ਸ਼ੇਫਾਲੀ ਜਰੀਵਾਲਾ ਦਾ ਦੇਹਾਂਤ: 'ਕਾਂਟਾ ਲਗਾ' ਗੀਤ ਨਾਲ ਮਸ਼ਹੂਰ 42 ਸਾਲਾ ਅਦਾਕਾਰਾ ਦੀ ਕਿਵੇਂ ਹੋਈ ਮੌਤ

ਤਸਵੀਰ ਸਰੋਤ, Shefali Jariwala/FB
'ਕਾਂਟਾ ਲਗਾ...' ਗੀਤ ਨਾਲ ਮਸ਼ਹੂਰ ਹੋਏ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ਵਿੱਚ ਮੁੰਬਈ ਵਿੱਚ ਦੇਹਾਂਤ ਹੋ ਗਿਆ ਹੈ।
ਬੀਬੀਸੀ ਨੂੰ ਮਿਲੀ ਜਾਣਕਾਰੀ ਮੁਤਾਬਕ, ਮੁੰਬਈ ਦੇ ਅੰਧੇਰੀ ਦੇ ਲੋਖੰਡਵਾਲਾ ਇਲਾਕੇ ਵਿੱਚ ਰਹਿਣ ਵਾਲੇ ਸ਼ੇਫਾਲੀ ਦੀ ਤਬੀਅਤ ਰਾਤ 11 ਵਜੇ ਦੇ ਕਰੀਬ ਅਚਾਨਕ ਵਿਗੜ ਗਈ ਸੀ।
ਜਿਵੇਂ ਹੀ ਉਨ੍ਹਾਂ ਨੂੰ ਛਾਤੀ ਵਿੱਚ ਦਰਦ ਹੋਣ ਲੱਗਾ, ਉਨ੍ਹਾਂ ਦੇ ਪਤੀ ਅਤੇ ਅਦਾਕਾਰ ਪਰਾਗ ਤਿਆਗੀ ਉਨ੍ਹਾਂ ਨੂੰ ਨੇੜਲੇ ਹਸਪਤਾਲ ਲੈ ਗਏ। ਹਸਪਤਾਲ ਪਹੁੰਚਣ 'ਤੇ ਸ਼ੇਫਾਲੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਿਸ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਲਾਸ਼ ਇਸ ਸਮੇਂ ਪੋਸਟਮਾਰਟਮ ਲਈ ਕੂਪਰ ਹਸਪਤਾਲ ਵਿੱਚ ਹੈ।
ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਬਾਲੀਵੁੱਡ ਅਤੇ ਟੀਵੀ ਦੀ ਦੁਨੀਆਂ 'ਚ ਉਨ੍ਹਾਂ ਦੇ ਦੋਸਤ ਰਹੇ ਕਲਾਕਾਰ ਸਦਮੇ ਵਿੱਚ ਹਨ।
ਮੀਕਾ ਸਿੰਘ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਮੈਂ ਬਹੁਤ ਧੱਕਾ ਲੱਗਿਆ ਤੇ ਦੁੱਖ ਹੈ, ਮੇਰਾ ਮਨ ਭਰ ਆਇਆ ਹੈ.. ਸਾਡੀ ਪਿਆਰੀ ਸਟਾਰ ਅਤੇ ਮੇਰੀ ਸਭ ਤੋਂ ਪਿਆਰੀ ਦੋਸਤ ਸ਼ੇਫਾਲੀ ਜਰੀਵਾਲਾ ਸਾਨੂੰ ਛੱਡ ਕੇ ਚਲੀ ਗਈ ਹੈ। ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ। ਤੁਹਾਨੂੰ ਹਮੇਸ਼ਾ ਆਪਣੇ ਅੰਦਾਜ਼, ਮੁਸਕਰਾਹਟ ਅਤੇ ਜ਼ਿੰਦਾਦਿਲੀ ਲਈ ਯਾਦ ਕੀਤਾ ਜਾਵੇਗਾ। ਓਮ ਸ਼ਾਂਤੀ।''
ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਸ਼ੇਫਾਲੀ ਜਰੀਵਾਲਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਹਾਲਾਂਕਿ ਅਜੇ ਪੋਸਟਮਾਰਟਮ ਦੀ ਰਿਪੋਰਟ ਆਉਣਾ ਬਾਕੀ ਹੈ।
ਫਿਲਹਾਲ ਮੁੰਬਈ ਪੁਲਿਸ ਨੇ ਇਸ ਘਟਨਾ ਦੇ ਸਬੰਧ ਵਿੱਚ ਅਚਾਨਕ ਮੌਤ ਦਾ ਮਾਮਲਾ ਦਰਜ ਕੀਤਾ ਹੈ। ਨਾਲ ਹੀ ਚਾਰ ਵਿਅਕਤੀਆਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ।
ਕੌਣ ਹਨ ਸ਼ੇਫਾਲੀ ਜਰੀਵਾਲਾ

