ਰੋਪੜ ਦੇ ਪਰਗਟ ਤੋਂ ਲੈ ਕੇ ਗੁਰਦਾਸਪੁਰ ਦੇ ਦਿਲਪ੍ਰੀਤ ਸਣੇ ਪੰਜਾਬੀ ਕ੍ਰਿਕਟਰ ਜੋ ਵਿਦੇਸ਼ੀ ਟੀਮਾਂ 'ਚ ਨਾਂ ਚਮਕਾ ਰਹੇ

ਦਿਲਪ੍ਰੀਤ ਬਾਜਵਾ, ਜਸਦੀਪ ਸਿੰਘ (ਵਿਚਕਾਰ) ਪਰਗਟ ਸਿੰਘ ਦਾ ਕੋਲਾਜ

ਤਸਵੀਰ ਸਰੋਤ, Getty Images

    • ਲੇਖਕ, ਜਸਪਾਲ ਸਿੰਘ
    • ਰੋਲ, ਬੀਬੀਸੀ ਪੱਤਰਕਾਰ

“ਸ਼ੁਭਮਨ ਗਿੱਲ ਨੂੰ ਜਦੋਂ ਉਨ੍ਹਾਂ ਦੇ ਪਿਤਾ ਪਹਿਲੀ ਵਾਰ ਮੁਹਾਲੀ ਦੇ ਕ੍ਰਿਕਟ ਸਟੇਡੀਅਮ ਲੈ ਕੇ ਆਏ ਤਾਂ ਪਹਿਲੀਆਂ ਗੇਂਦਾਂ ਮੈਂ ਹੀ ਉਨ੍ਹਾਂ ਨੂੰ ਕੀਤੀਆਂ ਸਨ। ਉਸ ਵੇਲੇ ਸ਼ੁਭਮਨ ਦੀ ਉਮਰ 8 ਸਾਲ ਹੋਣੀ ਹੈ, ਮੈਂ ਉਸ ਦੇ ਹੁਨਰ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਸੀ।”

ਇਹ ਬੋਲ ਕੈਨੇਡਾ ਦੇ ਕ੍ਰਿਕਟ ਖਿਡਾਰੀ ਨਵਨੀਤ ਧਾਲੀਵਾਲ ਦੇ ਹਨ, ਜਿਨ੍ਹਾਂ ਦੀ ਹੋਰ ਉਨ੍ਹਾਂ ਖਿਡਾਰੀਆਂ ਵਾਂਗ ਕੋਈ ਨਾ ਕੋਈ ਕਹਾਣੀ ਹੈ, ਜੋ ਭਾਰਤੀ ਮੂਲ ਦੇ ਹੋ ਕੇ ਦੂਜੇ ਦੇਸਾਂ ਵੱਲੋਂ ਟੀ-20 ਵਿਸ਼ਵ ਕੱਪ 2024 ਵਿੱਚ ਖੇਡ ਰਹੇ ਹਨ।

ਆਈਸੀਸੀ ਨੇ ਇਸ ਵਾਰ ਦੇ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਅਮਰੀਕਾ ਤੇ ਵੈਸਟ ਇੰਡੀਜ਼ ਨੂੰ ਦਿੱਤੀ ਹੈ। ਅਮਰੀਕਾ ਵਿੱਚ ਤਾਂ ਪਿੱਚਾਂ ਨੂੰ ਬਾਹਰੋਂ ਲੈ ਕੇ ਵੀ ਵਿਛਾਇਆ ਗਿਆ ਹੈ।

ਅਮਰੀਕਾ ਵਿੱਚ ਹੋ ਰਹੇ ਕ੍ਰਿਕਟ ਦੇ ਇਸ ਵੱਡੇ ਟੂਰਨਾਮੈਂਟ ਵਿੱਚ 20 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਨੂੰ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ।

2024 ਦੇ ਟੀ-20 ਵਿਸ਼ਵ ਕੱਪ ਵਿੱਚ ਵਨਡੇਅ ਵਰਲਡ ਕੱਪ ਦੇ ਮੁਕਾਬਲੇ ਜ਼ਿਆਦਾ ਟੀਮਾਂ ਹਿੱਸਾ ਲੈ ਰਹੀਆਂ ਹਨ।

ਮੇਜ਼ਬਾਨ ਵੀ ਨਵੇਂ ਹਨ, ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਅਜਿਹੇ ਪੰਜਾਬੀ ਤੇ ਭਾਰਤੀ ਮੂਲ ਦੇ ਖਿਡਾਰੀਆਂ ਬਾਰੇ ਦੱਸ ਰਹੇ ਹਨ, ਜੋ ਇਸ ਟੀ-20 ਵਿਸ਼ਵ ਕੱਪ ਵਿੱਚ ਵੱਖ-ਵੱਖ ਟੀਮਾਂ ਦਾ ਹਿੱਸਾ ਹਨ।

ਇਨ੍ਹਾਂ ਖਿਡਾਰੀਆਂ ਦੀਆਂ ਭੂਮਿਕਾਵਾਂ ਆਪਣੀਆਂ-ਆਪਣੀਆਂ ਟੀਮਾਂ ਵਿੱਚ ਕਾਫੀ ਵੱਡੀਆਂ ਹਨ ਤੇ ਕ੍ਰਿਕਟ ਦਾ ਉਨ੍ਹਾਂ ਦਾ ਸਫ਼ਰ ਕਾਫ਼ੀ ਦਿਲਚਸਪ ਹੈ।

