ਹਰਦੀਪ ਸਿੰਘ ਨਿੱਝਰ ਦੇ ਪਿੰਡ ਦਾ ਹਾਲ, 'ਹੁਣ ਸਾਡਾ ਬੰਦਾ ਹੀ ਚਲਾ ਗਿਆ ਤਾਂ ਉਸ ਦੀ ਕੋਈ ਭਰਪਾਈ ਨਹੀਂ ਹੋ ਸਕਦੀ'

ਖ਼ਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਨੂੰ ਲੈ ਕੇ ਭਾਵੇਂ ਭਾਰਤ ਤੇ ਕੈਨੇਡਾ ਵਿਚਕਾਰ ਸਿਆਸਤ ਗਰਮਾਈ ਹੋਈ ਹੈ ਪਰ ਜਲੰਧਰ ਜ਼ਿਲ੍ਹੇ ਵਿੱਚ ਪੈਂਦੇ ਨਿੱਝਰ ਦੇ ਜੱਦੀ ਪਿੰਡ ਭਾਰ ਸਿੰਘ ਪੁਰਾ ਵਿੱਚ ਚੁੱਪ ਪਸਰੀ ਹੋਈ ਹੈ।

ਪਿੰਡ ਦੀਆਂ ਸੁੰਨੀਆਂ ਗਲੀਆਂ ਨੂੰ ਦੇਖਦਿਆਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਪਿੰਡ ਦੇ ਲੋਕ ਕੈਨੇਡਾ ਸਰਕਾਰ ਦੇ ਬਿਆਨ ਤੋਂ ਬਾਅਦ ਕਿਸ ਮਾਹੌਲ ਵਿੱਚ ਹੋਣਗੇ।

ਦਰਅਸਲ, ਬੀਤੇ ਦਿਨੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦਾ ਖ਼ਦਸ਼ਾ ਜਤਾਇਆ ਸੀ।

ਹਾਲਾਂਕਿ, ਭਾਰਤ ਸਰਕਾਰ ਨੇ ਕੈਨੇਡਾ ਸਰਕਾਰ ਦੇ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ।

ਇਹ ਖ਼ਬਰ ਨਸ਼ਰ ਹੋਣ ਮਗਰੋਂ ਬੀਬੀਸੀ ਸਹਿਯੋਗੀ ਪ੍ਰਦੀਪ ਸ਼ਰਮਾ ਨੇ ਹਰਦੀਪ ਸਿੰਘ ਨਿੱਝਰ ਦੇ ਜੱਦੀ ਪਿੰਡ ਭਾਰਸਿੰਘਪੁਰਾ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ।

ਹਰਦੀਪ ਸਿੰਘ ਨਿੱਝਰ ਦਾ ਪਿੰਡ ਭਾਰਸਿੰਘਪੁਰਾ ਜਲੰਧਰ ਜ਼ਿਲ੍ਹੇ ਵਿੱਚ ਪੈਂਦਾ ਹੈ।

ਜਦੋਂ ਪਿੰਡਵਾਸੀਆਂ ਨਾਲ ਹਰਦੀਪ ਸਿੰਘ ਨਿੱਝਰ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੋਈ ਵੀ ਗੱਲ ਕਰਨ ਦੀ ਰਾਜ਼ੀ ਨਹੀਂ ਹੋਇਆ ਸੀ।

ਕਾਫੀ ਮਸ਼ੱਕਤ ਕਰਨ ਤੋਂ ਬਾਅਦ ਪਿੰਡ ਵਿੱਚ ਰਹਿ ਰਹੇ ਹਰਦੀਪ ਸਿੰਘ ਨਿੱਝਰ ਦੇ ਤਾਇਆ ਹਿੰਮਤ ਸਿੰਘ ਗੱਲਬਾਤ ਲਈ ਰਾਜ਼ੀ ਹੋਏ।

