You’re viewing a text-only version of this website that uses less data. View the main version of the website including all images and videos.
ਕੀ ਤੁਹਾਨੂੰ ਵੀ ਰਾਤ ਨੂੰ ਵਾਰ-ਵਾਰ ਪਿਸ਼ਾਬ ਲਈ ਜਾਣਾ ਪੈਂਦਾ ਹੈ? ਜਾਣੋ ਇਸ ਦੇ ਕਾਰਨ ਤੇ 5 ਉਪਾਅ
- ਲੇਖਕ, ਐਨਾ ਇਜ਼ਾਬੇਲ ਕੋਬੋ ਕੁਏਨਕਾ ਅਤੇ ਐਂਟੋਨੀਓ ਸੈਮਪੀਟਰੋ ਕ੍ਰੇਸਪੋ
- ਰੋਲ, ਦਿ ਕਾਨਵਰਸੇਸ਼ਨ
ਬਹੁਤ ਸਾਰੇ ਲੋਕਾਂ ਨੂੰ ਰਾਤ ਨੂੰ ਵਾਰ-ਵਾਰ ਪਿਸ਼ਾਬ ਲਈ ਜਾਣਾ ਪੈਂਦਾ ਹੈ। ਉਨ੍ਹਾਂ ਦੀ ਨੀਂਦ ਦੋ ਜਾਂ ਇਸ ਤੋਂ ਜ਼ਿਆਦਾ ਵਾਰ ਖੁੱਲ੍ਹਣ ਕਾਰਨ ਸਵੇਰੇ ਵੀ ਉਹ ਤਰੋ-ਤਾਜ਼ਾ ਮਹਿਸੂਸ ਨਹੀਂ ਕਰਦੇ ਅਤੇ ਥੱਕਿਆ-ਥੱਕਿਆ ਮਹਿਸੂਸ ਕਰਦੇ ਹਨ।
ਜਿੰਨਾਂ ਅਸੀਂ ਸੋਚਦੇ ਹਾਂ, ਇਹ ਸ਼ਿਕਾਇਤਾਂ ਉਸ ਤੋਂ ਕਿਤੇ ਜ਼ਿਆਦਾ ਆਮ ਹਨ ਅਤੇ ਇਸ ਸਮੱਸਿਆ ਨੂੰ ਐਡਲਟ ਨੋਕਟੂਰੀਆ ਕਿਹਾ ਜਾਂਦਾ ਹੈ।
ਇੰਟਰਨੈਸ਼ਨਲ ਕੰਟੀਨੈਂਸ ਸੁਸਾਇਟੀ ਦੇ ਅਨੁਸਾਰ, ਇਸ ਨੂੰ ਬਿਲਕੁਲ ਉਸੇ ਤਰ੍ਹਾਂ ਪਰਿਭਾਸ਼ਤ ਕੀਤਾ ਗਿਆ ਹੈ, ਜਿਵੇਂ ਰਾਤ ਵਿੱਚ ਘੱਟੋ-ਘੱਟ ਦੋ ਵਾਰ ਪਿਸ਼ਾਬ ਕਰਨ ਲਈ ਜਾਗਣ ਦੀ ਜ਼ਰੂਰਤ ਮਹਿਸੂਸ ਹੋਣਾ।
