You’re viewing a text-only version of this website that uses less data. View the main version of the website including all images and videos.
ਚੰਦਰਯਾਨ-3: ਅਸੀਂ ਚੰਨ ਉੱਤੇ ਪਹੁੰਚ ਗਏ - ਇਸਰੋ ਮੁਖੀ, ਸਫ਼ਰ ਦੀ ਪੂਰੀ ਕਹਾਣੀ, ਜਾਣੋ ਹੁਣ ਅੱਗੇ ਕੀ
ਭਾਰਤੀ ਪੁਲਾੜ ਏਜੰਸੀ ਇਸਰੋ 23 ਅਗਸਤ ਨੂੰ ਇਤਿਹਾਸ ਰਚ ਦਿੱਤਾ ਹੈ।
ਭਾਰਤ ਨੂੰ ਚੰਦਰਮਾ 'ਤੇ ਸਫ਼ਲਤਾ ਮਿਲੀ ਹੈ। ਚੰਦਰਯਾਨ-3 ਨੇ ਚੰਦਰਮਾ ਦੀ ਸਤ੍ਹਾ 'ਤੇ ਉਤਰ ਕੇ ਇਤਿਹਾਸ ਰਚ ਦਿੱਤਾ ਹੈ।
ਭਾਰਤ ਚੰਦਰਮਾ ਦੇ ਦੱਖਣੀ ਧਰੁਵ ਦੇ ਇਲਾਕੇ ਵਿੱਚ ਸਫ਼ਲਤਾਪੂਰਵਕ ਉਤਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।
ਚੰਦਰਮਾ 'ਤੇ ਵਿਕਰਮ ਲੈਂਡਰ ਦੀ ਸਾਫਟ ਲੈਂਡਿੰਗ ਤੋਂ ਬਾਅਦ, ਪ੍ਰਗਿਆਨ ਰੋਵਰ ਇਸ ਤੋਂ ਨਿਕਲੇਗਾ ਅਤੇ ਖੋਜ ਕਰਨ ਅਤੇ ਜਾਣਕਾਰੀ ਇਕੱਠੀ ਕਰਨ ਲਈ ਚੰਦਰਮਾ ਦੀ ਸਤ੍ਹਾ ਦੇ ਆਲੇ-ਦੁਆਲੇ ਘੁੰਮੇਗਾ।
ਚੰਦਰਯਾਨ-3, ਜਿਸ ਨੇ 14 ਜੁਲਾਈ ਨੂੰ ਦੁਪਹਿਰ 2:35 ਵਜੇ ਸ਼੍ਰੀਹਰੀਕੋਟਾ ਤੋਂ ਉਡਾਣ ਭਰੀ ਸੀ, ਨੇ ਆਪਣੀ 40 ਦਿਨਾਂ ਦੀ ਲੰਬੀ ਯਾਤਰਾ ਪੂਰੀ ਕਰ ਲਈ ਹੈ।
ਚੰਦਰਯਾਨ-3 14 ਜੁਲਾਈ ਨੂੰ 2.35 ਮਿੰਟ 'ਤੇ ਆਂਧਰਾ ਪ੍ਰਦੇਸ਼ ਦੇ ਸ੍ਰੀ ਹਰੀਕੋਟਾ ਤੋਂ ਚੰਦਰਯਾਨ-3 ਰਵਾਨਾ ਹੋਇਆ ਸੀ, ਜੋ ਅੱਜ ਯਾਨਿ ਬੁੱਧਵਾਰ 23 ਅਗਸਤ ਨੂੰ ਆਪਣੇ 40 ਦਿਨਾਂ ਦੇ ਲੰਬੇ ਸਫ਼ਰ ਤੋਂ ਬਾਅਦ ਚੰਨ ਤੱਕ ਦਾ ਸਫ਼ਰ ਪੂਰਾ ਕਰ ਲਿਆ ਹੈ।
ਇਸ ਬਾਰੇ ਇਸਰੋ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਦੇਸ਼ ਨੂੰ ਵਧਾਈ ਦਿੱਤੀ ਹੈ।
ਇਸਰੋ ਨੇ ਲਿਖਿਆ ਹੈ, "ਮੈਂ ਆਪਣੀ ਮੰਜ਼ਿਲ ਉੱਤੇ ਪਹੁੰਚ ਗਿਆ ਹਾਂ ਅਤੇ ਤੁਸੀਂ ਵੀ। ਚੰਦਰਯਾਨ-3 ਨੇ ਚੰਨ ਉੱਤੇ ਸਫ਼ਲਤਾਪੂਰਵਕ ਸਾਫਟ ਲੈਂਡਿੰਗ ਕਰ ਲਈ ਹੈ। "
ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਲਈ ਦੱਖਣੀ ਅਫਰੀਕਾ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੌਰਾਨ ਵਰਚੁਅਲ ਤੌਰ 'ਤੇ ਸ਼ਮੂਲੀਅਤ ਦਰਜ ਕਰਵਾਉਂਦੇ ਸੰਬੋਧਨ ਕੀਤਾ।
ਪੀਐਮ ਮੋਦੀ ਨੇ ਕਿਹਾ, "ਸਾਡੇ ਪਰਿਵਾਰ ਦੇ ਮੈਂਬਰ, ਜਦੋਂ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਅਜਿਹਾ ਇਤਿਹਾਸ ਬਣਦੇ ਦੇਖਦੇ ਹਾਂ, ਤਾਂ ਜੀਵਨ ਧੰਨ ਹੋ ਜਾਂਦਾ ਹੈ। ਅਜਿਹੀਆਂ ਇਤਿਹਾਸਕ ਘਟਨਾਵਾਂ ਕੌਮ ਦੇ ਜੀਵਨ ਦੀ ਚੇਤਨਾ ਬਣ ਜਾਂਦੀਆਂ ਹਨ।"
"ਇਹ ਪਲ ਅਭੁੱਲਣਯੋਗ ਹੈ। ਇਹ ਪਲ ਬੇਮਿਸਾਲ ਹੈ। ਇਹ ਪਲ ਵਿਕਸਤ ਭਾਰਤ ਦੀ ਖੁਸ਼ਹਾਲੀ ਦਾ ਹੈ। ਇਹ ਪਲ ਨਿਊ ਇੰਡੀਆ ਦੇ ਜੈ ਘੋਸ਼ ਦਾ ਹੈ। ਮੁਸ਼ਕਲਾਂ ਦੇ ਸਮੁੰਦਰ ਤੋਂ ਪਾਰ ਲੰਘਣ ਦਾ ਇਹ ਸਮਾਂ ਹੈ। ਇਹ ਜਿੱਤ ਦੇ ਚੰਨ ਮਾਰਗ 'ਤੇ ਚੱਲਣ ਦਾ ਪਲ ਹੈ। ਇਹ ਪਲ 140 ਕਰੋੜ ਧੜਕਣਾਂ ਦੀ ਸ਼ਕਤੀ ਦਾ ਹੈ। ਇਹ ਭਾਰਤ ਵਿੱਚ ਨਵੀਂ ਊਰਜਾ ਅਤੇ ਨਵੀਂ ਚੇਤਨਾ ਦਾ ਪਲ ਹੈ।"
