‘ਧੀ ਦੇ ਕਤਲ ਲਈ’ ਇੱਕ ਪਿਓ ਨੂੰ ਮੌਤ ਦੀ ਸਜ਼ਾ ਮਿਲਣ ਤੋਂ 90 ਮਿੰਟ ਪਹਿਲਾਂ ਸਜ਼ਾ ’ਤੇ ਕਿਵੇਂ ਰੋਕ ਲਗ ਗਈ

ਰੌਬਰਟ ਰੌਬਰਸਨ

ਤਸਵੀਰ ਸਰੋਤ, Innocence Project / Ilana Panich-Linsman

ਤਸਵੀਰ ਕੈਪਸ਼ਨ, ਰੌਬਰਟ ਰੌਬਰਸਨ
    • ਲੇਖਕ, ਬਰੈਂਡ ਡੇਬੁਸਮੈਨ ਜੂਨੀਅਰ
    • ਰੋਲ, ਬੀਬੀਸੀ ਪੱਤਰਕਾਰ

ਅਮਰੀਕਾ ਵਿੱਚ ਇੱਕ ਵਿਅਕਤੀ ਨੂੰ ‘ਸ਼ੇਕਨ ਬੇਬੀ ਸਿੰਡਰਾਮ’ ਦੇ ਸੰਬੰਧ ਵਿੱਚ ਪਹਿਲੀ ਵਾਰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ ਟੈਕਸਸ ਦੇ ਇੱਕ ਜੱਜ ਨੇ ਸਜ਼ਾ ਨੂੰ ਅਮਲ ਵਿੱਚ ਲਿਆਏ ਜਾਣ ਤੋਂ ਦੋ ਘੰਟੇ ਪਹਿਲਾਂ ਇਸ ਉੱਤੇ ਰੋਕ ਲਾ ਦਿੱਤੀ ਹੈ।

57 ਸਾਲਾ ਰੌਬਰਟ ਰੌਬਰਸਨ ਨੂੰ ਸਾਲ 2003 ਵਿੱਚ ਆਪਣੀ ਦੋ ਸਾਲਾ ਬੇਟੀ, ਨਿੱਕੀ ਕੁਰਟਿਸ ਦੀ ਮੌਤ ਲਈ ਇਹ ਸਜ਼ਾ ਸੁਣਾਈ ਗਈ ਸੀ। ਬੱਚੀ ਦੀ ਪੋਸਟਮਾਰਟਮ ਰਿਪੋਰਟ ਮੁਤਾਬਕ ਉਸਦੀ ਮੌਤ ਸਿਰ ਦੀਆਂ ਸੱਟਾਂ ਕਾਰਨ ਹੋਈ ਸੀ।

ਰੌਬਰਸਨ, ਉਨ੍ਹਾਂ ਦੇ ਵਕੀਲ ਅਤੇ ਹਮਾਇਤੀ ਲੰਬੇ ਸਮੇਂ ਤੋਂ ਦਲੀਲ ਦੇ ਰਹੇ ਸਨ ਕਿ ਬੱਚੀ ਦੀ ਮੌਤ ਨਮੂਨੀਆ ਵਿਗੜਨ ਕਾਰਨ ਹੋਈ ਸੀ।

ਸਰਕਾਰੀ ਪੱਖ ਦਾ ਹਾਲਾਂਕਿ ਕਹਿਣਾ ਸੀ ਕਿ ਬੱਚੀ ਦੀ ਮੌਤ ਪਿਤਾ ਵੱਲੋਂ ਮਾਰੀਆਂ ਸੱਟਾਂ ਕਾਰਨ ਹੀ ਹੋਈ ਸੀ ਅਤੇ ਨਵੇਂ ਸਬੂਤ ਇਸ ਤਰਕ ਨੂੰ ਰੱਦ ਨਹੀਂ ਕਰਦੇ ਹਨ।

ਵੀਰਵਾਰ ਨੂੰ ਰੌਬਰਸਨ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ ਛੇ ਵਜੇ ਸਜ਼ਾ ਦਿੱਤੀ ਜਾਣੀ ਸੀ।

