ਇਜ਼ਰਾਇਲੀ ਫੌਜ ਨੇ ਜ਼ਖਮੀ ਫਲਸਤੀਨੀ ਨੂੰ ਜੀਪ ਦੇ ਬੋਨਟ ’ਤੇ ਬੰਨ੍ਹਿਆ, ਫੌਜ ਨੇ ਪ੍ਰੋਟੋਕੋਲ ਬਾਰੇ ਕੀ ਕਿਹਾ

ਤਸਵੀਰ ਸਰੋਤ, REUTERS
- ਲੇਖਕ, ਰੌਬਰਟ ਪਲਮਰ
- ਰੋਲ, ਬੀਬੀਸੀ ਨਿਊਜ਼
ਇਜ਼ਰਾਇਲੀ ਫੌਜ ਨੇ ਕਿਹਾ ਹੈ ਕਿ ਉਸ ਦੇ ਸੁਰੱਖਿਆ ਬਲਾਂ ਨੇ ਇੱਕ ਜ਼ਖਮੀ ਫਲਸਤੀਨੀ ਨੂੰ ਜੀਪ ਨਾਲ ਬੰਨ੍ਹ ਕੇ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਹੈ।
ਵੈਸਟ ਬੈਂਕ ਵਿੱਚ ਜੇਨਿਨ ਸ਼ਹਿਰ ਵਿੱਚ ਇੱਕ ਛਾਪੇਮਾਰੀ ਦੌਰਾਨ ਸੁਰੱਖਿਆ ਦਸਤਿਆਂ ਵੱਲੋਂ ਇਹ ਕਾਰਵਾਈ ਕੀਤੀ ਗਈ।
ਸੋਸ਼ਲ ਮੀਡੀਆ ਉੱਤੇ ਇਸ ਘਟਨਾ ਸਬੰਧੀ ਵੀਡੀਓ ਵਾਇਲਰ ਹੋਣ ਤੋਂ ਬਾਅਦ ਇਜ਼ਰਾਇਲੀ ਡਿਫੈਂਸ ਫੋਰਸਜ਼ (ਆਈਡੀਐੱਫ਼) ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
ਆਈਡੀਐੱਫ਼ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਛਾਪੇਮਾਰੀ ਦੌਰਾਨ ਗੋਲੀਬਾਰੀ ਦੌਰਾਨ ਇੱਕ ਸ਼ੱਕੀ ਵਿਅਕਤੀ ਜ਼ਖਮੀ ਹੋ ਗਿਆ ਸੀ।
ਜ਼ਖਮੀ ਵਿਅਕਤੀ ਦੇ ਪਰਿਵਾਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਐਂਬੂਲੈਂਸ ਦੇ ਲਈ ਕਿਹਾ ਤਾਂ ਫੌਜ ਦੇ ਜਵਾਨ ਆਏ ਅਤੇ ਉਸ ਨੂੰ ਜੀਪ ਦੇ ਬੋਨਟ ਨਾਲ ਬੰਨ੍ਹ ਕੇ ਲੈ ਗਏ।
ਬਾਅਦ ’ਚ ਇਸ ਜ਼ਖਮੀ ਵਿਅਕਤੀ ਨੂੰ ਇਲਾਜ ਦੇ ਲਈ ਰੈੱਡ ਕਰਾਸ ਦੇ ਹਵਾਲੇ ਕਰ ਦਿੱਤਾ ਗਿਆ।
ਆਈਡੀਐੱਫ਼ ਨੇ ਅੱਗੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਮੌਕੇ ਉੱਤੇ ਮੌਜੂਦ ਚਸ਼ਮਦੀਦ ਲੋਕਾਂ ਨੇ ਨਿਊਜ਼ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਉਹ ਸਥਾਨਕ ਵਿਅਕਤੀ ਹੈ ਅਤੇ ਉਸ ਦਾ ਨਾਮ ਮੁਜਾਹਿਦ ਆਜ਼ਮੀ ਹੈ।
ਇਜ਼ਰਾਇਲੀ ਫੌਜ ਨੇ ਕੀ ਦੱਸਿਆ?