ਪੀਐੱਮ ਮੋਦੀ ਨੇ ਦਿੱਤੀ ਵਧਾਈ
ਉਨ੍ਹਾਂ ਨੇ ਕਿਹਾ, “ਇਸਰੋ ਨੇ ਇਸ ਪਲ ਲਈ ਸਾਲਾਂ ਤੱਕ ਬਹੁਤ ਮਿਹਨਤ ਕੀਤੀ ਹੈ। ਮੈਂ 140 ਕਰੋੜ ਦੇਸ਼ਵਾਸੀਆਂ ਨੂੰ ਵਧਾਈ ਦਿੰਦਾ ਹਾਂ।"
“ਸਾਡੇ ਵਿਗਿਆਨੀਆਂ ਦੀ ਸਖ਼ਤ ਮਿਹਨਤ ਅਤੇ ਪ੍ਰਤਿਭਾ ਨਾਲ, ਅਸੀਂ ਚੰਦਰਮਾ ਦੇ ਦੱਖਣੀ ਧਰੁਵ ਤੱਕ ਪਹੁੰਚ ਗਏ ਹਾਂ, ਜਿੱਥੇ ਦੁਨੀਆ ਦਾ ਕੋਈ ਵੀ ਦੇਸ ਨਹੀਂ ਪਹੁੰਚ ਸਕਿਆ ਹੈ। ਹੁਣ ਚੰਨ ਨਾਲ ਜੁੜੀਆਂ ਮਿੱਥਾਂ ਵੀ ਬਦਲ ਜਾਣਗੀਆਂ ਤੇ ਕਹਾਣੀਆਂ ਵੀ ਬਦਲ ਜਾਣਗੀਆਂ, ਨਵੀਂ ਪੀੜ੍ਹੀ ਲਈ ਕਹਾਵਤਾਂ ਵੀ ਬਦਲ ਜਾਣਗੀਆਂ।"
ਚੰਦਰਯਾਨ-3 ਚੰਦਰਮਾ ਦੇ ਦੱਖਣੀ ਧੁਰੇ ਉੱਤੇ ਬੁੱਧਵਾਰ ਸ਼ਾਮੀਂ 6.04 ਵਜੇ ਉਤਰਨ ਲ਼ਈ ਸਮਾਂ ਤੈਅ ਕੀਤਾ ਗਿਆ ਸੀ,
ਚੰਦਰਯਾਨ-3 ਮਿਸ਼ਨ ਬਾਰੇ ਇਸਰੋ ਨੇ ਇੱਕ ਟਵੀਟ ਕਰ ਕੇ ਇਸ ਸਬੰਧੀ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਸੀ।
ਇਸਰੋ ਮੁਤਾਬਕ , "ਆਟੋਮੈਟਿਕ ਲੈਂਡਿੰਗ ਸੀਕਵੈਂਸ (ਏਐੱਲਐੱਸ) ਸ਼ੁਰੂ ਕਰਨ ਲਈ ਸ਼ਾਮੀਂ ਕਰੀਬ 5:44 ਦੇ ਨਿਰਧਾਰਤ ਬਿੰਦੂ 'ਤੇ ਲੈਂਡਰ ਮੋਡੀਊਲ (ਐੱਲਐੱਮ) ਉੱਤੇ ਪਹੁੰਚਿਆ। ਏਐੱਲਐੱਸ ਕਮਾਂਡ ਮਿਲਣ 'ਤੇ, ਐੱਲਐੱਮ ਸੰਚਾਲਿਤ ਉਤਰਨ ਲਈ ਥ੍ਰੋਟਲੇਬਲ ਇੰਜਣਾਂ ਨੂੰ ਸਰਗਰਮ ਕੀਤਾ ਗਿਆ।
"ਮਿਸ਼ਨ ਆਪ੍ਰੇਸ਼ਨ ਟੀਮ ਕਮਾਂਡਾਂ ਦੇ ਕ੍ਰਮਵਾਰ ਐਗਜ਼ੀਕਿਊਸ਼ਨ ਦੀ ਪੁਸ਼ਟੀ ਕਰਦੀ ਰਹੀ। ਐੱਮਓਐਕਸ 'ਤੇ ਸੰਚਾਲਨ ਦਾ ਸਿੱਧਾ ਪ੍ਰਸਾਰਣ ਸ਼ਾਮੀਂ 5:20 'ਤੇ ਸ਼ੁਰੂ ਹੋਇਆ ਸੀ।"
ਚੰਦਰਮਾ 'ਤੇ ਪਹੁੰਚਣ ਵਾਲਾ ਭਾਰਤ ਬਣਿਆ ਚੌਥਾ ਦੇਸ਼
ਹੁਣ ਤੱਕ ਚੰਦਰਮਾ 'ਤੇ ਪਹੁੰਚ ਕਰਨ ਵਾਲੇ ਦੇਸ਼ਾਂ 'ਚ ਸਿਰਫ਼ ਅਮਰੀਕਾ, ਰੂਸ ਅਤੇ ਚੀਨ ਦਾ ਨਾਂ ਸੀ ਪਰ ਬੁੱਧਵਾਰ ਸ਼ਾਮ ਨੂੰ ਭਾਰਤ ਨੇ ਵੀ ਇਸ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ।
ਭਾਰਤ ਇਤਿਹਾਸ ਵਿੱਚ ਚੰਦਰਮਾ ਦੀ ਸਤ੍ਹਾ 'ਤੇ ਸਫ਼ਲਤਾਪੂਰਵਕ ਉਤਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ।
ਬੀਬੀਸੀ ਸਾਇੰਸ ਐਡੀਟਰ ਰੇਬੈਕਾ ਮੋਰੇਲ ਮੁਤਾਬਕ, ਚੰਦਰਮਾ 'ਤੇ ਲੈਂਡਿੰਗ ਇੰਨੀ ਸੌਖੀ ਨਹੀਂ ਹੈ। ਇਸੇ ਹਫ਼ਤੇ ਰੂਸ ਦੀ ਕੋਸ਼ਿਸ਼ ਨਾਲ ਵੀ ਅਜਿਹਾ ਉਜਾਗਰ ਹੋਇਆ ਸੀ ਅਤੇ ਭਾਰਤ ਦੀ ਪਹਿਲੀ ਕੋਸ਼ਿਸ਼ ਸਮੇਤ ਬਹੁਤ ਸਾਰੇ ਮਿਸ਼ਨ ਇਸ ਵਿੱਚ ਅਸਫ਼ਲ ਹੋਏ ਹਨ।
ਪਰ ਇਹ ਦੂਜੀ ਵਾਰ ਖੁਸ਼ਕਿਸਮਤ ਸੀ ਕਿ ਭਾਰਤ ਵਿੱਚ ਸਫ਼ਲ ਰਿਹਾ ਹੈ ਅਤੇ ਹੁਣ ਉਹ ਉੱਥੇ ਅਜਿਹੇ ਖੇਤਰ (ਚੰਦਰਮਾ ਦੇ ਦੱਖਣੀ ਧਰੁਵ) ਦੀ ਪੜਚੋਲ ਕਰਨ ਲਈ ਤਿਆਰ ਹਨ ਜਿੱਥੇ ਕੋਈ ਹੋਰ ਪੁਲਾੜ ਯਾਨ ਨਹੀਂ ਗਿਆ ਹੈ।
ਇਸੇ ਇਲਾਕੇ ਵਿੱਚ ਵਿਗਿਆਨੀਆਂ ਦੀ ਰੁਚੀ ਵਧ ਰਹੀ ਹੈ। ਇਸ ਇਲਾਕੇ ਟੋਏ ਸਦਾ ਪਰਛਾਵੇਂ ਵਿੱਚ ਰਹਿੰਦੇ ਹਨ ਅਤੇ ਇਨ੍ਹਾਂ ਵਿੱਚ ਜੰਮਿਆ ਹੋਇਆ ਪਾਣੀ ਰਹਿੰਦਾ ਹੈ।