ਇਹ ਸਮੱਸਿਆ, ਜੋ ਨੀਂਦ ਅਤੇ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੀ ਹੈ, ਵਧਦੀ ਉਮਰ ਦੇ ਨਾਲ-ਨਾਲ ਆਮ ਹੁੰਦੀ ਹੈ। ਇੱਕ ਅਨੁਮਾਨ ਮੁਤਾਬਕ, 70 ਸਾਲ ਤੋਂ ਵੱਧ ਉਮਰ ਦੇ ਹਰੇਕ ਪੰਜ ਵਿੱਚੋਂ ਤਿੰਨ ਲੋਕ ਇਸ ਨਾਲ ਪੀੜਤ ਹਨ।
ਹਾਲਾਂਕਿ ਇਹ ਦਿੱਕਤ ਛੋਟੀ ਉਮਰ ਵਿੱਚ ਵੀ ਹੋ ਸਕਦੀ ਹੈ ਅਤੇ ਇਹ ਮਰਦਾਂ ਅਤੇ ਔਰਤਾਂ ਨੂੰ ਬਰਾਬਰ ਪ੍ਰਭਾਵਿਤ ਕਰਦੀ ਹੈ।
ਇਸ ਦੇ ਕੀ ਕਾਰਨ ਹਨ
ਨੋਕਟੂਰੀਆ ਦੇ ਮੁਖ ਦੋ ਕਾਰਨ ਹੋ ਸਕਦੇ ਹਨ, ਬਲੈਡਰ ਦੀ ਸਮਰੱਥਾ ਵਿੱਚ ਕਮੀ ਜਾਂ ਸਰੀਰ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਪਿਸ਼ਾਬ ਬਣਨਾ, ਜਿਸਨੂੰ ਪੌਲੀਯੂਰੀਆ ਕਿਹਾ ਜਾਂਦਾ ਹੈ।
ਪਹਿਲੇ ਕੇਸ ਵਿੱਚ, ਅਸੀਂ ਸਾਡੇ ਸਰੀਰ ਦੇ ਇੱਕ ਅਜਿਹੇ ਅੰਗ ਦੀ ਗੱਲ ਕਰ ਰਹੇ ਹਾਂ ਜਿਸ ਦੀ ਸਮਰੱਥਾ 300-600 ਮਿਲੀਲੀਟਰ ਦੀ ਹੁੰਦੀ ਹੈ ਅਤੇ ਜੇਕਰ ਇਸ ਦੀ ਸਮਰੱਥਾ ਵਿੱਚ ਕਮੀ ਆ ਰਹੀ ਹੈ ਤਾਂ ਇਸ ਦੇ ਹੇਠ ਲਿਖੇ ਕਾਰਨ ਹੋ ਸਕਦੇ ਹਨ।
ਇੱਕ ਸਰੀਰਕ ਤਬਦੀਲੀ- ਮਰਦਾਂ ਵਿੱਚ, ਇਹ ਆਮ ਤੌਰ 'ਤੇ ਪ੍ਰੋਸਟੈਟਿਕ ਹਾਈਪਰਟ੍ਰੋਫੀ (ਪੁਰਸ਼ ਗ੍ਰੰਥੀ ਦੇ ਵਧਣ) ਦੇ ਕਾਰਨ ਹੁੰਦਾ ਹੈ ਅਤੇ ਔਰਤਾਂ ਵਿੱਚ ਇਹ ਮੋਟਾਪੇ ਅਤੇ ਪੇਡੂ (ਪੇਲਵਿਕ) ਦੇ ਅੰਗਾਂ ਦੇ ਫੈਲਣ ਕਾਰਨ ਹੁੰਦਾ ਹੈ।
ਸਰੀਰਕ ਅੰਗ ਦੇ ਕੰਮਕਾਜ 'ਚ ਦਿੱਕਤ, ਜਿਵੇਂ ਕਿ ਓਵਰਐਕਟਿਵ ਬਲੈਡਰ ਸਿੰਡਰੋਮ, ਸਿਸਟਾਈਟਸ (ਬਲੈਡਰ 'ਚ ਸੋਜਸ਼), ਇਨਫੈਕਸ਼ਨ...
