ਅਯੁੱਧਿਆ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਕੀ ਪੰਜਾਬ ਵਿੱਚ ਭਾਜਪਾ ਦਾ 'ਕਾਲ ਚੱਕਰ' ਬਦਲ ਸਕੇਗੀ

ਨਰਿੰਦਰ ਮੋਦੀ

ਤਸਵੀਰ ਸਰੋਤ, Punjab BJP

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿੱਚ ਨਵੇਂ ਬਣੇ ਰਾਮ ਮੰਦਰ ਕੰਪਲੈਕਸ ਵਿੱਚ ਆਪਣੇ ਸੰਬੋਧਨ ਦੌਰਾਨ 22 ਜਨਵਰੀ ਨੂੰ ਇਤਿਹਾਸਕ ਦਿਨ ਕਰਾਰ ਦਿੱਤਾ।

ਰਾਮ ਮੰਦਰ ਦਾ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਿਨ ਨਵੇਂ ਕਾਲ ਚੱਕਰ ਦੀ ਸ਼ੁਰੂਆਤ ਹੈ।

ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਉੱਤੇ ਧਾਰਮਿਕ ਸਮਾਗਮ ਨੂੰ ਸਿਆਸੀ ਬਣਾਉਣ ਦਾ ਇਲਜ਼ਾਮ ਲਾਉਣ ਵਾਲੀਆਂ ਵਿਰੋਧੀ ਪਾਰਟੀਆਂ ਨੇ ਇਸ ਸਮਾਗਮ ਦਾ ਅਣ-ਐਲਾਨਿਆ ਬਾਈਕਾਟ ਹੀ ਕੀਤਾ।

ਵਿਰੋਧੀ ਪਾਰਟੀਆਂ ਨੇ ਇਲਜ਼ਾਮ ਲਾਇਆ ਕਿ ਭਾਰਤੀ ਜਨਤਾ ਪਾਰਟੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਧੂਰੇ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਕਰ ਰਹੇ ਹਨ।

ਮੀਡੀਆ ਤੇ ਸਿਆਸੀ ਹਲਕੇ ਇਸ ਸਮਾਗਮ ਦੇ ਸਿਆਸੀ ਅਤੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਣ ਦੀ ਵੀ ਚਰਚਾ ਕਰ ਰਹੇ ਹਨ ।

ਇਹ ਸਵਾਲ ਉੱਠ ਰਿਹਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਵਿਚ ਰਾਮ ਮੰਦਰ ਦਾ ਕੀ ਪ੍ਰਭਾਅ ਵੇਖਣ ਨੂੰ ਮਿਲ ਸਕਦਾ ਹੈ।

ਪੰਜਾਬ ਵਿੱਚ 13 ਲੋਕ ਸਭਾ ਸੀਟਾਂ ਹਨ। ਭਾਰਤੀ ਜਨਤਾ ਪਾਰਟੀ ਇਸ ਵੇਲੇ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੋ ਸੀਟਾਂ ਉੱਤੇ ਕਾਬਜ਼ ਹੈ।

ਪਿਛਲੀਆਂ ਚੋਣਾਂ 2019 ਵਿੱਚ ਕਾਂਗਰਸ ਨੇ 8, ਅਕਾਲੀ ਦਲ ਨੇ 2, ਭਾਜਪਾ ਨੇ 2 ਅਤੇ ਆਪ ਨੇ 1 ਸੀਟ ਜਿੱਤੀ ਸੀ।

ਪੰਜਾਬ ਸਿਆਸਤ

ਤਸਵੀਰ ਸਰੋਤ, Getty Images/ Hindustan Times

ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਜ਼ੋਰਾਂ ਉੱਤੇ ਹੈ ਕਿ ਪਿਛਲੀਆਂ ਦੋ ਲੋਕ ਸਭਾ ਚੋਣਾਂ ਦੌਰਾਨ ਜਦੋਂ ਦੇਸ ਵਿੱਚ ਮੋਦੀ ਲਹਿਰ ਚੱਲ ਰਹੀ ਸੀ, ਉਦੋਂ ਭਾਜਪਾ ਪੰਜਾਬ ਵਿੱਚ ਕੁਝ ਖਾਸ ਦਮ ਨਹੀਂ ਦਿਖਾ ਸਕੀ।