ਇਹ ਭਵਿੱਖ ਵਿੱਚ ਮਨੁੱਖੀ ਖੋਜ ਲਈ ਇੱਕ ਮਹੱਤਵਪੂਰਨ ਸਰੋਤ ਹੋਵੇਗਾ। ਨਾਸਾ ਦਾ ਆਰਟੇਮਿਸ ਮਿਸ਼ਨ, ਜੋ ਚੰਦਰਮਾ 'ਤੇ ਪੁਲਾੜ ਯਾਤਰੀਆਂ ਨੂੰ ਭੇਜ ਰਿਹਾ ਹੈ, ਇਸ ਖੇਤਰ ਨੂੰ ਵੀ ਟੀਚੇ 'ਤੇ ਰੱਖ ਰਿਹਾ ਹੈ।
ਸਾਨੂੰ ਸੂਰਜੀ ਸਿਸਟਮ ਵਿੱਚ ਹੋਰ ਅੱਗੇ ਲੈ ਕੇ ਜਾਣ ਲਈ ਪਾਣੀ ਵੀ ਮਹੱਤਵਪੂਰਨ ਹੋਵੇਗਾ।
ਨਾਸਾ ਨੇ ਦਿੱਤੀ ਵਧਾਈ ਤੇ ਮੁਲਕ ਵਿੱਚ ਜਸ਼ਨ
ਨਾਸਾ ਅਤੇ ਯੂਰਪੀ ਪੁਲਾੜ ਏਜੰਸੀ ਨੇ ਚੰਦਰਯਾਨ-3 ਦੀ ਸਫਲਤਾ ਲਈ ਇਸਰੋ ਨੂੰ ਵਧਾਈ ਦਿੱਤੀ ਹੈ।
ਨਾਸਾ ਦੇ ਪ੍ਰਸ਼ਾਸਕ ਬਿਲ ਨੇਲਸਨ ਨੇ ਇੱਕ ਟਵੀਟ ਵਿੱਚ ਕਿਹਾ, "ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨ ਲਈ ਇਸਰੋ ਨੂੰ ਵਧਾਈ। ਚੰਦਰਮਾ 'ਤੇ ਸਫਲਤਾਪੂਰਵਕ ਨਰਮ ਜ਼ਮੀਨ 'ਤੇ ਉਤਰਨ ਵਾਲਾ ਚੌਥਾ ਦੇਸ਼ ਬਣਨ ਲਈ ਭਾਰਤ ਨੂੰ ਵਧਾਈ। ਅਸੀਂ ਇਸ ਮਿਸ਼ਨ ਵਿੱਚ ਤੁਹਾਡਾ ਸਾਥੀ ਬਣ ਕੇ ਬਹੁਤ ਖੁਸ਼ ਹਾਂ।" "
ਨਾਸਾ ਦੀ ਇਹ ਪ੍ਰਤੀਕਿਰਿਆ ਇਸਰੋ ਦੇ ਇੱਕ ਟਵੀਟ 'ਤੇ ਆਈ ਹੈ।
ਚੰਦਰਯਾਨ 3 ਦੀ ਸ਼ਫ਼ਲਤਾ ਤੋਂ ਬਾਅਦ ਜਿੱਥੇ ਦੇਸ ਵਿਦੇਸ਼ ਤੋਂ ਸਾਇੰਸ ਅਤੇ ਪੁਲਾੜ ਏਜੰਸੀਆਂ ਵਧਾਈਆਂ ਦੇ ਰਹੀਆਂ ਹਨ, ਉੱਥੇ ਭਾਰਤ ਦੇ ਆਮ ਲੋਕਾਂ ਵਿੱਚ ਵੀ ਜਸ਼ਨ ਵਰਗਾ ਮਾਹੌਲ ਹੈ।
ਕਈ ਥਾਵਾਂ ਉੱਤੇ ਲੋਕ ਢੋਲ ਨਗਾਰਿਆਂ ਉੱਤੇ ਨੱਚਦੇ ਦੇਖੇ ਗਏ, ਉਨ੍ਹਾਂ ਦੇ ਹੱਥਾਂ ਵਿੱਚ ਤਿਰੰਗੇ ਫੜ੍ਹੇ ਹੋਏ ਸਨ।
ਦਰਅਸਲ ਚੰਦਰਯਾਨ ਦੀ ਲੈਂਡਿੰਗ ਦੇਖਣ ਲ਼ਈ ਸਕੂਲਾਂ-ਕਾਲਜਾਂ ਅਤੇ ਯੂਨੀਵਿਰਸਿਟੀਆਂ ਵਿੱਚ ਖਾਸ ਪ੍ਰਬੰਧ ਕੀਤੇ ਗਏ ਸਨ। ਬਹੁਤ ਸਾਰੀਆਂ ਥਾਂਵਾਂ ਉੱਤੇ ਤਾਂ ਲੋਕ ਇਸ ਮਿਸ਼ਨ ਦੀ ਸਫ਼ਲਤਾ ਲਈ ਧਾਰਮਿਕ ਰਸਮਾਂ ਅਤੇ ਦੁਆਵਾਂ ਕਰਦੇ ਵੀ ਦੇਖੇ ਗਏ।
ਜਿਵੇਂ ਹੀ ਚੰਦਰਯਾਨ ਦੀ ਸ਼ਫ਼ਲਤਾ ਦਾ ਐਲਾਨ ਹੋਇਆ, ਭਾਰਤੀ ਪ੍ਰਧਾਨ ਮੰਤਰੀ ਨੇ ਦੱਖਣੀ ਅਫ਼ਰੀਕਾ ਤੋਂ ਵਰਚੂਅਲੀ ਦੇਸ ਨੂੰ ਸੰਬੋਧਨ ਕੀਤਾ।
ਦੇਸ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਦੇ ਆਗੂ ਰਾਹੁਲ ਗਾਂਧੀ, ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਸਣੇ ਹੋਰ ਕਈ ਸਿਆਸੀ ਆਗੂਆਂ ਨੇ ਇਸਰੋ ਦੇ ਵਿਗਿਆਨੀਆਂ ਅਤੇ ਦੇਸ ਦੇ ਲੋਕਾਂ ਨੂੰ ਵਧਾਈ ਦਿੱਤੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਟੀਵੀ ਉੱਤੇ ਬੈਠ ਕੇ ਮਿਸ਼ਨ ਨੂੰ ਪੂਰਾ ਹੁੰਦਾ ਦੇਖਿਆ, ਬਾਅਦ ਵਿੱਚ ਮੁੱਖ ਮੰਤਰੀ ਨੇ ਟਵੀਟ ਕਰਕੇ ਇਸ ਇਤਿਹਾਸਕ ਪ੍ਰਾਪਤੀ ਲਈ ਸਭ ਨੂੰ ਵਧਾਈ ਦਿੱਤੀ।
ਮੁੱਖ ਮੰਤਰੀ ਨੇ ਟਵੀਟ ਵਿੱਚ ਲਿਖਿਆ, ‘‘ਚੰਦਯਾਨ ਦੇ ਚੰਦਰਮਾ ਦੀ ਸਤ੍ਹਾ 'ਤੇ ਸਫ਼ਲ ਲੈਂਡਿੰਗ ਲਈ ਸਾਰਿਆਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ...ਭਾਰਤ ਨੇ ਅੱਜ ਇਤਿਹਾਸ ਰਚ ਦਿੱਤਾ। ਸਾਡੇ ਇਸਰੋ ਦੇ ਵਿਗਿਆਨੀਆਂ ਸਮੇਤ ਸਾਰੇ ਸਟਾਫ ਨੂੰ ਉਹਨਾਂ ਦੀ ਲਗਨ ਅਤੇ ਸਖ਼ਤ ਮਿਹਨਤ ਲਈ ਸਲਾਮ.. ਇਹ ਦੇਸ਼ ਦੇ ਹਰ ਨਾਗਰਿਕ ਲਈ ਮਾਣ ਵਾਲਾ ਪਲ ਹੈ...ਚੱਕ ਦੇ ਇੰਡੀਆ ’’