ਜਿੱਥੋਂ ਤੱਕ ਪੌਲੀਯੂਰੀਆ ਦਾ ਸਵਾਲ ਹੈ, ਆਮ ਤੌਰ 'ਤੇ ਐਂਟੀਡਿਊਰੇਟਿਕ ਹਾਰਮੋਨ ਦੀ ਕਿਰਿਆ ਕਾਰਨ ਰਾਤ ਨੂੰ ਪਿਸ਼ਾਬ ਘੱਟ ਮਾਤਰਾ ਵਿੱਚ ਬਣਦਾ ਹੈ, ਪਰ ਜਿਵੇਂ-ਜਿਵੇਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ, ਰਾਤ ਨੂੰ ਇਸ ਪਦਾਰਥ ਵਿੱਚ ਕਮੀ ਆ ਜਾਂਦੀ ਹੈ।
ਇਹ ਮੁੱਖ ਕਾਰਨਾਂ ਵਿੱਚੋਂ ਇੱਕ ਹੈ, ਹਾਲਾਂਕਿ ਵੱਖ-ਵੱਖ ਬਿਮਾਰੀਆਂ ਵੀ ਇਸ ਸਮੱਸਿਆ ਨੂੰ ਵਧਾ ਸਕਦੀਆਂ ਹਨ, ਜਿਵੇਂ ਕਿ ਡਾਇਬੀਟੀਜ਼, ਨਾੜੀਆਂ ਦੇ ਕੰਮਕਾਜ 'ਚ ਦਿੱਕਤ ਆਉਣਾ ਜਾਂ ਹਾਰਟ ਫੇਲ੍ਹ ਹੋਣਾ, ਹਾਈ ਬੱਲਡ ਪ੍ਰੈਸ਼ਰ ਆਦਿ।
ਇਸ ਦੇ ਨਾਲ ਹੀ ਸ਼ਾਮ ਨੂੰ ਵੱਧ ਤਰਲ ਪਦਾਰਥਾਂ ਦਾ ਸੇਵਨ ਅਤੇ ਕੈਫੀਨ ਦਾ ਸੇਵਨ, ਸ਼ਰਾਬ ਜਾਂ ਤੰਬਾਕੂ ਆਦਿ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ।
ਇਨ੍ਹਾਂ ਕਾਰਨਾਂ ਤੋਂ ਇਲਾਵਾ, ਕੁਝ ਅਜਿਹੀਆਂ ਦਵਾਈਆਂ ਵੀ ਹਨ ਜਿਨ੍ਹਾਂ ਦੇ ਮਾੜੇ ਪ੍ਰਭਾਵ ਕਾਰਨ ਵਾਰ-ਵਾਰ ਪਿਸ਼ਾਬ ਦੀ ਸਮੱਸਿਆ ਆ ਸਕਦੀ ਹੈ ਅਤੇ ਬਲੈਡਰ ਦੇ ਕੰਮਕਾਜ 'ਤੇ ਅਸਰ ਪੈ ਸਕਦਾ ਹੈ।
ਇਨ੍ਹਾਂ ਵਿੱਚੋਂ ਕੁਝ ਆਮ ਹਨ
ਡਾਇਯੂਰੇਟਿਕਸ - ਇਹ ਸਰੀਰ ਵਿੱਚੋਂ ਵਾਧੂ ਤਰਲ ਨੂੰ ਬਾਹਰ ਕੱਢਣ ਅਤੇ ਬਲੱਡ ਪ੍ਰੈਸ਼ਰ ਨੂੰ ਘਟਾਉਣ ਲਈ ਵਰਤੀਆਂ ਜਾਂਦੀਆਂ ਹਨ
