ਧਰਤੀ ਨੂੰ ਅੱਗ ਨਿਗਲ ਜਾਵੇਗੀ ਤੇ ਬ੍ਰਹਿਮੰਡ ਭਾਫ਼ ਬਣ ਜਾਵੇਗਾ, ਇਸ ਸਿਧਾਂਤ ਬਾਰੇ ਕੀ ਕਹਿੰਦੇ ਹਨ ਵਿਗਿਆਨੀ

    • ਲੇਖਕ, ਥਾਮਸ ਮੋਈਨੀਹਾਂ
    • ਰੋਲ, ਬੀਬੀਸੀ ਨਿਊਜ਼

ਇਸੇ ਸਾਲ ਦੇ ਮੱਧ ਵਿੱਚ ਓਪਨ ਏਆਈ ਅਤੇ ਗੂਗਲ ਡੀਪ-ਮਾਈਂਡ ਦੇ ਮੁਖੀਆਂ ਸਮੇਤ ਕਈ ਮਾਹਿਰਾਂ ਨੇ ਚੇਤਾਵਨੀ ਦਿੱਤੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਮਨੁੱਖਤਾ ਨੂੰ ਅਲੋਪ ਹੋਣ ਵੱਲ ਲੈ ਕੇ ਜਾ ਸਕਦੀ ਹੈ।

ਅਜਿਹਾ ਪਹਿਲੀ ਵਾਰ ਨਹੀਂ ਹੈ ਕਿਸੇ ਉੱਭਰ ਰਹੀ ਤਕਨੀਕ ਵੱਲ ਮਾਹਰਾਂ ਨੇ ਸ਼ੱਕ ਦੀ ਨਜ਼ਰ ਨਾਲ ਦੇਖਿਆ ਹੋਵੇ ਅਤੇ ਕਿਹਾ ਹੋਵੇ ਕਿ ਇਹ ਤਕਨੀਕ ਮਨੁੱਖਤਾ ਲਈ ਵਿਨਾਸ਼ਕਾਰੀ ਸਿੱਧ ਹੋਵੇਗੀ।

ਪਰਮਾਣੂ ਖੋਜ ਦੇ ਸ਼ੁਰੂਆਤੀ ਸਾਲਾਂ ਵਿੱਚ ਸਾਇੰਸਦਾਨਾਂ ਨੂੰ ਡਰ ਲਗਦਾ ਸੀ ਕਿ ਜਿ ਪ੍ਰਮਾਣੂਆਂ ਵਿਸਫੋਟ ਦੀ ਵਜ੍ਹਾ ਨਾਲ ਅਜਿਹੀ ਲੜੀ-ਪ੍ਰਤੀਕਿਰਿਆ ਛਿੜੇਗੀ ਕਿ ਸਾਰੀ ਧਰਤੀ ਉਸ ਅੱਗ ਦੀ ਲਪੇਟ ਵਿੱਚ ਆ ਜਾਵੇਗੀ।

ਕ੍ਰਿਸਟੋਫਰ ਨੋਲਾਨ ਦੀ ਵੈਬ-ਸੀਰੀਜ਼ ਓਪੇਨਹਾਈਮਰ ਦਾ ਇੱਕ ਦ੍ਰਿਸ਼ ਮੈਨਹਟਨ ਪ੍ਰੋਜੈਕਟ ਦੇ ਸਾਇੰਸਦਾਨਾਂ ਦੇ ਇਸੇ ਡਰ ਦੇ ਦੁਆਲੇ ਘੁੰਮਦੀ ਹੈ ਕਿ ਪਹਿਲਾ ਪਰਮਾਣੂ ਧਮਾਕਾ ਧਰਤੀ ਦੇ ਵਾਤਾਵਰਣ ਨੂੰ ਅੱਗ ਲਗਾ ਦੇਵੇਗਾ।

ਇਸ ਤੋਂ ਪਹਿਲਾਂ ਐਡਵਰਡ ਟੈਲਰ ਨੇ ਸਾਲ 1942 ਵਿੱਚ ਇਸਦਾ ਖ਼ਦਸ਼ਾ ਜ਼ਾਹਰ ਕੀਤਾ ਸੀ। ਹਾਲਾਂਕਿ, ਸਾਇੰਸ-ਭਾਈਚਾਰੇ ਨੇ ਟੈਲਰ ਨੂੰ ਕਿੰਨੀ ਕੁ ਗੰਭੀਰਤਾ ਨਾਲ ਲਿਆ ਇਸ ਬਾਰੇ ਕੁਝ ਠੋਸ ਨਹੀਂ ਕਿਹਾ ਜਾ ਸਕਦਾ ਪਰ ਇਸ ਕਾਰਨ ਗਣਿਤ ਸ਼ਾਸਤਰੀਆਂ ਨੂੰ ਦੋਬਾਰਾ ਤੋਂ ਗਿਣਤੀਆਂ-ਮਿਣਤੀਆਂ ਕਰਨ ਲਈ ਮਜ਼ਬੂਰ ਕਰ ਦਿੱਤਾ ਸੀ। ਫਿਰ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਪਰਮਾਣੂ ਧਮਾਕਾ ਦੁਨੀਆਂ ਨਾਲ ਪੂਰੀ ਤਰ੍ਹਾਂ ਤਬਾਹ ਹੋਣ ਦੀ ਬਹੁਤ ਘੱਟ ਸੰਭਾਵਨਾ ਹੈ।