ਪ੍ਰਯਾਗ ਰੋਵਰ ਲੈਂਡਰ ਵਿਕਰਮ ਵਿੱਚੋਂ ਬਾਹਰ ਕਦੋਂ ਆਵੇਗਾ
ਚੰਦਰਯਾਨ-3 ਦੇ ਚੰਦਰਮਾ 'ਤੇ ਸਫਲਤਾਪੂਰਵਕ ਪਹੁੰਚਣ ਤੋਂ ਬਾਅਦ, ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਐੱਸ. ਸੋਮਨਾਥ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਮੁਹਿੰਮ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ।
ਚੰਦਰਯਾਨ-3 ਮਿਸ਼ਨ ਦਾ ਵਿਕਰਮ ਲੈਂਡਰ ਚੰਦਰਮਾ 'ਤੇ ਪਹੁੰਚ ਗਿਆ ਹੈ। ਇਸ ਲੈਂਡਰ ਵਿੱਚ ਇੱਕ ਰੋਵਰ ਵੀ ਹੈ ਜੋ ਚੰਦਰਮਾ ਦਾ ਅਧਿਐਨ ਕਰੇਗਾ। ਇਸ ਰੋਵਰ ਦਾ ਨਾਮ ਪ੍ਰਗਿਆਨ ਹੈ।
ਐੱਸ. ਸੋਮਨਾਥ ਨੇ ਕਿਹਾ ਕਿ "ਪ੍ਰਗਿਆਨ ਰੋਵਰ ਜਲਦੀ ਹੀ ਬਾਹਰ ਆ ਜਾਵੇਗਾ ਅਤੇ ਇਸ ਵਿੱਚ ਇੱਕ ਦਿਨ ਵੀ ਲੱਗ ਸਕਦਾ ਹੈ। ਰੰਭਾ ਸਮੇਤ ਕਈ ਯੰਤਰ ਵੀ ਬਾਹਰ ਆਉਣਗੇ। ਰੰਭਾ ਚੰਦਰਮਾ ਦੇ ਮਾਹੌਲ ਦਾ ਅਧਿਐਨ ਕਰੇਗੀ।"
"ਇਹ ਰੋਵਰ ਦੋ ਮਹੱਤਵਪੂਰਨ ਅਧਿਐਨ ਕਰੇਗਾ, ਜਿਸ ਵਿੱਚ ਪਹਿਲਾਂ ਲੇਜ਼ਰ ਨਾਲ ਉਸ ਜ਼ਮੀਨ ਦਾ ਅਧਿਐਨ ਕਰਨਾ ਸ਼ਾਮਲ ਹੈ। ਇਸ ਦੇ ਨਾਲ ਹੀ ਇਸ ਦੀ ਰਸਾਇਣ ਵਿਗਿਆਨ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ।"
ਇਸਰੋ ਮੁਖੀ ਨੇ ਦੱਸਿਆ ਕਿ ਇਸ ਮੁਹਿੰਮ ਦਾ ਸਭ ਤੋਂ ਔਖਾ ਸਮਾਂ ਉਪਗ੍ਰਹਿ ਨੂੰ ਪੁਲਾੜ ਵਿੱਚ ਲਿਜਾਣ ਦਾ ਸੀ ਅਤੇ ਫਿਰ ਦੂਜਾ ਔਖਾ ਸਮਾਂ ਇਸ ਨੂੰ ਚੰਦਰਮਾ 'ਤੇ ਉਤਾਰਨਾ ਸੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਅਮਰੀਕੀ ਪੁਲਾੜ ਏਜੰਸੀ ਨਾਸਾ ਸਮੇਤ ਆਸਟ੍ਰੇਲੀਆ, ਬ੍ਰਿਟੇਨ ਦੇ ਗਰਾਊਂਡ ਸਟੇਸ਼ਨਾਂ ਦਾ ਵੀ ਧੰਨਵਾਦ ਕੀਤਾ।
ਸੋਮਨਾਥ ਨੇ ਦੱਸਿਆ ਕਿ ਇਸ ਵਿਚ ਕਈ ਵਿਦੇਸ਼ੀ ਏਜੰਸੀਆਂ ਨੇ ਵੀ ਮਦਦ ਕੀਤੀ, ਜਿਸ ਕਾਰਨ ਇਸ ਮੁਹਿੰਮ ਵਿਚ ਸਫਲਤਾ ਮਿਲੀ।
ਚੰਨ ਉੱਤੇ ਚੰਦਰਯਾਨ ਦੀ ਉਤਰਨ ਦੀ ਪ੍ਰਕਿਰਿਆ ਬਹੁਤ ਗੁੰਝਲਦਾਰ ਅਤੇ ਪੇਚੀਦਾ ਸੀ। ਜਿਸ ਨੂੰ ਸਫ਼ਲਤਾ ਨਾਲ ਪਾ ਕਰ ਲਿਆ ਗਿਆ
ਚੰਦਰਯਾਨ ਇੱਕ ਅਤੇ ਚੰਦਰਯਾਨ 2 ਤੋਂ ਬਾਅਦ ਇਹ ਤੀਜੀ ਵਾਰ ਹੈ, ਜਦੋਂ ਭਾਰਤ ਵਿੱਚ ਦਿਸ਼ਾ ਵਿੱਚ ਕੋਸ਼ਿਸ਼ ਕੀਤੀ ਸੀ।
ਇਸ ਤੋਂ ਪਹਿਲਾਂ 7 ਸਤੰਬਰ 2019 ਵਿੱਚ ਚੰਦਰਯਾਨ-2 ਚੰਨ ਦੀ ਸਤ੍ਹਾ 'ਤੇ ਬਸ ਉਤਰਨ ਹੀ ਵਾਲਾ ਸੀ ਕਿ ਲੈਂਡਰ ਵਿਕਰਮ ਨਾਲ ਸੰਪਰਕ ਟੁੱਟ ਗਿਆ।
ਸੰਪਰਕ ਟੁੱਟਣ ਤੋਂ ਪਹਿਲਾਂ ਚੰਨ ਦੀ ਸਤਹਿ ਤੋਂ ਦੂਰੀ ਸਿਰਫ਼ 2.1 ਕਿਲੋਮੀਟਰ ਬਚੀ ਸੀ।
ਇੱਥੇ ਅਸੀਂ ਚੰਦਰਯਾਨ 2, ਦੋ ਅਸਫ਼ਲਤਾ ਤੋਂ ਬਾਅਦ ਚੰਦਰਯਾਨ 3 ਵਿੱਚ ਕੀਤੇ ਗਏ ਬਦਲਾਵਾਂ ਬਾਰੇ ਗੱਲ ਕਰਾਂਗੇ।
ਚੰਦਰਯਾਨ-3 ਇੰਨਾਂ ਅਹਿਮ ਕਿਉਂ ਹੈ ?
