ਚੰਦਰਯਾਨ 3: ਇਸਰੋ ਦਾ ਚੰਦਰਮਾ 'ਤੇ ਜਾਣ ਦਾ ਅਭਿਆਨ ਇੰਨਾਂ ਅਹਿਮ ਕਿਉਂ ਹੈ

ਭਾਰਤ ਇੱਕ ਵਾਰ ਫਿਰ ਬਹੁਤ ਜਲਦੀ ਚੰਦਰਮਾ ’ਤੇ ਜਾਣ ਲਈ ਤਿਆਰ ਹੈ, ਇੰਡੀਅਨ ਸਪੇਸ ਰਿਸਰਚ ਇੰਸਟੀਚਿਊਟ ਨੇ ਐਲਾਨ ਕੀਤਾ ਹੈ ਕਿ ਚੰਦਰਯਾਨ-3 ਮੱਧ ਜੁਲਾਈ ਵਿੱਚ ਲਾਂਚ ਲਈ ਤਿਆਰ ਹੈ।

ਭਾਰਤ ਦੇ ਚੰਦਰਮਾ ਅਭਿਆਨ ਵਿੱਚ ਇਹ ਤੀਜਾ ਪੁਲਾੜ ਵਾਹਨ ਹੈ।

ਇਸ ਮਿਸ਼ਨ ਵਿੱਚ ਚੰਦਰਮਾ ਦੀ ਸਤ੍ਹਾ ’ਤੇ ਉਤਰਨ ਦੀ ਕੋਸ਼ਿਸ਼ ਕੀਤੀ ਜਾਵੇਗੀ, ਜੋ ਕਿ ਹੁਣ ਤੱਕ ਸਿਰਫ਼ ਤਿੰਨ ਦੇਸ਼ ਰੂਸ, ਯੂਐਸਏ ਅਤੇ ਚੀਨ ਹੀ ਕਰ ਚੁੱਕੇ ਹਨ।

ਇਸਰੋ ਨੇ ਐਲਾਨ ਕੀਤਾ ਹੈ ਕਿ ਸੋਲਰ ਮਿਸ਼ਨ ਅਦਿਤਿਯਾ-L1 ਵੀ ਇਸ ਸਾਲ ਅਗਸਤ ਮਹੀਨੇ ਦੇ ਅਖੀਰ ਵਿੱਚ ਲਾਂਚ ਕੀਤਾ ਜਾਏਗਾ। ਪਰ ਇਸ ਵੇਲੇ ਵਧੇਰੇ ਚਰਚਾ ਚੰਦਰਯਾਨ 3 ਨੂੰ ਲੈ ਕੇ ਹੋ ਰਹੀ ਹੈ।

ਇੱਥੇ ਅਸੀਂ ਚੰਦਰਯਾਨ 3 ਬਾਰੇ ਅਹਿਮ ਗੱਲਾਂ ਦਾ ਜ਼ਿਕਰ ਕਰਾਂਗੇ ਅਤੇ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਅਭਿਆਨ ਦੇ ਦੇਸ਼ ਲਈ ਕੀ ਮਾਇਨੇ ਹਨ।

ਚੰਦਰਯਾਨ-3 ਕਦੋਂ ਲਾਂਚ ਕੀਤਾ ਜਾਵੇਗਾ ?

28 ਜੂਨ, 2023 ਨੂੰ ਇਸਰੋ ਦੇ ਮੁਖੀ ਐਸ ਸੋਮਨਾਥ ਨੇ ਮੀਡੀਆ ਸਾਹਮਣੇ ਪੁਸ਼ਟੀ ਕੀਤੀ ਸੀ ਕਿ ਚੰਦਰਯਾਨ-3 ਉਡਾਣ ਭਰਨ ਲਈ ਤਿਆਰ ਹੈ।