ਵਿਧਾਨ ਸਭਾ ਵਿੱਚ ਤਾਂ ਪਾਰਟੀ ਸਿਰਫ਼ 2 ਸੀਟਾਂ ਤੱਕ ਸਿਮਟੀ ਹੋਈ ਹੈ। ਸਵਾਲ ਇਹ ਹੈ ਕੀ ਰਾਮ ਮੰਦਰ ਦੀ ਨਵੀਂ ਲਹਿਰ ਭਾਜਪਾ ਦੇ ਸਿਆਸੀ ਇੱਛਾਵਾਂ ਨੂੰ ਪੂਰਾ ਕਰ ਸਕੇਗੀ।

ਭਾਜਪਾ ਨੂੰ ਰੋਕਣ ਲਈ ਕੀ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿੱਚ ਗੱਠਜੋੜ ਹੋਵੇਗਾ ਜਾਂ ਉਹ ਆਜ਼ਾਦ ਤੌਰ 'ਤੇ ਲੜਨਗੇ? ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਹੁਣ ਹੋਂਦ ਦੀ ਲੜਾਈ ਲੜ ਰਹੀ ਹੈ।

ਵਿਧਾਨ ਸਭਾ ਚੋਣਾਂ ਦੀਆਂ 117 ਵਿੱਚੋਂ 92 ਸੀਟਾਂ ਨਾਲ ਸੂਬੇ ਵਿੱਚ ਹੂੰਝਾ ਫੇਰਣ ਵਾਲੀ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਦੀ ਇਹ ਪਹਿਲੀ ਲੋਕ ਸਭਾ ਚੋਣ ਹੋਵੇਗੀ।

ਪਰ ਸੰਸਦੀ ਚੋਣਾਂ ਤੇ ਵਿਧਾਨ ਸਭਾ ਚੋਣਾਂ ਵਿੱਚ ਵੀ ਵੱਖੋ-ਵੱਖ ਕਾਰਕ ਅਸਰਦਾਰ ਹੋ ਸਕਦੇ ਹਨ।

ਇਸ ਦੀ ਇੱਕ ਮਿਸਾਲ ਉਦੋਂ ਸਾਹਮਣੇ ਆਈ ਜਦੋਂ 92 ਸੀਟਾਂ ਜਿੱਤਣ ਵਾਲੀ ਆਪ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਲੋਕ ਸਭਾ ਸੀਟ ਕੱਟੜਪੰਥੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੋਂ ਹਾਰ ਗਈ ਸੀ।

ਇੱਕ ਸਾਲ ਬਾਅਦ, ਪਾਰਟੀ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਕੇ ਆਪਣੀ ਥਾਂ ਮੁੜ ਬਣਾਈ ਹੈ।

ਰਾਮ ਮੰਦਰ ਦਾ ਆਉਣ ਵਾਲੀਆਂ ਚੋਣਾਂ ਉੱਤੇ ਕੀ ਅਸਰ ਪੈ ਸਕਦਾ ਹੈ। ਅਸੀਂ ਇਸ ਬਾਰੇ ਮਾਹਰਾਂ ਨਾਲ ਗੱਲਬਾਤ ਕੀਤੀ।

ਪੰਜਾਬ ਵਿੱਚ ਕਿੰਨਾ ਪਵੇਗਾ ਅਸਰ

ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਰਹਿ ਚੁੱਕੇ ਡਾ ਖ਼ਾਲਿਦ ਮੁਹੰਮਦ ਇਹ ਮੰਨਦੇ ਹਨ ਕਿ ਰਾਮ ਮੰਦਰ ਦੇ ਉਦਘਾਟਨ ਦਾ ਪੰਜਾਬ ਦੀ ਰਾਜਨੀਤੀ ਤੇ ਕੋਈ ਬਹੁਤਾ ਅਸਰ ਨਹੀਂ ਪਵੇਗਾ।