ਦੁਨੀਆਂ ਦੇ ਅੱਗ ਵਿੱਚ ਸੜ ਜਾਣ ਦੇ ਅਜਿਹੇ ਡਰ ਐਟਮ ਬੰਬਾਂ ਤੋਂ ਬਹੁਤ ਪੁਰਾਣੇ ਹਨ।

ਅਜਿਹੇ ਡਰ ਉਦੋਂ ਵੀ ਸਨ ਜਦੋਂ ਪਰਮਾਣੂਆਂ ਨੂੰ ਤੋੜਨ ਨੂੰ ਕਿਸੇ ਕਪੋਲ ਵਿਗਿਆਨਕ ਕਲਪਨਾ ਤੋਂ ਵੱਧ ਨਹੀਂ ਸਮਝਿਆ ਜਾਂਦਾ ਸੀ।

ਬਹਰਹਾਲ ਇਸ ਤੋਂ ਇਹ ਤਾਂ ਸਮਝਿਆ ਜਾ ਸਕਦਾ ਹੈ ਕਿ ਕਿਵੇਂ ਕਿਸੇ ਉੱਭਰ ਰਹੀ ਤਕਨੀਕ ਬਾਰੇ ਮਿੱਥਾਂ ਤੇ ਅਫ਼ਵਾਹਾਂ ਬਹੁਤ ਜਲਦੀ ਫੈਲ ਜਾਂਦੀਆਂ ਹਨ। ਉਸ ਤਕਨੀਕ ਤੋਂ ਵੀ ਪਹਿਲਾਂ।

ਹੁਣ ਵੀ ਆਰਟੀਫੀਸ਼ਿਲ ਇੰਟੈਲੀਜੈਂਸ ਨੂੰ ਲੈ ਕੇ ਕਈ ਕਿਸਮ ਦੀਆਂ ਧਾਰਨਾਵਾਂ ਨੂੰ ਸੁਣਨ ਨੂੰ ਮਿਲ ਜਾਂਦੀਆਂ ਹਨ।

ਬਹੁਤ ਪਹਿਲਾਂ, ਰੋਮ ਦੇ ਪ੍ਰਕਿਰਤੀਵਾਦੀ ਪਲਿਨੀ ਦਿ ਇਲਡਰ ਨੇ ਕਿਹਾ ਸੀ ਕਿ, ਜਿੰਨਾ ਬਾਲਣ ਧਰਤੀ ਉੱਪਰ ਪਿਆ ਹੈ ਇਹ ਚਮਤਕਾਰ ਹੀ ਹੈ ਕਿ ਧਰਤੀ ਨੂੰ ਅੱਗ ਕਿਉਂ ਨਹੀਂ ਲਗਦੀ।

ਫਿਰ ਵੀ ਬਹੁਤ ਦੇਰ ਤੱਕ ਸਾਰਿਆਂ ਦਾ ਇਹੀ ਮੰਨਣਾ ਸੀ ਕਿ ਚੀਜ਼ਾਂ ਭਾਵੇਂ ਅੱਗ ਫੜ ਲੈਣ ਪਰ, ਉਨ੍ਹਾਂ ਦੇ ਅੰਦਰਲੇ ਪਰਮਾਣੂ ਸਥਿਰ ਹਨ ਅਤੇ ਤੋੜੇ-ਭੰਨੇ ਨਹੀਂ ਜਾ ਸਕਦੇ।

'ਸਾਡੀ ਧਰਤੀ ਤਾਂ ਊਰਜਾ ਦਾ ਤੋਸ਼ਾਖ਼ਾਨਾ ਹੈ'

ਹਾਲਾਂਕਿ, ਜਦੋਂ 1900ਵਿਆਂ ਦੇ ਸ਼ੁਰੂ ਵਿੱਚ ਮੈਡਮ ਮੈਰੀ ਕਿਊਰੀ ਨੇ ਰੇਡੀਓ-ਐਕਟੀਵਿਟੀ ਦੇ ਰਹੱਸ ਦੁਨੀਆਂ ਦੇ ਸਾਹਮਣੇ ਪੇਸ਼ ਕੀਤੇ ਤਾਂ ਦੁਨੀਆਂ ਜਿਵੇਂ ਰਾਤੋ-ਰਾਤ ਬਦਲ ਗਈ।

