ਟੀ-20 ਵਿਸ਼ਵ ਕੱਪ ’ਚ ਵੱਡਾ ਫੇਰਬਦਲ : ਪਹਿਲੀ ਵਾਰ ਅਫ਼ਗਾਨਿਸਤਾਨ ਨੇ ਕਿਵੇਂ ਦਿੱਤੀ ਆਸਟ੍ਰੇਲੀਆ ਨੂੰ ਮਾਤ

ਤਸਵੀਰ ਸਰੋਤ, Getty Images
ਟੀ20 ਵਿਸ਼ਵ ਕੱਪ ਅਫ਼ਗਾਨਿਸਤਾਨ ਨੇ ਆਸਟ੍ਰੇਲੀਆ ਨੂੰ 21 ਦੌੜਾਂ ਨਾਲ ਹਰਾਇਆ
ਟੀ20 ਵਿਸ਼ਵ ਕੱਪ ਦੇ ਸੂਪਰ 8 ਦੇ ਮੁਕਾਬਲੇ ਵਿੱਚ ਅਫ਼ਗਾਨਿਸਤਾਨ ਨੇ ਆਸਟ੍ਰੇਲੀਆ ਨੂੰ 21 ਦੌੜਾਂ ਨਾਲ ਹਰਾ ਦਿੱਤਾ। ਅਫ਼ਗਾਨਿਸਤਾਨ ਨੇ ਪਹਿਲੀ ਵਾਰ ਆਸਟ੍ਰੇਲੀਆ ਨੂੰ ਹਰਾਇਆ ਹੈ।
ਆਸਟ੍ਰੇਲੀਆ ਦੇ ਕਪਤਾਨ ਮਿਸ਼ੇਲ ਮਾਰਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫ਼ਗਾਨਿਸਤਾਨ ਨੇ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਉੱਤੇ 148 ਦੌੜਾਂ ਬਣਾਈਆਂ।
ਅਫ਼ਗਾਨਿਸਤਾਨ ਵੱਲੋਂ ਰਹਿਮਾਨਉੱਲ੍ਹਾ ਜ਼ਰਦਾਨ ਨੇ 118 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ। ਇਹ ਟੀ20 ਵਿਸ਼ਵ ਕੱਪ ਵਿੱਚ ਆਸਟ੍ਰੇਲੀਆ ਦੇ ਖਿਲਾਫ਼ ਤੀਜੀ ਸਭ ਤੋਂ ਵੱਡੀ ਸਾਂਝੇਦਾਰੀ ਹੈ।
149 ਦੌੜਾ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ 20 ਓਵਰਾਂ ਵਿੱਚ 127 ਦੌੜਾਂ ਹੀ ਬਣਾ ਸਕਿਆ।
ਆਸਟ੍ਰੇਲੀਆ ਵੱਲੋਂ ਸਭ ਤੋਂ ਜ਼ਿਆਦਾ ਗਲੇਨ ਮੈਕਸਵੈਲ ਨੇ 41 ਗੇਂਦਾਂ ਉੱਤੇ 59 ਦੌੜਾਂ ਬਣਾਈਆਂ।
ਅਫ਼ਗਾਨਿਸਤਾਨ ਦੇ ਤੇਜ਼ ਗੇਂਦਬਾਜ਼ ਗੁਲਬਦਿਨ ਨਾਯਬ ਨੇ 4 ਓਵਰਾਂ ਵਿੱਚ 20 ਰਨ ਦੇ ਕੇ 4 ਵਿਕਟ ਲਏ। ਇਸ ਲਈ ਉਨ੍ਹਾਂ ਨੂੰ ਪਲੇਅਰ ਆਫ ਦਿ ਮੈਚ ਦਿੱਤਾ ਗਿਆ।

ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਇਸ ਮੈਚ ਵਿੱਚ ਹੈਟ੍ਰਿਕ ਵਿਕਟ ਲੈ ਕੇ ਇਤਿਹਾਸ ਰਚ ਦਿੱਤਾ। ਉਹ ਕਿਸੇ ਟੀ20 ਵਿਸ਼ਵ ਕੱਫ ਕੱਪ ਵਿੱਚ 2 ਵਾਰ ਹੈਟ੍ਰਿਕ ਲੈਣ ਵਾਲੇ ਪਹਿਲੇ ਗੇਂਦਬਾਜ਼ ਬਣ ਗਏ ਹਨ।
ਕਮਿੰਸ ਨੇ ਚਾਰ ਓਵਰਾਂ ਵਿੱਚ 28 ਦੌੜਾਂ ਦੇ ਕੇ ਤਿੰਨ ਵਿਕਟ ਲਏ। ਕਮਿੰਸ ਨੇ ਪਿਛਲੇ ਮੈਚ ਵਿੱਚ ਵੀ ਬੰਗਲਾਦੇਸ਼ ਦੇ ਖਿਲਾਫ਼ ਲਗਤਾਰ ਤਿੰਨ ਵਿਕਟਾਂ ਲਈਆਂ ਸਨ।
ਇਸ ਟੀ20 ਵਿਸ਼ਵ ਕੱਪ ਵਿੱਚ ਆਸਟ੍ਰੇਲੀਆ ਆਪਣਾ ਪਹਿਲਾ ਮੈਚ ਹਾਰਿਆ ਹੈ।
ਜਿੱਤ ਤੋਂ ਬਾਅਦ ਅਫ਼ਗਾਨਿਸਤਾਨ ਟੀਮ ਦੇ ਕਪਤਾਨ ਨੇ ਕੀ ਕਿਹਾ

ਤਸਵੀਰ ਸਰੋਤ, Getty Images
ਜਿੱਤ ਹਾਸਲ ਕਰਨ ਤੋਂ ਬਾਅਦ ਅਫ਼ਗਾਨਿਸਤਾਨ ਟੀਮ ਦੇ ਕਪਤਾਨ ਰਾਸ਼ਿਦ ਖ਼ਾਨ ਨੇ ਕਿਹਾ, “ਇਹ ਇੱਕ ਟੀਮ ਵਜੋਂ ਅਤੇ ਦੇਸ ਲਈ ਬਹੁਤ ਵੱਡੀ ਜਿੱਤ ਹੈ। ਇਸ ਜਿੱਤ ਨੂੰ ਪਿਛਲੇ ਦੋ ਸਾਲਾਂ ਵਿੱਚ ਕਾਫ਼ੀ ਮਿਸ ਕੀਤਾ ਹੈ। 2022 ਅਤੇ 2023 ਵਿਸ਼ਵ ਕੱਪ ਵਿੱਚ ਅਸੀਂ ਕੁਝ ਦੌੜਾਂ ਨਾਲ ਖੁੰਝ ਗਏ ਸੀ।”
“ਜਿਸ ਤਰ੍ਹਾਂ ਸਾਡੇ ਖਿਡਾਰੀ ਖੇਡੇ ਹਨ, ਉਸ ਉੱਤੇ ਮੈਨੂੰ ਮਾਣ ਹੈ।”
ਉਨ੍ਹਾਂ ਨੇ ਕਿਹਾ, “ਅਸੀਂ ਕਾਫ਼ੀ ਖੁਸ਼ ਹਾਂ ਕਿ ਗਰੁੱਪ ਸਟੇਜ ਵਾਲੇ ਪੁਆਇੰਟ 11 ਦੇ ਨਾਲ ਇਸ ਮੈਚ ਵਿੱਚ ਉੱਤਰੇ ਅਤੇ ਸਾਨੂੰ ਜਿੱਤ ਵੀ ਮਿਲੀ।”
“ਅਸੀਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਾਡੇ ਦਿਮਾਗ ਵਿੱਚ ਸੀ ਕਿ ਇਸ ਵਿਕਟ ਲਈ 140 ਚੰਗਾ ਸਕੋਰ ਹੈ। ਲੇਕਿਨ ਅਸੀਂ ਜਿਵੇਂ ਚਾਹੁੰਦੇ ਸੀ ਪਾਰੀ ਖ਼ਤਮ ਨਹੀਂ ਕਰ ਸਕੇ। ਇਹ ਅਜਿਹਾ ਵਿਕੇਟ ਸੀ ਜਿੱਥੇ ਤੁਸੀਂ ਸਮੇਂ ਨਾਲ ਸੰਘਰਸ਼ ਕਰੋਂਗੇ ਅਤੇ ਅਸੀਂ ਆਖਰੀ ਓਵਰ ਤੱਕ ਕਾਫ਼ੀ ਸੰਘਰਸ਼ ਕੀਤਾ।”
“ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਲਾਮੀ ਬੱਲੇਬਾਜ਼ਾਂ ਨੇ ਸਾਨੂੰ ਚੰਗੀ ਸ਼ੁਰੂਆਤ ਦਿੱਤੀ। ਇਸ ਕਾਰਨ ਅਸੀਂ ਜੋ ਟੋਟਲ ਸੋਚਿਆ ਸੀ ਅਸੀਂ ਉੱਥੇ ਤੱਕ ਪਹੁੰਚ ਸਕੇ।”
“ਸਾਡੇ ਲਈ ਇਹ ਸਿਰਫ਼ ਸ਼ੁਰੂਆਤ ਹੈ। ਅੱਗੇ ਵੱਡੀ ਖੇਡ ਹੈ। ਸਾਨੂੰ ਸੈਮੀ-ਫਾਈਨਲ ਵਿੱਚ ਪਹੁੰਚਣ ਦੀ ਪੂਰੀ ਉਮੀਦ ਹੈ।”
ਸਾਬਕਾ ਭਾਰਤੀ ਖਿਡਾਰੀ ਵੱਲੋਂ ਵਧਾਈ

ਤਸਵੀਰ ਸਰੋਤ, Getty Images
ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਵਸੀਮ ਜ਼ਾਫਰ ਨੇ ਅਫ਼ਗਾਨਿਸਤਾਨ ਨੂੰ ਜਿੱਤ ਉੱਤੇ ਵਧਾਈ ਦਿੱਤੀ ਹੈ।
ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਲਿਖਿਆ, ਇਸ ਜਿੱਤ ਨੂੰ ਉਲਟਫ਼ੇਰ ਕਹਿਣਾ ਅਫ਼ਗਾਨਿਸਤਾਨ ਦੀ ਟੀਮ ਦਾ ਅਪਮਾਨ ਹੋਵੇਗਾ। ਅਫ਼ਗਾਨਿਸਤਾਨ ਦੀ ਟੀਮ ਕਿਸੇ ਨੂੰ ਵੀ ਹਰਾਉਣ ਵਿੱਚ ਸਮਰੱਥ ਹੈ।
ਉਨ੍ਹਾਂ ਨੇ ਅੱਜ ਆਪਣੀ ਸਮਰੱਥਾ ਮੁਤਾਬਕ ਖੇਡਿਆ ਅਤੇ ਆਸਟ੍ਰੇਲੀਆ ਵਰਗੀ ਚੰਗੀ ਟੀਮ ਨੂੰ ਹਰਾ ਦਿੱਤਾ। ਇਹ ਸਚਾਈ ਹੈ ਅਤੇ ਇਸ ਜਿੱਤ ਦਾ ਜਸ਼ਨ ਮਨਾਉਣਾ ਚਾਹੀਦਾ ਹੈ।
ਇਹ ਪਹਿਲਾ ਮੌਕਾ ਹੈ ਜਦੋਂ ਅਫ਼ਗਾਨਿਸਤਾਨ ਨੇ ਆਸਟ੍ਰੇਲੀਆ ਨੂੰ ਹਰਾਇਆ ਹੈ। ਇਸ ਇਤਿਹਾਸਕ ਜਿੱਤ ਤੋਂ ਬਾਅਦ ਅਫ਼ਗਾਨਿਸਤਾਨ ਟੀਮ ਦੀਆਂ ਸਿਫ਼ਤਾਂ ਹੋ ਰਹੀਆਂ ਹਨ।
ਜੇ ਇਸ ਮੈਚ ਵਿੱਚ ਅਫ਼ਗਾਨਿਸਤਾਨ ਦੀ ਜਿੱਤ ਨਾ ਹੁੰਦੀ ਤਾਂ ਆਸਟ੍ਰੇਲੀਆ ਅਤੇ ਭਾਰਤ ਸੌਖੇ ਹੀ ਸੈਮੀ-ਫਾਈਨਲ ਵਿੱਚ ਪਹੁੰਚ ਜਾਂਦੇ।
