ਚੰਦਰਯਾਨ-2: ਨਾਸਾ ਨੇ ਇਸਰੋ ਨੂੰ ਕਿਹਾ, 'ਤੁਹਾਡੀ ਯਾਤਰਾ ਨੇ ਸਾਨੂੰ ਪ੍ਰੇਰਿਤ ਕੀਤਾ ਹੈ'

ਬੰਗਲੁਰੂ ਦੇ ਇਸਰੋ ਸਪੇਸ ਰਿਸਰਚ ਸੈਂਟਰ ਵੱਲੋਂ ਚੰਦਰਯਾਨ-2 ਨੂੰ ਚੰਨ 'ਤੇ ਭੇਜਣ ਅਤੇ ਫਿਰ ਸਿਗਨਲ ਮਿਲਣਾ ਬੰਦ ਹੋਣ ਤੋਂ ਬਾਅਦ ਪੂਰੀ ਦੁਨੀਆਂ ਵਿੱਚ ਇਸ ਦੀ ਚਰਚਾ ਹੈ।

ਵਿਕਰਮ ਲੈਂਡਰ ਚੰਨ 'ਤੇ ਉਤਰਨ ਤੋਂ ਮਹਿਜ਼ 2.1 ਕਿਲੋਮੀਟਰ ਪਹਿਲਾਂ ਹੀ ਆਪਣਾ ਸੰਪਰਕ ਖੋਹ ਬੈਠਾ।

ਲੈਂਡਰ ਨਾਲ ਰਾਬਤਾ ਟੁੱਟਣ ਤੋਂ ਬਾਅਦ ਇਸਰੋ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਸ ਬਾਰੇ ਇੱਕ ਟਵੀਟ ਕੀਤਾ।

ਇਹ ਵੀ ਪੜ੍ਹੋ:

ਇਸ 'ਚ ਲਿਖਿਆ, ''ਚੰਦਯਾਨ-2 ਬੇਹੱਦ ਗੁੰਝਲਦਾਰ ਮਿਸ਼ਨ ਸੀ, ਜਿਸ ਨੇ ਚੰਨ 'ਤੇ ਅਣਪਛਾਤੇ ਦੱਖਣੀ ਧਰੁਵ ਦਾ ਪਤਾ ਲਗਾਉਣ ਲਈ ਇਸਰੋ ਦੇ ਪਹਿਲੇ ਮਿਸ਼ਨਾਂ ਦੀ ਤੁਲਨਾ 'ਚ ਇੱਕ ਮਹੱਤਵਪੁਰਣ ਤਕਨੀਕੀ ਛਾਲ ਦੀ ਪ੍ਰਤੀਨਿਧਤਾ ਕੀਤੀ।''

ਇਧਰ ਇਸਰੋ ਨੇ ਟਵੀਟ ਕੀਤਾ ਤਾਂ ਉਧਰ ਨਾਸਾ ਨੇ ਆਪਣੇ ਟਵਿੱਟਰ ਹੈਂਡਲ ਤੋਂ ਇਸ ਸਬੰਧੀ ਪ੍ਰੇਰਣਾ ਮਿਲਣ ਦੀ ਗੱਲ ਲਿਖੀ।

ਨਾਸਾ ਨੇ ਭਾਰਤ ਦੇ ਚੰਦਰਯਾਨ-2 ਮਿਸ਼ਨ ਦੀ ਸ਼ਲਾਘਾ ਕਰਦਿਆਂ ਲਿਖਿਆ ਕਿ ਚੰਨ ਦੇ ਦੱਖਣੀ ਧਰੁਵ 'ਤੇ ਲੈਂਡਰ ਵਿਕਰਮ ਦੀ ਸਾਫ਼ਟ ਲੈਂਡਿੰਗ ਕਰਵਾਉਣ ਦੀ ਇਸਰੋ ਦੀ ਕੋਸ਼ਿਸ਼ ਨੇ ਉਸ ਨੂੰ ਪ੍ਰੇਰਿਤ ਕੀਤਾ ਹੈ।