ਐਸ ਸੋਮਨਾਥ ਨੇ ਕਿਹਾ ਸੀ, “ਇਸ ਵੇਲੇ ਚੰਦਰਯਾਨ ਪੁਲਾੜ ਯਾਨ ਪੂਰੀ ਤਰ੍ਹਾਂ ਤਿਆਰ ਹੈ। ਅਸੀਂ ਪ੍ਰੀਖਣ ਪੂਰਾ ਕਰ ਲਿਆ ਹੈ।”

“ਲਾਂਚ ਲਈ 12 ਤੋਂ 19 ਜੁਲਾਈ ਵਿਚਕਾਰ ਮੌਕਾ ਹੈ। ਅਸੀਂ ਪੱਕੀ ਤਾਰੀਖ ਬਾਰੇ ਸਾਰੇ ਪ੍ਰੀਖਣ ਕਰਨ ਬਾਅਦ ਜਲਦੀ ਹੀ ਐਲਾਨ ਕਰਾਂਗੇ।”

ਸਹੀ ਤਾਰੀਖ ਕੁਝ ਹੀ ਦਿਨਾਂ ਵਿੱਚ ਸਪਸ਼ਟੀਕਰਨ ਹੋ ਜਾਏਗੀ, ਪਰ ਕਈ ਮੀਡੀਆ ਘਰਾਣਿਆਂ ਨੇ ਇਸਰੋ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਚੰਦਰਯਾਨ-3 13 ਜੁਲਾਈ ਨੂੰ ਬਾਅਦ ਦੁਪਹਿਰ 2:30 ਵਜੇ ਲਾਂਚ ਹੋਏਗਾ ਅਤੇ ਚੰਦਰਮਾ ਦੀ ਸਤ੍ਹਾ ਤੇ 23 ਅਗਸਤ ਨੂੰ ਲੈਂਡ ਹੋਣ ਦੀ ਸੰਭਾਵਨਾ ਹੈ।

ਇਸ ਪੁਲਾੜਯਾਨ ਨੂੰ LMV3 (ਜਿਸ ਨੂੰ ਪਹਿਲਾਂ GSLV Mark 3 ਵੀ ਕਿਹਾ ਜਾਂਦਾ ਸੀ) ਰਾਕੇਟ ਦੀ ਮਦਦ ਨਾਲ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਪਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਜਾਵੇਗਾ।

ਚੰਦਰਯਾਨ-3 ਦੇ ਕੀ ਮੰਤਵ ਹਨ ?

ਚੰਦਰਯਾਨ-3 ਲਈ ਕੁੱਲ ਬਜਟ ਕਰੀਬ 6.15 ਕਰੋੜ ਰੱਖਿਆ ਗਿਆ ਹੈ। ਇਸਰੋ ਨੇ ਮਿਸ਼ਨ ਦੇ ਤਿੰਨ ਮੁੱਖ ਉਦੇਸ਼ ਦੱਸੇ ਹਨ।

  • ਚੰਦਰਮਾ ਦੀ ਸਤ੍ਹਾ ’ਤੇ ਸੁਰੱਖਿਅਤ ਲੈਂਡਿੰਗ।
  • ਚੰਦਰਮਾ ਦੇ ਦੁਆਲੇ ਰੋਵਰ ਦਾ ਘੁੰਮਣਾ
  • ਅੰਦਰ ਵਿਗਿਆਨਿਕ ਪ੍ਰਯੋਗ ਕਰਨਾ

ਚੰਦਰਯਾਨ-2 ਦੀ ਤਰ੍ਹਾਂ, ਚੰਦਰਯਾਨ-3 ਵਿੱਚ ਵੀ ਇੱਕ ਲੈਂਡਰ (ਪੁਲਾੜ ਯਾਨ ਜੋ ਚੰਦਰਮਾ ਉੱਤੇ ਲੈਂਡਿੰਗ ਕਰੇਗਾ) ਅਤੇ ਇੱਕ ਰੋਵਰ (ਸਪੇਸ ਕਰਾਫਟ ਜੋ ਚੰਦਰਮਾ ਦਾ ਸਤ੍ਹਾ ਦੇ ਆਲੇ-ਦੁਆਲੇ ਘੁੰਮੇਗਾ) ਹੋਵੇਗਾ।

