Chandrayaan-2: ਵਿਕਰਮ ਲੈਂਡਰ ਦਾ ਸੰਪਰਕ ਟੁੱਟਣ ਮਗਰੋਂ ਪੀਐੱਮ ਮੋਦੀ ਤੇ ਵਿਗਿਆਨੀਆਂ ਵਿਚਾਲੇ ਕਿਹੜੀਆਂ ਗੱਲਾਂ ਹੋਈਆਂ

ਚੰਦਰਯਾਨ-2 ਦੇ ਵਿਕਰਮ ਲੈਂਡਰ ਦਾ ਸੰਪਰਕ ਚੰਨ ਦੀ ਸਤਹਿ 'ਤੇ ਉਤਰਨ ਤੋਂ ਥੋੜ੍ਹੀ ਦੇਰ ਪਹਿਲਾਂ ਟੁੱਟ ਗਿਆ ਹੈ।

ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸ਼ਨ (ISRO) ਦੇ ਮੁਖੀ ਕੇ ਸਿਵਨ ਨੇ ਮਿਸ਼ਨ ਤੋਂ ਬਾਅਦ ਕਿਹਾ, "ਵਿਕਰਮ ਲੈਂਡਰ ਯੋਜਨਾ ਦੇ ਮੁਤਾਬਕ ਉਤਰ ਰਿਹਾ ਸੀ ਅਤੇ ਸਤਹਿ ਤੋਂ 2.1 ਕਿਲੋਮੀਟਰ ਦੂਰ ਤੱਕ ਸਾਰਾ ਕੁਝ ਸਾਧਾਰਨ ਸੀ। ਪਰ ਇਸ ਤੋਂ ਬਾਅਦ ਉਸ ਨਾਲ ਸੰਪਰਕ ਟੁੱਟ ਗਿਆ। ਡਾਟਾ ਦੀ ਸਮੀਖਿਆ ਕੀਤੀ ਜਾ ਰਹੀ ਹੈ।"

ਵਿਕਰਮ ਨੂੰ ਰਾਤ 1.30 ਵਜੇ ਤੋਂ 2.30 ਵਿਚਾਲੇ ਚੰਨ 'ਤੇ ਉਤਰਨਾ ਸੀ।

ਭਾਰਤੀ ਪੁਲਾੜ ਵਿਗਿਆਨੀਆਂ ਦੀ ਉਪਲਬਧੀ ਨੂੰ ਦੇਖਣ ਅਤੇ ਉਨ੍ਹਾਂ ਦਾ ਹੌਂਸਲਾ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬੈਂਗਲੁਰੂ 'ਚ ਇਸਰੋ ਦੇ ਮੁੱਖ ਦਫ਼ਤਰ ਪਹੁੰਚੇ ਸਨ।

ਸਭ ਕੁਝ ਚੰਗੀ ਤਰ੍ਹਾਂ ਨਾਲ ਚੱਲ ਰਿਹਾ ਸੀ ਅਤੇ ਵਿਗਿਆਨੀਆਂ ਨੇ ਵਿਕਰਮ ਦੇ ਚੰਨ ਦੇ ਨੇੜੇ ਪਹੁੰਚਣ 'ਤੇ ਹਰ ਨਜ਼ਰ ਰੱਖੀ ਹੋਈ ਸੀ।

ਪਰ ਅਖ਼ੀਰਲੇ ਪਲਾਂ ਵਿੱਚ ਇਸਰੋ ਕੇਂਦਰ ਵਿੱਚ ਇੱਕ ਤਣਾਅ ਦੀ ਸਥਿਤੀ ਬਣ ਗਈ ਅਤੇ ਵਿਗਿਆਨੀਆਂ ਦੇ ਚਿਹਰਿਆਂ 'ਤੇ ਚਿੰਤਾ ਦੀਆਂ ਲਕੀਰਾਂ ਦਿਖਾਈ ਦੇਣ ਲੱਗੀਆਂ।

ਇਹ ਵੀ ਪੜ੍ਹੋ-

ਕੁਝ ਬਾਅਦ ਇਸਰੋ ਮੁਖੀ ਪ੍ਰਧਾਨ ਮੰਤਰੀ ਮੋਦੀ ਦੇ ਕੋਲ ਗਏ ਅਤੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਜਦੋਂ ਉਹ ਵਾਪਸ ਆਉਣ ਲੱਗੇ ਤਾਂ ਇਸਰੋ ਦੇ ਸਾਬਕਾ ਮੁਖੀ ਕੇ ਕਸਤੂਰੀਰੰਗਨ ਅਤੇ ਕੇ ਰਾਧਾਕ੍ਰਿਸ਼ਨ ਨੇ ਉਨ੍ਹਾਂ ਦੇ ਮੋਢੇ 'ਤੇ ਹੱਥ ਰੱਖ ਕੇ ਹੌਂਸਲਾ ਦਿੱਤਾ।

