ਆਮ ਆਦਮੀ ਪਾਰਟੀ ਮਸ਼ਹੂਰ ਚਿਹਰਿਆਂ ਬਿਨਾ ਕਿੰਨਾ ਕਮਾਲ ਕਰ ਸਕੇਗੀ- ਨਜ਼ਰੀਆ

    • ਲੇਖਕ, ਪ੍ਰਮੋਦ ਜੋਸ਼ੀ
    • ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਲਈ

ਦਿੱਲੀ ਦੇ ਚਾਂਦਨੀ ਚੌਕ ਤੋਂ ਵਿਧਾਇਕ ਅਲਕਾ ਲਾਂਬਾ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਕਾਂਗਰਸ 'ਚ ਸ਼ਾਮਿਲ ਹੋ ਗਈ ਹੈ।

ਉਨ੍ਹਾਂ ਨੇ ਇੱਕ ਟਵੀਟ 'ਚ ਆਪਣੇ ਇਸ ਅਸਤੀਫ਼ੇ ਦਾ ਐਲਾਨ ਕੀਤਾ। ਉਨ੍ਹਾਂ ਦੇ ਅਸਤੀਫ਼ੇ ਦੇ ਕਾਰਨ ਸਪੱਸ਼ਟ ਹਨ ਕਿ ਪਿਛਲੇ ਕਈ ਮਹੀਨਿਆਂ ਤੋਂ ਉਹ ਲਗਾਤਾਰ ਪਾਰਟੀ ਤੋਂ ਦੂਰ ਹਨ। ਉਨ੍ਹਾਂ ਨੇ ਰਾਜੀਵ ਗਾਂਧੀ ਦੇ ਇੱਕ ਮਾਮਲੇ 'ਤੇ ਵੀ ਆਪਣੀ ਸਹਿਮਤੀ ਜਤਾਈ ਸੀ।

ਉਨ੍ਹਾਂ ਦੀ ਗੱਲਬਾਤ ਤੋਂ ਇਹ ਵੀ ਸਮਝ ਆਉਂਦਾ ਹੈ ਕਿ ਉਹ ਘੱਟੋ-ਘੱਟ ਆਮ ਆਦਮੀ ਪਾਰਟੀ ਨਾਲ ਜੁੜੀ ਨਹੀਂ ਰਹੇਗੀ। ਫਿਰ ਸਵਾਲ ਉੱਠਦਾ ਹੈ ਕਿ ਉਹ ਕਿੱਥੇ ਜਾਣਗੇ। ਕਾਂਗਰਸ ਪਾਰਟੀ ਇੱਕ ਬਿਹਤਰ ਬਦਲ ਸੀ ਕਿਉਂਕਿ ਉਹ ਉਥੋਂ ਹੀ ਆਏ ਸੀ।

ਉਨ੍ਹਾਂ ਦੀ ਕਾਂਗਰਸ 'ਚ ਕੁਦਰਤੀ ਵਾਪਸੀ ਸੰਭਵ ਸੀ। ਇਸ ਦਾ ਇੱਕ ਸੰਕੇਤ ਇਹ ਵੀ ਹੈ ਕਿ ਚੋਣਾਂ ਹੋਣ ਵਾਲੀਆਂ ਹਨ ਅਤੇ ਉਹ ਪਾਰਟੀ ਤੋਂ ਪੁਰਾਣੀ ਦਿੱਲੀ ਦੀ ਕਿਸੇ ਵੀ ਸੀਟ ਤੋਂ ਚੋਣ ਲੜ ਸਕਦੇ ਹਨ।

ਅਲਕਾ ਲਾਂਬਾ ਤੋਂ ਇਲਾਵਾ ਆਸ਼ੀਸ਼ ਖੇਤਾਨ, ਕੁਮਾਰ ਵਿਸ਼ਵਾਸ, ਆਸ਼ੂਤੋਸ਼, ਕਪਿਲ ਮਿਸ਼ਰਾ, ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਨ, ਸ਼ਾਜ਼ਿਆ ਇਲਮੀ ਵਰਗੇ ਮੰਨੇ-ਪ੍ਰਮੰਨੇ ਚਿਹਰਿਆਂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ।

ਕਿਸੇ ਨੇ ਕਾਂਗਰਸ ਦੀ ਮੈਂਬਰਸ਼ਿਪ ਲੈ ਲਈ ਹੈ ਤਾਂ ਕਿਸੇ ਨੇ ਭਾਜਪਾ ਦੀ ਤਾਂ ਕਿਸੇ ਨੇ ਸਿਆਸਤ ਨੂੰ ਅਲਵਿਦਾ ਕਹਿ ਦਿੱਤਾ ਹੈ।

ਇਹ ਵੀ ਪੜ੍ਹੋ:

ਇਹ ਸਾਰੇ ਪਾਰਟੀਆਂ ਦੀ ਸ਼ੁਰੂਆਤ ਦੇ ਮੰਨੇ-ਪ੍ਰਮੰਨੇ ਚੇਹਰੇ ਸਨ। ਸਿਆਸੀ ਗਲਿਆਰਿਆਂ ਵਿੱਚ ਇਹ ਵੀ ਚਰਚਾ ਹੁੰਦੀ ਹੈ ਕਿ ਇਹ ਸਭ ਇੱਕਜੁੱਟ ਹੋ ਜਾਂਦੇ ਤਾਂ ਇੱਕ ਪਾਰਟੀ ਦਾ ਗਠਨ ਕਰ ਸਕਦੇ ਸਨ।

ਯੋਗੇਂਦਰ ਯਾਦਵ ਨੇ ਇੱਕ ਪਾਰਟੀ ਦਾ ਗਠਨ ਕੀਤਾ ਵੀ ਹੈ। ਅੰਨਾ ਅੰਦੋਲਨ ਦੇ ਦੌਰਾਨ ਕਿਰਨ ਬੇਦੀ ਵੀ ਅਰਵਿੰਦ ਕੇਜਰੀਵਾਲ ਦੀ ਸਹਿਯੋਗੀ ਹੁੰਦੇ ਸਨ।

ਇਹ ਸਾਰੇ ਵਿਚਾਰਕ ਪੱਧਰ 'ਤੇ ਇੱਕਜੁੱਟ ਹੋਏ ਸਨ। ਪਾਰਟੀ ਦੇ ਰੂਪ ਲਈ ਸ਼ਾਇਦ ਇਹ ਇੱਕ ਤਜ਼ਰਬਾ ਸੀ ਜਿਸ ਦੇ ਪਹਿਲੇ ਹੀ ਸਾਲ ਵਿੱਚ ਮਤਭੇਦ ਸਾਹਮਣੇ ਆਉਣ ਲੱਗੇ ਸਨ।

ਇਸ ਪਾਰਟੀ ਦੀ ਬੁਨਿਆਦ ਇੱਕ ਅੰਦੋਲਨ ਦੇ ਰੂਪ ਵਿੱਚ ਸਾਫ਼-ਸੁਥਰੀ ਸਿਆਸਤ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ਼ ਸੀ। ਜਦੋਂ ਇਹ ਹਾਕਮਧਿਰ ਸਿਆਸਤ ਦੇ ਦਾਇਰੇ ਵਿੱਚ ਆਈ ਤਾਂ ਸਭਕੁਝ ਬਦਲਦਾ ਚਲਾ ਗਿਆ।

ਮੇਰੀ ਸਮਝ ਨਾਲ ਇਹ ਇੱਕ ਬੁਰੇ ਸੁਪਨੇ ਦੇ ਰੂਪ ਵਿੱਚ ਹੀ ਰਿਹਾ ਹੈ ਕਿ ਜਿਸ ਚੀਜ਼ ਨੂੰ ਲੈ ਕੇ ਸਿਆਸਤਦਾਨ, ਵਰਕਰਾਂ ਤੇ ਜਨਤਾ ਵਿੱਚ ਉਤਸ਼ਾਹ ਸੀ ਉਹ ਸਭ ਨਿਰਾਸ਼ ਹੋਏ ਹਨ।

ਅਰਵਿੰਦ ਕੇਜਰੀਵਾਲ ਇਕੱਲੇ ਕੀ ਕਰ ਪਾਉਣਗੇ

ਆਮ ਆਦਮੀ ਪਾਰਟੀ ਦੇ ਸ਼ੁਰੂਆਤੀ ਅਤੇ ਹੁਣ ਤੱਕ ਦੇ ਸਰੂਪ ਵਿੱਚ ਬਹੁਤ ਫ਼ਰਕ ਹੈ। ਅਰਵਿੰਦ ਕੇਜਰੀਵਾਲ ਪਾਰਟੀ ਵਿੱਚ ਤਕਰੀਬਨ ਇਕੱਲੇ ਹੋ ਗਏ ਹਨ।

ਸਾਲ 2013 ਅਤੇ 2015 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜ਼ਬਰਦਸਤ ਚੜ੍ਹਤ ਸੀ। ਪਾਰਟੀ ਬਹੁਮਤ ਦੇ ਨਾਲ ਸੱਤਾ ਵਿੱਚ ਆਈ।

ਉਸ ਤੋਂ ਬਾਅਦ ਲੱਗਦਾ ਨਹੀਂ ਹੈ ਕਿ ਜਨਤਾ ਦਾ ਵਿਸ਼ਵਾਸ ਪਾਰਟੀ ਦੇ ਪ੍ਰਤੀ ਬਹੁਤ ਜ਼ਿਆਦਾ ਨਜ਼ਰ ਆਇਆ। ਪਾਰਟੀ ਨੇ ਗਰੀਬ ਅਤੇ ਆਮ ਲੋਕਾਂ ਲਈ ਬਹੁਤ ਸਾਰੇ ਕੰਮ ਕੀਤੇ, ਖ਼ਾਸ ਕਰਕੇ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ।