ਨਵਨੀਤ ਧਾਲੀਵਾਲ

ਨਵਨੀਤ ਧਾਲੀਵਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਵਨੀਤ ਧਾਲੀਵਾਲ

ਨਵਨੀਤ ਧਾਲੀਵਾਲ ਬੀਤੇ ਕਈ ਸਾਲਾਂ ਤੋਂ ਕੈਨੇਡਾ ਦੀ ਟੀਮ ਦਾ ਅਹਿਮ ਹਿੱਸਾ ਹਨ। ਨਵਨੀਤ ਭਾਵੇਂ ਵੱਖ-ਵੱਖ ਨੰਬਰ ਉੱਤੇ ਬੱਲੇਬਾਜ਼ੀ ਕਰ ਚੁੱਕੇ ਹਨ ਪਰ ਮੁੱਖ ਤੌਰ ਉੱਤੇ ਉਹ ਮਿਡਲ ਆਡਰ ਦੇ ਬੱਲੇਬਾਜ਼ ਵਜੋਂ ਜਾਣੇ ਜਾਂਦੇ ਹਨ।

1988 ਵਿੱਚ ਚੰਡੀਗੜ੍ਹ ਵਿੱਚ ਜੰਮੇ ਨਵਨੀਤ ਧਾਲੀਵਾਲ ਨੇ ਪੰਜਾਬ ਵਿੱਚ ਅੰਡਰ-15 ਤੇ ਅੰਡਰ-22 ਕ੍ਰਿਕਟ ਖੇਡੀ ਹੈ।

ਨਵਨੀਤ ਨੇ ਇੱਕ ਗੇਂਦਬਾਜ਼ ਵਜੋਂ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ ਪਰ ਉਹ ਬਚਪਨ ਵਿੱਚ ਆਪਣੇ ਕੋਚ ਦੇ ਮਾਰਗਦਰਸ਼ਨ ਮਗਰੋਂ ਇੱਕ ਬੱਲੇਬਾਜ਼ ਵਜੋਂ ਖੇਡਣਾ ਸ਼ੁਰੂ ਹੋਏ।

ਇੱਕ ਨਿੱਜੀ ਯੂਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਨਵਨੀਤ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਕੈਨੇਡਾ ਵਿੱਚ ਇੱਕ ਬਿਜ਼ਨੈਸ ਖਰੀਦ ਕੇ ਦਿੱਤਾ ਤੇ ਉਹ ਚਾਹੁੰਦੇ ਸਨ ਕਿ ਨਵਨੀਤ ਵਪਾਰ ਨੂੰ ਹੀ ਅੱਗੇ ਵਧਾਉਣ।

ਨਵਨੀਤ ਕਹਿੰਦੇ ਹਨ, “ਮੈਂ ਤਾਂ ਕੈਨੇਡਾ ਆਉਣਾ ਹੀ ਨਹੀਂ ਚਾਹੁੰਦਾ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਂ ਰਣਜੀ ਟਰਾਫੀ ਵਿੱਚ ਖੇਡਣ ਦੇ ਨੇੜੇ ਹਾਂ। ਪਰ ਫਿਰ ਮੈਂ ਕੈਨੇਡਾ ਆ ਹੀ ਗਿਆ।”

ਨਵਨੀਤ ਜਦੋਂ ਕੈਨੇਡਾ ਆਏ ਤਾਂ ਉਨ੍ਹਾਂ ਨੇ ਪਹਿਲਾਂ ਕ੍ਰਿਕਟ ਦੀ ਕੋਚਿੰਗ ਦੇਣੀ ਸ਼ੁਰੂ ਕੀਤੀ ਸੀ। ਸਾਲ 2012 ਤੋਂ ਉਨ੍ਹਾਂ ਨੇ ਕੈਨੇਡਾ ਵਿੱਚ ਯੌਰਕਸ਼ਾਇਰ ਲਈ ਇਲੀਟ ਖੇਡਣਾ ਸ਼ੁਰੂ ਕੀਤਾ।

ਵਟਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਨਵਨੀਤ ਕਹਿੰਦੇ ਹਨ, “ਮੈਂ ਕੇਵਲ ਮਜ਼ੇ ਲਈ ਕ੍ਰਿਕਟ ਖੇਡ ਰਿਹਾ ਸੀ ਪਰ ਫਿਰ ਮੇਰੇ ਪਿਤਾ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਮੈਂ ਕੈਨੇਡਾ ਲਈ ਕ੍ਰਿਕਟ ਖੇਡਾਂ ਤੇ ਫਿਰ ਮੈਂ ਕ੍ਰਿਕਟ ਬਾਰੇ ਮੁੜ ਤੋਂ ਗੰਭੀਰ ਤਰੀਕੇ ਨਾਲ ਸੋਚਣਾ ਸ਼ੁਰੂ ਕਰ ਦਿੱਤਾ।”

ਨਵਨੀਤ ਨੇ ਸਾਲ 2015 ਵਿੱਚ ਕੈਨੇਡਾ ਲਈ ਆਪਣਾ ਪਹਿਲਾ ਮੈਚ ਖੇਡਿਆ। ਇੱਕ ਮਿਡਲ ਆਡਰ ਦੇ ਬੱਲੇਬਾਜ਼ ਵਜੋਂ ਖੇਡਦਿਆਂ ਉਨ੍ਹਾਂ ਨੇ ਕਈ ਅਹਿਮ ਪਾਰੀਆਂ ਖੇਡੀਆਂ। ਫਿਰ ਜਦੋਂ ਟੀਮ ਨੂੰ ਲੋੜ ਪਈ ਤਾਂ ਸਲਾਮੀ ਬੱਲੇਬਾਜ਼ ਵਜੋਂ ਵੀ ਭੂਮਿਕਾ ਨਿਭਾਈ।

