ਭਾਜਪਾ ਦੀ ਉਹ ਕਿਹੜੀ ਸਿਆਸੀ ਰਣਨੀਤੀ ਹੈ, ਜਿਸ ਕਾਰਨ ਅਕਾਲੀ ਦਲ ਨਹੀਂ ਬਣਿਆ ਐੱਨਡੀਏ ਦਾ ਸਾਥੀ

ਤਸਵੀਰ ਸਰੋਤ, Getty Images
- ਲੇਖਕ, ਖੁਸ਼ਹਾਲ ਲਾਲੀ ਅਤੇ ਕੀਰਤੀ ਦੁਬੇ
- ਰੋਲ, ਬੀਬੀਸੀ ਪੱਤਰਕਾਰ
ਦੇਸ਼ ਦੀਆਂ ਆਗਾਮੀ ਲੋਕ ਸਭਾ ਚੋਣਾਂ ਲਈ ਮੰਗਲਵਾਰ ਦਾ ਦਿਨ ਬਹੁਤ ਮਹੱਤਵਪੂਰਨ ਰਿਹਾ।
ਬੈਂਗਲੁਰੂ 'ਚ ਵਿਰੋਧੀ ਪਾਰਟੀਆਂ ਦੀ ਚੱਲ ਰਹੀ ਬੈਠਕ ਤੋਂ ਬਾਅਦ ਦੁਪਹਿਰ ਤੱਕ ਵਿਰੋਧੀ ਧਿਰ ਨੇ 26 ਪਾਰਟੀਆਂ ਦੇ ਗਠਜੋੜ ਦਾ ਐਲਾਨ ਕਰ ਦਿੱਤਾ।
ਇਸ ਦਾ ਨਾਮ ਹੈ - ਇੰਡੀਅਨ ਨੈਸ਼ਨਲ ਡੈਵਮੈਂਟਲ ਇਨਕਲੂਸਿਵ ਅਲਾਇੰਸ ਭਾਵ ਇੰਡੀਆ।
ਇਸ ਤੋਂ ਥੋੜ੍ਹੀ ਦੇਰ ਬਾਅਦ ਭਾਜਪਾ ਨੇ ਦਿੱਲੀ ਦੇ ਅਸ਼ੋਕਾ ਹੋਟਲ ਵਿੱਚ ਐੱਨਡੀਏ ਦੀ ਮੀਟਿੰਗ ਕੀਤੀ। ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਦੇ ਗਠਜੋੜ ਦੀ ਤਸਵੀਰ ਕਿਹੋ ਜਿਹੀ ਹੋਵੇਗੀ, ਇਸ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ।
ਵਿਰੋਧੀ ਧਿਰ ਨੇ ਜਿੱਥੇ 26 ਪਾਰਟੀਆਂ ਦੀ ਤਾਕਤ ਦਿਖਾਈ ਹੈ ਤਾਂ ਉੱਥੇ ਭਾਜਪਾ ਨੇ 38 ਪਾਰਟੀਆਂ ਨੂੰ ਮੀਟਿੰਗ ਵਿੱਚ ਬੁਲਾਇਆ।
ਐੱਨਡੀਏ ਦੇ ਸਿਆਸੀ ਸ਼ਕਤੀ ਪ੍ਰਦਰਸ਼ਨ ਵਿੱਚ ਲਗਭਗ ਸਾਰੀਆਂ ਛੋਟੀਆਂ ਖੇਤਰੀ ਪਾਰਟੀਆਂ ਨੇ ਹਿੱਸਾ ਲਿਆ।
ਪਰ ਗਣਿਤ ਦੇ ਹਿਸਾਬ ਨਾਲ ਕੁੱਲ 66 ਪਾਰਟੀਆਂ ਨੇ ਆਪਣਾ ਰੁੱਖ਼ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਉਣ ਵਾਲੀਆਂ ਚੋਣਾਂ ਵਿੱਚ 'ਇੰਡੀਆ' ਨਾਲ ਚੋਣਾਂ ਲੜਨਗੀਆਂ ਜਾਂ ਐੱਨਡੀਏ ਨਾਲ।
ਪਰ ਕੁਝ ਵੱਡੀਆਂ ਪਾਰਟੀਆਂ ਦੋਵਾਂ ਖੇਮਿਆਂ ਤੋਂ ਦੂਰ ਹੀ ਰਹੀਆਂ।
ਕਿਹੜੀਆਂ ਪਾਰਟੀਆਂ ਦੋਵਾਂ ਗਠਜੋੜਾਂ ਤੋਂ ਦੂਰ ਰਹੀਆਂ