ਉਹ ਦੱਸਦੇ ਹਨ, “ਪੰਜਾਬ ਦੀ ਰਾਜਨੀਤੀ ਬਾਕੀ ਸੂਬਿਆਂ ਨਾਲੋਂ ਅਲੱਗ ਹੈ ਜਿਵੇਂ ਤੁਸੀਂ ਦੇਖਦੇ ਹੋ ਕਿ ਇੱਥੇ ਪੰਜਾਬ ਵਿੱਚ ਸੋਮਵਾਰ 22 ਜਨਵਰੀ ਦੀ ਛੁੱਟੀ ਵੀ ਨਹੀਂ ਕੀਤੀ ਗਈ ਜਦਕਿ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਦੀ ਸਰਕਾਰ ਨੇ ਵੀ ਛੁੱਟੀ ਕੀਤੀ ਹੈ।”

ਬੀਬੀਸੀ

ਉਹ ਕਹਿੰਦੇ ਹਨ ਕਿ ਇਸ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਇੱਥੋਂ ਦੀ ਸਰਕਾਰ ਇਸ ਮੁੱਦੇ ਦਾ ਪੰਜਾਬ ਵਿੱਚ ਕੋਈ ਖ਼ਾਸ ਅਸਰ ਨਹੀਂ ਦੇਖਦੀ। ਉਹ ਕਹਿੰਦੇ ਹਨ ਕਿ ਪੰਜਾਬ ਵਿੱਚ ਇੰਨਾ ਜ਼ਿਆਦਾ ਭਗਵਾ-ਕਰਨ ਦੇਖਣ ਨੂੰ ਨਹੀਂ ਮਿਲਿਆ।

ਉਹ ਕਹਿੰਦੇ ਹਨ, “ਗੁਰੂਆਂ- ਪੀਰਾਂ ਦੀ ਧਰਤੀ ਹੋਣ ਕਰ ਕੇ ਇੱਥੇ ਮੈਂ ਬਹੁਤ ਜ਼ਿਆਦਾ ਅਸਰ ਨਹੀਂ ਦੇਖਦਾ, ਫੇਰ ਪੰਜਾਬ ਵਿੱਚ ਸਿੱਖਾਂ ਦੀ ਆਬਾਦੀ ਵੀ ਵੱਧ ਹੈ।”

ਉਨ੍ਹਾਂ ਅੱਗੇ ਦੱਸਿਆ, “ਖ਼ਾਸ ਤੌਰ ਤੇ ਪਿੰਡਾਂ ਦੇ ਵਿੱਚ ਇਸ ਮੁੱਦੇ ਦਾ ਖ਼ਾਸ ਅਸਰ ਨਹੀਂ ਹੋਵੇਗਾ ਪਰ ਸ਼ਹਿਰਾਂ ਵਿਚਲੀ ਹਿੰਦੂ ਵੋਟ ਕੁਝ ਹੱਦ ਤਕ ਭਾਜਪਾ ਵੱਲ ਜਾ ਸਕਦਾ ਹੈ।ਪਰ ਪੰਜਾਬ ਵਿੱਚ ਇਕੱਲੇ ਸ਼ਹਿਰਾਂ ਦੀ ਵੋਟ ਕਿਸੇ ਰਾਜਨੀਤਿਕ ਪਾਰਟੀ ਨੂੰ ਨਹੀਂ ਜਿਤਾ ਸਕਦੀ, ਸ਼ਹਿਰਾਂ ਦੀ ਵੋਟ ਤੋਂ ਇਲਾਵਾ ਪਿੰਡਾਂ ਦੀ ਵੋਟ ਦੀ ਵੀ ਲੋੜ ਪੈਂਦੀ ਹੈ।”