ਲੇਕਿਨ ਉਸ ਤੋਂ ਮਹਿਜ਼ 90 ਮਿੰਟ ਪਹਿਲਾਂ, ਟਰੇਵਿਸ ਕਾਊਂਟੀ ਦੇ ਜੱਜ ਨੇ ਸਜ਼ਾ ਉੱਤੇ ਆਰਜ਼ੀ ਰੋਕ ਲਾ ਦਿੱਤੀ ਤਾਂ ਜੋ ਰੌਬਰਸਨ ਸਟੇਟ ਲੈਜਿਸਲੇਟਰ ਵਿੱਚ ਅਗਲੇ ਹਫ਼ਤੇ ਹੋਣ ਵਾਲੀ ਸੁਣਵਾਈ ਵਿੱਚ ਆਪਣਾ ਬਿਆਨ ਦੇ ਸਕਣ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਆਰਜ਼ੀ ਰੋਕ ਖ਼ਿਲਾਫ਼ ਅਪੀਲ

ਟੈਕਸਸ ਦੇ ਅਟਾਰਨੀ ਜਨਰਲ ਨੇ ਇਸ ਆਰਜ਼ੀ ਰੋਕ ਖ਼ਿਲਾਫ਼ ਅਪੀਲ ਦਾਇਰ ਕੀਤੀ ਹੈ।

ਸਜ਼ਾ ਨੂੰ ਅਮਲ ਵਿੱਚ ਲਿਆਂਦੇ ਜਾਣ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਨੇ ਰਹਿਮ ਦੀ ਅਪੀਲ ਕੀਤੀ ਹੈ।

ਅਪੀਲ ਕਰਨ ਵਾਲਿਆਂ ਵਿੱਚ ਟੈਕਸਸ ਅਸੈਂਬਲੀ ਵਿੱਚ 86 ਲਿਬਰਲ ਅਤੇ ਡੈਮੋਕ੍ਰੇਟ ਵਿਧਾਇਕ, ਮੈਡੀਕਲ ਮਾਹਰ ਅਤੇ ਵਿਗਿਆਨੀ ਅਤੇ ਅਟਾਰਨੀ ਅਤੇ ਹੋਰ ਲੋਕ ਵੀ ਸ਼ਾਮਲ ਹਨ।

ਰਿਪਬਲੀਕਨ ਹਾਲਾਂਕਿ ਮੌਤ ਦੀ ਸਜ਼ਾ ਦੇ ਵਕਾਲਤੀ ਹਨ ਪਰ ਇਸ ਮਾਮਲੇ ਵਿੱਚ ਉਹ ਵੀ ਰਹਿਮ ਦੀ ਅਪੀਲ ਕਰਨ ਵਾਲਿਆਂ ਵਿੱਚ ਸ਼ਾਮਲ ਹਨ।

ਰਹਿਮ ਦੀ ਅਪੀਲ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਸਜ਼ਾ ਉਸ ਵੇਲੇ ਦੀ ਸਾਇੰਸ ਦੇ ਅਧਾਰ ਉੱਤੇ ਸੁਣਾਈ ਗਈ ਸੀ, ਜਦੋਂ ਪ੍ਰਸ਼ਾਸਨ ਨੂੰ ‘ਸ਼ੇਕਨ ਬੇਬੀ ਸਿੰਡਰਾਮ’ ਬਾਰੇ ਅਜੇ ਪੂਰੀ ਸਮਝ ਨਹੀਂ ਸੀ।

ਲੇਖਕ ਗਰਿਸ਼ਮ ਨੇ ਪੱਤਰਕਾਰਾਂ ਨੂੰ ਦੱਸਿਆ, “ਰੌਬਰਸਨ ਦੇ ਮਾਮਲੇ ਵਿੱਚ ਕੋਈ ਅਪਰਾਧ ਨਹੀਂ ਹੋਇਆ ਅਤੇ ਫਿਰ ਵੀ ਅਸੀਂ ਕਿਸੇ ਨੂੰ ਇਸ ਲਈ ਮਾਰਨ ਜਾ ਰਹੇ ਹਾਂ।”