ਸਾਲ 2019 ਵਿੱਚ ਉਹ ਕੈਨੇਡਾ ਟੀਮ ਦੇ ਕਪਤਾਨ ਬਣੇ।

ਨਵਨੀਤ ਧਾਲੀਵਾਲ ਦੱਸਦੇ ਹਨ ਕਿ ਪਿਤਾ ਦੇ ਦੇਹਾਂਤ ਮਗਰੋਂ ਸਾਰੇ ਵਪਾਰ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਸਿਰ ਉੱਤੇ ਆ ਗਈ, ਜਿਸ ਮਗਰੋਂ ਉਨ੍ਹਾਂ ਨੇ ਕੁਝ ਵਕਤ ਲਈ ਕ੍ਰਿਕਟ ਤੋਂ ਦੂਰੀ ਬਣਾ ਲਈ।

ਇਸ ਕਾਰਨ ਕੈਨੇਡਾ ਦੇ ਮੌਜੂਦਾ ਕਪਤਾਨ ਸਾਦ ਮਿਰਜ਼ਾ ਨੂੰ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਮਿਲੀ।

ਨਵਨੀਤ ਨੂੰ ਜਦੋਂ ਭਾਰਤ ਤੇ ਕੈਨੇਡਾ ਦੇ ਕ੍ਰਿਕਟ ਵਿਚਾਲੇ ਫ਼ਰਕ ਪੁੱਛਿਆ ਤਾਂ ਉਹ ਕਹਿੰਦੇ, “ਭਾਰਤ ਵਿੱਚ ਪ੍ਰੈਕਟਿਸ ਵੇਲੇ ਨੈੱਟਸ ਵਿੱਚ ਤੁਹਾਨੂੰ ਦਸ ਮਿੰਟ ਦਾ ਵਕਤ ਮਿਲਦਾ ਹੈ ਜਦਕਿ ਬਾਕੀ ਵਕਤ ਤੁਹਾਨੂੰ ਇੰਤਜ਼ਾਰ ਕਰਨਾ ਪੈਂਦਾ ਹੈ। ਕੈਨੇਡਾ ਵਿੱਚ ਤੁਹਾਨੂੰ ਨਿੱਜੀ ਕੋਚ ਮਿਲਦਾ ਹੈ। ਇਸ ਦੇ ਨਾਲ ਖੇਡ ਦੇ ਬੇਸਿਕ ਤਾਂ ਚੰਗੇ ਬਣਦੇ ਹਨ ਪਰ ਭਾਰਤ ਵਿੱਚ ਮੁਕਾਬਲਾ ਸਖ਼ਤ ਹੋਣ ਕਾਰਨ ਖੇਡਣ ਦਾ ਚੰਗਾ ਤਜਰਬਾ ਮਿਲਦਾ ਹੈ।”

ਪਰਗਟ ਸਿੰਘ

ਪਰਗਟ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਰਗਟ ਸਿੰਘ

ਕੈਨੇਡਾ ਲਈ ਬੱਲੇਬਾਜ਼ ਵਜੋਂ ਖੇਡਦੇ ਪਰਗਟ ਸਿੰਘ ਦਾ ਜਨਮ 1992 ਵਿੱਚ ਰੋਪੜ ਵਿੱਚ ਹੋਇਆ ਸੀ ਤੇ ਰਹੇ ਜਲੰਧਰ ਵਿੱਚ ਹਨ। ਈਐੱਸਪੀਐੱਨ ਕ੍ਰਿਕ ਇਨਫੋ ਨਾਲ ਗੱਲਬਾਤ ਵਿੱਚ ਪਰਗਟ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਪੰਜਾਬ ਲਈ ਬਿਨਾਂ ਡਰੌਪ ਹੋਏ ਹਰ ਉਮਰ ਵਰਗ ਲਈ ਕ੍ਰਿਕਟ ਖੇਡੀ ਹੈ।

ਉਹ ਕਹਿੰਦੇ ਹਨ, “ਭਾਵੇਂ ਮੈਂ 2009 ਤੋਂ ਪੰਜਾਬ ਕ੍ਰਿਕਟ ਦੀ ਸੀਨੀਅਰ ਟੀਮ ਵਿੱਚ ਖੇਡਣ ਲਈ ਤਿਆਰ ਸੀ ਪਰ ਮੈਨੂੰ ਮੌਕਾ 2015 ਵਿੱਚ ਮਿਲਿਆ।”

ਸਾਲ 2010 ਵਿੱਚ ਪਰਗਟ ਸਿੰਘ ਮੁੰਬਈ ਇੰਡੀਅਨਜ਼ ਟੀਮ ਦਾ ਵੀ ਹਿੱਸਾ ਬਣੇ ਸੀ। ਪੰਜਾਬ ਵਿੱਚ ਮੌਕਿਆਂ ਦੀ ਘਾਟ ਕਾਰਨ ਉਨ੍ਹਾਂ ਨੇ 24-25 ਸਾਲ ਦੀ ਉਮਰ ਵਿੱਚ ਬਿਨਾਂ ਕਿਸੇ ਤੋਂ ਸਲਾਹ ਲਏ ਕ੍ਰਿਕਟ ਤੋਂ ਦੂਰੀ ਬਣਾ ਲਈ।