ਹਾਲਾਂਕਿ ਅਫ਼ਗਾਨਿਸਤਾਨ ਦੀ ਜਿੱਤ ਨੇ ਟੂਰਨਾਮੈਂਟ ਦੇ ਗਰੁੱਪ ਮੈਚਾਂ ਨੂੰ ਇੱਕ ਵਾਰ ਫਿਰ ਦਲਿਚਸਪ ਬਣਾ ਦਿੱਤਾ ਹੈ।

ਅਫ਼ਗਾਨਿਸਤਾਨ ਦੀ ਇਤਿਹਾਸਕ ਜਿੱਤ
ਜਦੋਂ ਅਫ਼ਗਾਨਿਸਤਾਨ ਨੂੰ ਪਹਿਲਾਂ ਬੱਲੇਬਾਜ਼ੀ ਦਾ ਮੌਕਾ ਮਿਲਿਆ ਤਾਂ ਜਲਦੀ ਹੀ ਸਪਸ਼ਟ ਹੋ ਗਿਆ ਕਿ ਬੱਲੇਬਾਜ਼ੀ ਸੌਖੀ ਨਹੀਂ ਹੋਣ ਜਾ ਰਹੀ।
ਮਾਰਸ਼ ਨੇ ਦੱਸਿਆ, “ਸਾਨੂੰ ਅੱਜ ਖੇਡ ਵਿੱਚ ਪਿੱਛੇ ਛੱਡਿਆ ਗਿਆ” ਉਨ੍ਹਾਂ ਨੇ ਅੱਗੇ ਕਿਹਾ, “ਮੈਂ ਨਹੀਂ ਸਮਝਦਾ ਕਿ ਟੌਸ ਕਾਰਨ ਹਾਰ ਜਾਂ ਜਿੱਤ ਹੋਈ ਹੈ, ਮੈਂ ਪਹਿਲਾਂ ਗੇਂਦਬਾਜ਼ੀ ਕਰਕੇ ਬਹੁਤ ਖੁਸ਼ ਸੀ।”
ਜਿਵੇਂ ਜਿਵੇਂ ਪਾਰੀ ਅੱਗੇ ਵਧੀ ਗੁਰਬਾਜ਼ ਅਤੇ ਜ਼ਾਰਡਨ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕੀਤਾ। ਲੇਕਿਨ ਰਨ ਬਣਾਉਣਆ ਸੌਖਾ ਨਹੀਂ ਸੀ ਪਰ ਉਨ੍ਹਾਂ ਨੇ ਵਿਕਟਾਂ ਦੇ ਵਿੱਚ ਦੌੜ-ਦੌੜ ਕੇ ਸਕੋਰ ਬੋਰਡ ਨੂੰ ਗਤੀਸ਼ੀਲ ਰੱਖਿਆ।
ਅਫ਼ਗਾਨਿਸਤਾਨ ਦੀ ਟੀਮ ਨੂੰ ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਜੋਨਥਨ ਟਰੋਟ ਨੇ ਸਿਖਲਾਈ ਦਿੱਤੀ ਹੈ।

ਤਸਵੀਰ ਸਰੋਤ, Getty Images
ਦੂਜੀ ਪਾਰੀ ਵਿੱਚ ਜਦੋਂ ਅਫ਼ਗਾਨਿਸਤਾਨ ਦੇ ਨਵੀਨ-ਉਲ-ਹੱਕ ਨੇ ਟਰੇਵਿਸ ਹੈਡ, ਮਿਸ਼ੇਲ ਮਾਰਸ਼ ਨੂੰ ਆਊਟ ਕੀਤਾ।
ਜਦੋਂ ਪਾਵਰ ਪਲੇ ਵਿੱਚ ਡੇਵਿਡ ਵਾਰਨਰ ਦੀ ਵਿਕਟ ਗਈ ਤਾਂ, ਮੈਚ ਉੱਤੇ ਅਫ਼ਗਾਨਿਸਤਾਨ ਦੀ ਪਕੜ ਸੀ। ਲੇਕਿਨ ਉਹ ਜਾਣਦੇ ਸਨ ਕਿ ਜਦੋਂ ਤੱਕ ਮੈਕਸਵੈਲ ਮੈਦਾਨ ਵਿੱਚ ਮੌਜੂਦ ਹਨ ਤਾਂ ਖੁਸ਼ ਹੋਣ ਦਾ ਮੌਕਾ ਨਹੀਂ ਹੈ।
