਨਾ ਵਾਪਰੀ ਸੀ, ਜਿਸ 'ਚ ਮਿਹਿਰ ਨੇ ਮਜ਼ਾਕ 'ਚ ਇੱਕ ਹੋਰ ਲੜਕੇ ਨੂੰ ਕਿਸੇ ਹੋਰ ਨੂੰ ਮੁੱਕਾ ਮਾਰਨ ਦੀ ਚੁਣੌਤੀ ਦਿੱਤੀ ਸੀ। ਇਹ ਲੰਚ ਬਰੇਕ ਦੌਰਾਨ ਹੋਇਆ।"

"ਇਹ ਉਨ੍ਹਾਂ ਲਈ ਮਜ਼ਾਕ ਸੀ। ਪਰ ਬਦਕਿਸਮਤੀ ਨਾਲ, ਜਿਸ ਲੜਕੇ ਨੂੰ ਮੁੱਕਾ ਮਾਰਿਆ ਗਿਆ ਸੀ, ਉਸ ਦੇ ਨੱਕ ਵਿੱਚੋਂ ਮਾਮੂਲੀ ਜਿਹਾ ਖੂਨ ਨਿਕਲਿਆ ਸੀ। ਇਸ ਤੋਂ ਬਾਅਦ ਦੋਵੇਂ ਲੜਕੇ ਖ਼ੁਦ ਉਸ ਨੂੰ ਮੈਡੀਕਲ ਰੂਮ ਲੈ ਗਏ।"

ਇਸ ਮਾਮਲੇ ਵਿੱਚ ਸਕੂਲ ਨੇ ਨਿਰਧਾਰਤ ਮਾਪਦੰਡਾਂ ਮੁਤਾਬਕ ਕਾਰਵਾਈ ਕੀਤੀ ਸੀ।

ਸਕੂਲ ਮੁਖੀ ਨੂੰ ਸੂਚਿਤ ਕੀਤਾ ਗਿਆ ਅਤੇ ਅਧਿਆਪਕ ਨੇ ਚਾਰਾਂ ਬੱਚਿਆਂ ਦੇ ਮਾਪਿਆਂ ਨੂੰ ਅਗਲੇ ਦਿਨ ਸਕੂਲ ਆਉਣ ਲਈ ਫ਼ੋਨ ਕੀਤਾ ਸੀ।

ਬੁਲਾਰੇ ਨੇ ਦੱਸਿਆ, ''ਮਿਹਿਰ ਦੇ ਪਿਤਾ ਵੀ ਆਏ ਸਨ। ਸ਼ਾਇਦ ਉਨ੍ਹਾਂ ਨੇ ਮਿਹਿਰ ਨੂੰ ਕਿਹਾ ਸੀ ਕਿ ਇਹ ਤੇਰੇ ਲਈ ਦੂਜਾ ਮੌਕਾ ਹੈ ਤੇ ਤੈਨੂੰ ਅਜਿਹੀਆਂ ਗੱਲਾਂ ਵਿੱਚ ਨਹੀਂ ਪੈਣਾ ਚਾਹੀਦਾ।"

"ਪਰ ਸਕੂਲ ਮੁਖੀ ਨੇ ਪਿਤਾ ਨੂੰ ਬੀਤੇ ਦੀ ਗੱਲ ਨਾ ਕਰਨ ਲਈ ਕਿਹਾ। ਇਸ ਤੋਂ ਬਾਅਦ ਮਿਹਿਰ ਦੇ ਪਿਤਾ ਕਰੀਬ 10 ਮਿੰਟ ਬਾਅਦ ਸਕੂਲ ਤੋਂ ਚਲੇ ਗਏ।"

ਉਨ੍ਹਾਂ ਨੇ ਅੱਗੇ ਕਿਹਾ, "ਮਿਹਿਰ ਨੇ ਆਪਣੀ ਅੰਗਰੇਜ਼ੀ ਦੀ ਕਿਤਾਬ ਵੀ ਸਕੂਲ ਵਿੱਚ ਹੀ ਛੱਡ ਦਿੱਤੀ ਸੀ, ਜੋ ਅਗਲੇ ਦਿਨ ਰੀਵਿਜ਼ਨ ਲਈ ਜ਼ਰੂਰੀ ਸੀ। ਉਸ ਨੇ ਅਧਿਆਪਕ ਨੂੰ ਕਿਹਾ ਕਿ ਉਹ ਕੱਲ੍ਹ ਲੈ ਜਾਵੇਗਾ।"