ਕਿਊਰੀ ਨੇ ਦਿਖਾਇਆ ਕਿ ਮਾਦੇ (ਮੈਟਰ) ਦੇ ਅੰਦਰ ਕਿੰਨੀ ਅਥਾਹ ਊਰਜਾ ਕੈਦ ਹੈ। ਮੈਰੀ ਕਿਊਰੀ ਦੇ ਸਿਧਾਂਤ ਬਾਰੇ ਵਿਗਿਆਨੀ ਸੀਐੱਚ ਟਰਨਰ ਨੇ 1905 ਵਿੱਚ ਕਿਹਾ ਕਿ ਇਹ ਵਿਚਾਰ ਪ੍ਰਚਲਿਤ ਵਿਗਿਆਨਕ ਧਾਰਨਾਵਾਂ ਨੂੰ ਤੋੜਨ ਵਾਲਾ ਹੈ।

ਇਸ ਦਾ ਮਤਲਬ ਸੀ ਕਿ ਆਮ ਮਾਦਾ ਵੀ ਭਾਵੇਂ ਉਹ ਧਰਤੀ ਦੇ ਅੰਦਰ ਪਈ ਕੱਚੀ ਧਾਤ ਹੀ ਕਿਉਂ ਨਾ ਹੋਵੇ, ਊਰਜਾ ਨਾਲ ਭਰਪੂਰ ਹੈ। ਇਸ ਤੋਂ ਵਿਗਿਆਨੀਆਂ ਨੂੰ ਤੁਰੰਤ ਹੀ ਸਮਝ ਆ ਗਿਆ ਕਿ ਸਾਡੀ ਧਰਤੀ ਤਾਂ ਊਰਜਾ ਦਾ ਤੋਸ਼ਾਖ਼ਾਨਾ ਹੈ।

ਫਰੈਡਰਿਕ ਸੋਡੀ ਪਰਮਾਣੂ-ਫਿਜ਼ਿਕਸ ਦੇ ਬਾਨੀਆਂ ਵਿੱਚੋਂ ਇੱਕ ਸਨ।

ਫਰੈਡਰਿਕ ਨੇ ਸਾਲ 1903 ਇੱਕ ਆਪਣੇ ਇੱਕ ਲੇਖ ਵਿੱਚ ਨਤੀਜਾ ਕੱਢਿਆ ਕਿ ਇਸ ਸਮੇਂ ਸਿਰਫ਼ ਇੱਕ ਅਜਿਹੇ ਵਿਗਿਆਨੀ ਦੀ ਲੋੜ ਹੈ, ਜਿਸ ਕੋਲ ਢੁੱਕਵਾਂ ਡੈਟੋਨੇਟਰ ਹੋਵੇ ਅਤੇ ਇਸ ਤੋਸ਼ੇਖਾਨੇ ਨੂੰ ਚੇਨ-ਰਿਐਕਸ਼ਨ ਦੀ ਚਿੰਗਾੜੀ ਦਿਖਾਅ ਦੇਵੇ।

ਫਰੈਡਰਿਕ ਨਿਸ਼ਚਿਤ ਹੀ ਇਸ ਗੱਲ ਰਾਹੀਂ ਲੋਕਾਂ ਨੂੰ ਹੈਰਾਨ ਕਰਨਾ ਚਾਹੁੰਦੇ ਸਨ ਅਤੇ ਚਾਹੁੰਦੇ ਸਨ ਕਿ ਲੋਕ ਪਰਮਾਣੂ ਸ਼ਕਤੀ ਤੋਂ ਸੁਚੇਤ ਹੋਣ।

ਗ੍ਰਹਿਆਂ ਦੇ ਫਟਣ ਦਾ ਵਿਚਾਰ ਬਹੁਤ ਚਿਰੋਕਣਾ ਹੈ। ਜਦੋਂ ਖ਼ਗੋਲ ਸ਼ਾਸਤਰੀਆਂ ਨੇ ਗ੍ਰਹਿਆਂ-ਨਛੱਤਰਾਂ ਦਾ ਅਧਿਐਨ ਕਰਨਾ ਸ਼ੁਰੂ ਕੀਤਾ ਤਾਂ ਕਿਹਾ ਕਿ ਸ਼ੁੱਕਰ ਅਤੇ ਬ੍ਰਹਿਸਪਤੀ ਗ੍ਰਹਿਆਂ ਵਿੱਚ ਇੰਨਾ ਅੰਤਰ ਕਿਵੇਂ ਹੋ ਸਕਦਾ ਹੈ।

ਫਰੈਡਰਿਕ ਦੀ ਟਿੱਪਣੀ ਆਉਣ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੇ ਖੋਜ ਦੇ ਸਾਥੀ ਅਰਨੈਸਟ ਰੂਥਫੋਰਡ ਨੇ ਇੱਕ ਹੋਰ ਟਿੱਪਣੀ ਕੀਤੀ