ਅਫ਼ਗਾਨਿਸਤਾਨ ਦੇ ਸ਼ੁਰੂਆਤੀ ਬੱਲੇਬਾਜ਼ਾਂ ਨੇ ਕੁਝ ਪੇਚੀਦਾ ਓਵਰਾਂ ਦਾ ਸਾਹਮਣਾ ਕੀਤਾ ਅਤੇ ਪਾਵਰਪਲੇ ਦੇ ਅਖੀਰ ਵਿੱਚ ਤੇਜ਼ੀ ਫੜ ਲਈ।
ਆਸਟ੍ਰੇਲੀਆ ਦੇ ਇਸ ਹਰਫਨ ਮੌਲਾ ਨੇ ਅਫ਼ਗਾਨਿਸਤਾਨ ਨੂੰ, ਭਾਰਤ ਵਿੱਚ ਖੇਡੇ ਗਏ ਮੈਚ ਦੌਰਾਨ, ਜਦੋਂ ਟੂਰਨਾਮੈਂਟ ਵਿੱਚ 50 ਓਵਰ ਹੁੰਦੇ ਸਨ, ਅੱਗੇ ਵਧਣ ਤੋਂ ਰੋਕ ਦਿੱਤਾ ਸੀ।

ਤਸਵੀਰ ਸਰੋਤ, Getty Images
ਉਹ ਇਸ ਵਾਰ ਵੀ ਉਹੀ ਕਾਰਨਾਮਾ ਕਰ ਸਕਦੇ ਸਨ। ਲੇਕਿਨ ਇਸ ਵਾਰ ਅਫ਼ਗਾਨਿਸਤਾਨ ਦੀ ਟੀਮ ਰੁਕਣ ਵਾਲੀ ਨਹੀਂ ਸੀ।
ਨਾਇਬ ਨੇ ਮੈਕਸਵੈਲ ਨੂੰ ਲਗਭਗ ਇੱਕ ਹੱਥ ਦੀ ਵਰਤੋਂ ਕਰਕੇ ਹੀ ਕੈਚ ਕਰ ਲਿਆ। ਨਾਇਬ ਨੇ ਮੈਕਸਵੈਲ ਸਮੇਤ ਚਾਰ ਵਿਕਟਾਂ ਲਈਆਂ। ਉਨ੍ਹਾਂ ਨੇ ਐਸ਼ਟਨ ਐਗਰ ਨੂੰ ਸ਼ਾਨਦਾਰ ਕੈਚ ਫੜ ਕੇ ਪੈਵਿਲੀਅਨ ਵਾਪਸ ਭੇਜਿਆ।
ਐਡਮ ਜ਼ੈਮਪਾ ਆਖਰੀ ਬੱਲੇਬਾਜ਼ ਸਨ। ਮੈਚ ਦੀਆਂ ਚਾਰ ਗੇਂਦਾਂ ਰਹਿੰਦੀਆਂ ਸਨ ਤਾਂ ਉਨ੍ਹਾਂ ਨੇ ਅਜ਼ਮਤਉੱਲ੍ਹਾ ਨੂੰ ਆਪਣਾ ਕੈਚ ਦਿੱਤਾ। ਇਸ ਨਾਲ ਹੀ ਅਫ਼ਗਾਨਿਸਤਾਨ ਨੂੰ ਯਾਦਗਾਰੀ ਜਿੱਤ ਮਿਲ ਗਈ।
ਜਿੱਤ ਦੇ ਜਸ਼ਨ ਦੱਸ ਰਹੇ ਸਨ ਕਿ ਅਫ਼ਗਾਨਿਸਤਾਨ ਨੇ ਆਸਟ੍ਰੇਲੀਆ ਨੂੰ ਹਰਾ ਦਿੱਤਾ ਸੀ। ਹੁਣ ਅਫ਼ਗਾਨਿਸਤਾਨ ਕੋਲ ਇੱਕ ਮੌਕਾ ਹੈ, ਵਿਸ਼ਵ ਕੱਪ ਦੇ ਮੁੱਕਣ ਤੋਂ ਪਹਿਲਾਂ ਕੁਝ ਨਵੇਂ ਪੈਰ੍ਹੇ ਲਿਖਣ ਦਾ।
ਗੁਲਬਦਿਨ ਨੇ ਕਿਹਾ, “ਸਾਡਾ ਸਫ਼ਰ ਹੁਣ ਸ਼ੁਰੂ ਹੋਇਆ ਹੈ। ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਕੋਲ ਇਸ ਤਰ੍ਹਾਂ ਦੀ ਟੀਮ ਹੈ।”