ਚੰਦਰਮਾ ਦੀ ਸਤ੍ਹਾ ’ਤੇ ਪਹੁੰਚਣ ਤੋਂ ਬਾਅਦ, ਲੈਂਡਰ ਅਤੇ ਰੋਵਰ, ਇੱਕ ਚੰਦਰਮਾ ਦਿਨ (ਜੋ ਕਿ ਧਰਤੀ ਦੇ 14 ਦਿਨਾਂ ਦੇ ਬਰਾਬਰ ਹੈ) ਲਈ ਸਰਗਰਮ ਰਹਿਣਗੇ।

ਇਸ ਮਿਸ਼ਨ ਦਾ ਟੀਚਾ ਚੰਦਰਮਾ ਦੇ ਦੱਖਣੀ ਧੁਰੇ ਵਾਲੇ ਖੇਤਰ ਵਿੱਚ ਉਤਰਨਾ ਹੈ।

ਇਸ ਤੋਂ ਪਹਿਲਾਂ, ਇਸਰੋ ਨੇ ਚੰਦਰਯਾਨ-2 ਜ਼ਰੀਏ ਚੰਦਰਮਾ ਉੱਤੇ ਉਤਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਵਿਕਰਮ ਲੈਂਡਰ ਚੰਦਰਮਾ ਦੀ ਸਤ੍ਹਾ ’ਤੇ ਕਰੈਸ਼ ਹੋ ਗਿਆ ਸੀ। ਚੰਦਰਯਾਨ-2 ਤੋਂ ਸਿੱਖੇ ਸਬਕਾਂ ਨਾਲ ਇਸਰੋ ਨੇ ਅਗਾਮੀ ਮਿਸ਼ਨ ਲਈ ਡਿਜ਼ਾਇਨ ਅਤੇ ਸੰਰਚਨਾ ਵਿੱਚ ਸੁਧਾਰ ਕੀਤਾ ਹੈ।

ਸੰਭਵ ਹੈ ਕਿ ਇਸਰੋ ਪਹਿਲਾਂ ਦੇ ਲੈਂਡਰ ਵਿਕਰਮ ਅਤੇ ਰੋਵਰ ਪ੍ਰਾਗਿਆਨ ਦਾ ਨਾਮ ਬਰਕਰਾਰ ਰੱਖੇ, ਆਈਏਐਨਐਸ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ।

ਇਸ ਮਿਸ਼ਨ ਵਿੱਚ ਚੰਦਰਮਾ ਦੀ ਸਤ੍ਹਾ ’ਤੇ ਰਸਾਇਣਿਕ ਅਤੇ ਕੁਦਰਤੀ ਤੱਤਾਂ ਦਾ ਨਿਰੀਖਣ ਕੀਤਾ ਜਾਏਗਾ। ਇਸ ਨਾਲ ਚੰਦਰਮਾ ਦੀ ਬਣਤਰ ਬਾਰੇ ਸਾਡੀ ਸਮਝ ਵਿੱਚ ਹੋਰ ਵਾਧਾ ਹੋਏਗਾ।

ਚੰਦਰਯਾਨ-3 ਦਾ ਪਲੇਲੋਡ ਲੂਨਰ ਔਰਬਿਟ ਤੋਂ ਧਰਤੀ ਦੇ ਸਪੈਕਟ੍ਰਲ ਅਤੇ ਪੋਲੌਰੀਮੈਟ੍ਰਿਕ ਮਾਪਾਂ ਦਾ ਅਧਿਐਨ ਕਰੇਗਾ, ਜਿਸ ਨਾਲ ਵਿਗਿਆਨੀਆਂ ਨੂੰ ਸਾਡੇ ਗ੍ਰਹਿ ਬਾਰੇ ਲਾਭਦਾਇਕ ਜਾਣਕਾਰੀ ਹਾਸਿਲ ਹੋ ਸਕੇਗੀ।

ਚੰਦਰਯਾਨ-3 ਇੰਨਾਂ ਅਹਿਮ ਕਿਉਂ ਹੈ ?