ਗਰੀਬ ਅਤੇ ਪੱਛੜੇ ਲੋਕਾਂ ਲਈ ਲੁਭਾਉਣ ਵਾਲੀਆਂ ਯੋਜਨਾਵਾਂ ਦੀ ਸਿਆਸਤ ਸਾਡੇ ਦੇਸ ਵਿੱਚ ਦੂਜੀਆਂ ਪਾਰਟੀਆਂ ਵੀ ਕਰਦੀਆਂ ਆਈਆਂ ਹਨ।

ਪਰ ਮੈਨੂੰ ਨਹੀਂ ਲਗਦਾ ਹੈ ਕਿ ਆਮ ਆਦਮੀ ਪਾਰਟੀ ਫਿਲਹਾਲ ਕਿਸੇ ਵਿਚਾਰਧਾਰਾ ਅਤੇ ਪ੍ਰੋਗਰਾਮ ਦੇ ਨਾਲ ਚੱਲ ਰਹੀ ਹੈ।

ਲੋਕ ਸਭਾ ਚੋਣਾਂ ਵਿੱਚ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਅਜਿਹੇ ਵਿੱਚ ਕਿਹਾ ਜਾ ਸਕਦਾ ਹੈ ਕਿ ਪਾਰਟੀ ਪਹਿਲਾਂ ਦੀ ਤੁਲਨਾ ਵਿੱਚ ਕਮਜ਼ੋਰ ਹੋਈ ਹੈ ਅਤੇ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਉਹ ਸਭ ਕੁਝ ਇਕੱਲੇ ਕਰਨ ਦੀ ਚੁਣੌਤੀ ਹੈ ਜੋ ਪਿਛਲੀਆਂ ਚੋਣਾਂ ਵਿੱਚ ਕਈ ਲੋਕ ਮਿਲ ਕੇ ਕਰ ਰਹੇ ਸਨ।

ਨਿਰੰਤਰਤਾ

ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਜਿਸ ਸਿਆਸਤ ਦੀ ਸ਼ੁਰੂਆਤ ਕੀਤੀ ਸੀ, ਉਹ ਸਥਾਨਕ ਅਤੇ ਖੇਤਰੀ ਮੁਸ਼ਕਿਲਾਂ 'ਚੋਂ ਨਿਕਲ ਕੇ ਕੌਮੀ ਅਤੇ ਕੌਮਾਂਤਰੀ ਮੁਸ਼ਕਿਲਾਂ ਤੱਕ ਪਹੁੰਚੀ ਸੀ।

ਇੱਕ ਸਮਾਂ ਤਾਂ ਅਜਿਹਾ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਆਗੂ ਦੇਸ ਨੂੰ ਬਦਲ ਦੇਣ ਦਾ ਸੁਪਨਾ ਲੈ ਕੇ ਮੈਦਾਨ ਵਿੱਚ ਆਏ ਹਨ ਅਤੇ ਬਹੁਤ ਤੇਜ਼ੀ ਨਾਲ ਉਹ ਦਿੱਲੀ ਤੋਂ ਨਿਕਲ ਕੇ ਪੂਰੇ ਦੇਸ ਦੀ ਸਿਆਸਤ ਵਿੱਚ ਦਖ਼ਲ ਦੇਣਗੇ।

ਇਹ ਵੀ ਪੜ੍ਹੋ:

ਪਰ ਇਹ ਸਭ ਕੁਝ ਜਲਦਬਾਜ਼ੀ ਵਿੱਚ ਹੋਇਆ। ਪੰਜ ਸਾਲਾਂ ਵਿੱਚ ਪਾਰਟੀ ਇੱਕ ਆਮ ਸਿਆਸੀ ਪਾਰਟੀ ਦੀ ਤਰ੍ਹਾਂ ਕੰਮ ਕਰਨ ਲੱਗੇਗੀ।ਅੰਦਰੂਨੀ ਮਤਭੇਦ ਵਧਣ ਲੱਗੇ।

ਅਹੁਦੇ ਤੇ ਕੁਰਸੀ ਦੀ ਲੜਾਈ ਤੇਜ਼ ਹੋਈ। ਜਿਸ ਮੁੱਦੇ ਅਤੇ ਅੰਦੋਲਨ ਦੀ ਸਿਆਸਤ ਨੂੰ ਲੈ ਕੇ ਪਾਰਟੀ ਚੱਲੀ ਸੀ, ਉਸ ਵਿੱਚ ਨਿਰੰਤਰਤਾ ਬਣੀ ਨਹੀਂ ਰਹਿ ਸਕੀ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)