ਹਿੰਮਤ ਸਿੰਘ ਵੀ ਨਿੱਝਰ ਦੇ ਕਤਲ ਦਾ ਇਲਜ਼ਾਮ ਸਰਕਾਰ ਉਪਰ ਲਗਾਉਂਗਦੇ ਹਨ।

  • 13 ਜੂਨ ਨੂੰ ਹਰਦੀਪ ਸਿੰਘ ਨਿੱਝਰ ਦਾ ਕੈਨੇਡਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
  • ਬੀਚੇ ਦਿਨੀਂ ਕੈਨੇਡਾ ਸਰਕਾਰ ਨੇ ਨਿੱਝਰ ਦੇ ਮੌਤ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਦਾ ਇਲਜ਼ਾਮ ਲਗਾਇਆ ਹੈ।
  • ਕੈਨੇਡਾ ਦੇ ਪੀਐੱਮ ਦੇ ਇਸ ਬਿਆਨ ਮਗਰੋਂ ਦੋਵਾਂ ਦੇਸ਼ਾਂ ਭਾਰਤ-ਕੈਨੇਡਾ ਵਿਚਾਲੇ ਤਲਖ਼ੀ ਵਧ ਗਈ ਹੈ।
  • ਦੋਵਾਂ ਦੇਸ਼ਾਂ ਨੇ ਇੱਕ-ਦੂਜੇ ਕੂਟਨੀਤਕਾਂ ਨੂੰ ਦੇਸ਼ਾਂ ਛੱਡ ਕੇ ਜਾਣ ਲਈ ਕਹਿ ਦਿੱਤਾ ਹੈ।
  • ਇਸ ਤੋਂ ਇਲਾਵਾ ਅੱਜ ਕੈਨੇਡਾ ਅਤੇ ਭਾਰਤ ਦੋਵਾਂ ਮੁਲਕਾਂ ਨੇ ਆਪਣੇ-ਆਪਣੇ ਨਾਗਰਿਕਾਂ ਲਈ ਇੱਕ ਟਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ।

ਕੈਨੇਡਾ ਰਹਿੰਦੇ 45 ਸਾਲਾ ਹਰਦੀਪ ਸਿੰਘ ਨਿੱਝਰ ਦਾ ਇਸ ਸਾਲ 18 ਜੂਨ ਨੂੰ ਸਰੀ ਦੇ ਗੁਰੂ ਨਾਨਕ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਨਿੱਝਰ ਬ੍ਰਿਟਿਸ਼ ਕੋਲੰਬੀਆ ਦੇ ਜਾਣੇ-ਪਛਾਣੇ ਸਿੱਖ ਆਗੂ ਸਨ ਅਤੇ ਖ਼ਾਲਿਸਤਾਨ ਦੇ ਸਮਰਥਕ ਸਨ।

ਖ਼ਾਲਿਸਤਾਨ ਪੱਖੀ ਭਾਰਤੀ ਪੰਜਾਬ ਨੂੰ ਸਿੱਖਾਂ ਲਈ ਵੱਖਰੇ ਤੇ ਖ਼ੁਦਮੁਖ਼ਤਿਆਰ ਮੁਲਕ ਵਜੋਂ ਮਾਨਤਾ ਚਾਹੁੰਦੇ ਹਨ।

ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਗਤੀਵਿਧੀਆਂ ਕਾਰਨ ਉਨ੍ਹਾਂ ਦੀ ਜਾਨ ਨੂੰ ਪਹਿਲਾਂ ਹੀ ਖ਼ਤਰਾ ਸੀ।

ਹਰਦੀਪ ਸਿੰਘ ਨਿੱਝਰ ਦੇ ਤਾਏ ਨੇ ਕੀ ਕਿਹਾ

ਹਿੰਮਤ ਸਿੰਘ ਕਹਿੰਦੇ ਹਨ ਕਿ ਜੇ ਉਹ ਇਹੋ-ਜਿਹਾ ਕੰਮ ਕਰਦਾ ਹੁੰਦਾ ਤਾਂ ਇਨ੍ਹਾਂ ਨੇ ਪਹਿਲਾਂ ਕਿਉਂ ਨਾ ਕਾਰਵਾਈ ਕੀਤੀ, ਕਾਨੂੰਨ ਹੁੰਦੇ ਹਨ, ਸਭ ਕੁਝ ਹੁੰਦਾ ਹੈ।

ਉਹ ਆਖਦੇ ਹਨ, "ਹੁਣ ਤਾਂ ਸਾਡੀ ਕੋਈ ਮੰਗ ਨਹੀਂ ਹੈ, ਜੇ ਬੰਦਾ ਹੀ ਸਾਡਾ ਚਲਾ ਗਿਆ ਤਾਂ ਉਸ ਦੀ ਕੋਈ ਭਰਪਾਈ ਨਹੀਂ ਹੋ ਸਕਦੀ।"