ਪ੍ਰੋਫ਼ੈਸਰ ਖਾਲਿਦ ਨੇ ਦੱਸਿਆ ਕਿ ਭਾਜਪਾ ਕਾਫ਼ੀ ਦੇਰ ਤੋਂ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਦੇ ਵੋਟਰਜ਼ ਦਾ ਦਿਲ ਜਿੱਤ ਸਕੇ, ਜਿਵੇਂ ਬਾਲ ਵੀਰ ਦਿਵਸ ਕੌਮੀ ਪੱਧਰ ਤੇ ਮਨਾਉਣਾ ਇਹ ਵੀ ਭਾਜਪਾ ਨੇ ਹੀ ਸ਼ੁਰੂ ਕੀਤਾ ਜੋ ਪਹਿਲਾਂ ਨਹੀਂ ਹੁੰਦਾ ਸੀ।

ਉਨ੍ਹਾਂ ਅੱਗੇ ਦੱਸਿਆ, “ਇਹ ਹੁਣ ਸ਼ੁਰੂ ਹੋਇਆ ਤਾਂ ਕਿ ਸਿੱਖਾਂ ਨੂੰ ਇਹ ਕਿਹਾ ਜਾ ਸਕੇ ਕਿ ਅਸੀਂ ਤੁਹਾਡੇ ਨਾਲ ਹਾਂ ਜਾਂ ਅਸੀਂ ਇੱਕ ਹੀ ਹਾਂ। ਸੋ ਭਾਜਪਾ ਆਪਣੇ ਵੱਲੋਂ ਕੋਸ਼ਿਸ਼ ਤਾਂ ਜ਼ਰੂਰ ਕਰੇਗੀ ਪਰ ਅਜਿਹਾ ਨਹੀਂ ਲੱਗਦਾ ਕਿ ਭਾਜਪਾ ਪੰਜਾਬ ਵਿੱਚ ਕੋਈ ਮੁੱਖ ਪਾਰਟੀ ਦੀ ਭੂਮਿਕਾ ਨਿਭਾਅ ਸਕੇਗੀ।”

ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕਾਂਗਰਸ ਵੀ ਮਜ਼ਬੂਤ ਸਥਿਤੀ ਵਿੱਚ ਹੈ ਕਿਉਂਕਿ ਆਪਣੇ ਮਾੜੇ ਤੋਂ ਮਾੜੇ ਸਮੇਂ ਦੇ ਵਿੱਚ ਵੀ ਲਗਭਗ 30% ਵੋਟਾਂ ਲੈ ਜਾਂਦੀ ਹੈ, ਫਿਰ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬੜਾ ਵੱਡਾ ਫ਼ਤਵਾ ਦਿੱਤਾ ਜਿਸ ਤੋਂ ਇਹ ਸਾਫ਼ ਹੁੰਦਾ ਹੈ ਕਿ ਲੋਕ ਬਾਕੀ ਪਾਰਟੀਆਂ ਨੂੰ ਵੀ ਮੌਕਾ ਦੇਣਾ ਚਾਹੁੰਦੇ ਹਨ।”

ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗੱਠਜੋੜ ਉੱਤੇ ਕੀ ਅਸਰ

ਪੰਜਾਬ ਸਿਆਸਤ

ਤਸਵੀਰ ਸਰੋਤ, Getty Images/Hindustan Times

ਪੰਜਾਬ ਯੂਨੀਵਰਸਿਟੀ ਦੇ ਹੀ ਪ੍ਰੋਫੈਸਰ ਆਸ਼ੂਤੋਸ਼ ਦੀ ਰਾਏ ਕੁਝ ਵੱਖਰੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਰਾਮ ਮੰਦਰ ਦੇ ਖੋਲ੍ਹੇ ਜਾਣ ਤੋਂ ਬਾਅਦ ਹਿੰਦੂ ਜ਼ਰੂਰ ਖ਼ੁਸ਼ ਵੀ ਹੋਣਗੇ ਤੇ ਇਕੱਠੇ ਵੀ ਹੋਣਗੇ।ਇਸ ਨਾਲ ਭਾਜਪਾ ਦੀ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਹੋਣ ਦੀ ਵੀ ਜ਼ਿਆਦਾ ਸੰਭਾਵਨਾ ਹੈ।