ਚੰਦਰਯਾਨ-3 ਸਿਰਫ਼ ਭਾਰਤ ਲਈ ਹੀ ਨਹੀਂ ਬਲਕਿ ਪੂਰੀ ਦੁਨੀਆ ਲਈ ਖ਼ਾਸ ਤੇ ਮਹੱਤਵਪੂਰਨ ਹੈ।

ਲੈਂਡਰ ਚੰਦਰਮਾ ਦੇ ਅਜਿਹੇ ਖੇਤਰ ਵਿੱਚ ਜਾਏਗਾ ਜਿਸ ਬਾਰੇ ਹਾਲੇ ਜਾਣਕਾਰੀ ਨਹੀਂ ਹੈ। ਇਹ ਮਿਸ਼ਨ ਧਰਤੀ ਦੇ ਇਕਲੌਤੇ ਕੁਦਰਤੀ ਸੈਟੇਲਾਈਟ ਬਾਰੇ ਸਮਝ ਵਿੱਚ ਵਾਧਾ ਕਰੇਗਾ।

ਇਹ ਸਿਰਫ਼ ਚੰਦਰਮਾ ਹੀ ਨਹੀਂ, ਬਲਕਿ ਹੋਰ ਗ੍ਰਹਿਾਂ ਬਾਰੇ ਵੀ ਭਵਿੱਖ ਵਿੱਚ ਹੋਣ ਵਾਲੀਆਂ ਖੋਜਾਂ ਲਈ ਰਾਹ ਖੋਲ੍ਹੇਗਾ।

ਭਾਰਤ ਦੇ ਪਿਛਲੇ ਚੰਦਰਮਾ ਮਿਸ਼ਨ

ਚੰਦਰਯਾਨ-3 ਇਸਰੋ ਦਾ ਤੀਜਾ ਚੰਦਰਯਾਨ ਪ੍ਰੋਗਰਾਮ ਹੈ, ਜਿਸ ਨੂੰ ਭਾਰਤੀ ਚੰਦਰਮਾ ਖੋਜ ਪ੍ਰੋਗਰਾਮ ਵਜੋਂ ਵੀ ਜਾਣਿਆ ਜਾਂਦਾ ਹੈ।

ਭਾਰਤ ਦਾ ਪਹਿਲਾ ਚੰਦਰਮਾ ਅਭਿਆਨ ਚੰਦਰਯਾਨ-1, ਸਾਲ 2008 ਵਿੱਚ ਲਾਂਚ ਕੀਤਾ ਗਿਆ ਸੀ ਪਰ ਉਹ ਸ਼ੈਕਲੇਟਨ ਕਰੇਟਰ (ਜਿਸ ਨੂੰ ਬਾਅਦ ਵਿੱਚ ਜਵਾਹਰ ਪੁਆਇੰਟ ਕਿਹਾ ਗਿਆ), ’ਤੇ ਕਰੈਸ਼ ਹੋ ਗਿਆ ਸੀ।

ਇਸ ਨਾਲ ਭਾਰਤ ਚੰਦਰਮਾ ਉੱਤੇ ਝੰਡਾ ਲਹਿਰਾਉਣ ਵਾਲਾ ਚੌਥਾ ਦੇਸ਼ ਬਣਿਆ। ਲਾਂਚ ਹੋਣ ਦੇ 312 ਦਿਨ ਬਾਅਦ ਚੰਦਰਯਾਨ-1 ਦਾ ਸੰਪਰਕ ਟੁੱਟ ਗਿਆ ਸੀ ਪਰ ਐਲਾਨ ਕੀਤਾ ਗਿਆ ਸੀ ਕਿ ਉਦੋਂ ਤੱਕ ਇਸ ਨੇ ਮਿਸ਼ਨ ਦਾ 95 ਫੀਸਦੀ ਟੀਚਾ ਹਾਸਿਲ ਕਰ ਲਿਆ ਸੀ।