ਚੰਦਰਯਾਨ-3 ਸਿਰਫ਼ ਭਾਰਤ ਲਈ ਹੀ ਨਹੀਂ ਬਲਕਿ ਪੂਰੀ ਦੁਨੀਆ ਲਈ ਖ਼ਾਸ ਤੇ ਮਹੱਤਵਪੂਰਨ ਹੈ।
ਲੈਂਡਰ ਚੰਦਰਮਾ ਦੇ ਅਜਿਹੇ ਖੇਤਰ ਵਿੱਚ ਜਾਏਗਾ, ਜਿਸ ਬਾਰੇ ਹਾਲੇ ਜਾਣਕਾਰੀ ਨਹੀਂ ਹੈ। ਇਹ ਮਿਸ਼ਨ ਧਰਤੀ ਦੇ ਇਕਲੌਤੇ ਕੁਦਰਤੀ ਸੈਟੇਲਾਈਟ ਬਾਰੇ ਸਮਝ ਵਿੱਚ ਵਾਧਾ ਕਰੇਗਾ।
ਇਹ ਸਿਰਫ਼ ਚੰਦਰਮਾ ਹੀ ਨਹੀਂ, ਬਲਕਿ ਹੋਰ ਗ੍ਰਹਿਾਂ ਬਾਰੇ ਵੀ ਭਵਿੱਖ ਵਿੱਚ ਹੋਣ ਵਾਲੀਆਂ ਖੋਜਾਂ ਲਈ ਰਾਹ ਖੋਲ੍ਹੇਗਾ।
ਚੰਦਰਯਾਨ-3 ਦੇ ਕੀ ਮੰਤਵ ਹਨ ?
ਚੰਦਰਯਾਨ-2 ਦੀ ਤਰ੍ਹਾਂ, ਚੰਦਰਯਾਨ-3 ਵਿੱਚ ਵੀ ਇੱਕ ਲੈਂਡਰ (ਪੁਲਾੜ ਯਾਨ ਜੋ ਚੰਦਰਮਾ ਉੱਤੇ ਲੈਂਡਿੰਗ ਕਰੇਗਾ) ਅਤੇ ਇੱਕ ਰੋਵਰ (ਸਪੇਸ ਕਰਾਫਟ ਜੋ ਚੰਦਰਮਾ ਦਾ ਸਤ੍ਹਾ ਦੇ ਆਲੇ-ਦੁਆਲੇ ਘੁੰਮੇਗਾ) ਹੋਵੇਗਾ।
ਚੰਦਰਮਾ ਦੀ ਸਤ੍ਹਾ ’ਤੇ ਪਹੁੰਚਣ ਤੋਂ ਬਾਅਦ, ਲੈਂਡਰ ਅਤੇ ਰੋਵਰ, ਇੱਕ ਚੰਦਰਮਾ ਦਿਨ (ਜੋ ਕਿ ਧਰਤੀ ਦੇ 14 ਦਿਨਾਂ ਦੇ ਬਰਾਬਰ ਹੈ) ਲਈ ਸਰਗਰਮ ਰਹਿਣਗੇ। ਇਸ ਦੇ ਤਿੰਨ ਮੁੱਖ ਉਦੇਸ਼ ਹਨ-
- ਚੰਦਰਮਾ ਦੇ ਦੱਖਣੀ ਧੁਰੇ 'ਤੇ ਲੈਂਡਰ ਦੀ ਸੌਫਟ ਲੈਂਡਿੰਗ
- ਚੰਦਰਮਾ ਦੀ ਸਤ੍ਹਾ 'ਤੇ ਕੀ ਜਾਣ ਵਾਲੀ ਰੇਜੋਲਿਥ 'ਤੇ ਲੈਂਡਰ ਨੂੰ ਉਤਾਰਨਾ ਅਤੇ ਘੁੰਮਣਾ
- ਲੈਂਡਰ ਅਤੇ ਰੋਵਰ ਨਾਲ ਚੰਦਰਮਾ ਦੀ ਸਤ੍ਹਾ 'ਤੇ ਖੋਜ ਕਰਨਾ
ਚੰਦਰਯਾਨ-3 ਕਿਵੇਂ ਹੈ ਵਧੇਰੇ ਕੁਸ਼ਲ
ਚੰਦਰਯਾਨ-2 ਦੀ ਲੈਂਡਿੰਗ ਦੌਰਾਨ ਤਕਨੀਕੀ ਖ਼ਰਾਬੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸਰੋ ਨੇ ਦੱਸਿਆ ਹੈ ਕਿ ਚੰਦਰਯਾਨ-3 ਨੂੰ ਵਧੇਰੇ ਕੁਸ਼ਲ ਬਣਾਇਆ ਗਿਆ ਹੈ।
ਇਸਰੋ ਦੇ ਚੇਅਰਮੈਨ ਐੱਸ ਸੋਮਨਾਥ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਸੀ ਕਿ ਚੰਦਰਯਾਨ-2 ਦੇ ਲੈਂਡਰ ਮਾਡਿਊਲ ਨੂੰ ਸਫ਼ਲਤਾ ਤੋਂ ਬਾਅਦ ਦੇ ਵਿਸ਼ਲੇਸ਼ਣ ਨਾਲ ਤਿਆਰ ਕੀਤਾ ਗਿਆ ਸੀ, ਪਰ ਚੰਦਰਯਾਨ-3 ਨੂੰ ਅਸਫ਼ਲਤਾ ਤੋਂ ਬਾਅਦ ਦੇ ਵਿਸ਼ਲੇਸ਼ਣ ਨਾਲ ਤਿਆਰ ਕੀਤਾ ਗਿਆ ਸੀ।
ਇਸ ਦਾ ਮਤਲਬ ਹੈ ਕਿ ਚੰਦਰਯਾਨ-3 ਦੇ ਤਹਿਤ ਪਿਛਲੇ ਮਿਸ਼ਨ ਯਾਨਿ ਚੰਦਰਯਾਨ-2 ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਪਹਿਲਾਂ ਹੀ ਅੰਦਾਜ਼ਾ ਲਗਾਇਆ ਜਾ ਚੁੱਕਾ ਹੈ ਕਿ ਕਿਸ ਤਰ੍ਹਾਂ ਦੀ ਗੜਬੜ ਹੋ ਸਕਦੀ ਹੈ ਅਤੇ ਇਸ ਦੇ ਲਈ ਲੈਂਡਰ ਮਾਡਿਊਲ ਫ਼ੈਸਲਾ ਲੈ ਕੇ ਅੱਗੇ ਵਧ ਸਕਦਾ ਹੈ।
ਲੈਂਡਰ ਮੋਡੀਊਲ ਨੇ ਚੰਦਰਮਾ ਦੇ ਦੱਖਣੀ ਧੁਰੇ ਦੇ ਆਲੇ-ਦੁਆਲੇ 4 ਕਿਲੋਮੀਟਰ ਲੰਬਾਈ ਅਤੇ 2.4 ਕਿਲੋਮੀਟਰ ਚੌੜਾਈ ਵਾਲੇ ਢੁਕਵੇਂ ਖੇਤਰ ਦੀ ਵੀ ਪਛਾਣ ਕੀਤੀ ਹੈ ਅਤੇ ਉਹ ਸਮਤਲ ਸਤ੍ਹਾ 'ਤੇ ਉਤਾਰਿਆ ਜਾ ਸਕਦਾ ਹੈ।