ਰੂਥਫੋਰਡ ਦੀ ਟਿੱਪਣੀ ਉਸ ਸਮੇਂ ਦੇ ਕਈ ਜਰਨਲਾਂ ਵਿੱਚ ਪ੍ਰਕਾਸ਼ਿਤ ਵੀ ਹੋਈ ਕਿ ਪ੍ਰਯੋਗਸ਼ਾਲਾ ਵਿੱਚ ਕੋਈ ਮੂਰਖ ਅਚੇਤ ਹੀ ਇੱਕ ਦਿਨ ਪੂਰੇ ਬ੍ਰਹਿਮੰਡ ਨੂੰ ਉਡਾ ਦੇਵੇਗਾ।

ਫਰੈਡਰਿਕ ਨੇ ਵੀ ਕਿਹਾ ਕਿ ਕੋਈ ਜਣਾ ਕੋਈ ਲੀਵਰ ਦੱਬੇਗਾ ਅਤੇ ਸਾਰੀ ਦੁਨੀਆਂ ਤਬਾਹ ਹੋ ਜਾਵੇਗੀ।

ਪਰਮਾਣੂ- ਭੌਤਿਕ ਵਿਗਿਆਨ ਉਸ ਸਮੇਂ ਅਜੇ ਵਿਕਾਸ ਦੇ ਮੁੱਢਲੇ ਪੜਾਅ ਵਿੱਚ ਹੀ ਸੀ। ਅਜੇ ਕੁਝ ਸਾਲ ਦਾ ਬੱਚਾ ਹੀ ਸੀ।

ਇਸ ਲਈ ਉਸ ਮੌਕੇ ਅਜਿਹੀਆਂ ਟਿੱਪਣੀਆਂ ਅਧਾਰਹੀਣ ਸਨ ਨਾ ਕਿ ਕੋਈ ਗੰਭੀਰ ਵਿਗਿਆਨਕ ਪਰਿਕਲਪਨਾ।

ਇੰਝ ਲੱਗਦਾ ਹੈ ਜਿਵੇਂ ਫਰੈਡਰਿਕ ਅਤੇ ਰੂਥਫੋਰਡ ਪਰਮਾਣੂ- ਵਿਗਿਆਨ ਦੇ ਮੁੱਢਲੇ ਦੌਰ ਵਿੱਚ ਅਜਿਹੇ ਬਿਆਨ ਦੇ ਕੇ ਵਿਗਿਆਨਕ-ਬਿਰਾਦਰੀ ਦੇ ਧਿਆਨ ਦਾ ਕੇਂਦਰ ਬਣਨਾ ਚਾਹੁੰਦੇ ਸਨ।

ਉਸੇ ਸਮੇਂ ਕਿਤੇ ਹੋਰ ਖੋਜੀ ਵੀ ਅਜਿਹੇ ਹੀ ਇਸੇ ਤਰ੍ਹਾਂ ਦੇ ਬੇਸਿਰ-ਪੈਰ ਦੇ ਦਾਅਵੇ ਕਰ ਰਹੇ ਸਨ। ਉਹ ਯੁਰੇਨੀਅਮ ਦੇ ਇੱਕ ਕਣ ਵਿੱਚ ਕਈ ਟਨ ਟੀਐੱਨਟੀ ਜਿੰਨੀ ਊਰਜਾ ਸਮਾਈ ਹੋਣ ਦੇ ਦਾਅਵੇ ਕਰ ਰਹੇ ਸਨ।

ਅਜਿਹੇ ਦਾਅਵੇ ਵਿਗਿਆਨਕ-ਸ਼ੋਮੈਨਸ਼ਿਪ ਦੀਆਂ ਮਿਸਾਲਾਂ ਸਨ। ਵਿਗਿਆਨੀ ਅਜਿਹੇ ਬਿਆਨ ਦੇ ਕੇ ਆਮ ਲੋਕਾਂ ਨੂੰ ਆਪਣੇ ਪੇਸ਼ੇ ਦੀ ਤਾਕਤ ਅਤੇ ਜੋ ਉਹ ਕਰ ਰਹੇ ਸਨ ਉਸਦੇ ਮਹੱਤਵ ਬਾਰੇ ਹੈਰਾਨ ਕਰਨਾ ਚਾਹੁੰਦੇ ਸਨ।

ਫਰੈਡਰਿਕ ਅਤੇ ਰੂਥਫੋਰਡ ਅਤੇ ਹੋਰ ਕਈ ਵਿਗਿਆਨਕਾਂ ਨੇ ਅਜਿਹੀਆਂ ਡਰਾਉਣੀਆਂ ਮਿਸਾਲਾਂ ਬੇਝਿਜਕ ਪੇਸ਼ ਕੀਤੀਆਂ ਤਾਂ ਜੋ ਲੋਕ ਹੈਰਾਨਗੀ ਵਿੱਚ ਆਪਣੇ ਨਹੁੰ ਚਿੱਥਣ ਲੱਗ ਪੈਣ।