ਇਸ ਰਲੀ-ਮਿਲੀ ਕਾਮਯਾਬੀ ਭਾਰਤ ਦੇ ਪੁਲਾੜ ਪ੍ਰੋਗਰਾਮ ਵਿੱਚ ਵੱਡੀ ਪੁਲਾਂਘ ਸੀ।

ਚੰਦਰਯਾਨ-2 ਨੇ ਵੀ ਚੰਦਰਮਾ ਉੱਤੇ ਪਾਣੀ ਦੇ ਅਣੂਆਂ ਦੀ ਖੋਜ ਵਿੱਚ ਅਹਿਮ ਭੂਮਿਕਾ ਨਿਭਾਈ।

ਭਾਰਤ ਦੀਆਂ ਚੰਨ ’ਤੇ ਜਾਣ ਦੀਆਂ ਕੋਸ਼ਿਸ਼ਾਂ

  • ਭਾਰਤ ਦਾ ਪਹਿਲਾ ਚੰਦਰਮਾ ਅਭਿਆਨ ਚੰਦਰਯਾਨ-1, ਸਾਲ 2008 ਵਿੱਚ ਲਾਂਚ ਕੀਤਾ ਗਿਆ ਸੀ ਪਰ ਉਹ ਸ਼ੈਕਲੇਟਨ ਕਰੇਟਰ (ਜਿਸ ਨੂੰ ਬਾਅਦ ਵਿੱਚ ਜਵਾਹਰ ਪੁਆਇੰਟ ਕਿਹਾ ਗਿਆ), ’ਤੇ ਕਰੈਸ਼ ਹੋ ਗਿਆ ਸੀ।
  • ਚੰਦਰਯਾਨ-2 ਨੇ ਵੀ ਚੰਦਰਮਾ ਉੱਤੇ ਪਾਣੀ ਦੇ ਅਣੂਆਂ ਦੀ ਖੋਜ ਵਿੱਚ ਅਹਿਮ ਭੂਮਿਕਾ ਨਿਭਾਈ।
  • 22 ਜੁਲਾਈ 2019 ਨੂੰ ਵਿਕਰਮ ਲੈਂਡਰ ਅਤੇ ਪ੍ਰਾਗਯਾਨ ਰੋਵਰ ਨਾਲ ਚੰਦਰਯਾਨ-2 ਨੂੰ ਲਾਂਚ ਕੀਤਾ ਗਿਆ ਸੀ।
  • 6 ਸਤੰਬਰ 2019 ਨੂੰ ਚੰਦਰਮਾ ਦੀ ਸਤ੍ਹਾ ’ਤੇ ਸੌਫਟ ਲੈਂਡਿੰਗ ਦੀ ਕੋਸ਼ਿਸ਼ ਵਿੱਚ ਵਿਕਰਮ ਲੈਂਡਰ ਦਾ ਸੰਪਰਕ ਟੁੱਟ ਗਿਆ ਸੀ। ਇਸ ਦਾ ਮਲਬਾ ਤਿੰਨ ਮਹੀਨੇ ਬਾਅਦ ਨਾਸਾ ਨੂੰ ਮਿਲਿਆ ਸੀ।
  • ਚੰਦਰਯਾਨ-3 ਦਾ ਪਲੇਲੋਡ ਲੂਨਰ ਔਰਬਿਟ ਤੋਂ ਧਰਤੀ ਦੇ ਸਪੈਕਟ੍ਰਲ ਅਤੇ ਪੋਲੌਰੀਮੈਟ੍ਰਿਕ ਮਾਪਾਂ ਦਾ ਅਧਿਐਨ ਕਰੇਗਾ, ਜਿਸ ਨਾਲ ਵਿਗਿਆਨੀਆਂ ਨੂੰ ਸਾਡੇ ਗ੍ਰਹਿ ਬਾਰੇ ਲਾਭਦਾਇਕ ਜਾਣਕਾਰੀ ਹਾਸਿਲ ਹੋ ਸਕੇਗੀ।