ਹਿੰਮਤ ਸਿੰਘ ਦੀ ਉਮਰ ਕਰੀਬ 80 ਸਾਲ ਦੀ ਹੋ ਗਈ ਅਤੇ ਵਕਤ ਦੇ ਨਾਲ ਉਨ੍ਹਾਂ ਦੀ ਯਾਦਦਾਸ਼ਤ ਵੀ ਧੁੰਦਲੀ ਪੈ ਗਈ ਹੈ। ਇਸ ਕਾਰਨ ਉਹ ਜ਼ਿਆਦਾ ਗੱਲਬਾਤ ਨਹੀਂ ਕਰ ਸਕੇ।

'ਟੱਬਰ ਸਾਡਾ ਗੁਆਂਢੀ ਸੀ'

ਹਿੰਮਤ ਸਿੰਘ ਤੋਂ ਇਲਾਵਾ ਪਿੰਡ ਭਾਰਸਿੰਘਪੁਰਾ ਦੇ ਪੰਚ ਗੁਰਮੁਖ ਸਿੰਘ ਨੇ ਕੁਝ ਗੱਲਾਂ ਬੀਬੀਸੀ ਨਾਲ ਸਾਂਝੀਆਂ ਕੀਤੀਆਂ।

ਉਨ੍ਹਾਂ ਨੇ ਦੱਸਿਆ ਕਿ ਜਦੋਂ ਹਰਦੀਪ ਸਿੰਘ ਨਿੱਝਰ ਦਾ ਪਰਿਵਾਰ 94ਵਿਆਂ-95ਵਿਆਂ 'ਚ ਇੱਥੋਂ ਗਿਆ ਸੀ।

ਉਹ ਅੱਗੇ ਆਖਦੇ ਹਨ ਕਿ ਜਦੋਂ ਤੱਕ ਉਹ ਪਿੰਡ ਰਹਿੰਦੇ ਸਨ ਤਾਂ ਅਜਿਹੀਆਂ ਕਿਸੇ ਤਰ੍ਹਾਂ ਦੀਆਂ ਗਤੀਵਿਧੀਆਂ ਬਾਰੇ ਗੱਲ ਸਾਹਮਣੇ ਨਹੀਂ ਆਈ ਸੀ ਪਰ ਉਸ ਦੇ ਵਿਦੇਸ਼ ਜਾ ਕੇ ਕਿਸੇ ਵੱਖਵਾਦੀ ਕਾਰਵਾਈ ਵਿੱਚ ਸ਼ਾਮਿਲ ਹੋਣ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।

ਗੁਰਮੱਖ ਸਿੰਘ ਦੱਸਦੇ ਹਨ, "ਉਨ੍ਹਾਂ ਦਾ ਟੱਬਰ ਸਾਡਾ ਗੁਆਂਢੀ ਸੀ। ਉਹ ਖੇਤੀ ਅਤੇ ਦੁੱਧ ਦਾ ਕਾਰੋਬਾਰ ਕਰਦੇ ਹੁੰਦੇ ਸਨ। ਨਿੱਝਰ ਉਸ ਵੇਲੇ ਕੋਈ 8ਵੀਂ ਜਾਂ ਨੌਵੀਂ ਵਿੱਚ ਪੜ੍ਹਦਾ ਹੋਣਾ।"

"ਇੱਥੇ ਉਨ੍ਹਾਂ ਕੋਈ ਅਜਿਹੀ ਕੋਈ ਗੱਲਬਾਤ ਨਹੀਂ ਸੀ। ਉਹ ਆਪਣੇ ਕੰਮ ਕਰਦੇ ਸੀ। ਉਹ ਸਕੂਲ ਵੀ ਜਾਂਦਾ ਸੀ ਤੇ ਦੁੱਧ ਦਾ ਕੰਮ ਵੀ ਕਰਦਾ ਸੀ।"

"ਕਦੇ ਉਨ੍ਹਾਂ ਦੀ ਇੱਥੇ ਪੰਚਾਇਤ ਨਹੀਂ ਹੋਈ, ਕਦੇ ਉਹ ਕਿਸੇ ਨਾਲ ਇੱਥੇ ਲੜੇ ਨਹੀਂ ਸਨ। ਜਦੋਂ ਤੋਂ ਉਹ ਬਾਹਰ ਗਏ ਤਾਂ ਇਸ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ, ਜਾਂ ਕੈਨੇਡਾ ਵਾਲੇ ਜਾਣਨ ਜਾਂ ਸਰਕਾਰ ਜਾਣੇ ਕਿ ਬਾਹਰ ਜਾ ਕੀ ਹੋਇਆ ਜਾਂ ਕੀ ਨਹੀਂ ਹੋਇਆ।"