ਉਦੋਂ ਤੋਂ ਹੀ ਇਸ ਮੋਟਿਵ ਨੇ ਆਪਣੀ ਥਾਂ ਬਣਾਈ ਹੋਈ ਹੈ ਅਤੇ ਬਸ ਚੱਲਿਆ ਆ ਰਿਹਾ ਹੈ।

ਸਾਲ 1903 ਦੇ ਅਖੀਰ ਵਿੱਚ ਅਜਿਹੇ ਬਟਨ ਦੀਆਂ ਗੱਲਾਂ ਹੁੰਦੀਆਂ ਸਨ, ਜਿਸਦੇ ਦੱਬਦਿਆ ਹੀ ਲੜੀਵਾਰ- ਪ੍ਰਤੀਕਿਰਆ ਦੁਆਰਾ ਸਮੁੱਚੀ ਧਰਤੀ ਨੂੰ ਉਡਾ ਦੇਵੇਗੀ।

ਉਨ੍ਹਾਂ ਨੇ ਕਿਹਾ ਕਿ ਇਸ ਤੋਂ ਸਾਨੂੰ ਅਸਮਾਨ ਵਿੱਚ ਸਮੇਂ-ਸਮੇਂ ਤੇ ਟੁੱਟਦੇ ਤਾਰਿਆਂ ਦੇ ਰਹੱਸ ਬਾਰੇ ਜਾਨਣ ਨੂੰ ਮਿਲੇਗਾ।

ਕੁਝ ਲੋਕਾਂ ਨੇ ਕਿਹਾ ਕਿ ਉਹ ਤਾਰੇ ਵੀ ਦੁਰਾਡੇ ਗ੍ਰਹਿ ਹਨ, ਜਿਨ੍ਹਾਂ ਉੱਪਰ ਆਪਣੇ-ਆਪ ਹੀ ਅਜਿਹੇ ਪਰਮਾਣੂ ਧਮਾਕੇ ਹੋ ਰਹੇ ਹਨ।

ਕਿਹਾ ਗਿਆ ਕਿ ਇਹ ਧਮਾਕੇ ਸ਼ਾਇਦ ਪਰ-ਗ੍ਰਹਿ ਵਾਸੀ ਸੱਭਿਅਤਾਵਾਂ ਕਰ ਰਹੀਆਂ ਹੋਣਗੀਆਂ।

ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਅਤੇ ਵਿਗਿਆਨੀਆਂ ਨੇ ਪਰਮਾਣੂ ਖੋਜ ਜਾਰੀ ਰੱਖੀ।

ਕੈਮਿਸਟ ਵਾਲਟਰ ਨਰਨਸਟ ਨੇ 1921 ਵਿੱਚ ਮਨੁੱਖਤਾ ਨੂੰ ਬਾਰੂਦ ਦੇ ਢੇਰ ਉੱਪਰ ਰਹਿ ਰਹੀ ਜੀਵਾਂ ਦੀ ਬਸਤੀ ਨਾਲ ਤੁਲਨਾ ਕੀਤੀ , ਜੋ ਬਿੰਦ-ਝੱਟ ਵਿੱਚ ਹੀ ਫਨਾਹ ਹੋ ਜਾਵੇਗੀ।

ਇੱਕ ਹੋਰ ਵਿਗਿਆਨੀ ਚਾਕਲਟਨਸ ਨੇ ਵੀ ਇਸ ਹੋ-ਹੱਲੇ ਆਪਣਾ ਯੋਗਦਾਨ ਦਿੱਤਾ। ਸਾਲ 1924 ਵਿੱਚ ਸ਼ੈਫੀਲਡ ਯੂਨੀਵਰਸਿਟੀ ਦੇ ਇਸ ਇੰਜੀਨੀਅਰ ਨੇ ਫੜ੍ਹ ਮਾਰੀ ਉਹ ਪਰਮਾਣੂਆਂ ਨੂੰ ਤੋੜਨ ਦੇ ਬਿਲਕੁਲ ਨਜ਼ਦੀਕ ਸਨ।

ਚਾਕਲਟਨਸ ਸਵੈ-ਪ੍ਰਚਾਰ ਵਿੱਚ ਮਾਹਰ ਸਨ। ਆਪਣੇ ਪਿਛਲੇ ਪਰਚਿਆਂ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਇੱਕ ਮੌਤ ਦੀ ਕਿਰਨ ਇਜਾਦ ਕੀਤੀ ਹੈ।

ਸਥਾਨਕ ਪੱਤਰਕਾਰਾਂ ਨੇ ਇਸ ਨੂੰ ਮਿਰਚ-ਮਸਾਲਾ ਲਾ ਕੇ ਛਾਪਿਆ। ਕਿ ਉਨ੍ਹਾਂ ਦੀ ਖੋਜ ਨਾਲ ਨਾ ਸਿਰਫ਼ ਸ਼ੈਫੀਲਡ ਸ਼ਹਿਰ ਸਗੋਂ ਸਮੁੱਚਾ ਬ੍ਰਹਿਮੰਡ ਹੀ ਭਾਫ਼ ਬਣ ਜਾਵੇਗਾ।