ਇਜ਼ਰਾਇਲੀ ਫੌਜ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ “ ਸਵੇਰੇ (ਸ਼ਨੀਵਾਰ) ਨੂੰ ਵਾਦੀ ਬੁਰਕਿਨ ਇਲਾਕੇ ਵਿੱਚ ਵਾਂਟੇਡ ਸ਼ੱਕੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਚਲਾਈ ਗਈ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਦਹਿਸ਼ਤਗਰਦਾਂ ਨੇ ਇਜ਼ਰਾਇਲੀ ਫੌਜ ਦੇ ਜਵਾਨਾਂ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ, ਜਿਸ ਦੇ ਜਵਾਬ ਵਿੱਚ ਸੈਨਿਕਾਂ ਨੇ ਵੀ ਗੋਲੀਬਾਰੀ ਕੀਤੀ।”
“ਇਸ ਮੁਕਾਬਲੇ ਦੌਰਾਨ ਇੱਕ ਸ਼ੱਕੀ ਵਿਅਕਤੀ ਜ਼ਖਮੀ ਹੋ ਗਿਆ ਸੀ, ਜਿਸ ਨੂੰ ਹਿਰਾਸਤ ’ਚ ਲੈ ਲਿਆ ਗਿਆ। ਹੁਕਮਾਂ ਅਤੇ ਆਮ ਪ੍ਰਕਿਰਿਆ ਦੀ ਉਲੰਘਣਾ ਕਰਦੇ ਹੋਏ ਉਸ ਸ਼ੱਕੀ ਨੂੰ ਗੱਡੀ ਦੇ ਉੱਪਰ ਬੰਨ੍ਹ ਕੇ ਲਿਜਾਇਆ ਗਿਆ।”
ਬਿਆਨ ਵਿੱਚ ਕਿਹਾ ਗਿਆ ਹੈ,“ ਵੀਡੀਓ ਵਿੱਚ ਜੋ ਘਟਨਾ ਰਿਕਾਰਡ ਹੋਈ ਹੈ ਉਹ ਇਜ਼ਰਾਇਲੀ ਫੌਜ ਦੀਆ ਕਦਰਾਂ-ਕੀਮਤਾਂ ਦੇ ਅਨੁਕੂਲ ਨਹੀਂ ਹੈ। ਘਟਨਾ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਦੇ ਅਧਾਰ ਉੱਤੇ ਹੀ ਕਾਰਵਾਈ ਨੂੰ ਹੋਵੇਗੀ।”
ਦੂਜੇ ਪਾਸੇ , 7 ਅਕਤੂਬਰ ਨੂੰ ਦੱਖਣੀ ਇਜ਼ਰਾਈਲ ਉੱਤੇ ਹਮਾਸ ਦੇ ਹਮਲੇ ਤੋਂ ਬਾਅਦ ਗਾਜ਼ਾ ਪੱਟੀ ਵਿੱਚ ਜਦੋਂ ਦੀ ਜੰਗ ਸ਼ੁਰੂ ਹੋਈ ਹੈ, ਉਦੋਂ ਤੋਂ ਹੀ ਵੈਸਟ ਬੈਂਕ ਵਿੱਚ ਹਿੰਸਾ ਵਧ ਗਈ ਹੈ।
ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਪੂਰਬੀ ਯੇਰੂਸ਼ਲਮ ਸਮੇਤ ਵੈਸਟ ਬੈਂਕ ਵਿੱਚ ਵਾਪਰੀਆਂ ਕਈ ਘਟਨਾਵਾਂ ਵਿੱਚ ਹੁਣ ਤੱਕ 480 ਫਲਸਤੀਨੀ ਮਾਰੇ ਗਏ ਹਨ, ਜਿਨ੍ਹਾਂ ਵਿੱਚ ਹਥਿਆਰਬੰਦ ਸਮੂਹਾਂ ਦੇ ਮੈਂਬਰ, ਹਮਲਾਵਰ ਅਤੇ ਆਮ ਨਾਗਰਿਕ ਸ਼ਾਮਲ ਹਨ।
ਵੈਸਟ ਬੈਂਕ ਵਿੱਚ 6 ਸੁਰੱਖਿਆ ਬਲਾਂ ਦੇ ਮੈਂਬਰਾਂ ਸਮੇਤ 10 ਇਜ਼ਰਾਇਲੀ ਮਾਰੇ ਗਏ ਹਨ।
ਇਜ਼ਰਾਈਲ ਅਤੇ ਫਲਸਤੀਨੀ ਲੋਕਾਂ ਬਾਰੇ ਹੋਰ ਕਹਾਣੀਆਂ ਇੱਥੇ ਪੜ੍ਹੋ।

ਦੋ ਹਵਾਈ ਹਮਲਿਆਂ ’ਚ 38 ਫਲਸਤੀਨੀਆਂ ਦੀ ਮੌਤ
ਹਮਾਸ ਨੇ ਕਿਹਾ ਹੈ ਕਿ ਸ਼ਨੀਵਾਰ ਨੂੰ ਗਾਜ਼ਾ ਸ਼ਹਿਰ ਵਿੱਚ ਦੋ ਵੱਖ-ਵੱਖ ਇਜ਼ਰਾਇਲੀ ਹਵਾਈ ਹਮਲਿਆਂ ਵਿੱਚ ਘੱਟ ਤੋਂ ਘੱਟ 38 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹਾਲਤ ’ਚ ਹਨ।
ਇਜ਼ਰਾਇਲੀ ਫੌਜ ਨੇ ਕਿਹਾ ਹੈ ਕਿ ਲੜਾਕੂ ਜਹਾਜ਼ਾਂ ਨੇ ਹਮਾਸ ਦੇ ਮਿਲਟਰੀ ਢਾਂਚੇ ਉੱਤੇ ਨਿਸ਼ਾਨਾ ਸਾਧਿਆ ਸੀ। ਇਸ ਸਬੰਧੀ ਵਧੇਰੇ ਜਾਣਕਾਰੀ ਬਾਅਦ ਵਿੱਚ ਦਿੱਤੀ ਜਾਵੇਗੀ।
ਗਾਜ਼ਾ ਸਿਵਲ ਡਿਫੈਂਸ ਦੇ ਬੁਲਾਰੇ ਨੇ ਕਿਹਾ ਕਿ ਗਾਜ਼ਾ ਦੇ ਇਤਿਹਾਸਿਕ ਸ਼ਰਨਾਰਥੀ ਕੈਂਪ ਅਲ-ਸ਼ਾਤੀ ਇਲਾਕੇ ਦੇ ਰਿਹਾਇਸ਼ੀ ਹਿੱਸੇ ਵਿੱਚ ਕਈ ਹਮਲੇ ਹੋਏ ਹਨ।
ਹਮਾਸ ਦੁਆਰ ਚਲਾਏ ਜਾ ਰਹੇ ਸਰਕਾਰੀ ਮੀਡੀਆ ਦਫ਼ਤਰ ਨੇ ਕਿਹਾ ਹੈ ਕਿ ਇੱਕ ਹੋਰ ਹਮਲੇ ਵਿੱਚ ਅਲ-ਤੁਫ਼ਾਹ ਖੇਤਰ ਵਿੱਚ ਕਈ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਵੀਡੀਓ ਫੁਟੇਜ ਵਿੱਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਧੂੜ-ਮਿੱਟੀ ਅਤੇ ਮਲਬੇ ਨਾਲ ਭਰੀ ਸੜਕ ’ਤੇ ਲੋਕ ਜ਼ਖਮੀਆਂ ਨੂੰ ਚੁੱਕ ਕੇ ਲਿਜਾ ਰਹੇ ਹਨ ਅਤੇ ਜ਼ਿੰਦਾ ਬਚੇ ਲੋਕਾਂ ਦੀ ਭਾਲ ਕਰ ਰਹੇ ਹਨ।