ਪਰਿਵਾਰ ਤੇ ਦੋਸਤਾਂ ਨੇ ਵੀ ਸਬਰ ਕਰਨ ਨੂੰ ਕਿਹਾ ਪਰ ਪਰਗਟ ਮੰਨਦੇ ਹਨ ਕਿ ਉਹ ਅੰਦਰੋਂ ਹਿੰਮਤ ਹਾਰ ਚੁੱਕੇ ਸਨ। ਸਾਲ 2020 ਵਿੱਚ ਪਰਗਟ ਪਰਿਵਾਰ ਸਣੇ ਕੈਨੇਡਾ ਆ ਕੇ ਵਸ ਗਏ।

ਕੈਨੇਡਾ ਵਿੱਚ ਪਰਗਟ ਸ਼ਨੀਵਾਰ-ਐਤਵਾਰ ਕ੍ਰਿਕਟ ਖੇਡਦੇ ਸਨ ਤੇ ਬਾਕੀ ਦਿਨਾਂ ਵਿੱਚ ਟੈਕਸੀ ਚਲਾਉਂਦੇ ਸੀ। ਕੈਨੇਡਾ ਵਿੱਚ ਪਾਕਿਸਤਾਨ ਮੂਲ ਦੇ ਕਲੀਮ ਸਨਾ ਨੇ ਉਨ੍ਹਾਂ ਨੂੰ ਜਦੋਂ ਕ੍ਰਿਕਟ ਖੇਡਦਿਆਂ ਵੇਖਿਆ ਤਾਂ ਪਰਗਟ ਨੂੰ ਕ੍ਰਿਕਟ ਖੇਡਣ ਲਈ ਪ੍ਰੇਰਿਤ ਕੀਤਾ।

2022 ਵਿੱਚ ਪਰਗਟ ਸਿੰਘ ਨੇ ਕੈਨੇਡਾ ਲਈ ਆਪਣਾ ਪਹਿਲਾ ਮੈਚ ਖੇਡਿਆ। ਹੁਣ ਤੱਕ ਪਰਗਟ ਕੈਨੇਡਾ ਲਈ 11 ਵਨਡੇਅ ਮੈਚ ਤੇ 19 ਤੋਂ ਵੱਧ ਟੀ-20 ਮੈਚ ਖੇਡ ਚੁੱਕੇ ਹਨ।

ਦਿਲਪ੍ਰੀਤ ਬਾਜਵਾ

ਦਿਲਪ੍ਰੀਤ ਬਾਜਵਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿਲਪ੍ਰੀਤ ਬਾਜਵਾ

21 ਸਾਲਾ ਦਿਲਪ੍ਰੀਤ ਬਾਜਵਾ ਕੈਨੇਡਾ ਟੀਮ ਵਿੱਚ ਇੱਕ ਆਲਰਾਊਂਡਰ ਵਜੋਂ ਖੇਡ ਰਹੇ ਹਨ। ਪੰਜਾਬ ਵਿੱਚ ਦਿਲਪ੍ਰੀਤ ਗੁਰਦਾਪੁਰ ਤੋਂ ਹਨ। ਕੈਨੇਡਾ ਦੀ ਲੀਗ ਕ੍ਰਿਕਟ ਵਿੱਚ ਉਹ ਮੌਨਟ੍ਰੀਅਲ ਟਾਈਗਰਜ਼ ਲਈ ਖੇਡਦੇ ਹਨ।

ਮੌਨਟ੍ਰੀਅਲ ਟਾਈਗਰਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਦਿਲਪ੍ਰੀਤ ਦੱਸਦੇ ਹਨ ਕਿ ਪੰਜ ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੇ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ ਤੇ ਪ੍ਰੋਫੈਸ਼ਨਲ ਤਰੀਕੇ ਨਾਲ ਉਨ੍ਹਾਂ ਨੇ 12 ਸਾਲ ਦੀ ਉਮਰ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ।

ਦਿਲਪ੍ਰੀਤ ਆਪਣੀ ਸਭ ਤੋਂ ਬਿਹਤਰੀਨ ਯਾਦ ਬਾਰੇ ਪੁੱਛੇ ਜਾਣ ਉੱਤੇ ਕਹਿੰਦੇ ਹਨ ਕਿ ਉਹ ਪਲ ਉਨ੍ਹਾਂ ਲਈ ਸਭ ਤੋਂ ਚੰਗੇ ਸਨ ਜਦੋਂ ਉਨ੍ਹਾਂ ਦੇ ਦਾਦਾ ਉਨ੍ਹਾਂ ਨੂੰ ਗਰਾਊਂਡ ਤੱਕ ਛੱਡਣ ਜਾਂਦੇ ਸੀ।