ਇਸ ਤੋਂ ਬਾਅਦ ਇਸ ਇੰਜੀਨੀਅਰ ਨੂੰ ਕਈ ਲੋਕਾਂ ਨੇ ਡਰ ਭਰੀਆਂ ਚਿੱਠੀਆਂ ਲਿਖੀਆਂ ਕਿ ਉਹ ਆਪਣੇ ਪ੍ਰਯੋਗ ਨੂੰ ਅੱਗੇ ਨਾ ਵਧਾਉਣ।

ਇੱਕ ਪੱਤਰ ਵਿੱਚ ਲਿਖਿਆ ਸੀ, “ਜੇ ਤੁਸੀਂ ਵਿਆਹੇ-ਵਰੇ- ਬਾਲ-ਬੱਚੇਦਾਰ ਵਿਅਕਤੀ ਹੁੰਦੇ ਤਾਂ ਤੁਹਾਨੂੰ ਮਨੁੱਖੀ ਨਸਲ ਤਬਾਹ ਕਰਨ ਦੀ ਇੰਨੀ ਕਾਹਲੀ ਨਾ ਹੁੰਦੀ।”

ਦਹਾਕਿਆਂ ਵਿੱਚ ਵਿਗਿਆਨਕ ਤਰੱਕੀ ਦੇ ਨਾਲ਼ ਅਜਿਹੀਆਂ ਕਿਆਸਅਰਾਈਆਂ ਦੀ ਸੁਰ ਲਗਾਤਾਰ ਬਦਲਦੀ ਰਹੀ।

ਇਹ ਵੀ ਕਿਹਾ ਜਾਂਦਾ ਸੀ ਕਿ ਧਰਤੀ ਉੱਪਰਲੇ ਪਰਮਾਣੂ ਧਮਾਕਿਆਂ ਦੀ ਰੌਸ਼ਨੀ ਦਾ ਸ਼ੁੱਕਰ ਗ੍ਰਹਿ ਉੱਪਰ ਸਮੁੰਦਰ ਦੇ ਕੰਢਿਆਂ ਉੱਪਰ ਧੁੱਪ ਸੇਕ ਰਹੇ ਏਲੀਅਨ ਕਿੰਨਾ ਅਨੰਦ ਲੈਣਗੇ।

ਹਾਲਾਂਕਿ ਜਦੋਂ ਮਨੁੱਖਤਾ ਨੇ ਉਹ ਰੌਸ਼ਨੀ ਵਾਕਈ ਦੇਖੀ ਤਾਂ ਇਸ ਤਰ੍ਹਾਂ ਦੀ ਗੱਲ ਮਜ਼ਾਕ ਵਿੱਚ ਕਰਨਾ ਵੀ ਬੁਰਾ ਸਮਝਿਆ ਜਾਣ ਲੱਗਿਆ।

ਇਸ ਸਭ ਵਿੱਚ ਸਾਡੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਕੀ ਹੈ? ਸਭ ਤੋਂ ਪਹਿਲਾ ਤਾਂ ਇਹ ਕਿ ਟੈਲਰ ਅਤੇ ਮੈਨਹਟਨ ਪ੍ਰੋਜੈਕਟ ਵਿੱਚ ਲੱਗੇ ਹੋਰ ਲੋਕਾਂ ਦੇ ਤੌਖਲੇ ਕੁਝ ਵੀ ਸਨ ਪਰ ਕਪੋਲ ਕਲਪਨਾ ਨਹੀਂ ਸਨ।

'ਸਾਡੇ ਡਰ ਹਮੇਸ਼ਾ ਸ਼ੁੱਧ ਤਰਕ ਉੱਪਰ ਨਹੀਂ ਟਿਕੇ ਹੁੰਦੇ'

ਇਹ ਵੀ ਸੰਭਵ ਹੈ ਕਿ ਉਨ੍ਹਾਂ ਦੇ ਸਮੇਂ ਡੈਟੋਨੇਸ਼ਨ ਮੋਟਿਫ਼ ਕਿ ਕੋਈ ਬਟਨ ਦੱਬੇਗਾ ਅਤੇ ਐਟਮ ਫਟ ਜਾਣਗੇ ਸਮਕਾਲੀ ਚੇਤਨਾ ਵਿੱਚ ਇੰਨੇ ਡੂੰਘੇ ਬੈਠ ਗਏ ਸਨ, ਕਿ ਫਰੈਡਰਿਕ ਹੋਰਾਂ ਦਾ ਧਿਆਨ ਇਸ ਪਾਸੇ ਵੱਲ ਗਿਆ।