ਨਾਸਾ ਨੇ ਆਪਣੇ ਟਵੀਟ 'ਚ ਲਿਖਿਆ, ''ਪੁਲਾੜ ਮੁਸ਼ਕਿਲ ਹੈ। ਅਸੀਂ ਚੰਦਰਯਾਨ-2 ਮਿਸ਼ਨ ਤਹਿਤ ਚੰਨ ਦੇ ਦੱਖਣੀ ਧਰੁਵ 'ਤੇ ਉੱਤਰਨ ਦੀ ਇਸਰੋ ਦੀ ਕੋਸ਼ਿਸ਼ ਦੀ ਸ਼ਲਾਘਾ ਕਰਦੇ ਹਾਂ। ਤੁਸੀਂ ਸਾਨੂੰ ਆਪਣੀ ਯਾਤਰਾ ਨਾਲ ਪ੍ਰੇਰਿਤ ਕੀਤਾ ਹੈ ਅਤੇ ਅਸੀਂ ਸਾਡੀ ਸੋਲਰ ਪ੍ਰਣਾਲੀ 'ਤੇ ਮਿਲ ਕੇ ਖੋਜ ਕਰਨ ਦੇ ਭਵਿੱਖ ਦੇ ਮੌਕਿਆਂ ਨੂੰ ਲੈ ਕੇ ਉਤਸਾਹਿਤ ਹਾਂ।''

ਟਵਿੱਟਰ ਯੂਜ਼ਰਜ਼ ਨੇ ਕੀ ਲਿਖਿਆ?

ਦੇਵਿਕਾ ਨਾਂ ਦੀ ਟਵਿੱਟਰ ਯੂਜ਼ਰ ਨੇ ਲਿਖਿਆ, ''ਮੈਂ ਪੜ੍ਹਿਆ ਹੈ ਕਿ ਨਾਸਾ ਪੁਲਾੜ ਯਾਤਰੀ ਨੂੰ 2024 ਤੱਕ ਚੰਨ 'ਤੇ ਭੇਜਣ ਦੀ ਯੋਜਨਾ ਬਣਾ ਰਿਹਾ ਹੈ। ਆਲ ਦੀ ਬੈਸਟ!''

ਤੁਬਾ ਅੱਬਾਸ ਲਿਖਦੇ ਹਨ, ''ਮੈਂ ਪਾਕਿਸਤਾਨ ਤੋਂ ਹਾਂ ਅਤੇ ਇਸਰੋ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੀ ਹਾਂ। ਘੱਟੋ-ਘੱਟ ਤੁਸੀਂ ਕੋਸ਼ਿਸ਼ ਤਾਂ ਕੀਤੀ।''

ਉਮਾ ਸ਼ੰਕਰ ਲਿਖਦੇ ਹਨ, ''ਬੁਹਤ ਸ਼ੁਕਰੀਆ ਹੌਂਸਲੇ ਭਰੇ ਸ਼ਬਦਾਂ ਅਤੇ ਸਮਰਥਨ ਲਈ।''

ਵਰਿੰਦਰ ਕੌਰ ਨੇ ਲਿਖਿਆ, ''ਧੰਨਵਾਦ ਨਾਸਾ! ਇਸਰੋ ਸਾਨੂੰ ਤੁਹਾਡੇ 'ਤੇ ਮਾਣ ਹੈ।''

ਦੱਸ ਦਈਏ ਕਿ ਚੰਦਰਯਾਨ-2 ਦੇ ਵਿਕਰਮ ਲੈਂਡਰ ਦਾ ਸੰਪਰਕ ਚੰਨ ਦੀ ਸਤਹਿ 'ਤੇ ਉਤਰਨ ਤੋਂ ਥੋੜ੍ਹੀ ਦੇਰ ਪਹਿਲਾਂ ਟੁੱਟ ਗਿਆ ਸੀ।

ਇੰਡੀਅਨ ਸਪੇਸ ਰਿਸਰਚ ਆਰਗਨਾਈਜ਼ੇਸ਼ਨ (ISRO) ਦੇ ਮੁਖੀ ਕੇ ਸਿਵਨ ਨੇ ਮਿਸ਼ਨ ਤੋਂ ਬਾਅਦ ਕਿਹਾ, "ਵਿਕਰਮ ਲੈਂਡਰ ਯੋਜਨਾ ਦੇ ਮੁਤਾਬਕ ਉਤਰ ਰਿਹਾ ਸੀ ਅਤੇ ਸਤਹਿ ਤੋਂ 2.1 ਕਿਲੋਮੀਟਰ ਦੂਰ ਤੱਕ ਸਾਰਾ ਕੁਝ ਠੀਕ ਸੀ। ਪਰ ਇਸ ਤੋਂ ਬਾਅਦ ਉਸ ਨਾਲ ਸੰਪਰਕ ਟੁੱਟ ਗਿਆ। ਡਾਟਾ ਦੀ ਸਮੀਖਿਆ ਕੀਤੀ ਜਾ ਰਹੀ ਹੈ।"

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)