ਕੈਨੇਡਾ ਪਹੁੰਚਣ ਬਾਰੇ ਦਿਲਪ੍ਰੀਤ ਕਹਿੰਦੇ ਹਨ, “ਮੇਰੀ ਪੀਆਰ ਐਕਸਪਾਇਰ ਹੋ ਰਹੀ ਸੀ। ਤੇ ਮੈਂ ਨਵੀਂ ਡੇਟ ਲਈ ਕੈਨੇਡਾ ਆਇਆ ਸੀ। ਫਿਰ ਅਚਾਨਕ ਕੋਵਿਡ ਆ ਗਿਆ ਤੇ ਮੈਂ ਇੱਥੇ ਹੀ ਫਸ ਗਿਆ। ਫਿਰ ਮੇਰੇ ਪਰਿਵਾਰ ਨੇ ਸਲਾਹ ਦਿੱਤੀ ਕਿ ਕੈਨੇਡਾ ਹੀ ਰੁਕ ਕੇ ਕ੍ਰਿਕਟ ਲਈ ਆਪਣੇ ਜਨੂੰਨ ਨੂੰ ਜਾਰੀ ਰੱਖਾਂ।”

ਦਿਲਪ੍ਰੀਤ ਅਜੇ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਹਨ ਤੇ ਕੈਨੇਡਾ ਲਈ ਭਵਿੱਖ ਵਿੱਚ ਚੰਗੇ ਸਾਬਿਤ ਹੋ ਸਕਦੇ ਹਨ।

ਜਸਦੀਪ ਸਿੰਘ

ਜਸਦੀਪ ਸਿੰਘ

ਤਸਵੀਰ ਸਰੋਤ, Getty Images

ਮੇਜ਼ਬਾਨ ਅਮਰੀਕਾ ਦੀ ਟੀਮ ਵਿੱਚ ਖੇਡਦੇ ਜਸਦੀਪ ਸਿੰਘ ਦਾ ਸ਼ਾਨਦਾਰ ਤਰੀਕੇ ਨਾਲ ਖੁਸ਼ੀ ਦਾ ਪ੍ਰਗਟਾਵਾ ਸਾਰਿਆਂ ਦਾ ਧਿਆਨ ਖਿੱਚਦਾ ਹੈ। ਜਸਦੀਪ ਸਿੰਘ ਮੀਡੀਅਮ ਤੇਜ਼ ਗੇਂਦਬਾਜ਼ ਹਨ।

ਈਐੱਸਪੀਐੱਨ ਕ੍ਰਿਕ ਇਨਫੋ ਅਨੁਸਾਰ ਜਸਦੀਪ ਸਿੰਘ ਜਿਨ੍ਹਾਂ ਨੂੰ ਜੈਸੀ ਸਿੰਘ ਵੀ ਕਿਹਾ ਜਾਂਦਾ ਹੈ, ਤਿੰਨ ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਅਮਰੀਕਾ ਆ ਗਏ ਸਨ।

ਅਮਰੀਕਾ ਦੀ ਕ੍ਰਿਕਟ ਵਿੱਚ ਉਹ ਉਦੋਂ ਚਰਚਾ ਵਿੱਚ ਆਏ ਸੀ ਜਦੋਂ 2012 ਵਿੱਚ ਉਨ੍ਹਾਂ ਨੇ ਲੌਸ ਏਂਜਲਸ ਵਿੱਚ ਅਮਰੀਕਨ ਕ੍ਰਿਕਟ ਫੈਡਰੇਸ਼ਨ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਹੈਟ੍ਰਿਕ ਲਈ ਸੀ।

ਉਸ ਮਗਰੋਂ ਉਨ੍ਹਾਂ ਨੇ ਵੱਖ-ਵੱਖ ਟੀਮਾਂ ਦੇ ਲਈ ਲੀਗ ਕ੍ਰਿਕਟ ਖੇਡੀ ਤੇ 2015 ਵਿੱਚ ਉਨ੍ਹਾਂ ਨੇ ਪਹਿਲੀ ਵਾਰ ਅਮਰੀਕਾ ਲਈ ਕ੍ਰਿਕਟ ਖੇਡੀ।

ਯੂਐੱਸਏ ਕ੍ਰਿਕਟ ਦੀ ਵੈਬਸਾਈਟ ਮੁਤਾਬਕ ਉਸ ਵੇਲੇ ਆਈਸੀਸੀ ਅਮਰੀਕਾਜ਼ ਡਿਵੀਜ਼ਨ 1 ਟੀ20 ਦੀ ਟੀਮ ਵਿੱਚ ਜਸਦੀਪ ਸਿੰਘ ਦੀ ਚੋਣ ਨੇ ਸਾਰਿਆਂ ਨੇ ਹੈਰਾਨ ਕੀਤਾ ਸੀ। ਉਨ੍ਹਾਂ ਨੇ ਟੀਮ ਵਿੱਚੋਂ ਤਜਰਬੇਕਾਰ ਉਸਮਾਨ ਸ਼ੂਜਾ ਦੀ ਥਾਂ ਲਈ ਸੀ।

ਆਈਸੀਸੀ ਅਮਰੀਕਾਜ਼ ਡਿਵੀਜ਼ਨ ਅਸਲ ਵਿੱਚ ਇੱਕ ਟੂਰਨਾਮੈਂਟ ਹੁੰਦਾ ਹੈ, ਜਿਸ ਵਿੱਚ ਆਈਸੀਸੀ ਨਾਲ ਜੁੜੀਆਂ ਅਮਰੀਕਾ ਦੀਆਂ ਟੈਸਟ ਮੈਚ ਨਾ ਖੇਡਣ ਵਾਲੀਆਂ ਟੀਮਾਂ ਕ੍ਰਿਕਟ ਖੇਡਦੀਆਂ ਹਨ।