ਰੌਬਰਸਨ ਦੇ ਵਕੀਲਾਂ ਨੇ ਇਹ ਵੀ ਮੁੱਦਾ ਚੁੱਕਿਆ ਕਿ ਉਸ ਦੇ ਔਟਿਜ਼ਮ ਬਾਰੇ ਨਿੱਕੀ ਦੀ ਮੌਤ ਹੋਣ ਵੇਲੇ ਤੱਕ ਜਾਣਕਾਰੀ ਨਹੀਂ ਸੀ, ਤੇ ਉਸ ਨੂੰ ਵੀ ਉਸ ਖ਼ਿਲਾਫ਼ ਇਸਤੇਮਾਲ ਕੀਤਾ ਗਿਆ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੌਬਰਸਨ ਨੇ ਸਜ਼ਾ ਉੱਤੇ ਆਰਜ਼ੀ ਰੋਕ ਲਈ ਅਦਾਲਤ ਦਾ ਧੰਨਵਾਦ ਕੀਤਾ (ਸੰਕੇਤਕ ਤਸਵੀਰ)

ਵਕੀਲਾਂ ਦਾ ਕਹਿਣਾ ਹੈ ਕਿ ਸਰਕਾਰੀ ਪੱਖ ਅਤੇ ਮੈਡੀਕਲ ਸਟਾਫ਼ ਨੂੰ ਇਸ ਸਬੰਧੀ ਉਸ ਸਮੇਂ ਸ਼ੱਕ ਹੋਇਆ ਕਿ ਜਦੋਂ ਉਨ੍ਹਾਂ ਦੇਖਿਆ ਕਿ ਰੌਬਰਸਨ ਭਾਵੁਕ ਨਹੀਂ ਹੁੰਦਾ ਜਾਂ ਫ਼ਿਰ ਭਾਵੁਕਤਾ ਦਿਖਾਉਂਦਾ ਨਹੀਂ ਹੈ।

ਔਟਿਜ਼ਮ ਕਿਸੇ ਇਨਸਾਨ ਦੇ ਦੂਜੇ ਲੋਕਾਂ ਨਾਲ ਗੱਲਬਾਤ ਕਰਨ ਦੇ ਤਰੀਕੇ ਉੱਤੇ ਅਸਰ ਪਾ ਸਕਦਾ ਹੈ।

ਬੀਬੀਸੀ ਦੇ ਯੂਐੱਸ ਪਾਰਟਨਰ ਸੀਬੀਐੱਸ ਨਿਊਜ਼ ਦੀ ਰਿਪੋਰਟ ਮੁਤਾਬਕ ਇੱਕ ਬਿਆਨ ਵਿੱਚ, ਰੋਬਰਸਨ ਨੇ ਜੱਜ ਦੇ ਦਖ਼ਲ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਰੱਬ ਦੀ ਉਸਤਤੀ ਕੀਤੀ ਅਤੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਹੈ।

ਟੈਕਸਸ ਡਿਪਾਰਟਮੈਂਟ ਆਫ ਕ੍ਰਿਮੀਨਲ ਜਸਟਿਸ ਦੇ ਬੁਲਾਰੇ ਅਮਾਂਡਾ ਹਰਨਾਂਡੇਜ਼ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ, “ਉਹ ਇਸ ਤੋਂ ਸੱਚੀਓਂ ਹੈਰਾਨ ਸਨ।”

ਜਿਵੇਂ ਹੀ ਟਰੇਵਿਸ ਕਾਊਂਟੀ ਜੱਜ ਨੇ ਆਰਜ਼ੀ ਰੋਕ ਲਾਈ, ਅਮਰੀਕੀ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ।

ਫ਼ੈਸਲੇ ਬਾਰੇ ਇੱਕ ਬਿਆਨ ਵਿੱਚ ਲਿਬਰਲ ਜੱਜ ਜਸਟਿਸ ਸੋਟੋਮੇਅਰ ਨੇ ਕਿਹਾ ਕਿ ਸਜ਼ਾ ਨੂੰ ਰੋਕਣਾ ਟੈਕਸਸ ਦੇ ਗਵਰਨਰ ਦੇ ਹੱਥ ਵਿੱਚ ਸੀ।