ਤਸਵੀਰ ਸਰੋਤ, Reuters
ਇਸ ਤੋਂ ਪਹਿਲਾਂ ਆਈਆਂ ਰਿਪੋਰਟਾਂ ’ਚ ਮਰਨ ਵਾਲਿਆਂ ਦੀ ਗਿਣਤੀ 42 ਦੱਸੀ ਗਈ ਸੀ।
ਇਜ਼ਰਾਇਲੀ ਮੀਡੀਆ ਵਿੱਚ ਪ੍ਰਕਾਸ਼ਿਤ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਹਮਲਿਆਂ ਵਿੱਚ ਹਮਾਸ ਦੇ ਸੀਨੀਅਰ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਗਾਜ਼ਾ ਸ਼ਹਿਰ ਵਿੱਚ ਇੱਕ ਸਿਵਲ ਡਿਫੈਂਸ ਦੇ ਤਰਜਮਾਨ ਹੁਸੈਨ ਮੁਹੈਸੇਨ ਨੇ ਖ਼ਬਰ ਏਜੰਸੀ ਏਐਫਪੀ ਨੂੰ ਦੱਸਿਆ ਕਿ ਹਮਲੇ ਦਾ ਅਸਰ ਕਿਸੇ ਭੂਚਾਲ ਵਾਂਗਰ ਸੀ।
ਉਨ੍ਹਾਂ ਨੇ ਕਿਹਾ, “ਪੂਰੇ ਇਲਾਕੇ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਘਰ ਤਬਾਹ ਹੋ ਗਏ ਹਨ। ਅਜੇ ਵੀ ਮਲਬੇ ਹੇਠ ਕਈ ਪਰਿਵਾਰ ਦੱਬੇ ਹੋਏ ਹਨ’”
“ਕੁਝ ਜ਼ਖਮੀਆਂ ਨੂੰ ਬੈਪਟਿਸਟ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਅਤੇ ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਜਾਰੀ ਹੈ। ਉਪਕਰਣਾਂ ਅਤੇ ਈਂਧਣ ਦੀ ਘਾਟ ਦੇ ਕਰਕੇ ਐਂਬੂਲੈਂਸਾਂ ਦੀ ਸਥਿਤੀ ਬਹੁਤ ਖਰਾਬ ਹੈ।”
ਹਮਾਸ ਦੇ ਕਿਹੜੇ ਚੋਟੀ ਦੇ ਕਮਾਂਡਰ ਨਿਸ਼ਾਨੇ ’ਤੇ ਸਨ
ਇਜ਼ਰਾਇਲੀ ਮੀਡੀਆ ਦੇ ਅਨੁਸਾਰ ਇਜ਼ਰਾਇਲੀ ਫੌਜ ਨੇ ਗਾਜ਼ਾ ਵਿੱਚ ਹਮਾਸ ਦੇ ਚੋਟੀ ਦੇ ਕਮਾਂਡਰ ਰਾਦ ਸਾਦ ਨੂੰ ਮਾਰਨ ਦਾ ਯਤਨ ਕੀਤਾ ਹੈ।
ਰਿਪੋਰਟਾਂ ਦੇ ਅਨੁਸਾਰ ਉਹ ਹਮਾਸ ਦੀਆਂ ਕਈ ਮੁਹਿੰਮਾਂ ਦੇ ਮੁਖੀ ਵੀ ਰਹਿ ਚੁੱਕੇ ਹਨ।