ਆਖ਼ਰੀ 15 ਮਿੰਟ ਅਹਿਮ
ਜਿੱਥੇ ਚੰਦਰਯਾਨ-3 ਦਾ 40 ਦਿਨਾਂ ਦਾ ਸਫ਼ਰ ਬਹੁਤ ਹੀ ਮਹੱਤਵਪੂਰਨ ਪ੍ਰਕਿਰਿਆ ਹੈ ਤਾਂ ਉੱਥੇ ਹੀ ਇਸਦੇ ਚੰਨ ਉੱਤੇ ਉੱਤਰਨ ਦੇ ਆਖ਼ਰੀ 15 ਮਿੰਟ ਵੀ ਓਨੇ ਹੀ ਖ਼ਾਸ ਹਨ।
ਇਸਰੋ ਦੇ ਸਾਬਕਾ ਚੇਅਰਮੈਨ ਕੇ ਸਿਵਨ ਮੁਤਾਬਕ ਇਹ 15 ਮਿੰਟ ਬਹੁਤ ਔਖਿਆਈ ਭਰੇ ਹੋਣਗੇ।
ਚੰਦਰਯਾਨ-3 ਨੂੰ ਚੰਨ ਦੇ ਤਲ ਉੱਤੇ ਸੌਫਟ ਲੈਂਡਿੰਗ 15 ਮਿੰਟਾਂ ਵਿੱਚ ਕਰਨੀ ਪਵੇਗੀ।
ਸਾਲ 2019 ਵਿੱਚ ਜਦੋਂ ਚੰਦਰਯਾਨ-2 ਨੂੰ ਚੰਨ ਉੱਤੇ ਭੇਜਿਆ ਗਿਆ ਸੀ ਤਾਂ ਇਹ ਚੰਨ ਦੇ ਤਲ ਤੋਂ 2.1 ਕਿਲੋਮੀਟਰ ਦੀ ਉਚਾਈ ਤੱਕ ਪਹੁੰਚ ਗਿਆ ਸੀ, ਜਦੋਂ ਇੱਕ ਮਾਮੂਲੀ ਜਿਹੀ ਤਕਨੀਕੀ ਖ਼ਰਾਬੀ ਕਾਰਨ ਇਹ ਸਫਲ ਨਾ ਹੋ ਸਕਿਆ।
ਇਸਰੋ ਦੇ ਚੇਅਰਮੈਨ ਐੱਸ ਸੋਮਨਾਥ ਨੇ ਕਿਹਾ ਕਿ ਚੰਦਰਯਾਨ-3 ਨੂੰ ਅਜਿਹੀ ਕਿਸੇ ਦੁਰਘਟਨਾ ਤੋਂ ਬਚਾਉਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ ਅਤੇ ਛੋਟੀ ਤੋਂ ਛੋਟੀ ਗੱਲ ਵੱਲ ਵੱਧ ਧਿਆਨ ਦਿੱਤਾ ਗਿਆ ਹੈ।
ਉਤਰਨ ਦੀ ਪ੍ਰਕਿਰਿਆ ਦੇ 8 ਪੜਾਅ
ਚੰਦਰਯਾਨ 3 ਪਹਿਲਾਂ ਚੰਨ ਤੋਂ ਸੌ ਕਿਲੋਮੀਟਰ ਦੀ ਉਚਾਈ ਉੱਤੇ ਇਸਦੇ ਦੁਆਲੇ ਚੱਕਰ ਕੱਟਦਾ ਹੈ ਅਤੇ ਆਪਣੇ ਬੂਸਟਰਾਂ ਰਾਹੀਂ ਇਸਦੇ ਤਲ ਉੱਤੇ ਡਿੱਗਦਾ ਹੈ। ਇਥੋਂ ਇਹ ਤੇਜ਼ੀ ਨਾਲ ਚੰਨ ਦੇ ਤਲ ਉੱਤੇ ਡਿੱਗਦਾ ਹੈ।
ਇਸ ਲਈ, ਲੈਂਡਰ ਮੌਡਿਊਲ ਦਾ ਡਿੱਗਦੇ ਸਮੇਂ 90 ਡਿਗਰੀ ਚੰਨ ਦੇ ਤਲ ਵੱਲ ਝੁਕਿਆ ਹੋਣਾ ਜ਼ਰੂਰੀ ਹੈ। ਚੰਦਰਯਾਨ-3 ਦੀਆਂ ਚਾਰੇ ਲੱਤਾਂ ਚੰਨ ਦੇ ਤੱਲ ਉੱਤੇ ਬਿਲਕੁਲ ਸਿੱਧੀਆਂ ਨਹੀਂ ਖੜ੍ਹ ਸਕਦੀਆਂ ਚਾਹੇ ਇਹ ਜਿੰਨਾ ਮਰਜ਼ੀ ਇੱਕ ਪਾਸੇ ਵੱਲ ਝੁਕ ਜਾਵੇ।
ਇਸ ਦੇ ਨਾਲ ਹੀ ਇਸ ਗੱਲ ਦਾ ਵੀ ਖ਼ਤਰਾ ਕਿ ਚੰਦਰਯਾਨ ਇੱਕ ਪਾਸੇ ਨਾ ਡਿੱਗ ਪਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਰੋਵਰ ਇਸ ਵਿੱਚੋਂ ਬਾਹਰ ਵੀ ਨਹੀਂ ਆ ਸਕਦਾ।
ਚੰਦਰਯਾਨ ਦਾ ਲੈਂਡਰ ਮੌਡਿਊਲ ਚੰਨ ਦੇ ਤਲ ਉੱਤੇ ਸੌਫਟ ਲੈਂਡਿੰਗ ਕਰਨ ਤੋਂ ਬਾਅਦ ਧਰਤੀ ਉੱਤੇ ਸਿਗਨਲ ਭੇਜਦਾ ਹੈ।
ਥੋੜ੍ਹੇ ਸਮੇਂ ਬਾਅਦ ਇਸ ਵਿਚਲਾ ਰੈਂਪ ਖੁੱਲ੍ਹ ਜਾਵੇਗਾ, ਇਸਦੇ ਰਾਹੀਂ ਰੋਵਰ ਪ੍ਰਗਿਆਨ ਚੰਨ ਦੇ ਤਲ ਉੱਤੇ ਪਹੁੰਚ ਜਾਵੇਗਾ ਅਤੇ ਉੱਥੋਂ ਤਸਵੀਰਾਂ ਬੰਗਲੌਰ ਦੇ ਇੰਡੀਅਨ ਡੀਪ ਸਪੇਸ ਨੈਟਵਰਕ ਨੂੰ ਭੇਜੇਗਾ।
ਸਾਇੰਟਿਫਿਕ ਪ੍ਰੈਸ ਆਰਗੈਨਾਈਜ਼ੇਸ਼ਨ ਮਾਸਟਰ ਸਾਇੰਟਿਸਟ ਡਾਕਟਰ ਟੀਵੀ ਸਿੰਘ ਨੇ ਕਿਹਾ ਕਿ ਚੰਦਰਯਾਨ ਦੀ ਸੌ ਕਿਲੋਮੀਟਰ ਦੀ ਉਚਾਈ ਤੋਂ ਚੰਨ ਦੇ ਤਲ ਉੱਤੇ ਉਤਰਨ ਦੀ 15 ਮਿੰਟ ਲੰਬੀ ਪ੍ਰਕਿਰਿਆ ਦੀਆਂ ਅੱਠ ਸਟੇਜਾਂ ਹਨ।