ਇਨ੍ਹਾਂ ਪਾਰਟੀਆਂ ਦੇ ਦੂਰ ਰਹਿਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਉਨ੍ਹਾਂ ਖੇਤਰਾਂ ਵਿੱਚ ਪਲ-ਪਲ ਬਦਲਦੀ ਸਿਆਸਤ ਜਾਂ ਉਨ੍ਹਾਂ ਦੇ ਆਪਣੇ ਹਿੱਤ।
ਜਿਹੜੀਆਂ ਪਾਰਟੀਆਂ ਹੁਣ ਦੋਵੇਂ ਵੱਡੇ ਗਠਜੋੜਾਂ ਤੋਂ ਦੂਰ ਹਨ, ਆਓ ਇੱਕ ਨਜ਼ਰ ਉਨ੍ਹਾਂ 'ਤੇ ਅਤੇ ਉਨ੍ਹਾਂ ਦੀ ਰਾਜਨੀਤੀ 'ਤੇ ਮਾਰੀਏ-

ਤਸਵੀਰ ਸਰੋਤ, Getty Images
ਸ਼੍ਰੋਮਣੀ ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਦਾ 100 ਸਾਲਾਂ ਤੋਂ ਵੱਧ ਦਾ ਇਤਿਹਾਸ ਹੈ। ਪੰਜਾਬ ਨੂੰ 5 ਵਾਰ ਪ੍ਰਕਾਸ਼ ਸਿੰਘ ਬਾਦਲ ਵਰਗਾ ਮੁੱਖ ਮੰਤਰੀ ਦੇਣ ਅਤੇ ਸੂਬੇ ਉੱਤੇ ਲਗਾਤਾਰ 10 ਸਾਲ ਰਾਜ ਕਰਨ ਦਾ ਰਿਕਾਰਡ ਕਾਇਮ ਕਰਨ ਵਾਲਾ ਅਕਾਲੀ ਦਲ ਵਿਧਾਨ ਸਭਾ ਵਿੱਚ ਮਹਿਜ਼ 3 ਸੀਟਾਂ ਤੱਕ ਸਿਮਟਿਆ ਹੋਇਆ ਹੈ।
ਇਸ ਵੇਲੇ ਪਾਰਟੀ ਆਪਣੀ ਹੋਂਦ ਦੀ ਲੜਾਈ ਲੜ ਰਹੀ ਹੈ। ਭਾਵੇਂ ਕਿ ਪੰਥਕ ਸਿਆਸਤ (ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ) ਉੱਤੇ ਕਈ ਦਹਾਕਿਆਂ ਤੋਂ ਕਾਬਜ਼ ਹੋਣ ਕਾਰਨ ਅਕਾਲੀ ਦਲ ਕੋਲ ਅਜੇ ਵੀ ਗਰਾਊਂਡ ਉੱਤੇ ਮਜ਼ਬੂਰ ਅਧਾਰ ਹੈ।
ਪਰ ਭਾਰਤੀ ਸਿਆਸਤ ਵਿੱਚ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਅਤੇ ਕਾਂਗਰਸ ਦੀ ਅਗਵਾਈ ਵਾਲੇ ਇੰਡੀਅਨ ਨੈਸ਼ਨਲ ਡਿਵੈਂਪਮੈਂਟਲ ਇੰਨਕਲੂਸਿਵ ਅਲਾਈਂਸ ( ਇੰਡੀਆ) ਵਿੱਚ ਅਕਾਲੀ ਦਲ ਕਿਸੇ ਵਿੱਚ ਸ਼ਾਮਲ ਨਹੀਂ ਹੋਇਆ।
ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ 1997 ਤੋਂ ਸਤੰਬਰ 2020 ਤੱਕ ਗਠਜੋੜ ਰਿਹਾ ਹੈ, ਇਸ ਦੌਰਾਨ ਇਹ ਗਠਜੋੜ 15 ਸਾਲ ਸੱਤਾ ਵਿਚ ਰਿਹਾ ਹੈ।
ਅਕਾਲੀ ਦਲ ਦੇ ਮਰਹੂਮ ਆਗੂ ਪ੍ਰਕਾਸ਼ ਸਿੰਘ ਬਾਦਲ ਅਕਾਲੀ-ਭਾਜਪਾ ਦੇ ਗਠਜੋੜ ਨੂੰ ਨਹੁੰ-ਮਾਸ ਦਾ ਰਿਸ਼ਤਾ ਦੱਸਦੇ ਰਹੇ ਹਨ। ਪਰ ਸਤੰਬਰ 2020 ਵਿੱਚ ਤਿੰਨ ਖੇਤੀ ਕਾਨੂੰਨਾਂ ਦੇ ਅੰਦੋਲਨ ਦੌਰਾਨ ਅਕਾਲੀ ਦਲ ਨੇ ਭਾਜਪਾ ਦਾ ਪੱਲ਼ਾ ਛੱਡ ਦਿੱਤਾ ਸੀ।