ਉਸ ਤੋਂ ਥੋੜ੍ਹੀ ਦੇਰ ਬਾਅਦ ਮੁਖੀ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਵਿਕਰਮ ਦਾ ਇਸਰੋ ਕੇਂਦਰ ਨਾਲ ਸੰਪਰਕ ਟੁੱਟ ਗਿਆ ਹੈ।

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਵਿਗਿਆਨੀਆਂ ਵਿਚਾਲੇ ਗਏ ਅਤੇ ਉਨ੍ਹਾਂ ਦਾ ਹੌਂਸਲਾ ਵਧਾਉਂਦਿਆਂ ਕਿਹਾ, "ਜ਼ਿੰਦਗੀ 'ਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਮੈਂ ਦੇਖ ਰਿਹਾ ਸੀ ਜਦੋਂ ਕਮਿਊਕੇਸ਼ਨ ਆਫ ਹੋ ਗਿਆ ਸੀ। ਪਰ ਇਹ ਕੋਈ ਛੋਟੀ ਉਪਲਬਧੀ ਨਹੀਂ ਹੈ।"

"ਦੇਸ ਨੂੰ ਤੁਹਾਡੇ 'ਤੇ ਮਾਣ ਹੈ ਅਤੇ ਤੁਹਾਡੀ ਮਿਹਨਤ ਨੇ ਬਹੁਤ ਕੁਝ ਸਿਖਾਇਆ ਵੀ ਹੈ...ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੈ, ਤੁਸੀਂ ਬਿਹਤਰੀਨ ਸੇਵਾ ਕੀਤੀ ਹੈ ਦੇਸ ਦੀ, ਬਹੁਤ ਵੱਡੀ ਸੇਵਾ ਕੀਤੀ ਹੈ ਵਿਗਿਆਨ ਦੀ, ਬਹੁਤ ਵੱਡੀ ਸੇਵਾ ਕੀਤੀ ਹੈ ਮਨੁੱਖਤਾ ਦੀ। ਇਸ ਪੜਾਅ ਤੋਂ ਅਸੀਂ ਬਹੁਤ ਕੁਝ ਸਿੱਖ ਰਹੇ ਹਾਂ, ਅੱਗੇ ਵੀ ਸਾਡੀ ਯਾਤਰਾ ਜਾਰੀ ਰਹੇਗੀ ਅਤੇ ਮੈਂ ਪੂਰੀ ਤਰ੍ਹਾਂ ਤੁਹਾਡੇ ਨਾਲ ਹਾਂ।"

ਭਾਰਤੀ ਪੁਲਾੜ ਵਿਗਿਆਨੀਆਂ ਲਈ ਸ਼ੁੱਕਰਵਾਰ ਦੀ ਰਾਤ ਮੀਲ ਦਾ ਇੱਕ ਪੱਥਰ ਮੰਨੀ ਜਾ ਰਹੀ ਸੀ।

ਰਾਤ ਡੇਢ ਵਜੇ ਭਾਰਤੀ ਸਪੇਸ ਰਿਸਰਚ ਆਰਗਨਾਈਜੇਸ਼ਨ (ਇਸਰੋ) ਦੇ ਵਿਗਿਆਨੀਆਂ ਨੇ ਚੰਦਰਯਾਨ-2 ਦੇ ਵਿਕਰਮ ਲੈਂਡਰ ਨੂੰ ਹੌਲੀ-ਹੌਲੀ ਚੰਨ ਦੀ ਸਤਹਿ 'ਤੇ ਉਤਾਰਨਾ ਸ਼ੁਰੂ ਕੀਤਾ।

ਵਿਕਰਮ ਲੈਂਡਰ ਨੂੰ ਪਹਿਲਾ ਚੰਨ ਦੀ ਸਤਹਿ ਦੀ ਆਰਬਿਟ 'ਚ ਮੌਜੂਦ ਆਰਬਿਟਰ ਤੋਂ ਵੱਖ ਕੀਤਾ ਜਾਣਾ ਸੀ ਅਤੇ ਫਿਰ ਉਸ ਨੂੰ ਚੰਦਰਮਾ ਦੀ ਸਤਹਿ ਵੱਲ ਲੈ ਕੇ ਜਾਣਾ ਸੀ।

ਚੰਦਰਯਾਨ-2 ਨਾਲ ਸਬੰਧਤ ਇਹ ਵੀ ਪੜ੍ਹੋ-

ਲੈਂਡਰ ਅੰਦਰ ਪ੍ਰੱਗਿਆਨ ਨਾਮ ਦਾ ਰੋਵਰ ਵੀ ਸੀ ਜਿਸ ਨੂੰ ਲੈਂਡਰ ਦੇ ਸੁਰੱਖਿਅਤ ਉਤਰਨ ਤੋਂ ਬਾਅਦ ਨਿਕਲ ਕੇ ਚੰਨ ਦੀ ਸਤਹਿ 'ਤੇ ਘੁੰਮਣਾ ਅਤੇ ਵਿਗਿਆਨਕ ਪੜਤਾਲ ਕਰਨੀ ਸੀ।