ਹਾਲਾਂਕਿ, ਫਰੈਡਰਿਕ ਦੀ ਕਲਪਨਾ ਕਿਸੇ ਤਰਕ ਉੱਪਰ ਨਹੀਂ ਟਿਕੀ ਹੋਈ ਸੀ। ਫਰੈਡਰਿਕ ਨੇ ਸ਼ਾਇਦ ਇਹ ਸਭ ਆਪਣੇ ਪਾਠਕਾਂ ਨੂੰ ਹੈਰਾਨ ਕਰਨ ਲਈ ਅਤੇ ਉੱਭਰ ਰਹੇ ਫੀਲਡ ਵੱਲ ਲੋਕਾਂ ਦਾ ਧਿਆਨ ਖਿੱਚਣ ਲਈ ਕਿਹਾ ਹੋਵੇ।

ਇਹ ਵੀ ਹੈ ਕਿ ਉਸ ਸਮੇਂ ਸ਼ਾਇਦ ਕਿਸੇ ਵੀ ਹੋਰ ਸਾਇੰਸਦਾਨ ਦਾ ਧਿਆਨ ਪਰਮਾਣੂਆਂ ਦੇ ਇੰਨੇ ਵਿਨਾਸ਼ਕਾਰੀ ਅੰਜਾਮ ਵੱਲ ਨਹੀਂ ਗਿਆ ਸੀ।

ਜੇ ਰੂਥਫੀਲਡ ਇਸ ਗੱਲ ਨੂੰ ਪ੍ਰਚਾਰਿਤ ਨਾ ਕਰਦੇ ਤਾਂ ਵੀ ਹੋ ਸਕਦਾ ਹੈ ਕਿ ਪਰਮਾਣੂ ਤਬਾਹੀ ਦੇ ਸਿਧਾਂਤ ਨੂੰ ਇੰਨਾ ਬਲ ਨਾ ਮਿਲਦਾ ਜਿੰਨਾ ਕਿ ਮਿਲਿਆ। ਜੇ ਮਿਲਦਾ ਵੀ ਤਾਂ ਇੰਨਾ ਨਹੀਂ ਕਿ ਓਪੇਨਹਾਈਮਰ ਦਾ ਧਿਆਨ ਇਸ ਪਾਸੇ ਜਾਂਦਾ।

ਸਾਡੇ ਡਰ ਹਮੇਸ਼ਾ ਸ਼ੁੱਧ ਤਰਕ ਉੱਪਰ ਨਹੀਂ ਟਿਕੇ ਹੁੰਦੇ। ਉਸ ਵਿੱਚ ਕੁਝ ਨਾ ਕੁਝ ਭੂਮਿਕਾ ਸਾਡੇ ਅਤੀਤ ਦੀ ਵੀ ਹੁੰਦੀ ਹੈ। ਜਿੱਥੋਂ ਸਾਨੂੰ ਕੁਝ ਖ਼ਾਸ ਕਿਸਮ ਦੇ ਮੋਟਿਫ਼ ਗੱਲਬਾਤ ਲਈ ਮਿਲਦੇ ਹਨ। ਕੁਝ ਬਾਰੇ ਅਸੀਂ ਜ਼ਿਆਦਾ ਚਰਚਾ ਕਰਦੇ ਹਾਂ ਅਤੇ ਕੁਝ ਮੋਟਿਫ਼ ਅਣਗੌਲੇ ਰਹਿ ਜਾਂਦੇ ਹਨ।

ਹੋ ਸਕਦਾ ਹੈ ਕਿ ਕੋਈ ਥੀਮ ਸਾਡੀ ਚੇਤਨਾ ਵਿੱਚ ਸਾਡੇ ਆਲੇ-ਦੁਆਲੇ ਤੋਂ ਹੀ ਘਰ ਕਰ ਜਾਵੇ। ਇਸ ਤੋਂ ਪਹਿਲਾਂ ਕਿ ਉਸ ਬਾਰੇ ਕਈ ਗੰਭੀਰ ਖੋਜ ਹੋਵੇ। ਕੁਝ ਥੀਮ ਸਾਡੀ ਚੇਤਨਾ ਵਿੱਚ ਆਲੇ-ਦੁਆਲੇ ਦੀਆਂ ਸਮਾਨਤਾਵਾਂ ਤੋਂ ਹੀ ਪੱਕ ਜਾਂਦੇ ਹਨ।

ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਜੁੜੇ ਸਾਡੇ ਅਜੋਕੇ ਡਰ ਇਸੇ ਤਰ੍ਹਾਂ ਬਣੇ ਹੋ ਸਕਦੇ ਹਨ। ਉਨ੍ਹਾਂ ਮੋਟਿਫ਼ਾਂ ਤੋਂ ਜੋ ਸਾਨੂੰ ਵਿਰਾਸਤ ਵਿੱਚ ਮਿਲੇ ਹਨ।