ਹੁਣ ਸਵਾਲ ਇਹ ਹੈ ਕਿ ਅਕਾਲੀ ਦਲ ਦੋਵਾਂ ਗਠਜੋੜਾਂ ਵਿਚੋਂ ਕਿਸੇ ਨਾਲ ਵੀ ਕਿਉਂ ਨਹੀਂ ਜਾ ਰਿਹਾ।

ਤਸਵੀਰ ਸਰੋਤ, Getty Images
ਅਕਾਲੀ ਦਲ ਵਿਰੋਧੀ ਪਾਰਟੀਆਂ ਨਾਲ ਕਿਉਂ ਨਹੀਂ ਗਿਆ
ਪਿਛਲੇ ਕਈ ਦਹਾਕਿਆਂ ਤੋਂ ਅਕਾਲੀ ਦਲ ਦੀ ਸਮੁੱਚੀ ਸਿਆਸਤ ਕਾਂਗਰਸ ਵਿਰੋਧੀ ਰਹੀ ਹੈ। ਭਾਵੇਂ ਉਹ ਪੰਜਾਬੀ ਸੂਬੇ ਮੋਰਚੇ ਦੀ ਲੜਾਈ ਹੋਵੇ, ਪੰਜਾਬੀ ਬੋਲਦੇ ਇਲਾਕਿਆਂ, ਦਰਿਆਈ ਪਾਣੀਆਂ ਦਾ ਮਸਲਾ ਜਾਂ ਫੇਰ ਐਮਰਜੈਂਸੀ ਵਿਰੋਧੀ ਮੋਰਚਾ। ਇਹ ਸਭ ਕਾਂਗਰਸ ਸਰਕਾਰਾਂ ਦੇ ਖਿਲਾਫ਼ ਹੀ ਸਨ।
1980ਵਿਆਂ ਵਿੱਚ ਇੰਦਰਾ ਗਾਂਧੀ ਦੀ ਸਰਕਾਰ ਵਲੋਂ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਭਿੰਡਰਾਵਾਲੇ ਤੇ ਉਨ੍ਹਾਂ ਦੇ ਸਾਥੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚੋਂ ਬਾਹਰ ਕੱਢਣ ਦੇ ਨਾਂ ਉੱਤੇ ਕੀਤੀ ਗਈ ਫੌਜੀ ਕਾਰਵਾਈ ਅਤੇ ’84 ਦੇ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਹੋਣ ਦਾ ਮੁੱਦਾ ਅਜਿਹੇ ਮਸਲੇ ਹਨ, ਜਿਨ੍ਹਾਂ ਕਾਰਨ ਅਕਾਲੀ ਦਲ ਕਦੇ ਵੀ ਕਾਂਗਰਸ ਨਾਲ ਗਠਜੋੜ ਨਹੀਂ ਕਰ ਸਕਦਾ।
ਅਕਾਲੀ ਦਲ ਖ਼ੁਦ ਨੂੰ ਸਿੱਖਾਂ ਦੀ ਨੁਮਾਇੰਦਾ ਸਿਆਸੀ ਧਿਰ ਹੋਣ ਦਾ ਦਾਅਵਾ ਕਰਦਾ ਹੈ, ਇਸ ਲਈ ਉਸ ਦੇ ਸਿਆਸਤ ਦਾ ਅਧਾਰ ਕਾਂਗਰਸ ਵਿਰੋਧੀ ਰਿਹਾ ਹੈ।
ਅਕਾਲੀ ਦਲ ਸਿਆਸਤ ਦੇ ਨਾਲ ਨਾਲ ਪੰਥਕ ਸਿਆਸਤ ਵੀ ਕਰਦਾ ਹੈ, ਇਸੇ ਲਈ ਉਹ ਕਾਂਗਰਸ ਨੂੰ ਸਿੱਖ ਵਿਰੋਧੀ ਸ਼ਕਤੀ ਵਜੋਂ ਪੇਸ਼ ਕਰਕੇ ਪੰਜਾਬ ਅਤੇ ਸ਼੍ਰੋਮਣੀ ਕਮੇਟੀ ਦੀ ਸੱਤਾ ਹਾਸਲ ਕਰਦਾ ਰਿਹਾ ਹੈ।
ਇਸ ਲਈ ਮਾਹੌਲ ਜਿਹੋ ਜਿਹਾ ਵੀ ਹੋਵੇ ਅਕਾਲੀ ਦਲ ਕਿਸੇ ਵੀ ਸੂਰਤ ਵਿੱਚ ਕਾਂਗਰਸ ਨਾਲ ਸਿਆਸੀ ਮੰਚ ਸਾਂਝਾ ਨਹੀਂ ਕਰ ਸਕਦਾ।