ਇਸਰੋ ਦੇ ਚੰਦਰਯਾਨ-2 ਲਈ ਚੰਦਰਮਾ ਦੇ ਦੱਖਣੀ ਧਰੁਵ ਨੂੰ ਚੁਣਿਆ ਗਿਆ ਸੀ ਜਿੱਥੋਂ ਵਿਕਰਮ ਲੈਂਡਰ ਦੀ ਸਾਫ਼ਟ ਲੈੰਡਿੰਗ ਕਰਵਾਈ ਜਾਣੀ ਸੀ। ਸਭ ਕੁਝ ਸਹੀ ਜਾ ਰਿਹਾ ਸੀ ਪਰ ਸਤਹਿ 'ਤੇ ਪਹੁੰਚਣ ਤੋਂ ਕੁਝ ਦੇਰ ਪਹਿਲਾਂ ਹੀ ਲੈਂਡਰ ਨਾਲ ਸੰਪਰਕ ਟੁੱਟ ਗਿਆ।

ਚੰਦਰਮਾ ਦੇ ਦੱਖਣੀ ਧਰੁਵ 'ਤੇ ਕਿਸੇ ਮਿਸ਼ਨ ਵਾਲਾ ਪਹਿਲਾ ਦੇਸ ਹੈ। ਹੁਣ ਤੱਕ ਚੰਨ 'ਤੇ ਗਏ ਵਧੇਰੇ ਮਿਸ਼ਨ ਇਸ ਦੀ ਭੂ-ਮੱਧ ਰੇਖਾ ਦੇ ਆਸੇ-ਪਾਸੇ ਹੀ ਉਤਰੇ ਹਨ।

ਜੇਕਰ ਭਾਰਤ ਸਫ਼ਲ ਰਹਿੰਦਾ ਹੈ ਤਾਂ ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ, ਭਾਰਤ ਚੰਦਰਮਾ 'ਤੇ ਕਿਸੇ ਪੁਲਾੜਯਾਨ ਦੀ ਸਾਫਟ ਲੈਂਡਿੰਗ ਕਰਵਾਉਣ ਵਾਲਾ ਚੌਥਾ ਦੇਸ ਬਣ ਜਾਵੇਗਾ।

ਕੀ ਹੈ ਅਹਿਮੀਅਤ

ਜੇਕਰ ਭਾਰਤ ਦੇ ਪ੍ਰੱਗਿਆਨ ਰੋਵਰ ਦੇ ਸੈਂਸਰ ਚੰਨ ਦੇ ਦੱਖਣੀ ਧਰੁਵ ਇਲਾਕੇ ਦੇ ਵਿਸ਼ਾਲ ਗੱਡਿਆਂ 'ਚੋਂ ਪਾਣੀ ਦੇ ਸਬੂਤ ਤਲਾਸ਼ ਲੈਂਦੇ ਤਾਂ ਇਹ ਵੱਡੀ ਖੋਜ ਹੁੰਦੀ।

ਚੰਦਰਯਾਨ-2 ਮਿਸ਼ਨ ਦੀ ਸਫ਼ਲਤਾ ਅਮਰੀਕੀ ਪੁਲਾੜ ਏਜੰਸੀ ਨਾਸਾ ਲਈ ਵੀ ਮਦਦਗਾਰ ਸਾਬਿਤ ਹੋ ਸਕਦੀ ਸੀ ਜੋ 2024 ਵਿੱਚ ਚੰਨ ਦੇ ਦੱਖਣੀ ਧਰੁਵ 'ਤੇ ਇੱਕ ਮਿਸ਼ਨ ਭੇਜਣ ਦੀ ਯੋਜਨਾ ਬਣਾ ਰਿਹਾ ਹੈ।

ਹਾਲਾਂਕਿ ਅਜੇ ਆਸ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਹੈ ਅਤੇ ਹੋ ਸਕਦਾ ਹੈ ਕਿ ਲੈਂਡਰ ਨਾਲ ਸੰਪਰਕ ਸਥਾਪਿਤ ਹੋ ਜਾਵੇ।

ਇਸ ਪਲ ਦਾ ਗਵਾਹ ਬਣਨ ਲਈ ਪੂਰੇ ਦੇਸ ਵਿਚੋਂ 60 ਵਿਦਿਆਰਥੀ ਵੀ ਇਸਰੋ ਸੈੰਟਰ ਵਿੱਚ ਮੌਜੂਦ ਰਹੇ, ਜਿਨ੍ਹਾਂ ਨੂੰ ਪ੍ਰਸ਼ਨਾਂ ਦੇ ਆਧਾਰ 'ਤੇ ਚੁਣਿਆ ਗਿਆ ਸੀ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)