ਦਸ ਸਾਲ ਬਾਅਦ 22 ਜੁਲਾਈ 2019 ਨੂੰ ਵਿਕਰਮ ਲੈਂਡਰ ਅਤੇ ਪ੍ਰਾਗਯਾਨ ਰੋਵਰ ਨਾਲ ਚੰਦਰਯਾਨ-2 ਨੂੰ ਲਾਂਚ ਕੀਤਾ ਗਿਆ ਸੀ। ਪਰ 6 ਸਤੰਬਰ 2019 ਨੂੰ ਚੰਦਰਮਾ ਦੀ ਸਤ੍ਹਾ ’ਤੇ ਸੌਫਟ ਲੈਂਡਿੰਗ ਦੀ ਕੋਸ਼ਿਸ਼ ਵਿੱਚ ਵਿਕਰਮ ਲੈਂਡਰ ਦਾ ਸੰਪਰਕ ਟੁੱਟ ਗਿਆ ਸੀ। ਇਸ ਦਾ ਮਲਬਾ ਤਿੰਨ ਮਹੀਨੇ ਬਾਅਦ ਨਾਸਾ ਨੂੰ ਮਿਲਿਆ ਸੀ।

ਭਾਵੇਂ ਕਿ ਵਿਕਰਮ ਲੈਂਡਰ ਫ਼ੇਲ੍ਹ ਹੋਇਆ, ਔਰਬਿਟਰ ਨੇ ਚੰਦਰਮਾ ਅਤੇ ਇਸ ਦੇ ਵਾਤਾਵਰਣ ਬਾਰੇ ਲਾਭਦਾਇਕ ਜਾਣਕਾਰੀਆਂ ਇਕੱਠੀਆਂ ਕਰਨੀਆਂ ਜਾਰੀ ਰੱਖੀਆਂ।

ਅਤੇ ਹੁਣ, ਭਾਰਤ ਚੰਦਰਯਾਨ-3 ਲਾਂਚ ਕਰਨ ਨੂੰ ਤਿਆਰ ਹੈ।

ਆਰਟੇਮਿਸ ਸਮਝੌਤਾ ਕੀ ਹੈ ?

ਪਰ ਭਾਰਤ ਹੀ ਇਕਲੌਤਾ ਦੇਸ਼ ਨਹੀਂ ਹੈ ਜੋ ਚੰਦਰਮਾ ਪ੍ਰੋਗਰਾਮ ’ਤੇ ਕੰਮ ਕਰ ਰਿਹਾ ਹੈ।

ਤੁਸੀਂ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਆਰਟੇਮਿਸ ਸਮਝੌਤੇ ਬਾਰੇ ਪੜ੍ਹਿਆ-ਸੁਣਿਆ ਹੋਵੇਗਾ ਇਸ ਪ੍ਰੋਗਾਰਮ ਤਹਿਤ, ਆਰਟੇਮਿਸ-1 ਪੁਲਾੜਯਾਨ ਚੰਦਰਮਾ ’ਤੇ ਗਿਆ ਅਤੇ ਪਿਛਲੇ ਸਾਲ ਧਰਤੀ ’ਤੇ ਵਾਪਸ ਆਇਆ। ਨਾਸਾ ਸਾਲ 2025 ਤੱਕ ਵਾਪਸ ਚੰਦਰਮਾ ਉੱਤੇ ਆਦਮੀ ਨੂੰ ਲਿਜਾਣਾ ਚਾਹੁੰਦੀ ਹੈ।

ਜਪਾਨ, ਦੱਖਣੀ ਕੋਰੀਆ, ਚੀਨ ਅਤੇ ਰੂਸ ਵੀ ਚੰਦਰਮਾ ਮਿਸ਼ਨ ’ਤੇ ਕੰਮ ਕਰ ਰਹੇ ਹਨ ਅਤੇ ਕਈਆਂ ਨੂੰ ਯੂਰਪੀਅਨ ਯੂਨੀਅਨ ਦੀ ਮਦਦ ਮਿਲ ਰਹੀ ਹੈ।