ਤਸਵੀਰ ਸਰੋਤ, ANI
ਭਾਜਪਾ ਤੋਂ ਦੂਰੀ ਦੇ ਮਾਅਨੇ
ਅਕਾਲੀ ਦਲ ਦੀ ਭਾਜਪਾ ਤੋਂ ਦੂਰੀ ਨੂੰ ਸਮਝਣ ਲਈ ਦੋ ਬਿਆਨ ਜ਼ਿਕਰਯੋਗ ਹਨ।
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਦੋ ਦਿਨ ਪਹਿਲਾਂ ਅਕਾਲੀ ਦਲ ਦੇ ਐੱਨਡੀਏ ਤੋਂ ਦੂਰ ਰਹਿਣ ਦੇ ਹਵਾਲੇ ਨਾਲ ਕਿਹਾ, "ਭਾਜਪਾ ਨੇ ਕਿਸੇ ਨੂੰ ਨਹੀਂ ਛੱਡਿਆ, ਜੋ ਸਾਨੂੰ ਛੱਡ ਕੇ ਗਏ, ਉਨ੍ਹਾਂ ਨਾਲ ਸਾਡੀ ਗੱਲਬਾਤ ਜਾਰੀ ਹੈ, ਦੋਸਤਾਨਾ ਵਰਤਾਅ ਰਿਹਾ ਹੈ, ਵਿਆਪਕ ਦ੍ਰਿਸ਼ਟੀਕੋਣ, ਜੋ ਛੱਡ ਕੇ ਗਏ ਹਨ, ਉਨ੍ਹਾਂ ਤੈਅ ਕਰਨਾ ਹੈ ਕਿ ਕਦੋਂ ਵਾਪਸ ਆਉਣਾ ਹੈ।"
ਇਸ ਤੋਂ ਕੁਝ ਦਿਨ ਪਹਿਲਾਂ ਭਾਜਪਾ ਦੀ ਪੰਜਾਬ ਇਕਾਈ ਦੇ ਨਵੇਂ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਸੀ, "ਸਾਨੂੰ ਛੋਟੇ ਭਰਾ ਦੀ ਮਾਨਸਿਕਤਾ ਤੋਂ ਬਾਹਰ ਆਉਣਾ ਪਵੇਗਾ।"
ਪੰਜਾਬ ਦੀ ਸਿਆਸਤ ਵਿੱਚ ਅਕਾਲੀ ਦਲ ਖ਼ੁਦ ਨੂੰ ਵੱਡਾ ਤੇ ਭਾਜਪਾ ਨੂੰ ਛੋਟਾ ਭਰਾ ਦੱਸਦਾ ਰਿਹਾ ਹੈ ਕਿਉਂਕਿ ਭਾਜਪਾ 117 ਵਿੱਚੋਂ ਸਿਰਫ਼ 23 ਸੀਟਾਂ ਅਤੇ 13 ਲੋਕ ਸਭਾ ਵਿੱਚੋਂ 3 ਸੀਟਾਂ ਉੱਤੇ ਲੜਦੀ ਰਹੀ ਹੈ।

ਪਰ ਪੰਜਾਬ ਦੀ ਸਿਆਸਤ ਦੇ ਜਾਣਕਾਰ ਮੰਨਦੇ ਹਨ ਕਿ ਭਾਜਪਾ ਪੰਜਾਬ ਵਿੱਚ ਪਿਛਲੇ ਕਾਫੀ ਸਮੇਂ ਤੋਂ ਪੂਰੇ ਮੁਲਕ ਵਾਂਗ ਪੰਜਾਬ ਵਿੱਚ ਵੀ ਆਪਣੇ ਵਿਸਥਾਰਵਾਦ ਦਾ ਪ੍ਰਯੋਗ ਕਰਨ ਦੇ ਯਤਨਾਂ ਵਿੱਚ ਰਹੀ ਹੈ। ਭਾਵੇਂ ਕਿ ਇਹ ਸਫ਼ਲ ਨਹੀਂ ਰਿਹਾ।
ਹੁਣ ਸਤੰਬਰ 2020 ਦੇ ਤੋੜ ਵਿਛੋੜੇ ਤੋਂ ਬਾਅਦ ਭਾਜਪਾ ਨੇ ਅਕਾਲੀ ਦਲ ਦੇ ਕਈ ਆਗੂ ਸਿੱਧੇ ਪਾਰਟੀ ਵਿੱਚ ਸ਼ਾਮਲ ਕੀਤੇ।
ਇਨ੍ਹਾਂ ਵਿੱਚ ਲੋਕ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਮਨਜਿੰਦਰ ਸਿੰਘ ਸਿਰਸਾ, ਮਰਹੂਮ ਅਕਾਲੀ ਆਗੂ ਗੁਰਚਰਨ ਸਿੰਘ ਟੌਹੜਾ ਦੇ ਦੋਹਤੇ ਕੰਵਰਬੀਰ ਸਿੰਘ, ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜੀ ਦਾ ਨਾਮ ਸ਼ਾਮਲ ਹੈ।