ਕਈ ਵਾਰ ਇਨ੍ਹਾਂ ਫਿਕਰਾਂ ਦਾ ਤਰਕ ਨਾਲ ਦੂਰ-ਨੇੜੇ ਦਾ ਕੋਈ ਵੀ ਵਾਸਤਾ ਨਹੀਂ ਹੁੰਦਾ।

ਫਿਰ ਵੀ ਇਨ੍ਹਾਂ ਨੂੰ ਕਾਹਲੀ ਨਾਲ ਰੱਦ ਨਹੀਂ ਕੀਤਾ ਜਾਣਾ ਚਾਹੀਦਾ। ਇਨ੍ਹਾਂ ਉੱਪਰ ਗੰਭੀਰਤਾ ਨਾਲ ਵਿਚਾਰ ਕੀਤਾ ਜਾਣਾ ਬਣਦਾ ਹੈ।

'ਵਿਨਾਸ਼ ਦੀਆਂ ਕਲਪਨਾਵਾਂ'

ਅੱਜ ਅਸੀਂ ਆਰਟੀਫਿਸ਼ੀਲ- ਇੰਟੈਲੀਜਸ ਦੇ ਮਾਮਲੇ ਵਿੱਚ ਅਸੀਂ ਪਰਮਾਣੂ ਵਿਨਾਸ਼ ਦੀਆਂ ਕਲਪਨਾਵਾਂ ਤੋਂ ਇਹ ਸਮਝ ਸਮਕਦੇ ਹਾਂ ਕਿ ਵਿਗਿਆਨਕ-ਗਲਪ ਸੱਚਾਈ ਅਤੇ ਖੋਜ ਤੋਂ ਕਿਤੇ ਤੇਜ਼ੀ ਨਾਲ ਅੱਗੇ ਵਧ ਸਕਦੇ ਹਨ।

ਫਿਰ ਵੀ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਵਿਰਾਸਤ ਵਿੱਚੋਂ ਮਿਲੀ ਸੋਚ-ਸੁਆਦ ਸਾਡੀਆਂ ਭਵਿੱਖ ਬਾਰੇ ਭਵਿੱਖਬਾਣੀਆਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰ ਸਕਦੇ ਹਨ।

ਇਨ੍ਹਾਂ ਸਿਧਾਂਤਾਂ ਵਿੱਚੋਂ ਕਿਸੇ ਨੇ ਵੀ ਪਰਮਾਣੂ ਧਮਾਕਿਆਂ ਦੇ ਉਨ੍ਹਾਂ ਖ਼ਤਰਿਆਂ ਦੀ ਗੱਲ ਨਹੀਂ ਕੀਤੀ ਜੋ ਅਸਲ ਵਿੱਚ ਮਨੁੱਖਤਾ ਨੂੰ ਦੇਖਣੇ ਪਏ।

ਮਿਸਾਲ ਵਜੋਂ ਰੇਡੀਓ-ਐਕਟਿਵ ਸੁਆਹ ਦੀ ਡਿੱਗਣਾ, ਜੋ ਮੀਂਹ ਵਾਂਗ ਧਰਤੀ ਉੱਪਰ ਡਿੱਗਦੀ ਹੈ। ਭਿਆਨਕ ਬਿਮਾਰੀਆਂ ਦੀ ਵਿਰਾਸਤ ਜੋ ਅਜੇ ਤੱਕ ਪ੍ਰਭਾਵਿਤ ਸਮਾਜਾਂ ਦੀਆਂ ਪੀੜ੍ਹੀਆਂ ਭੁਗਤ ਰਹੀਆਂ ਹਨ। ਉਹ ਵੀ ਉਹ ਸਮਾਜ ਜੋ ਅਕਸਰ ਹਾਸ਼ੀਆਗਤ ਵੀ ਹੁੰਦੇ ਹਨ।

ਆਰਟੀਫਿਸ਼ੀਲ ਇੰਟੈਲੀਜੈਂਸ ਬਾਰੇ ਵੀ ਆਪਣੇ ਅਤੀਤ ਅਤੇ ਸੱਭਿਆਚਾਰ ਮੁਤਾਬਕ ਨਵੀਆਂ ਧਾਰਨਾਵਾਂ ਸਾਡੇ ਸਾਹਮਣੇ ਆ ਰਹੀਆਂ ਹਨ।

ਇਨ੍ਹਾਂ ਵਿੱਚੋਂ ਕਈ ਬਹੁਤ ਜ਼ਿਆਦਾ ਨਾਟਕੀ ਵੀ ਹਨ। ਕੁਝ ਸੂਝ ਅਤੇ ਤਰਕ ਉੱਪਰ ਟਿਕੀਆਂ ਵੀ ਹੋ ਸਕਦੀਆਂ ਹਨ ਅਤੇ ਕੁਝ ਸਿਰਫ਼ ਧਿਆਨ ਖਿੱਚਣ ਲਈ ਛੱਡੇ ਗਏ ਸ਼ਗੂਫ਼ੇ।

ਫਿਰ ਵੀ ਏਆਈ ਬਾਰੇ ਅਜਿਹੇ ਵਿਚਾਰਾਂ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਮੁੱਚੀ ਦੁਨੀਆਂ ਦਾ ਭਵਿੱਖ ਦਾਅ ’ਤੇ ਲੱਗਿਆ ਹੋਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)