- ਜਦੋਂ ਲੈਂਡਰ ਚੰਨ ਤੋਂ 30 ਕਿਲੋਮੀਟਰ ਦੀ ਉਚਾਈ ਉੱਤੇ ਹੋਵੇਗਾ ਤਾਂ ਇਸਦੀ ਰਫਤਾਰ ਤੇਜ਼ ਹੋਵੇਗੀ। ਇਸ ਰਫਤਾਰ ਨੂੰ ਕਾਬੂ ਵਿੱਚ ਕਰਦਿਆਂ ਇਹ ਚੰਨ ਦੇ ਤਲ ਤੋਂ 7.4 ਕਿਲੋਮੀਟਰ ਦੀ ਉਚਾਈ ਉੱਤੇ ਪਹੁੰਚਦਾ ਹੈ। ਇਸ ਨੂੰ 100 ਕਿਲੋਮੀਟਰ ਦੀ ਉਚਾਈ ਤੋਂ ਇੱਥੇ ਤੱਕ ਪਹੁੰਚਣ ਵਿੱਚ 10 ਮਿੰਟ ਲੱਗਦੇ ਹਨ।
- 7.4 ਕਿਲੋਮੀਟਰ ਦੀ ਉਚਾਈ ਤੋਂ ਇਹ ਹੌਲੀ-ਹੌਲੀ 6.8 ਕਿਲੋਮੀਟਰ ਦੀ ਉਚਾਈ ਤੱਕ ਪਹੁੰਚਦਾ ਹੈ। ਉਦੋਂ ਤੱਕ ਲੈਂਡਰ ਦੀਆਂ ਲੱਤਾਂ ਜਿਹੜੀਆਂ ਕਿ ਮੁੜੀਆਂ ਹੋਈਆਂ ਸਨ, ਚੰਨ ਦੇ ਤਲ ਵੱਲ 50 ਡਿਗਰੀ ਤੱਕ ਘੁੰਮਦੀਆਂ ਹਨ।
- ਤੀਜੀ ਸਟੇਜ ਹੈ, 6.8 ਕਿਲੋਮੀਟਰ ਦੀ ਉਚਾਈ ਤੋਂ 800 ਮੀਟਰ ਦੀ ਉਚਾਈ ਤੱਕ ਪਹੁੰਚਣ ਦੀ।
- ਇਸ ਸਟੇਜ ਉੱਤੇ ਲੈਂਡਰ ਚੰਨ ਦੇ ਧਰਾਤਲ ਵੱਲ 50 ਡਿਗਰੀ ਹੋਰੀਜ਼ੋਨਟਲ ਕੋਣ 'ਤੇ ਸੇਧਤ ਹੁੰਦਾ ਹੈ। ਇਸਦੇ ਨਾਲ ਹੀ ਰਾਕਟ ਦੀ ਰਫ਼ਤਾਰ ਵੀ ਹੌਲੀ ਹੁੰਦੀ ਹੈ। ਇੱਥੋਂ ਇਹ 150 ਮੀਟਰ ਦੀ ਉਚਾਈ ਉੱਤੇ ਪਹੁੰਚ ਜਾਂਦਾ ਹੈ।
- ਇਸ ਉਚਾਈ ਉੱਤੇ ਲੈਂਡਰ ਇਸ ਗੱਲ ਦਾ ਖ਼ਿਆਲ ਰੱਖੇਗਾ ਕਿ ਉੱਤਰਨ ਵਾਲੀ ਜਗ੍ਹਾ ਬਿਲਕੁਲ ਪੱਧਰੀ ਹੋਵੇ। ਇੱਥੋਂ ਇਹ 150 ਮੀਟਰ ਤੋਂ 60 ਮੀਟਰ ਜਾਣ ਵਾਲੀ ਪੰਜਵੀਂ ਸਟੇਜ ‘ਤੇ ਪਹੁੰਚੇਗਾ।
- ਇਥੋਂ ਲੈਂਡਰ ਦੀ ਰਫ਼ਤਾਰ ਹੋਰ ਘੱਟ ਹੁੰਦੀ ਹੈ। ਛੇਵੀਂ ਸਟੇਜ ਵਿੱਚ ਇਹ ਉਚਾਈ 60 ਤੋਂ 10 ਮੀਟਰ ਤੱਕ ਪਹੁੰਚ ਜਾਵੇਗੀ।
- 10 ਮੀਟਰ ਦੀ ਉਚਾਈ ਤੋਂ ਡਿੱਗਦਿਆਂ, ਲੈਂਡਰ ਮੌਡਿਊਲ ਦੀ ਰਫ਼ਤਾਰ 10 ਮੀਟਰ ਪ੍ਰਤੀ ਸੈਕਿੰਡ ਹੁੰਦੀ ਹੈ।
- ਇਸ ਪੜਾਅ ਵਿੱਚ ਲੈਂਡਿੰਗ ਤੋਂ ਬਾਅਦ ਰੋਵਰ ਦਾ ਸਫ਼ਲਤਾਪੂਰਵਕ ਬਾਹਰ ਆਉਣਾ।
ਇਹ ਹੈ ਅਸਲ ਮੁਸ਼ਕਲ
ਲੱਖਾਂ ਮੀਲ ਦੂਰ ਮੰਗਲਯਾਨ ਨੂੰ ਵੀ ਵਿਗਿਆਨੀ ਧਰਤੀ ਦੇ ਡੀਪ ਸਪੇਸ ਨੈਟਵਰਕ ਤੋਂ ਕੰਟ੍ਰੋਲ ਕਰਦੇ ਹਨ।
ਚੰਦਰਯਾਨ-3 ਨੂੰ ਆਕਾਸ਼ ਵਿੱਚ ਛੱਡਣ ਤੋਂ ਲੈ ਕੇ ਇਸ ਦਾ ਚੰਨ ਦੇ ਤਲ ਉੱਤੇ ਉਤਰਨ ਦਾ ਆਪਣਾ ਸਫ਼ਰ ਸ਼ੁਰੂ ਕਰਨ ਤੱਕ, ਇਸਦੀ ਰਫਤਾਰ ਅਤੇ ਦਿਸ਼ਾ ਨੂੰ ਰਾਕੇਟਾਂ ਰਾਹੀਂ ਵਿਗਿਆਨੀਆਂ ਨੇ ਆਪਣੇ ਕਾਬੂ ਵਿੱਚ ਰੱਖਿਆ।
ਪਰ ਲੈਂਡਿੰਗ ਵੇਲੇ ਇਸ ਨੂੰ ਇਸ ਤਰੀਕੇ ਕਾਬੂ ਨਹੀਂ ਕੀਤਾ ਜਾ ਸਕਦਾ ਇਸ ਲਈ ਇਸ ਨੂੰ ਆਪਣੇ-ਆਪ ਲੈਂਡ ਹੋਣ ਲਈ ਤਿਆਰ ਕੀਤਾ ਗਿਆ ਹੈ।
ਅਜਿਹੀ ਹੀ ਤਕਨੀਕ ਚੰਦਰਯਾਨ-2 ਵਿੱਚ ਵੀ ਵਰਤੀ ਗਈ ਸੀ ਪਰ ਆਖ਼ਰੀ ਮੌਕੇ ਤੇ ਇੱਕ ਤਕਨੀਕੀ ਖ਼ਰਾਬੀ ਕਾਰਨ ਇਹ ਹਾਦਸਾਗ੍ਰਸਤ ਹੋ ਗਿਆ ਸੀ।