ਹੁਣ ਅਸੀਂ ਜਾਣਦੇ ਹਾਂ ਕਿ ਹੋਰ ਕਿਹੜੀਆਂ ਪਾਰਟੀਆਂ ਹਨ ਜੋ ਕਿਸੇ ਵੀ ਗਠਜੋੜ ਵਿੱਚ ਸ਼ਾਮਲ ਨਹੀਂ ਹੋਈਆਂ ਹਨ।

ਤਸਵੀਰ ਸਰੋਤ, Getty Images
ਬਹੁਜਨ ਸਮਾਜ ਪਾਰਟੀ
ਬਸਪਾ ਕਦੇ ਵੀ ਐੱਨਡੀਏ ਵਿੱਚ ਸ਼ਾਮਲ ਨਹੀਂ ਹੋਈ। ਸਾਲ 2014 ਵਿੱਚ ਬਸਪਾ ਨੇ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਦਾ ਸਾਥ ਦਿੱਤਾ ਸੀ ਅਤੇ ਉਹ ਇਸ ਚੋਣ ਵਿੱਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ ਸੀ।
ਇਸ ਵਾਰ ਮਾਇਆਵਤੀ ਨੇ ਵਿਰੋਧੀ ਧਿਰ ਦੀ ਮੀਟਿੰਗ ਤੋਂ ਦੂਰੀ ਬਣਾਈ ਰੱਖੀ, ਇੱਥੋਂ ਤੱਕ ਕਿ ਪਟਨਾ ਅਤੇ ਬੰਗਲੁਰੂ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਉਨ੍ਹਾਂ ਨੂੰ ਸੱਦਾ ਵੀ ਨਹੀਂ ਦਿੱਤਾ ਗਿਆ।
ਜਦੋਂ ਤੋਂ ਵਿਰੋਧੀ ਧਿਰ ਦੇ ਗਠਜੋੜ ਦੀ ਗੱਲ ਤੇਜ਼ ਹੋਈ ਹੈ, ਮਾਇਆਵਤੀ ਨੇ ਸਾਫ਼ ਕਿਹਾ ਸੀ ਕਿ ਉਹ ਇਸ ਗਠਜੋੜ ਦਾ ਹਿੱਸਾ ਨਹੀਂ ਬਣੇਗੀ।
ਜਨਤਾ ਦਲ ਸੈਕੂਲਰ
ਕਰਨਾਟਕ ਦੀ ਜਨਤਾ ਦਲ ਸੈਕੂਲਰ ਪਾਰਟੀ ਬਾਰੇ ਹਾਲ ਹੀ 'ਚ ਕਰਨਾਟਕ ਭਾਜਪਾ ਦੇ ਸੀਨੀਅਰ ਨੇਤਾ ਯੇਦੀਯੁਰੱਪਾ ਨੇ ਇਸ ਗੱਲ ਦੇ ਸੰਕੇਤ ਦਿੱਤੇ ਸਨ ਕਿ ਜੇਡੀਐੱਸ ਅਤੇ ਭਾਜਪਾ ਇਕੱਠੇ ਚੋਣਾਂ ਲੜ ਸਕਦੇ ਹਨ।
ਜੇਡੀਐੱਸ ਅਜਿਹੀ ਪਾਰਟੀ ਹੈ ਜਿਸ ਦਾ ਗਠਜੋੜ ਭਾਜਪਾ ਦੇ ਨਾਲ ਵੀ ਰਿਹਾ ਹੈ ਅਤੇ ਕਾਂਗਰਸ ਨਾਲ ਵੀ ਰਿਹਾ ਹੈ।
ਸੂਬੇ ਵਿੱਚ ਕਾਂਗਰਸ ਜੇਡੀਐੱਸ ਦੀ ਮੁੱਖ ਵਿਰੋਧੀ ਪਾਰਟੀ ਹੈ। ਜੇਕਰ ਸੂਬੇ ਦੀਆਂ ਚੋਣਾਂ 'ਤੇ ਨਜ਼ਰ ਮਾਰੀਏ ਤਾਂ ਜੇਡੀਐੱਸ ਨੂੰ ਮੁਸਲਮਾਨਾਂ ਦਾ ਚੰਗਾ ਸਮਰਥਨ ਮਿਲਦਾ ਰਿਹਾ ਹੈ ਪਰ ਇਨ੍ਹਾਂ ਚੋਣਾਂ 'ਚ ਮੁਸਲਿਮ ਵੋਟ ਕਾਂਗਰਸ ਪਾਰਟੀ ਵੱਲ ਵੱਡੀ ਗਿਣਤੀ 'ਚ ਗਿਆ ਹੈ।