ਇਸ ਦੌਰਾਨ, ਟੈਕਸਸ ਦੇ ਅਟਾਰਨੀ ਜਨਰਲ ਨੇ ਅਸਥਾਈ ਰੋਕ ਦੇ ਹੁਕਮਾਂ ਵਿਰੁੱਧ ਅਪੀਲ ਦਾਇਰ ਕਰ ਦਿੱਤੀ ਹੈ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਔਟਿਜ਼ਮ ਕਿਸੇ ਇਨਸਾਨ ਦੇ ਦੂਜੇ ਲੋਕਾਂ ਨਾਲ ਗੱਲਬਾਤ ਕਰਨ ਦੇ ਤਰੀਕੇ ਉੱਤੇ ਅਸਰ ਪਾ ਸਕਦਾ ਹੈ। (ਸੰਕੇਤਕ ਤਸਵੀਰ)

ਰੌਬਨਸਨ ਦੇ ਹਮਾਇਤੀ

ਰੌਬਰਸਨ ਦੇ ਹਮਾਇਤੀਆਂ ਵਿੱਚ ਜਸੂਸ ਬਰੇਨ ਵਾਰਟਨ ਥਨ ਵੀ ਸ਼ਾਮਲ ਹਨ ਜਿਨ੍ਹਾਂ ਨੇ ਟੈਕਸਿਸ ਵਿੱਚ ਜਾਂਚ ਕਰਨ ਵਾਲੀ ਟੀਮ ਦੀ ਅਗਵਾਈ ਕੀਤੀ ਸੀ।

ਉਨ੍ਹਾਂ ਨੇ ਐਸੋਸਿਏਟਿਡ ਪ੍ਰੈੱਸ ਨੂੰ ਦੱਸਿਆ, “ਇਸ ਨਿਰਦੋਸ਼ ਵਿਅਕਤੀ ਨੂੰ ਮੌਤ ਦੀ ਸਜ਼ਾ ਦੇਣ ਵਿੱਚ ਸਰਕਾਰ ਦੀ ਮਦਦ ਕਰਨ ਦੀ ਮੇਰੀ ਭੂਮਿਕਾ ਕਾਰਨ ਮੈਂ ਹਮੇਸ਼ਾ ਦੁਖੀ ਰਹਾਂਗਾ।”

“ਰੌਬਰਟ ਦਾ ਕੇਸ ਹਮੇਸ਼ਾ ਮੇਰੇ ਦਿਲ ਅਤੇ ਆਤਮਾ ਉੱਤੇ ਇੱਕ ਬੋਝ ਬਣ ਕੇ ਰਹੇਗਾ।”

ਇਸ ਹਫਤੇ ਦੇ ਸ਼ੁਰੂ ਵਿੱਚ, ਟੈਕਸਾਸ ਦੇ ਮੁਆਫ਼ੀ ਦੇਣ ਵਾਲੇ ਪਾਰਡਨ ਅਤੇ ਪੈਰੋਲ ਬੋਰਡ ਨੇ ਰੋਬਰਸਨ ਦੀ ਮੁਆਫ਼ੀ ਪਟੀਸ਼ਨ ਨੂੰ ਰੱਦ ਕਰ ਦਿੱਤਾ। ਉਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਦੇਰੀ ਜਾਂ ਉਮਰ ਕੈਦ ਵਿੱਚ ਬਦਲਣ ਦੀ ਸਿਫ਼ਾਰਿਸ਼ ਦੇ ਵਿਰੁੱਧ 6-0 ਨਾਲ ਵੋਟਿੰਗ ਹੋਈ।