"ਸਕੂਲ ਬੱਸ ਵਿੱਚ ਚੜ੍ਹਨ ਤੋਂ ਪਹਿਲਾਂ ਉਸਨੇ ਆਪਣੇ ਸਾਰੇ ਦੋਸਤਾਂ ਨੂੰ ਅਲਵਿਦਾ ਕਿਹਾ। ਇੱਥੋਂ ਤੱਕ ਕਿ ਕੁਝ ਬੱਚੇ ਜੋ ਉਸ ਦੇ ਅਪਾਰਟਮੈਂਟ ਬਿਲਡਿੰਗ ਵਿੱਚ ਰਹਿੰਦੇ ਸਨ, ਉਸਦੇ ਨਾਲ ਇੱਕੋ ਲਿਫਟ ਵਿੱਚ ਗਏ ਸਨ।"

ਆਖ਼ਰ ਰੈਗਿੰਗ ਦੀਆਂ ਘਟਨਾਵਾਂ ਵਧ ਕਿਉਂ ਰਹੀਆਂ ਹਨ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਿਦਿਆਰਥੀ ਨੂੰ ਪਿਛਲੇ ਸਕੂਲ ਵਿੱਚ ਲੜਾਈ ਕਾਰਨ ਸਮਾਜਿਕ ਬੇਦਖਲੀ ਦੀ ਸਜ਼ਾ ਦਿੱਤੀ ਗਈ ਸੀ। (ਸੰਕੇਤਕ ਤਸਵੀਰ)

ਤਿਰੂਵਨੰਤਪੁਰਮ ਦੇ ਸਰਕਾਰੀ ਮੈਡੀਕਲ ਕਾਲਜ ਦੇ ਐੱਸਏਟੀ ਹਸਪਤਾਲ ਵਿੱਚ ਵਿੱਚ ਬਾਲ ਰੋਗ ਅਤੇ ਮਨੋਵਿਗਿਆਨ ਦੇ ਪ੍ਰੋਫੈਸਰ ਡਾਕਟਰ ਜੈਪ੍ਰਕਾਸ਼ ਆਰ ਨੇ ਕਿਹਾ ਕਿ ਇਕ ਗੱਲ ਤਾਂ ਸਪੱਸ਼ਟ ਹੈ ਕਿ ਰੈਗਿੰਗ ਦੀਆਂ ਵਧਦੀਆਂ ਘਟਨਾਵਾਂ ਵਿਸ਼ਵਵਿਆਪੀ ਸਮੱਸਿਆ ਹੈ।

ਡਾਕਟਰ ਜੈਪ੍ਰਕਾਸ਼ ਨੇ ਦੱਸਿਆ, "ਰੈਗਿੰਗ ਅਸਲ ਵਿੱਚ ਇੱਕ ਵਿਦਿਆਰਥੀ ਵੱਲੋਂ ਆਪਣੇ ਜੂਨੀਅਰ ਉੱਤੇ ਆਪਣਾ ਦਬਦਬਾ ਸਾਬਤ ਕਰਨ ਦੀ ਕੋਸ਼ਿਸ਼ ਹੈ।"

"ਇਹ ਹਮਲਾਵਰ ਵਿਵਹਾਰ ਮਨੋਵਿਗਿਆਨਕ ਤੌਰ 'ਤੇ ਆਮ ਹੈ, ਪਰ ਇਹ ਵੀਡੀਓ ਗੇਮਾਂ ਵਰਗੇ ਬਾਹਰੀ ਕਾਰਕਾਂ ਕਾਰਨ ਵਧ ਜਾਂਦਾ ਹੈ। ਇਨ੍ਹਾਂ ਖੇਡਾਂ ਦਾ ਮੂਲ ਵਿਸ਼ਾ ਹਿੰਸਾ ਅਤੇ ਹਮਲਾਵਰਤਾ ਹੈ।"

ਉਨ੍ਹਾਂ ਕਿਹਾ, "ਪਰ ਅਜਿਹੇ ਬੱਚਿਆਂ ਦੀ ਸਮੱਸਿਆ ਇਹ ਹੈ ਕਿ ਕਈ ਵਾਰ ਬੱਚਿਆਂ ਨੂੰ ਆਪਣੀ ਗੱਲ ਸਮਝਾਉਣ ਵਿੱਚ ਦਿੱਕਤ ਆਉਂਦੀ ਹੈ।"

"ਇਸ ਲਈ, ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਵਧੇਰੇ ਸਮਾਂ ਬਿਤਾਉਣ ਦੀ ਲੋੜ ਹੁੰਦੀ ਹੈ ਤਾਂ ਜੋ ਉਹ ਗੱਲਬਾਤ ਕਰਨਾ ਸਿੱਖ ਸਕਣ।"

ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਹੁਨਰ ਬੱਚਿਆਂ ਨੂੰ ਆਪਣੇ ਮਾਪਿਆਂ ਜਾਂ ਉਨ੍ਹਾਂ ਵਿੱਚੋਂ ਕਿਸੇ ਨਾਲ ਵੀ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ ਵਿੱਚ ਮਦਦ ਕਰਦੇ ਹਨ।

ਉਨ੍ਹਾਂ ਕਿਹਾ, ''ਆਮ ਤੌਰ 'ਤੇ 13 ਤੋਂ 19 ਸਾਲ ਦੇ ਬੱਚੇ ਆਪਣੇ ਮਾਨਸਿਕ ਤਣਾਅ ਜਾਂ ਭਾਵਨਾਤਮਕ ਸਮੱਸਿਆਵਾਂ ਨੂੰ ਮਾਪਿਆਂ ਜਾਂ ਭੈਣ-ਭਰਾਵਾਂ ਨਾਲ ਸਾਂਝਾ ਨਹੀਂ ਕਰਦੇ ਹਨ। ਪਰ ਜੇ ਉਨ੍ਹਾਂ ਦਾ ਆਪਣੇ ਮਾਪਿਆਂ ਵਿੱਚੋਂ ਇੱਕ ਜਾਂ ਦੋਵਾਂ ਨਾਲ ਨਜ਼ਦੀਕੀ ਰਿਸ਼ਤਾ ਹੈ, ਤਾਂ ਉਹ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰਨ ਲਈ ਵਧੇਰੇ ਤਿਆਰ ਹੋਣਗੇ।"

ਡਾਕਟਰ ਜੈਪ੍ਰਕਾਸ਼ ਨੇ ਕਿਹਾ, "ਜਦੋਂ ਬੱਚਿਆਂ ਨੂੰ ਇਨ੍ਹਾਂ ਵਿੱਚੋਂ ਕੋਈ ਵਿਕਲਪ ਨਹੀਂ ਮਿਲਦਾ ਤਾਂ ਉਹ ਖੁਦਕੁਸ਼ੀ ਕਰ ਲੈਂਦੇ ਹਨ। ਅਤੇ ਉਹ ਇਹ ਕਦਮ ਬਹੁਤ ਹੀ ਜਲਦਬਾਜ਼ੀ ਨਾਲ ਚੁੱਕਦੇ ਹਨ। ਇਸ ਬਾਰੇ ਬਾਲਗ ਘੱਟ ਸੋਚਦੇ ਹਨ।"

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ ਉਨ੍ਹਾਂ ਦੀ ਸਮਝ ਬਣਾਉਣੀ ਚਾਹੀਦੀ ਹੈ।

ਹਾਲਾਂਕਿ ਮਿਹਿਰ ਦੀ ਖੁਦਕੁਸ਼ੀ ਦੇ ਮਾਮਲੇ 'ਚ ਤਿੰਨ ਵੱਖ-ਵੱਖ ਜਾਂਚਾਂ ਚੱਲ ਰਹੀ ਹੈ।

ਸਰਕਾਰ ਨੇ ਇੱਕ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕੀਤਾ ਹੈ, ਜਿਸ ਦੀ ਅਗਵਾਈ ਇੱਕ ਸਹਾਇਕ ਪੁਲਿਸ ਕਮਿਸ਼ਨਰ (ਏਸੀਪੀ) ਕਰ ਰਹੇ ਹਨ।

ਡਾਇਰੈਕਟਰ ਆਫ਼ ਐਜੂਕੇਸ਼ਨ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਕੇਰਲ ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ।

ਜੇਮਸ ਮਾਡਰਨ ਅਕੈਡਮੀ ਦੇ ਵਾਈਸ ਪ੍ਰਿੰਸੀਪਲ ਨੂੰ ਜਾਂਚ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।

ਮਿਹਿਰ ਦੀ ਮਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਬੇਟੇ ਦਾ ਸਮਾਜਿਕ ਬਾਈਕਾਟ ਕਰਕੇ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਮਿਹਿਰ ਦਾ ਇੱਕ ਵਿਦਿਆਰਥੀ ਨਾਲ ਝਗੜਾ ਹੋਇਆ ਸੀ ਅਤੇ ਸਜ਼ਾ ਵਜੋਂ ਉਸ ਦਾ ਸਮਾਜਿਕ ਬਾਈਕਾਟ ਕੀਤਾ ਗਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)