ਇਸ ਦੇ ਮੱਦੇਨਜ਼ਰ ਇਹ ਚਰਚਾ ਤੇਜ਼ ਸੀ ਕਿ ਜੇਡੀਐੱਸ ਐੱਨਡੀਏ ਨਾਲ ਗਠਜੋੜ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਕਰ ਸਕਦੀ ਹੈ। ਪਰ ਮੰਗਲਵਾਰ ਨੂੰ ਐੱਨਡੀਏ ਦੀ ਤਸਵੀਰ ਤੋਂ ਜੇਡੀਐੱਸ ਵੀ ਗਾਇਬ ਰਹੀ।

ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ
- ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ 1997 ਤੋਂ ਗਠਜੋੜ ਸ਼ੁਰੂ ਹੋਇਆ ਸੀ।
- ਸਤੰਬਰ 2020 ਵਿੱਚ ਤਿੰਨ ਖੇਤੀ ਕਾਨੂੰਨਾਂ ਦੇ ਅੰਦੋਲਨ ਦੌਰਾਨ ਅਕਾਲੀ ਦਲ ਨੇ ਭਾਜਪਾ ਦਾ ਪੱਲ਼ਾ ਛੱਡ ਦਿੱਤਾ ਸੀ।
- ਇਸ ਦੌਰਾਨ ਇਹ ਗਠਜੋੜ 15 ਸਾਲ ਸੱਤਾ ਵਿਚ ਰਿਹਾ ਹੈ।
- ਪੰਜਾਬ ਦੀ ਸਿਆਸਤ ਵਿੱਚ ਅਕਾਲੀ ਦਲ ਖ਼ੁਦ ਨੂੰ ਵੱਡਾ ਤੇ ਭਾਜਪਾ ਨੂੰ ਛੋਟਾ ਭਰਾ ਦੱਸਦਾ ਰਿਹਾ ਹੈ।
- ਭਾਜਪਾ 117 ਵਿੱਚੋਂ ਸਿਰਫ਼ 23 ਸੀਟਾਂ ਅਤੇ 13 ਲੋਕ ਸਭਾ ਵਿੱਚੋਂ 3 ਸੀਟਾਂ ਉੱਤੇ ਲੜਦੀ ਰਹੀ ਹੈ।

ਬੀਜੂ ਜਨਤਾ ਦਲ
ਬੀਜੂ ਜਨਤਾ ਦਲ ਦੇ ਨੇਤਾ ਨਵੀਨ ਪਟਨਾਇਕ 25 ਸਾਲਾਂ ਤੋਂ ਸੂਬੇ ਵਿੱਚ ਸੱਤਾ ਵਿੱਚ ਹਨ। ਓਡੀਸ਼ਾ ਦੀ ਸਿਆਸਤ ਵਿੱਚ ਬੀਜੇਡੀ ਦੇ ਸਾਹਮਣੇ ਕੋਈ ਵੀ ਪਾਰਟੀ ਨਹੀਂ ਟਿਕਦੀ।
ਬੀਜੇਡੀ ਭਾਵੇਂ ਦੋਵਾਂ ਗਠਜੋੜਾਂ ਤੋਂ ਦੂਰ ਹੈ ਪਰ ਕਈ ਅਜਿਹੇ ਮੌਕੇ ਅਤੀਤ ਵਿੱਚ ਸਾਹਮਣੇ ਆਏ ਹਨ ਜਿੱਥੇ ਬੀਜੇਡੀ ਨੇ ਖੁੱਲ੍ਹ ਕੇ ਭਾਜਪਾ ਦਾ ਸਮਰਥਨ ਕੀਤਾ ਹੈ।
ਸਾਲ 2019 ਵਿੱਚ ਬੀਜੇਡੀ ਨੇ ਰਾਜ ਸਭਾ ਦੀ ਇੱਕ ਸੀਟ ਭਾਜਪਾ ਲਈ ਛੱਡ ਦਿੱਤੀ ਸੀ। ਭਾਜਪਾ ਨੇ ਇਸ ਸੀਟ ਤੋਂ ਅਸ਼ਵਨੀ ਵੈਸ਼ਨਵ ਨੂੰ ਟਿਕਟ ਦਿੱਤੀ ਸੀ।
ਹਾਲ ਹੀ 'ਚ ਬੀਜੇਡੀ ਦੇ ਬੁਲਾਰੇ ਪ੍ਰਸੰਨਾ ਆਚਾਰਿਆ ਨੇ ਕਿਹਾ ਸੀ, "ਅਸੀਂ ਨਿਰਪੱਖ ਰਹਿਣਾ ਚਾਹੁੰਦੇ ਹਾਂ, ਅਸੀਂ ਮੁੱਦੇ ਦੇ ਆਧਾਰ 'ਤੇ ਪਾਰਟੀਆਂ ਦਾ ਸਮਰਥਨ ਕਰਦੇ ਰਹੇ ਹਾਂ।"