ਇਸ ਮਗਰੋਂ ਉਨ੍ਹਾਂ ਨੇ ਆਈਸੀਸੀ ਅਮਰੀਕਾਜ਼ ਦੇ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ, ਜਿਸ ਮਗਰੋਂ ਹੁਣ ਤੱਕ ਉਹ 24 ਵਨਡੇਅ ਇੰਟਰਨੈਸ਼ਨਲ ਖੇਡ ਚੁੱਕੇ ਹਨ, ਜਿਨ੍ਹਾਂ ਵਿੱਚ ਹੁਣ ਤੱਕ ਉਨ੍ਹਾਂ ਨੇ 25 ਵਿਕਟਾਂ ਲਈਆਂ ਹਨ।

ਇਸ ਦੇ ਨਾਲ ਹੀ ਉਨ੍ਹਾਂ ਨੇ 10 ਤੋਂ ਵੱਧ ਟੀ-20 ਇੰਟਰਨੈਸ਼ਨਲ ਮੈਚ ਖੇਡੇ ਹਨ।

ਇਸ਼ ਸੋਢੀ

ਇਸ਼ ਸੋਢੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਿਊਜ਼ੀਲੈਂਡ ਟੀਮ ਵਿੱਚ ਲੈਗ ਬ੍ਰੇਕ ਗੇਂਦਬਾਜ਼ ਵਜੋਂ ਖੇਡਦੇ ਇਸ਼ ਸੋਢੀ ਦਾ ਪੂਰਾ ਨਾਂ ਇੰਦਰਬੀਰ ਸਿੰਘ ਸੋਢੀ ਹੈ

ਨਿਊਜ਼ੀਲੈਂਡ ਟੀਮ ਵਿੱਚ ਲੈਗ ਬ੍ਰੇਕ ਗੇਂਦਬਾਜ਼ ਵਜੋਂ ਖੇਡਦੇ ਇਸ਼ ਸੋਢੀ ਦਾ ਪੂਰਾ ਨਾਂ ਇੰਦਰਬੀਰ ਸਿੰਘ ਸੋਢੀ ਹੈ। ਉਨ੍ਹਾਂ ਦਾ ਜਨਮ 31 ਅਕਤੂਬਰ 1992 ਨੂੰ ਲੁਧਿਆਣਾ ਵਿੱਚ ਹੋਇਆ ਸੀ।

ਪਾਕਿਸਤਾਨ ਕ੍ਰਿਕਟ ਬੋਰਡ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇਸ਼ ਸੋਢੀ ਦੱਸਦੇ ਹਨ ਕਿ ਉਨ੍ਹਾਂ ਦੇ ਦਾਦਕਿਆਂ ਤੇ ਨਾਨਕਿਆਂ ਦੋਹਾਂ ਦਾ ਪਿਛੋਕੜ ਪਾਕਿਸਤਾਨ ਦੇ ਲਾਹੌਰ ਤੋਂ ਹੈ।

ਈਐੱਸਪੀਐੱਨ ਕ੍ਰਿਕ ਇਨਫੋ ਅਨੁਸਾਰ ਇਸ਼ ਦੇ ਮਾਪੇ ਨਿਊਜ਼ੀਲੈਂਡ ਦੇ ਸਾਊਥ ਆਕਲੈਂਡ ਵਿੱਚ ਆ ਕੇ ਵਸ ਗਏ ਸੀ।

ਇਸ਼ ਨੇ ਅਕਲੈਂਡ ਦੇ ਪਾਪਾਟੋਏਟੋਏ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ। ਇਸ਼ ਦਾ ਇਹ ਸਕੂਲ ਕ੍ਰਿਕਟ ਲਈ ਨਹੀਂ ਜਾਣਿਆ ਜਾਂਦਾ ਸੀ। ਇਹੀ ਕਾਰਨ ਸੀ ਕਿ ਇਸ਼ ਨੂੰ ਖੇਤਰੀ ਕਲੱਬ ਟੀਮਾਂ ਵਿੱਚ ਥਾਂ ਬਣਾਉਣ ਵਿੱਚ ਦਿੱਕਤ ਆਈ।

ਇਸ ਦੇ ਨਾਲ ਹੀ ਇਸ਼ ਨੂੰ ਇੱਕ ਹੋਰ ਦਿੱਕਤ ਵੀ ਦਰਪੇਸ਼ ਆਈ ਸੀ। ਆਕਲੈਂਡ ਵਿੱਚ ਜੋ ਪਿੱਚਾਂ ਸਨ, ਉਹ ਫਿਰਕੀ ਗੇਂਦਬਾਜ਼ਾਂ ਲਈ ਬਿਲਕੁਲ ਵੀ ਮਦਦਗਾਰ ਨਹੀਂ ਸਨ। ਇਸ ਦੇ ਨਾਲ ਹੀ ਖੇਤਰੀ ਟੀਮਾਂ ਦੇ ਕਪਤਾਨਾਂ ਨੂੰ ਵੀ ਸਮਝ ਨਹੀਂ ਸੀ ਕਿ ਸੋਢੀ ਵਰਗੇ ਗੇਂਦਬਾਜ਼ਾਂ ਦਾ ਇਸਤੇਮਾਲ ਕਿਵੇਂ ਕਰਨਾ ਹੈ।

ਪਾਕਿਸਤਾਨ ਕ੍ਰਿਕਟ ਬੋਰਡ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇਸ਼ ਦੱਸਦੇ ਹਨ ਕਿ ਉਨ੍ਹਾਂ ਨੇ 12 ਸਾਲ ਦੀ ਉਮਰ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ।