ਇਸਰੋ ਚੇਅਰਮੈਨ ਨੇ ਕਿਹਾ ਕਿ ਚੰਦਰਯਾਨ-3 ਵਿੱਚ ਅਜਿਹੀ ਕੋਈ ਖ਼ਰਾਬੀ ਨਾ ਆਵੇ ਇਸ ਦਾ ਪ੍ਰਬੰਧ ਕੀਤਾ ਗਿਆ ਹੈ।
ਲੈਂਡਰ ਮੌਡੀਊਲ ਦੀਆਂ ਵਿਸ਼ੇਸ਼ਤਾਵਾਂ
ਚੰਦਰਯਾਨ-3 ਦੇ ਲੈਂਡਰ ਮੌਡਿਊਲ ਵਿੱਚ ਲੈਂਡਰ ਅਤੇ ਰੋਵਰ ਸ਼ਾਮਲ ਹਨ।
ਦੋਵਾਂ ਦੇ ਚੰਦਰਮਾ ਦੇ ਦੱਖਣੀ ਧੁਰੇ ਦੇ ਨੇੜੇ ਉਤਰਨ ਤੋਂ ਬਾਅਦ, ਉਹਨਾਂ ਦਾ ਜੀਵਨ ਕਾਲ ਇੱਕ ਚੰਦਰਮਾ ਦਿਨ ਹੈ। ਯਾਨਿ ਚੰਦਰਮਾ 'ਤੇ ਇਕ ਦਿਨ ਲਈ ਖੋਜ ਕੀਤੀ ਜਾਵੇਗੀ।
ਚੰਦਰਮਾ 'ਤੇ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਦਾ ਸਮਾਂ ਧਰਤੀ ਦੇ 14 ਦਿਨਾਂ ਦੇ ਬਰਾਬਰ ਹੁੰਦਾ ਹੈ।
ਚੰਦਰਯਾਨ-3 ਦਾ ਲੈਂਡਰ ਦੋ ਮੀਟਰ ਲੰਬਾ, ਦੋ ਮੀਟਰ ਚੌੜਾ, ਇੱਕ ਮੀਟਰ 116 ਸੈਂਟੀਮੀਟਰ ਉੱਚਾ ਅਤੇ ਭਾਰ 1749 ਕਿਲੋਗ੍ਰਾਮ ਹੈ।
ਲੈਂਡਰ ਚੰਦਰਯਾਨ-3 ਦੇ ਸੰਚਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ ਕਿਉਂਕਿ ਇਹ ਲੈਂਡਰ ਤੋਂ ਛੱਡੇ ਗਏ ਰੋਵਰ ਨਾਲ ਸੰਚਾਰ ਕਰਦਾ ਹੈ।
ਇਹ ਰੋਵਰ ਦੇ ਨਾਲ-ਨਾਲ ਚੰਦਰਯਾਨ-2 'ਤੇ ਲਾਂਚ ਕੀਤੇ ਗਏ ਔਰਬਿਟਰ ਨਾਲ ਵੀ ਸੰਚਾਰ ਕਰੇਗਾ।
ਇਹਨਾਂ ਤੋਂ ਇਲਾਵਾ, ਇਸਦਾ ਬੰਗਲੁਰੂ ਨੇੜੇ ਬੇਲਾਲੂ ਵਿਖੇ ਭਾਰਤੀ ਡੀਪ ਸਪੇਸ ਨੈੱਟਵਰਕ ਨਾਲ ਸਿੱਧਾ ਸੰਚਾਰ ਹੋਵੇਗਾ।
ਚੰਦਰਯਾਨ-1 ਅਤੇ ਮੰਗਲਯਾਨ ਵਰਗੇ ਪੁਲਾੜ ਮਿਸ਼ਨਾਂ ਦੌਰਾਨ ਵੀ ਨੈੱਟਵਰਕ ਨੂੰ ਸੰਚਾਰਿਤ ਕੀਤਾ ਗਿਆ ਸੀ।
ਭਾਰਤ ਦੀਆਂ ਚੰਨ ’ਤੇ ਜਾਣ ਦੀਆਂ ਕੋਸ਼ਿਸ਼ਾਂ
- ਭਾਰਤ ਦਾ ਪਹਿਲਾ ਚੰਦਰਮਾ ਅਭਿਆਨ ਚੰਦਰਯਾਨ-1, ਸਾਲ 2008 ਵਿੱਚ ਲਾਂਚ ਕੀਤਾ ਗਿਆ ਸੀ ਪਰ ਉਹ ਸ਼ੈਕਲੇਟਨ ਕਰੇਟਰ (ਜਿਸ ਨੂੰ ਬਾਅਦ ਵਿੱਚ ਜਵਾਹਰ ਪੁਆਇੰਟ ਕਿਹਾ ਗਿਆ), ’ਤੇ ਕਰੈਸ਼ ਹੋ ਗਿਆ ਸੀ।
- ਚੰਦਰਯਾਨ-2 ਨੇ ਵੀ ਚੰਦਰਮਾ ਉੱਤੇ ਪਾਣੀ ਦੇ ਅਣੂਆਂ ਦੀ ਖੋਜ ਵਿੱਚ ਅਹਿਮ ਭੂਮਿਕਾ ਨਿਭਾਈ।
- 22 ਜੁਲਾਈ 2019 ਨੂੰ ਵਿਕਰਮ ਲੈਂਡਰ ਅਤੇ ਪ੍ਰਾਗਯਾਨ ਰੋਵਰ ਨਾਲ ਚੰਦਰਯਾਨ-2 ਨੂੰ ਲਾਂਚ ਕੀਤਾ ਗਿਆ ਸੀ।
- 6 ਸਤੰਬਰ 2019 ਨੂੰ ਚੰਦਰਮਾ ਦੀ ਸਤ੍ਹਾ ’ਤੇ ਸੌਫਟ ਲੈਂਡਿੰਗ ਦੀ ਕੋਸ਼ਿਸ਼ ਵਿੱਚ ਵਿਕਰਮ ਲੈਂਡਰ ਦਾ ਸੰਪਰਕ ਟੁੱਟ ਗਿਆ ਸੀ। ਇਸ ਦਾ ਮਲਬਾ ਤਿੰਨ ਮਹੀਨੇ ਬਾਅਦ ਨਾਸਾ ਨੂੰ ਮਿਲਿਆ ਸੀ।
- ਚੰਦਰਯਾਨ-3 ਦਾ ਪਲੇਲੋਡ ਲੂਨਰ ਔਰਬਿਟ ਤੋਂ ਧਰਤੀ ਦੇ ਸਪੈਕਟ੍ਰਲ ਅਤੇ ਪੋਲੌਰੀਮੈਟ੍ਰਿਕ ਮਾਪਾਂ ਦਾ ਅਧਿਐਨ ਕਰੇਗਾ, ਜਿਸ ਨਾਲ ਵਿਗਿਆਨੀਆਂ ਨੂੰ ਸਾਡੇ ਗ੍ਰਹਿ ਬਾਰੇ ਲਾਭਦਾਇਕ ਜਾਣਕਾਰੀ ਹਾਸਿਲ ਹੋ ਸਕੇਗੀ।