ਤਸਵੀਰ ਸਰੋਤ, ANI
ਵਾਈਐੱਸਆਰ ਕਾਂਗਰਸ ਪਾਰਟੀ
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨਮੋਹਨ ਰੈੱਡੀ ਦੀ ਪਾਰਟੀ ਵਾਈਐੱਸਆਰ ਕਾਂਗਰਸ ਭਾਵੇਂ ਹੀ ਸੂਬੇ ਵਿੱਚ ਭਾਜਪਾ ਦੇ ਨਾਲ ਨਾ ਹੋਵੇ ਪਰ ਜਗਨਮੋਹਨ ਰੈੱਡੀ ਕਈ ਮੌਕਿਆਂ 'ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਖੁੱਲ੍ਹ ਕੇ ਸਮਰਥਨ ਕਰਦੇ ਰਹੇ ਹਨ।
ਸਾਲ 2010 ਵਿੱਚ ਕਾਂਗਰਸ ਤੋਂ ਵੱਖ ਹੋਈ ਪਾਰਟੀ ਵਾਈਐੱਸਆਰ ਦੇ ਕਾਂਗਰਸ ਗਠਜੋੜ ਨਾਲ ਜਾਣ ਦੀਆਂ ਸੰਭਾਵਨਾਵਾਂ ਪਹਿਲਾਂ ਹੀ ਘੱਟ ਲੱਗ ਰਹੀਆਂ ਸਨ ਪਰ ਐੱਨਡੀਏ ਦੇ ਡਿਨਰ ਤੋਂ ਦੂਰੀ ਬਣਾ ਕੇ ਜਗਨਮੋਹਨ ਰੈਡੀ ਨੇ ਆਉਣ ਵਾਲੀਆਂ ਚੋਣਾਂ ਲਈ ਆਪਣੇ ਪੱਤੇ ਨਹੀਂ ਖੋਲ੍ਹੇ।
ਇਸ ਤੋਂ ਇਲਾਵਾ ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸ਼ਮ ਪਾਰਟੀ ਵੀ ਦੋਵਾਂ ਗਠਜੋੜਾਂ ਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਈ। ਚੰਦਰਬਾਬੂ ਨਾਇਡੂ ਸਾਲ 2018 ਤੱਕ ਐੱਨਡੀਏ ਦਾ ਹਿੱਸਾ ਸਨ, ਬੀਜੇਪੀ ਨੇ 2019 ਦੀਆਂ ਚੋਣਾਂ ਟੀਡੀਪੀ ਤੋਂ ਬਿਨਾਂ ਲੜੀਆਂ ਸਨ ਪਰ ਇਸ ਤੋਂ ਬਾਅਦ ਚੰਦਰਬਾਬੂ ਨਾਇਡੂ ਕਈ ਵਾਰ ਅਮਿਤ ਸ਼ਾਹ ਨੂੰ ਮਿਲੇ ਸਨ ਅਤੇ ਉਨ੍ਹਾਂ ਦੇ ਐੱਨਡੀਏ ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ਤੇਜ਼ ਹੋ ਗਈਆਂ ਸਨ।
ਪਰ ਮੰਗਲਵਾਰ ਨੂੰ ਦੋਵੇਂ ਪਾਰਟੀਆਂ ਭਾਜਪਾ ਦੇ ਸਿਆਸੀ ਡਿਨਰ ਤੋਂ ਗੈਰ-ਹਾਜ਼ਰ ਰਹੀਆਂ।
ਦੱਸਿਆ ਜਾ ਰਿਹਾ ਹੈ ਕਿ ਭਾਜਪਾ ਨੇ ਇਨ੍ਹਾਂ ਦੋਵਾਂ ਨਜ਼ਦੀਕੀ ਪਾਰਟੀਆਂ ਨੂੰ ਸੱਦਾ ਨਹੀਂ ਦਿੱਤਾ ਸੀ।
ਅਸਦੁਦੀਨ ਓਵੈਸੀ ਦੀ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਪਾਰਟੀ ਵੀ ਅਜੇ ਕਿਸੇ ਗਠਜੋੜ ਦਾ ਹਿੱਸਾ ਨਹੀਂ ਹੈ।