ਇਸ ਹਫ਼ਤੇ ਦੇ ਸ਼ੁਰੂ ਵਿਚ ਟੈਕਸਾਸ ਦੇ ਗਵਰਨਰ ਐਬੋਟ ਵੀ 30 ਦਿਨਾਂ ਦੀ ਆਰਜ਼ੀ ਰੋਕ ਲਾ ਸਕਦੇ ਸਨ। ਹਾਲਾਂਕਿ, ਆਪਣੇ ਦਸ ਸਾਲ ਦੇ ਕਾਰਜ ਕਾਲ ਦੌਰਾਨ ਉਨ੍ਹਾਂ ਸਿਰਫ਼ ਇੱਕ ਵਾਰ ਹੀ ਅਜਿਹਾ ਕੀਤਾ ਹੈ।

ਅਕਤੂਬਰ ਵਿੱਚ ਐੱਨਬੀਸੀ ਨਾਲ ਗੱਲਬਾਤ ਦੌਰਾਨ ਰੌਬਰਟ ਨੇ ਗਵਰਨਰ ਨੂੰ “ਸਹੀ ਕੰਮ ਕਰਨ ਦੀ” ਅਪੀਲ ਕਰਦਿਆਂ ਕਿਹਾ ਸੀ ਕਿ “ਮੈਂ ਬੇਕਸੂਰ ਹਾਂ”।

ਰੋਬਰਸਨ ਉਨ੍ਹਾਂ ਦੋ ਕੈਦੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੂੰ ਅਮਰੀਕਾ ਵਿੱਚ ਵੀਰਵਾਰ ਨੂੰ ਫਾਂਸੀ ਦਿੱਤੀ ਜਾਣੀ ਸੀ।

ਅਲਬਾਮਾ ਵਿੱਚ 36 ਸਾਲਾ ਡੇਰਿਕ ਡੀਅਰਮੈਨ ਨੂੰ 2016 ਵਿੱਚ ਕੁਹਾੜੀ ਅਤੇ ਬੰਦੂਕ ਨਾਲ ਪੰਜ ਲੋਕਾਂ ਦਾ ਕਤਲ ਕਰਨ ਤੋਂ ਬਾਅਦ ਆਪਣੇ ਜ਼ੁਰਮ ਨੂੰ ਸਵੀਕਾਰ ਕਰਨ ਲਈ ਫ਼ਾਸੀ ਦਿੱਤੀ ਗਈ।

ਰੌਬਰਸਨ ਦੀ ਧੀ ਨੂੰ ਕੀ ਹੋਇਆ ਸੀ?

ਰੌਬਰਸਨ ਦੀ ਗਵਾਹੀ ਮੁਤਾਬਕ 31 ਜਨਵਰੀ 2002 ਨੂੰ ਉਨ੍ਹਾਂ ਦੀ ਧੀ ਬੈੱਡ ਤੋਂ ਹੇਠਾਂ ਡਿੱਗ ਪਈ ਸੀ।

ਉਨ੍ਹਾਂ ਕਿਹਾ ਕਿ ਕੁਝ ਘੰਟਿਆਂ ਬਾਅਦ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਹ ਸਾਹ ਨਹੀਂ ਲੈ ਰਹੀ ਸੀ। ਉਹ ਉਸ ਨੂੰ ਇੱਕ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਲੈ ਗਏ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਅਦਾਲਤ ਦੇ ਦਸਤਾਵੇਜ਼ਾਂ ਮੁਤਾਬਤ ਬੱਚੀ ਦੇ ਸਿਰ ਉੱਤੇ ਨੀਲ ਸਨ, ਦਿਮਾਗ ਵਿੱਚ ਸੋਜਿਸ਼ ਅਤੇ ਅੱਖਾਂ ਦੇ ਪਿੱਛੇ ਖੂਨ ਵਹਿਣ ਦੇ ਸਬੂਤ ਸਨ ਇਸ ਲਈ ਮੈਡੀਕਲ ਸਟਾਫ਼ ਨੂੰ ਸ਼ੋਸ਼ਣ ਦਾ ਮਾਮਲਾ ਹੋਣ ਦਾ ਸ਼ੱਕ ਹੋਇਆ।