ਇਸ਼ ਨੇ ਨਿਊਜ਼ੀਲੈਂਡ ਲਈ ਆਪਣਾ ਪਹਿਲਾ ਟੈਸਟ ਮੈਚ ਸਾਲ 2013 ਵਿੱਚ ਖੇਡਿਆ ਸੀ ਤੇ ਪਹਿਲਾ ਵਨਡੇਅ ਮੈਚ ਸਾਲ 2015 ਵਿੱਚ ਖੇਡਿਆ ਸੀ। ਇਸ਼ ਸੋਢੀ ਨੇ ਵਨਡੇਅ ਕ੍ਰਿਕਟ ਵਿੱਚ 60 ਤੋਂ ਵੱਧ ਵਿਕਟਾਂ ਲਈਆਂ ਹਨ।

ਟੀ-20 ਫਾਰਮੇਟ ਵਿੱਚ ਇਸ਼ ਸੋਢੀ ਵੱਧ ਕਾਮਯਾਬ ਹੋਏ ਹਨ। ਉਨ੍ਹਾਂ ਨੇ ਟੀ-20 ਫਾਰਮੈਟ ਵਿੱਚ 136 ਵਿਕਟਾਂ ਲਈਆਂ ਹਨ।

ਇਸ਼ ਭਾਰਤ ਦੇ ਖਿਲਾਫ਼ ਕਾਫੀ ਕਾਮਯਾਬ ਹੋਏ ਹਨ। ਉਨ੍ਹਾਂ ਨੇ ਟੀ-20 ਵਿੱਚ ਭਾਰਤ ਦੀਆਂ 25 ਵਿਕਟਾਂ ਲਈਆਂ ਹਨ।

ਇਸ਼ ਸੋਢੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨ ਹਨ ਤੇ ਹਿਪ-ਹਾਪ ਸੰਗੀਤ ਸੁਣਨਾ ਉਨ੍ਹਾਂ ਨੂੰ ਪਸੰਦ ਹੈ।

ਇਸ਼ ਸੋਢੀ ਨੇ ਆਪਣੇ ਇੰਸਟਾਗ੍ਰਾਮ ਦੇ ਬਾਇਓ ਵਿੱਚ ਲਿਖਿਆ ਹੈ ਕਿ ਉਹ ਇੱਕ ਰੈਪਰ ਵੀ ਹਨ।

ਮੋਨਾਂਕ ਪਟੇਲ

ਮੋਨਾਂਕ ਪਟੇਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੋਨਾਂਕ ਪਟੇਲ

ਜਦੋਂ ਅਮਰੀਕਾ ਦੀ ਟੀਮ ਨੇ ਟੀ-20 ਵਿਸ਼ਵ ਕੱਪ - 2024 ਵਿੱਚ ਪਾਕਿਸਤਾਨ ਨੂੰ ਹਰਾਇਆ ਤਾਂ ਉਸ ਮੈਚ ਵਿੱਚ ਅਮਰੀਕਾ ਟੀਮ ਦੇ ਕਪਤਾਨ ਮੋਨਾਂਕ ਪਟੇਲ ਨੇ ਸ਼ਾਨਦਾਰ ਪਾਰੀ ਖੇਡੀ ਸੀ। ਉਨ੍ਹਾਂ ਦੇ ਸ਼ੌਟਸ ਦੀ ਤਾਰੀਫ ਕ੍ਰਿਕਟ ਕਮੈਂਟੇਟਰਾਂ ਨੇ ਵੀ ਕਾਫੀ ਕੀਤੀ ਸੀ।

ਅਮਰੀਕਾ ਦੀ ਟੀਮ ਵਿੱਚ ਵਿਕਟਕੀਪਰ ਬੱਲੇਬਾਜ਼ ਵਜੋਂ ਖੇਡਦੇ ਮੋਨਾਂਕ ਦਾ ਜਨਮ 1993 ਵਿੱਚ ਗੁਜਰਾਤ ਵਿੱਚ ਹੋਇਆ ਸੀ।

ਭਾਰਤ ਵਿੱਚ ਮੋਨਾਂਕ ਨੇ ਗੁਜਰਾਤ ਨੇ ਵੱਖ-ਵੱਖ ਉਮਰ ਵਰਗ ਲਈ ਕ੍ਰਿਕਟ ਖੇਡੀ ਹੈ।

ਮੋਨਾਂਕ ਨੇ ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਨ੍ਹਾਂ ਨੇ 2010 ਵਿੱਚ ਅਮਰੀਕਾ ਦਾ ਗ੍ਰੀਨ ਕਾਰਡ ਹਾਸਲ ਕਰ ਲਿਆ ਸੀ।

ਇਸ ਮਗਰੋਂ 2015 ਵਿੱਚ ਉਹ ਪੂਰੇ ਤਰੀਕੇ ਨਾਲ ਅਮਰੀਕਾ ਸ਼ਿਫਟ ਕਰ ਗਏ।

ਅਮਰੀਕਾ ਵਿੱਚ ਨਿਯਮਾਂ ਲਈ ਜ਼ਰੂਰੀ ਤਿੰਨ ਸਾਲ ਦਾ ਸਮਾਂ ਬਿਤਾਉਣ ਮਗਰੋਂ 2018 ਤੋਂ ਮੋਨਾਂਕ ਅਮਰੀਕਾ ਲਈ ਕ੍ਰਿਕਟ ਖੇਡਣਾ ਸ਼ੁਰੂ ਹੋਏ।