ਇਨ੍ਹਾਂ ਸਾਰੇ ਮਿਸ਼ਨਾਂ ਵਿਚਕਾਰ ਤਾਲਮੇਲ ਬਣਾਉਣ ਲਈ ਨਾਸਾ ਅਤੇ ਯੂਐਸ ਡਿਪਾਰਟਮੈਂਟ ਆਫ ਸਟੇਟਸ ਨੇ ਆਰਟੇਮਿਸ ਸਮਝੌਤਾ ਲਿਆਂਦਾ।

ਇਹ ਚੰਦਰਮਾ, ਮੰਗਲ ਗ੍ਰਹਿ ਅਤੇ ਹੋਰ ਖਗੋਲੀ ਚੀਜ਼ਾਂ ਦੀ ਸ਼ਾਂਤਮਈ ਵਰਤੋਂ ਅਤੇ ਖੋਜ ਪ੍ਰੋਗਰਾਮਾਂ ਵਿੱਚ ਆਪਸੀ ਸਹਿਯੋਗ ਲਈ ਸਮਝੌਤਾ ਹੈ।

ਪਰ ਇਹ ਸਾਰੇ ਦੇਸ਼ ਚੰਦਰਮਾ ਮਿਸ਼ਨ ਉੱਤੇ ਇੰਨਾਂ ਖਰਚ ਕਿਉਂ ਕਰ ਰਹੇ ਹਨ?

ਕਈ ਇਸ ਨੂੰ ਅਜੋਕੀ ਪੁਲਾੜ-ਰੇਸ ਦੱਸ ਰਹੇ ਹਨ, ਜਦਕਿ ਕਈ ਮੰਨਦੇ ਹਨ ਕਿ ਉਹ ਆਪੋ-ਆਪਣੀ ਤਕਨੀਕੀ ਸਮਰੱਥਾ ਨੂੰ ਦਿਖਾਉਣ ਦਾ ਮੌਕਾ ਹੈ।

ਜਿੱਥੋਂ ਤੱਕ ਭਾਰਤ ਦਾ ਸਬੰਧ ਹੈ, ਚੀਨ ਨਾਲ ਰੇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਭਾਰਤ ਦੇ ਗੁਆਂਢੀ ਚੀਨ ਨੇ ਚਾਂਗ-ਅ 6,ਚਾਂਗ-ਅ 7,ਚਾਂਗ-ਅ 8, ਮਿਸ਼ਨ ਮਨਜ਼ੂਰ ਕੀਤੇ ਹਨ ਅਤੇ ਰੂਸ ਨਾਲ ਮਿਲ ਕੇ ਚੀਨ ਚੰਦਰਮਾ ਉੱਤੇ ਰਿਸਰਚ ਸਟੇਸ਼ਨ ਤਿਆਰ ਕਰਨ ਬਾਰੇ ਯੋਜਨਾ ਬਣਾ ਰਿਹਾ ਹੈ।

ਪਰ ਸਪੇਸ-ਰੇਸ ਤੋਂ ਪਰ੍ਹੇ, ਸਾਰੇ ਚੰਦਰਮਾ ਮਿਸ਼ਨ ਜ਼ਰੂਰੀ ਹਨ, ਖਾਸ ਕਰਕੇ ਮਾਰਸ ਮਿਸ਼ਨ ਲਈ ਰਾਹ ਤਿਆਰ ਕਰਨ ਵਾਸਤੇ।