ਐਂਟੀਕੋਲਿਨਰਜਿਕਸ- ਇਹ ਅਕਸਰ ਓਵਰਐਕਟਿਵ ਬਲੈਡਰ ਸਿੰਡਰੋਮ ਦੇ ਇਲਾਜ ਲਈ ਵਰਤੇ ਜਾਂਦੇ ਹਨ। ਉਹ ਨਸਾਂ ਦੇ ਸੰਕੇਤਾਂ ਵਿੱਚ ਦਖ਼ਲ ਦੇ ਸਕਦੇ ਹਨ ਜੋ ਇਸ ਅੰਗ ਨੂੰ ਨਿਯੰਤਰਿਤ ਕਰਦੇ ਹਨ ਅਤੇ ਵਾਰ-ਵਾਰ ਪਿਸ਼ਾਬ ਆਉਣ ਦੀ ਦਿੱਕਤ 'ਚ ਵਾਧਾ ਕਰ ਸਕਦੇ ਹਨ, ਜਿਸ ਵਿੱਚ ਨੋਕਟੂਰੀਆ ਵੀ ਸ਼ਾਮਲ ਹੈ।
ਹਾਈ ਬਲੱਡ ਪ੍ਰੈਸ਼ਰ ਲਈ ਵਰਤੀਆਂ ਜਾਂਦੀਆਂ ਦਵਾਈਆਂ, ਜਿਵੇਂ ਕਿ ਕੈਲਸ਼ੀਅਮ ਚੈਨਲ ਬਲੌਕਰ ਅਤੇ ਐਂਜੀਓਟੈਨਸਿਨ-ਕਨਵਰਟਿੰਗ ਐਂਜ਼ਾਈਮ ਇਨਿਹਿਬਟਰਸ।
ਕੁਝ ਐਂਟੀ ਡਿਪ੍ਰੈਸੈਂਟਸ, ਜਿਵੇਂ ਕਿ ਚੋਣਵੇਂ ਸੇਰੋਟੋਨਿਨ ਰੀਅਪਟੇਕ ਇਨਿਹਿਬਟਰਸ, ਜੋ ਐਂਟੀਡੀਯੂਰੇਟਿਕ ਹਾਰਮੋਨ ਦੀ ਕਿਰਿਆ ਨੂੰ ਰੋਕਦੇ ਹਨ।
ਲਿਥਿਅਮ, ਬਾਈਪੋਲਰ ਡਿਸਆਰਡਰ ਦੇ ਇਲਾਜ ਲਈ ਵਰਤੀ ਜਾਂਦੀ ਦਵਾਈ।
ਇਹ ਜਾਣ ਲੈਣਾ ਵੀ ਮਹੱਤਵਪੂਰਨ ਹੈ ਕਿ ਇਹ ਦਵਾਈਆਂ ਲੈਣ ਵਾਲੇ ਹਰੇਕ ਵਿਅਕਤੀ ਨੂੰ ਮਾੜੇ ਪ੍ਰਭਾਵ ਜਾਂ ਪਿਸ਼ਾਬ ਦੀ ਦਿੱਕਤ ਆਵੇ, ਅਜਿਹਾ ਜ਼ਰੂਰੀ ਨਹੀਂ ਹੈ।
ਜੇਕਰ ਕਿਸੇ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਦਵਾਈ ਆਦਿ ਨਾਲ ਕੋਈ ਸਮੱਸਿਆ ਆ ਰਹੀ ਹੈ ਤਾਂ ਉਨ੍ਹਾਂ ਨੂੰ ਤੁਰੰਤ ਆਪਣੇ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ ਅਤੇ ਦੱਸੇ ਮੁਤਾਬਕ ਇਲਾਜ ਜਾਨ ਹੱਲ ਕਰਨਾ ਚਾਹੀਦਾ ਹੈ।
ਇਸ ਸਮੱਸਿਆ ਨਾਲ ਨਜਿੱਠਣ ਦੇ 5 ਉਪਾਅ
ਹਾਲਾਂਕਿ, ਨੋਕਟੂਰੀਆ ਦੇ ਇਲਾਜ ਲਈ ਹਰੇਕ ਵਿਅਕਤੀ ਨੂੰ ਵਿਅਕਤੀਗਤ ਤੌਰ 'ਤੇ ਵਿਚਾਰਿਆ ਜਾਣਾ ਚਾਹੀਦਾ ਹੈ, ਕਿਉਂਕਿ ਬਹੁਤ ਸਾਰੇ ਕਾਰਕ ਮਿਲ ਕੇ ਇਸ ਨੂੰ ਪ੍ਰਭਾਵਤ ਕਰਦੇ ਹਨ। ਪਰ ਇੱਥੇ ਕੁਝ ਆਮ ਸੁਝਾਅ ਦੱਸੇ ਜਾ ਰਹੇ ਹਨ।