ਉਹ ਇਹ ਵੀ ਆਖਦੇ ਹਨ, "ਪਰ ਅਸੀਂ ਇਸ ਗੱਲ ਬਾਰੇ ਜ਼ਰੂਰ ਆਖਾਂਗੇ ਕਿ ਇਥੋਂ ਦੇ ਹਿਸਾਬ ਨਾਲ ਉਨ੍ਹਾਂ ਨਾਲ ਇਹ ਬਿਲਕੁਲ ਗ਼ਲਤ ਹੋ ਰਿਹਾ।"

"14-15 ਸਾਲਾ ਦੀ ਸੀ ਜਦੋਂ ਉਹ ਇੱਥੋਂ ਗਿਆ, ਸਾਨੂੰ ਤਾਂ ਹੁਣ ਦੇਖੇ ਨੂੰ ਹੀ ਬੜਾ ਚਿਰ ਹੋ ਗਿਆ ਸੀ।"

'ਨਿੱਝਰ ਦੀ ਪੇਸ਼ਗੀ ਦਾ ਨੋਟਿਸ'

ਇਸ ਤੋਂ ਇਲਾਵਾ ਪਿੰਡ ਵਿੱਚ ਇੱਕ ਹੋਰ ਚੀਜ਼ ਜਿਹੜੀ ਦੇਖਣ ਨੂੰ ਮਿਲੀ ਉਹ ਅਦਾਲਤੀ ਫੁਰਮਾਨ ਸੀ, ਜਿਸ ਵਿੱਚ ਹਰਦੀਪ ਸਿੰਘ ਨਿੱਝਰ ਜਾਂ ਉਸ ਦੇ ਪਰਿਵਾਰਕ ਮੈਂਬਰ ਨੂੰ ਅਦਾਲਤ ਵਿੱਚ ਹਾਜ਼ਰ ਹੋਣ ਦਾ ਆਦੇਸ਼ ਹੈ।

ਦਰਅਸਲ, ਜਾਇਦਾਦ ਜ਼ਬਤ ਕਰਨ ਸਬੰਧੀ ਸੀਬੀਆਈ-ਕਮ-ਐੱਨਆਈਏ ਪੰਜਾਬ ਜ਼ਿਲ੍ਹਾ ਅਦਾਲਤ ਮੁਹਾਲੀ ਨੇ ਅਕਤੂਬਰ 2021 ਵਿੱਚ ਇੱਕ ਨੋਟਿਸ ਜਾਰੀ ਕੀਤਾ ਸੀ ਜਿਸ ਵਿੱਚ ਨਿੱਝਰ ਜਾਂ ਉਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਪੇਸ਼ ਹੋਣ ਦੀ ਗੱਲ ਆਖੀ ਗਈ ਹੈ।

ਇਸ ਵੇਲੇ ਜੋ ਪਿੰਡ ਵਿੱਚ ਨੋਟਿਸ ਦੇਖਣ ਨੂੰ ਮਿਲੇ ਉਸ ਵਿੱਚ ਹਰਦੀਪ ਸਿੰਘ ਨਿੱਝਰ ਜਾਂ ਉਸ ਦੇ ਕਿਸੇ ਪਰਿਵਾਰਕ ਮੈਂਬਰ ਦੀ ਪੇਸ਼ਗੀ ਦੀ ਤਰੀਕ 11 ਸਤੰਬਰ 2023 ਲਿਖੀ ਹੋਈ ਹੈ।

ਹਾਲਾਂਕਿ, ਹਰਦੀਪ ਸਿੰਘ ਨਿੱਝਰ ਦੀ ਮੌਤ 18 ਜੂਨ 2023 ਵਿੱਚ ਹੋ ਗਈ ਸੀ।

ਕੌਣ ਸੀ ਹਰਦੀਪ ਸਿੰਘ ਨਿੱਝਰ

ਭਾਰਤ ਸਰਕਾਰ ਅਨੁਸਾਰ, ਨਿੱਝਰ ਖ਼ਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਸੀ ਅਤੇ ਖ਼ਾਲਿਸਤਾਨ ਟਾਈਗਰ ਫੋਰਸ ਦੇ ਮਾਡਿਊਲ ਮੈਂਬਰਾਂ ਨੂੰ ਸੰਚਾਲਨ, ਨੈੱਟਵਰਕਿੰਗ, ਸਿਖਲਾਈ ਅਤੇ ਵਿੱਤੀ ਮਦਦ ਪ੍ਰਦਾਨ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਸੀ।