ਡੂੰਘੇ ਪੁਲਾੜ ਵਿੱਚ ਜਾਣ ਲਈ ਚੰਦਰਮਾ ਤੋਂ ਧਰਤੀ ਦੇ ਮੁਕਾਬਲੇ ਘੱਟ ਈਂਧਣ ਲਗਦਾ ਹੈ। ਯੂਨੀਵਰਸਿਟੀ ਐਫ ਪੋਰਟਸਮਾਊਥ ਵਿੱਚ ਸਪੇਸ ਪ੍ਰੌਜੈਕਟ ਮੈਨੇਜਰ ਡਾ. ਲੁਸਿੰਡਾ ਕਿੰਗ ਨੇ ਬੀਬੀਸੀ ਨੂੰ ਦੱਸਿਆ।

ਇਨ੍ਹਾਂ ਵਿੱਚੋਂ ਕਈ ਮਿਸ਼ਨ ਚੰਦਰਮਾ ਤੱਕ ਜ਼ਰੂਰੀ ਚੀਜ਼ਾਂ ਪਹੁੰਚਾਉਣਗੇ ਤਾਂ ਕਿ ਮਨੁੱਖ ਚੰਦਰਮਾ ਉੱਤੇ ਵਧੇਰੇ ਸਮਾਂ ਰਹਿ ਸਕੇ।

ਅਦਿਤਿਯਾ-L1 ਕੀ ਹੈ ?

ਚੰਦਰਯਾਨ-3 ਹੀ ਭਾਰਤ ਲਈ ਇਸ ਸਾਲ ਸਭ ਤੋਂ ਵੱਡਾ ਮਿਸ਼ਨ ਨਹੀਂ ਹੈ। ਦੇਸ਼ ਸੂਰਜ ਦੇ ਅਧਿਐਨ ਲਈ ਵੀ ਸਪੇਸਕਰਾਫਟ ਭੇਜਣ ਦੀ ਤਿਆਰੀ ਵਿੱਚ ਹੈ।

ਅਦਿਤਿਯਾ-L1 ਭਾਰਤ ਦਾ ਪਹਿਲਾ ਸੋਲਰ ਮਿਸ਼ਨ ਹੈ। ਇਹ ਸਪੇਸਕਰਾਫਟ ਅਸਲ ਵਿੱਚ ਸੂਰਜ 'ਤੇ ਜਾਵੇਗਾ ਨਹੀਂ ਬਲਕਿ ਧਰਤੀ ਤੋਂ 1.5 ਮਿਲੀਅਨ ਕਿੱਲੋਮੀਟਰ ਦੀ ਦੂਰੀ ਤੋਂ ਸਾਡੇ ਸਭ ਤੋਂ ਨੇੜਲੇ ਤਾਰੇ ਸੂਰਜ ਬਾਰੇ ਅਧਿਐਨ ਕਰੇਗਾ।

ਧਰਤੀ ਅਤੇ ਸੂਰਜ ਦੇ ਵਿਚਾਲੇ ਇੱਕ ਥਾਂ ਹੈ ਜਿੱਥੋਂ ਸੂਰਜ ਨੂੰ ਚੰਗੀ ਤਰ੍ਹਾਂ ਦੇਖਿਆ ਜਾ ਸਕਦਾ ਹੈ।

ਅਦਿਤਿਯਾ-L1 ਸੋਲਰ ਦੇ ਉਤਲੇ ਵਾਤਾਵਰਣ ਦੇ ਡਾਇਨਾਮਿਕਸ,ਮੈ ਗਨੈਟਿਕ ਫੀਲਡ, ਟੋਪੋਲੋਜੀ ਅਤੇ ਹਵਾਵਾਂ ਦਾ ਅਧਿਐਨ ਕਰੇਗਾ।

ਹੁਣ ਤੱਕ, ਸਿਰਫ਼ ਨਾਸਾ, ਜਰਮਨ ਐਰੋਸਪੇਸ ਸੈਂਟਰ ਅਤੇ ਯੂਰਪੀਅਨ ਸਪੇਸ ਏਜੰਸੀ ਨੇ ਹੀ ਸੂਰਜ ਦੇ ਅਧਿਐਨ ਲਈ ਪੁਲਾੜ ਖੋਜੀ ਭੇਜੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)