1. ਜੀਵਨਸ਼ੈਲੀ ਵਿੱਚ ਤਬਦੀਲੀਆਂ- ਸੌਣ ਤੋਂ 4-6 ਘੰਟੇ ਪਹਿਲਾਂ ਤਰਲ ਪਦਾਰਥਾਂ ਦਾ ਸੇਵਨ ਘਟਾਓ, ਸ਼ਾਮ ਨੂੰ ਅਲਕੋਹਲ ਅਤੇ ਕੈਫੀਨ ਤੋਂ ਬਚੋ, ਸਿਗਰਟਨੋਸ਼ੀ ਛੱਡੋ ਅਤੇ ਭਾਰ ਜ਼ਿਆਦਾ ਹੋਣ 'ਤੇ ਭਾਰ ਘਟਾਓ।
ਸੌਣ ਤੋਂ ਪਹਿਲਾਂ ਪਿਸ਼ਾਬ ਕਰਨ ਅਤੇ ਪੇਲਵਿਕ ਫਲੋਰ ਦੀ ਕਸਰਤ ਕਰਨ ਦੀ ਵੀ ਸਲਾਹ ਦਿੱਤੀ ਜਾਂਦੀ ਹੈ ਅਤੇ ਜੇਕਰ ਤੁਸੀਂ ਲੱਤਾਂ ਵਿੱਚ ਪਾਣੀ/ਤਰਲ ਭਰਨ ਦੀ ਸਮੱਸਿਆ ਤੋਂ ਪੀੜਿਤ ਹੋ, ਤਾਂ ਰਾਤ ਨੂੰ ਸੌਣ ਤੋਂ ਕੁਝ ਘੰਟੇ ਪਹਿਲਾਂ ਪੈਰਾਂ ਨੂੰ ਉੱਚਾ ਚੁੱਕਣ ਦੀ ਸਲਾਹ ਦਿੱਤੀ ਜਾਂਦੀ ਹੈ।
2. ਜੇਕਰ ਇਹ ਕਿਸੇ ਬਿਮਾਰੀ ਕਾਰਨ ਹੈ -ਜੇਕਰ ਨੋਕਟੂਰੀਆ ਕਿਸੇ ਬਿਮਾਰੀ ਦੇ ਕਾਰਨ ਹੁੰਦਾ ਹੈ, ਜਿਵੇਂ ਕਿ ਸ਼ੂਗਰ ਜਾਂ ਦਿਲ ਦੀ ਬਿਮਾਰੀ, ਤਾਂ ਇਸ ਦਾ ਸਹੀ ਢੰਗ ਨਾਲ ਇਲਾਜ ਕਰਨ ਨਾਲ ਲੱਛਣਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਦੇ ਲਈ ਡਾਕਟਰਾਂ ਦੁਆਰਾ ਦਿੱਤੀ ਗਈ ਸਲਾਹ 'ਤੇ ਅਮਲ ਕਰੋ।
3. ਇਲਾਜ ਦੇ ਰੁਟੀਨ 'ਚ ਬਦਲਾਅ- ਜੇਕਰ ਤੁਹਾਡਾ ਪਿਸ਼ਾਬ ਆਦਿ ਨਾਲ ਜੁੜਿਆ ਕੋਈ ਇਲਾਜ ਚੱਲ ਰਿਹਾ ਹੈ ਤਾਂ ਤੁਸੀਂ ਡਾਕਟਰ ਦੀ ਸਲਾਹ ਨਾਲ ਆਪਣੀ ਦਵਾਈ ਦੇ ਰੁਟੀਨ ਆਦਿ 'ਚ ਬਦਲਾਅ ਕਰਕੇ ਵੀ ਦੇਖ ਸਕਦੇ ਹੋ।