ਪੰਜਾਬ ਸਰਕਾਰ ਅਨੁਸਾਰ, ਕੌਮੀ ਜਾਂਚ ਏਜੰਸੀ (NIA) ਤਰਫੋਂ ਨਿੱਝਰ ਦੀ ਕੁੱਲ 11 ਕਨਾਲ 13.5 ਮਰਲੇ ਜ਼ਮੀਨ ਜਲੰਧਰ ਦੇ ਫਿਲੌਰ ਸਬ-ਡਿਵੀਜ਼ਨ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਭਾਰਸਿੰਘਪੁਰਾ ਵਿੱਚ ਜ਼ਬਤ ਕੀਤੀ ਗਈ ਸੀ।

ਸਿੱਖਸ ਫਾਰ ਜਸਟਿਸ ਦੇ ਖ਼ਿਲਾਫ਼ ਇੱਕ ਵੱਖਰੇ ਖਾਲਿਸਤਾਨ ਰਾਸ਼ਟਰ ਲਈ ਆਪਣੀ ਆਨਲਾਈਨ ਮੁਹਿੰਮ "ਸਿੱਖ ਰੈਫਰੈਂਡਮ 2020" ਲਈ ਇੱਕ ਕੇਸ ਦੇ ਸਬੰਧ ਵਿੱਚ 2020 ਵਿੱਚ ਪੰਜਾਬ ਵਿੱਚ ਨਿੱਝਰ ਦੀ ਜਾਇਦਾਦ ਕੁਰਕ ਕੀਤੀ ਗਈ ਸੀ।

ਨਿੱਝਰ 1997 ਵਿੱਚ ਕੈਨੇਡਾ ਗਏ ਸੀ। ਉਨ੍ਹਾਂ ਦੇ ਮਾਤਾ-ਪਿਤਾ ਕੋਵਿਡ-19 ਲੌਕਡਾਊਨ ਤੋਂ ਪਹਿਲਾਂ ਪਿੰਡ ਆਏ ਸਨ। ਨਿੱਝਰ ਵਿਆਹੇ ਸੀ ਤੇ ਉਨ੍ਹਾਂ ਦੇ ਦੋ ਪੁੱਤਰ ਹਨ। ਕੈਨੇਡਾ ਵਿੱਚ ਨਿੱਝਰ ਪਲੰਬਰ ਵਜੋਂ ਕੰਮ ਕਰਦੇ ਸੀ।

ਭਾਰਤੀ ਦੀ ਕੌਮੀ ਜਾਂਚ ਏਜੰਸੀ (ਐੱਨਆਈਏ) ਮੁਤਾਬਕ ਨਿੱਝਰ ’ਤੇ ਇਲਜ਼ਾਮ ਸਨ ਕਿ ਉਹ ਕਥਿਤ ਤੌਰ 'ਤੇ ਕੇਟੀਐੱਫ਼ (ਖ਼ਾਲਿਸਤਾਨ ਟਾਈਗਰ ਫੋਰਸ) ਦੇ ਮੁਖੀ ਜਗਤਾਰ ਸਿੰਘ ਤਾਰਾ ਨਾਲ ਮੁਲਾਕਾਤ ਕਰਨ ਲਈ 2013-14 ਵਿੱਚ ਪਾਕਿਸਤਾਨ ਗਏ ਸੀ।

ਤਾਰਾ ਨੂੰ 2015 ਵਿੱਚ ਥਾਈਲੈਂਡ ਵਿੱਚ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦਾ ਗਿਆ ਸੀ।

ਏਜੰਸੀ ਮੁਤਾਬਕ ਨਿੱਝਰ ਭਾਰਤ ਵਿੱਚ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ ਨਾਲ ਵੀ ਜੁੜੇ ਹੋਏ ਸੀ। ਨਿੱਝਰ ਨੂੰ ਹਾਲ ਹੀ 'ਚ ਆਸਟ੍ਰੇਲੀਆ 'ਚ ਖ਼ਾਲਿਸਤਾਨ ਰੈਫਰੈਂਡਮ ਲਈ ਹੋਈ ਵੋਟਿੰਗ ਦੌਰਾਨ ਦੇਖਿਆ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)