ਇਸ ਦੇ ਨਾਲ ਹੀ ਇਜ਼ਰਾਈਲ ਨੇ ਲੇਬਨਾਨ ਦੇ ਅੰਦਰ ਕੀਤੇ ਇੱਕ ਹਵਾਈ ਹਮਲੇ ਵਿੱਚ ਹਮਾਸ ਦੇ ਸੀਨੀਅਰ ਮੈਂਬਰ ਅਤੇ ਅਲ ਜਮਾਲ ਅਲ ਇਸਲਾਮੀਆ ਨਾਲ ਜੁੜੇ ਇੱਕ ਮੈਂਬਰ ਨੂੰ ਮਾਰਨ ਦਾ ਦਾਅਵਾ ਕੀਤਾ ਹੈ।

ਤਸਵੀਰ ਸਰੋਤ, Getty Images
ਆਈਡੀਐੱਫ ਦੇ ਅਨੁਸਾਰ ਹਮਾਸ ਕਮਾਂਡਰ ਅਯਮਾਨ ਘਤਮਾ ਹਮਾਸ ਨੂੰ ਹਥਿਆਰ ਮੁਹੱਈਆ ਕਰਵਾਉਣ ਲਈ ਜ਼ਿੰਮੇਵਾਰ ਸਨ। ਘਤਮਾ ਨੂੰ ਖੈਰਾ ਸ਼ਹਿਰ ਦੇ ਨੇੜੇ ਕਾਰ ਵਿੱਚ ਸਫ਼ਰ ਕਰਦਿਆਂ ਨਿਸ਼ਾਨਾ ਬਣਾਇਆ ਗਿਆ ਸੀ।
ਸ਼ਨੀਵਾਰ ਨੂੰ ਇਜ਼ਰਾਇਲੀ ਫੌਜ ਨੇ ਕਿਹਾ ਕਿ ਦੱਖਣੀ ਗਾਜ਼ਾ ਦੇ ਅਲ-ਮਸਾਵੀ ਇਲਾਕੇ ਵਿੱਚ ਹੋਈ ਗਲੀਬਾਰੀ ਦੀ ਸ਼ੁਰੂਆਤੀ ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ “ਰੈੱਡ ਕਰਾਸ ਉੱਤੇ ਫੌਜ ਵੱਲੋਂ ਕੋਈ ਸਿੱਧਾ ਹਮਲਾ ਨਹੀਂ ਕੀਤਾ ਗਿਆ ਸੀ।”
ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਘਟਨਾ ਦੀ ਤੁਰੰਤ ਜਾਂਚ ਕੀਤੀ ਗਈ ਅਤੇ ਨਤੀਜੇ ਸਾਹਮਣੇ ਰੱਖੇ ਗਏ ਸਨ।
ਪਿਛਲੇ ਸਾਲ 7 ਅਕਤੂਬਰ ਨੂੰ ਇਜ਼ਰਾਈਲ ਉੱਤੇ ਹਮਾਸ ਵੱਲੋਂ ਕੀਤੇ ਗਏ ਹਮਲੇ ਵਿੱਚ 1200 ਲੋਕ ਮਾਰੇ ਗਏ ਸਨ ਅਤੇ 251 ਲੋਕਾਂ ਨੂੰ ਬੰਦੀ ਬਣਾ ਕੇ ਗਾਜ਼ਾ ਲਿਜਾਇਆ ਗਿਆ ਸੀ।
ਹਮਾਸ ਵੱਲੋਂ ਚਲਾਏ ਜਾ ਰਹੇ ਸਿਹਤ ਮੰਤਰਾਲੇ ਦੇ ਅਨੁਸਾਰ ਇਸ ਤੋਂ ਬਾਅਦ ਗਾਜ਼ਾ ਉੱਤੇ ਸ਼ੁਰੂ ਹੋਏ ਇਜ਼ਰਾਇਲੀ ਹਮਲਿਆਂ ਵਿੱਚ ਹੁਣ ਤੱਕ 37,551 ਲੋਕ ਮਾਰੇ ਗਏ ਹਨ।
ਅਪ੍ਰੈਲ ਦੇ ਅੰਤ ਤੱਕ ਮਾਰੇ ਗਏ ਲੋਕਾਂ ਵਿੱਚ 14,680 ਬੱਚੇ, ਔਰਤਾਂ ਅਤੇ ਬਜ਼ੁਰਗ ਸ਼ਾਮਲ ਸਨ।