4. ਪੈਲਵਿਕ ਫਲੋਰ ਟ੍ਰੀਟਮੈਂਟ- ਕਿਸੇ ਥੈਰੇਪਿਸਟ ਦੀ ਮਦਦ ਨਾਲ ਪੈਲਵਿਕ ਫਲੋਰ ਦਾ ਇਲਾਜ ਅਤੇ ਬਲੈਡਰ ਸਬੰਧੀ ਸਿਖਲਾਈ ਲੈ ਕੇ ਤੁਸੀਂ ਪਿਸ਼ਾਬ ਨਿਯੰਤਰਣ ਕਰਨ ਵਿੱਚ ਮਦਦ ਲੈ ਸਕਦੇ ਹੋ।
5. ਡਾਕਟਰੀ ਇਲਾਜ- ਕਈ ਵਾਰ, ਵਿਅਕਤੀਗਤ ਮੁਲਾਂਕਣ ਤੋਂ ਬਾਅਦ, ਡਾਕਟਰ ਰਾਤ ਦੇ ਪੌਲੀਯੂਰੀਆ ਦੇ ਇਲਾਜ ਲਈ ਦਵਾਈਆਂ ਲਿਖ ਸਕਦੇ ਹਨ। ਅਜਿਹੀਆਂ ਦਵਾਈਆਂ ਦੁਪਹਿਰ ਲਈ ਦਿੱਤੀਆਂ ਜਾਂਦੀਆਂ ਹਨ ਜੋ ਸਰੀਰ ਵਿੱਚ ਇੱਕ ਖ਼ਾਸ ਹਾਰਮੋਨ ਨੂੰ ਵਧਾਉਂਦੀਆਂ ਹਨ ਅਤੇ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਬਜ਼ੁਰਗ ਲੋਕਾਂ ਵਿੱਚ ਨੋਕਟੂਰੀਆ ਬਹੁਤ ਆਮ ਹੁੰਦਾ ਹੈ, ਜੋ ਨੀਂਦ, ਆਰਾਮ ਅਤੇ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਨਾ ਬੰਦ ਨਹੀਂ ਕਰਦਾ।
ਅਜਿਹੇ ਵਿੱਚ ਸਭ ਤੋਂ ਚੰਗਾ ਇਹੀ ਹੁੰਦਾ ਹੈ ਕਿ ਤੁਸੀਂ ਡਾਕਟਰੀ ਸਲਾਹ ਲਵੋ, ਤਾਂ ਜੋ ਡਾਕਟਰ ਤੁਹਾਡੀਆਂ ਸਾਰੀਆਂ ਆਦਤਾਂ, ਦਿੱਕਤਾਂ ਆਦਿ ਨੂੰ ਸਝ ਕੇ ਤੁਹਾਨੂੰ ਸਹੀ ਸਲਾਹ ਦੇ ਸਕੇ।
ਐਨਾ ਇਜ਼ਾਬੇਲ ਕੋਬੋ ਕੁਏਨਕਾ, ਯੂਨੀਵਰਸਿਟੀ ਆਫ ਕੈਸਟੀਲਾ ਲਾ ਮਾਚਾ ਵਿੱਚ ਇੱਕ ਕਾਰਜਕਾਰੀ ਪ੍ਰੋਫੈਸਰ ਹਨ। ਐਂਟੋਨੀਓ ਸੈਮਪੀਟਰੋ ਕ੍ਰੇਸਪੋ, ਕੈਸਟੀਲਾ ਲਾ ਮਾਚਾ ਸਿਹਤ ਸੇਵਾਵਾਂ ਵਿਖੇ ਯੂਰੋਲੋਜੀ ਦੇ ਮਾਹਰ ਹਨ। ਇਹ ਲੇਖ ਦਿ ਕਾਨਵਰਸੇਸ਼ਨ 'ਤੇ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਇੱਥੇ ਕ੍ਰਿਏਟਿਵ ਕਾਮਨਜ਼ ਲਾਇਸੈਂਸ ਦੇ ਤਹਿਤ ਦੁਬਾਰਾ ਤਿਆਰ ਕੀਤਾ ਜਾ ਰਿਹਾ ਹੈ।