ਮੋਨਾਂਕ ਦੱਸਦੇ ਹਨ ਕਿ ਜਸਪ੍ਰੀਤ ਬੁਮਰਾਹ ਤੇ ਅਕਸਰ ਪਟੇਲ ਗੁਜਰਾਤ ਟੀਮ ਵਿੱਚ ਦੋ ਸਾਲ ਤੱਕ ਉਨ੍ਹਾਂ ਦੇ ਟੀਮ ਮੈਂਬਰ ਰਹੇ ਸਨ।

ਕੇਸ਼ਵ ਮਹਾਰਾਜ

ਕੇਸ਼ਵ ਮਹਾਰਾਜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੇਸ਼ਵ ਮਹਾਰਾਜ

ਕੇਸ਼ਵ ਮਹਾਰਾਜ ਦੱਖਣੀ ਅਫਰੀਕਾ ਦੀ ਟੀਮ ਵਿੱਚ ਭਾਰਤੀ ਮੂਲ ਦੇ ਖਿਡਾਰੀ ਹਨ। 33 ਸਾਲਾ ਕੇਸ਼ਵ ਮਹਾਰਾਜ ਨੇ 2014-2015 ਤੇ 2015-16 ਵਿੱਚ ਘਰੇਲੂ ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।

ਇਸ ਪ੍ਰਦਰਸ਼ਨ ਦੇ ਅਧਾਰ ਉੱਤੇ ਉਨ੍ਹਾਂ ਨੂੰ ਦੱਖਣੀ ਅਫ਼ਰੀਕਾ ਦੀ ਨੈਸ਼ਨਲ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ।

ਛੋਟੀ ਉਮਰ ਵਿੱਚ ਕੇਸ਼ਵ ਤੇਜ਼ ਗੇਂਦਬਾਜ਼ ਸਨ ਤੇ ਬਾਅਦ ਵਿੱਚ ਉਹ ਫਿਰਕੀ ਗੇਂਦਬਾਜ਼ੀ ਵੱਲ ਮੁੜ ਗਏ।

ਉਨ੍ਹਾਂ ਨੇ ਆਪਣਾ ਪਹਿਲਾ ਟੈਸਟ ਮੈਚ ਆਸਟਰੇਲੀਆ ਦੇ ਖਿਲਾਫ ਖੇਡਿਆ ਸੀ।

ਕੇਸ਼ਵ ਮਹਾਰਾਜ ਹੁਣ ਤੱਕ ਦੱਖਣੀ ਅਫਰੀਕਾ ਲਈ 50 ਟੈਸਟ ਮੈਚ ਅਤੇ 44 ਵਨਡੇਅ ਮੈਚ ਖੇਡ ਚੁੱਕੇ ਹਨ।

ਟੈਸਟ ਮੈਚਾਂ ਵਿੱਚ ਉਨ੍ਹਾਂ ਨੇ ਦੱਖਣੀ ਅਫ਼ਰੀਕਾ ਲਈ 158 ਵਿਕਟਾਂ ਲਈਆਂ ਹਨ।

ਕੇਸ਼ਵ ਮਹਾਰਾਜ ਨੂੰ ਮਾਰਚ 2023 ਵਿੱਚ ਵੈਸਟ ਇੰਡੀਜ਼ ਦੇ ਖਿਲਾਫ਼ ਇੱਕ ਵਿਕਟ ਦੀ ਖੁਸ਼ੀ ਮਨਾਉਂਦੇ ਹੋਏ ਸੱਟ ਲੱਗੀ ਸੀ। ਇਸ ਦੇ ਲਈ ਉਨ੍ਹਾਂ ਦੀ ਇੱਕ ਵੱਡੀ ਸਰਜਰੀ ਕੀਤੀ ਗਈ ਸੀ।

ਵਨਡੇਅ ਵਿਸ਼ਵ ਕੱਪ 2023 ਵਿੱਚ ਖੇਡਣਾ ਉਨ੍ਹਾਂ ਲਈ ਕਾਫੀ ਮੁਸ਼ਕਿਲ ਮੰਨਿਆ ਜਾ ਰਿਹਾ ਸੀ ਪਰ ਕੇਸ਼ਵ ਮਹਾਰਾਜ ਦੀ ਲਗਨ ਤੇ ਅਨੁਸ਼ਾਸਨ ਕਾਰਨ ਦੱਖਣੀ ਅਫਰੀਕਾ ਦੀ ਟੀਮ ਵਿੱਚ ਉਨ੍ਹਾਂ ਦੀ ਵਾਪਸੀ ਸੰਭਵ ਹੋ ਸਕੀ ਹੈ।

ਕੇਸ਼ਵ ਮਹਾਰਾਜ ਆਪਣੇ ਚੰਗੇ ਪ੍ਰਦਰਸ਼ਨ ਕਾਰਨ ਲਗਾਤਾਰ ਟੀਮ ਦਾ ਹਿੱਸਾ ਰਹੇ ਹਨ ਤੇ ਇਸ ਟੀ-20 ਵਿਸ਼ਵ ਕੱਪ ਵਿੱਚ ਵੀ ਦੱਖਣੀ ਅਫਰੀਕੀ ਟੀਮ ਦਾ ਅਹਿਮ ਅੰਗ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)