ਤਸਵੀਰ ਸਰੋਤ, Getty Images
ਕੀ ਹੈ ਇਹ ਪਾਰਟੀਆਂ ਵੋਟ ਕੱਟਣਗੀਆਂ
ਲੋਕ ਸਭਾ ਚੋਣਾਂ ਹੋਣ ਵਿੱਚ ਹੁਣ 10 ਮਹੀਨੇ ਬਾਕੀ ਹਨ। ਇਹ ਲੰਬਾ ਸਮਾਂ ਹੈ ਅਤੇ ਸਿਆਸੀ ਸਮੀਕਰਨ ਚੋਣਾਂ ਵੇਲੇ ਤੇਜ਼ੀ ਨਾਲ ਬਦਲਦੇ ਹਨ, ਪਰ ਜੇਕਰ ਤੁਸੀਂ ਮੰਗਲਵਾਰ ਦੀ ਤਸਵੀਰ ਨੂੰ ਦੇਖ ਕੇ ਆਉਣ ਵਾਲੀਆਂ ਚੋਣਾਂ ਕਿਹੋ ਜਿਹੀਆਂ ਹੋ ਸਕਦੀਆਂ ਹਨ, ਅੰਦਾਜ਼ਾ ਲਗਾਓ ਤਾਂ ਉਹ ਕੀ ਭੂਮਿਕਾ ਹੋਵੇਗੀ ਜੋ ਇਹ ਪਾਰਟੀਆਂ ਨਿਭਾਉਣਗੀਆਂ।
ਸੀਨੀਅਰ ਪੱਤਰਕਾਰ ਪ੍ਰਮੋਦ ਜੋਸ਼ੀ ਕਹਿੰਦੇ ਹਨ, “ਜ਼ਿਆਦਾਤਰ ਪਾਰਟੀਆਂ ਜੋ ਅਜੇ ਤੱਕ ਕਿਸੇ ਗਠਜੋੜ ਦਾ ਹਿੱਸਾ ਨਹੀਂ ਹਨ, ਉਹ ਵਿਵਹਾਰ ਵਿੱਚ ਸੁਰੱਖਿਅਤ ਹਨ ਅਤੇ ਉਨ੍ਹਾਂ ਦਾ ਵੋਟ ਬੈਂਕ ਘੱਟ-ਜ਼ਿਆਦਾ ਉਹੀ ਹੈ ਜੋ ਵਿਰੋਧੀ ਧਿਰ ਦੇ ਗਠਜੋੜ ਦਾ ਵੋਟਬੈਂਕ ਹੈ।"
ਅਜਿਹੇ 'ਚ ਜੇਕਰ ਉਹ ਇਕੱਲਿਆਂ ਚੋਣ ਮੈਦਾਨ 'ਚ ਉਤਰਦੀਆਂ ਹਨ ਤਾਂ 'ਇੰਡੀਆ' ਗਠਜੋੜ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਹ ਵੀ ਸੰਭਵ ਹੈ ਕਿ ਉਹ ਭਾਜਪਾ ਨਾਲ ਅੰਦਰਖ਼ਾਤੇ ਸੌਦਾ ਕਰ ਲੈਣ ਕਿ ਵਿਰੋਧੀ ਦੇ ਵੋਟ ਵਿੱਚ ਉਹ ਢਾਹ ਲਗਾ ਕੇ ਭਾਜਪਾ ਨੂੰ ਥੋੜ੍ਹਾ-ਬਹੁਤ ਫਾਇਦਾ ਪਹੁੰਚਾ ਦੇਣ।"
ਸੁਨੀਤਾ ਅਰੋਨ ਦਾ ਵੀ ਮੰਨਣਾ ਹੈ ਕਿ ਹੁਣ ਤੱਕ ਦੇ ਹਾਲਾਤ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਆਉਣ ਵਾਲੀਆਂ ਚੋਣਾਂ ਦੋ ਗਠਜੋੜਾਂ ਵਿਚਾਲੇ ਹੀ ਲੜੀਆਂ ਜਾਣਗੀਆਂ।
ਇੱਕ ਗੱਠਜੋੜ ਸੈਕੂਲਰ ਹੋਵੇਗਾ ਅਤੇ ਦੂਜਾ ਹਿੰਦੂਵਾਦੀ ਅਕਸ ਵਾਲਾ ਹੋਵੇਗਾ, ਪਰ ਜੇਕਰ ਇਹ ਚੋਣਵੀਆਂ ਪਾਰਟੀਆਂ ਇਕੱਲੇ ਮੈਦਾਨ ਵਿੱਚ ਉਤਰਦੀਆਂ ਹਨ ਤਾਂ ਉਨ੍ਹਾਂ ਦੀ ਭੂਮਿਕਾ ਵੋਟ ਕੱਟਣ ਵਾਲੀ ਪਾਰਟੀ ਤੱਕ ਹੀ ਸੀਮਤ ਹੋ ਜਾਵੇਗੀ।