ਰੌਬਰਸਨ ਨੂੰ ਗ੍ਰਿਫ਼ਤਾਰ ਕਰਕੇ ਅਗਲੇ ਹੀ ਦਿਨ ਕਤਲ ਦਾ ਮੁਕੱਦਮਾ ਦਾਇਰ ਕਰ ਦਿੱਤਾ ਗਿਆ। ਹਾਲਾਂਕਿ ਪੋਸਟਮਾਰਟਮ ਦੀ ਰਿਪੋਰਟ ਨੇ ਕਿਹਾ ਕਿ ਬੱਚੀ ਦੀ ਮੌਤ ਸਿਰ ਦੀ ਸੱਟ ਕਾਰਨ ਹੋਈ ਸੀ ਅਤੇ ਹੱਤਿਆ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਗਿਆ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਸ਼ੇਕਨ ਬੇਬੀ ਸਿੰਡਰਾਮ

ਰੌਬਰਸਨ ਦੇ ਵਕੀਲਾਂ ਨੇ ਕਿਹਾ ਹੈ ਕਿ ਨਿੱਕੀ ਨੂੰ ਉਹ ਦਵਾਈਆਂ ਦਿੱਤੀਆਂ ਜਾ ਰਹੀਆਂ ਸਨ ਜੋ ਆਪਣੇ ਗੰਭੀਰ ਮਾੜੇ ਨਤੀਜਿਆਂ ਕਾਰਨ ਹੁਣ ਬੱਚਿਆਂ ਨੂੰ ਨਹੀਂ ਦਿੱਤੀਆਂ ਜਾਂਦੀਆਂ।

ਵਕੀਲਾਂ ਦਾ ਕਹਿਣਾ ਹੈ ਕਿ ਦਵਾਈਆਂ ਅਤੇ ਉਸਦੇ ਡਿੱਗਣ ਕਾਰਨ ਹੀ ਨਿੱਕੀ ਦੀ ਮੌਤ ਹੋਈ ਹੋਵੇਗੀ।

ਸ਼ੇਕਨ ਬੇਬੀ ਸਿੰਡਰਾਮ ਦੀ ਜਾਂਚ ਅਕਸਰ ਬੱਚੇ ਦੀਆਂ ਅੱਖਾਂ ਦੇ ਰਟੀਨਾ ਪਿੱਛੇ ਖੂਨ ਵਗਣ, ਦਿਮਾਗ ਦੀ ਸੋਜਿਸ਼ ਅਤੇ ਖੋਪੜੀ ਦੇ ਅੰਦਰ ਖੂਨ ਵਗਣ ਦੇ ਸਬੂਤ ਮਿਲਣ ਤੋਂ ਬਾਅਦ ਹੁੰਦੀ ਹੈ।

ਹਾਲਾਂਕਿ ਜਾਂਚ ਦੇ ਨਤੀਜਿਆਂ ਨੂੰ ਮੈਡੀਕਲ ਭਾਈਚਾਰੇ ਵਲੋਂ ਵੱਡੀ ਬਿਮਾਰੀ ਨਹੀਂ ਮੰਨਿਆ ਜਾਂਦਾ। ਲੇਕਿਨ ਇੱਕ ਤਾਜ਼ਾ ਰਿਪੋਰਟ ਵਿੱਚ ਮੌਤ ਨੂੰ ਕਤਲ ਮੰਨਣ ਤੋਂ ਪਹਿਲਾਂ ਹੋਰ ਸੰਭਾਵੀ ਕਾਰਨਾਂ ਵੱਲ ਵੀ ਗੌਰ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਹੈ।

ਸਾਲ 2023 ਵਿੱਚ ਇੱਕ ਅਪੀਲ ਦੇ ਜਵਾਬ ਵਿੱਚ ਅਦਾਲਤ ਨੇ ਕਿਹਾ ਸੀ ਕਿ ਰੌਬਰਸਨ ਦੀ ਸਜ਼ਾ ਪਲਟਣ ਲਈ ਢੁੱਕਵੇਂ ਸਬੂਤ ਮੌਜੂਦ ਨਹੀਂ ਸਨ। ਜਦਕਿ ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)