ਆਸ਼ੂਤੋਸ਼ ਕਹਿੰਦੇ ਹਨ, "ਪਹਿਲੀ ਗੱਲ ਇਹ ਹੈ ਕਿ ਮੰਦਰ ਦੇ ਖੋਲੇ ਜਾਣ ਨਾਲ ਕਿਸੇ ਪਾਰਟੀ ਨੂੰ ਕੋਈ ਸਮੱਸਿਆ ਨਹੀਂ ਹੈ ਤੇ ਨਾਂ ਹੀ ਕੋਈ ਇਸ ਦਾ ਵਿਰੋਧ ਕਰ ਰਿਹਾ ਹੈ, ਹਾਂ ਜੇ ਕੋਈ ਪਾਰਟੀ ਧਾਰਮਿਕ ਗਲ ਕਰਦੀ ਹੈ ਤਾਂ ਬਾਕੀ ਪਾਰਟੀਆਂ ਵੀ ਕਰਦੀਆਂ ਹਨ।"

ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, AAP/YT

ਉਹ ਕਹਿੰਦੇ ਹਨ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਹੈ ਤੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਹਨੂਮਾਨ ਚਾਲੀਸਾ ਕਰਦੇ ਹਨ ਤੇ ਕਾਫ਼ੀ ਧਾਰਮਿਕ ਵੀ ਹਨ।

ਇਹ ਦੱਸਣਯੋਗ ਹੈ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਸ਼ੋਭਾ ਯਾਤਰਾ ਕੱਢੀ ਤੇ ਭੰਡਾਰੇ ਵੀ ਰੱਖੇ। ਇਸ ਮੌਕੇ ਤੇ ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਨੇ ਰਾਮ ਪੂਜਨ ਅਤੇ ਹਵਨ ਵੀ ਕੀਤਾ।

ਆਸ਼ੂਤੋਸ਼ ਕਹਿੰਦੇ ਹਨ ਕਿ ਇਸ ਦਾ ਅਸਰ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਗੱਠਜੋੜ ਉੱਤੇ ਵੀ ਹੋ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਜੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਇਹ ਲੱਗੇਗਾ ਕਿ ਹਿੰਦੂਆਂ ਦੇ ਵੋਟ ਭਾਜਪਾ ਨੂੰ ਜਾ ਸਕਦੇ ਹਨ ਤੇ ‘ਪੋਲਰਾਈਜੇਸ਼ਨ’ ਹੋ ਸਕਦੀ ਹੈ ਤਾਂ ਇਹ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਘੱਟ ਤੋਂ ਘੱਟ ਲੋਕ ਸਭਾ ਚੋਣਾਂ ਲਈ ਇਕੱਠੇ ਹੋ ਜਾਣ।

ਉਨ੍ਹਾਂ ਅੱਗੇ ਦੱਸਿਆ ਕਿ ਹਾਲੇ ਤੱਕ ਕਾਂਗਰਸ ਦੇ ਕੁਝ ਆਗੂ ਇਸ ਗੱਠਜੋੜ ਦਾ ਵਿਰੋਧ ਕਰ ਰਹੇ ਸੀ ਪਰ ਜੇ ਉਨ੍ਹਾਂ ਨੂੰ ਇਹ ਲੱਗੇਗਾ ਕਿ ਹਿੰਦੂ ਵੋਟ ਮੰਦਰ ਦੇ ਖੋਲ੍ਹੇ ਜਾਣ ਤੋਂ ਬਾਅਦ ਭਾਜਪਾ ਵੱਲ ਜਾ ਸਕਦੀ ਹੈ ਤਾਂ ਆਮ ਆਦਮੀ ਪਾਰਟੀ ਦੇ ਨਾਲ ਉਨ੍ਹਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਵੱਧ ਸਕਦੀ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)