ਤਸਵੀਰ ਸਰੋਤ, Getty Images
ਸਾਲ 2002 ਵਿੱਚ ਆਇਆ ਇੱਕ ਪੌਪ ਸਾਂਗ 'ਕਾਂਟਾ ਲਗਾ' ਉਸ ਵੇਲੇ ਬੱਚੇ-ਬੱਚੇ ਦੀ ਜ਼ੁਬਾਨ 'ਤੇ ਸੀ। ਇਹ ਗਾਣਾ ਬਾਲੀਵੁਡ ਫ਼ਿਲਮ ਸਮਾਧੀ ਦੇ ਗੀਤ ਦਾ ਰੀਮੇਕ ਸੀ।
ਇਸ ਗੀਤ ਦੀ ਜ਼ਿਆਦਾ ਚਰਚਾ ਗੀਤ 'ਚ ਨਜ਼ਰ ਆਏ ਮਾਡਲ ਅਤੇ ਅਦਾਕਾਰਾ ਸ਼ੇਫਾਲੀ ਜਰੀਵਾਲਾ ਕਾਰਨ ਸੀ। ਉਨ੍ਹਾਂ ਨੂੰ ਇਸ ਗੀਤ 'ਚ ਇੰਨਾ ਪਸੰਦ ਕੀਤਾ ਗਿਆ ਕਿ ਉਨ੍ਹਾਂ ਦੀ ਪਛਾਣ ਹੀ 'ਕਾਂਟਾ ਲਗਾ ਗਰਲ' ਦੀ ਬਣ ਗਈ।
ਹਾਲਾਂਕਿ, ਉਸ ਤੋਂ ਬਾਅਦ ਸ਼ੇਫਾਲੀ ਦਾ ਕਰੀਅਰ ਕੋਈ ਖਾਸ ਕਾਮਯਾਬ ਨਹੀਂ ਰਿਹਾ।

ਤਸਵੀਰ ਸਰੋਤ, Shefali Jariwala/FB
ਉਹ ਕੁਝ ਮਿਊਜ਼ਕ ਐਲਬਮ 'ਚ ਨਜ਼ਰ ਆਏ। ਸ਼ੇਫਾਲੀ ਸਲਮਾਨ ਖਾਨ, ਅਕਸ਼ੈ ਕੁਮਾਰ ਅਤੇ ਪ੍ਰਿਅੰਕਾ ਚੋਪੜਾ ਦੀ ਫ਼ਿਲਮ 'ਮੁਝ ਸੇ ਸ਼ਾਦੀ ਕਰੋਗੀ' ਵਿੱਚ ਵੀ ਨਜ਼ਰ ਆਏ ਸਨ।
ਇਸ ਤੋਂ ਇਲਾਵਾ ਉਹ ਟੀਵੀ ਸੀਰੀਅਲ ਅਤੇ ਰਿਐਲਿਟੀ ਸ਼ੋਅ 'ਨੱਚ ਬੱਲੀਏ' ਵਿੱਚ ਵੀ ਨਜ਼ਰ ਆਏ ਸਨ।
ਉਹ ਬਿਗ ਬੌਸ ਦੇ ਸੀਜ਼ਨ 13 ਵਿੱਚ ਵੀ ਨਜ਼ਰ ਆ ਚੁੱਕੇ ਹਨ। ਦੱਸ ਦੇਈਏ ਕਿ ਬਿਗ ਬੌਸ ਦੇ ਇਸੇ ਸੀਜ਼ਨ ਦੇ ਜੇਤੂ ਅਤੇ ਅਦਾਕਾਰ ਸਿਧਾਰਥ ਸ਼ੁਕਲਾ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਚੁੱਕੀ ਹੈ।
ਆਈਐਮਡੀਬੀ ਦੀ ਵੈਬਸਾਈਟ ਮੁਤਾਬਕ, ਸ਼ੇਫਾਲੀ ਜਰੀਵਾਲਾ ਦਾ ਜਨਮ 24 ਨਵੰਬਰ 1982 ਨੂੰ ਗੁਜਰਾਤ ਵਿੱਚ ਹੋਇਆ ਸੀ।
ਸ਼ੇਫਾਲੀ ਨੇ ਟੀਵੀ ਅਦਾਕਾਰ ਪਰਾਗ ਤਿਆਗੀ ਨਾਲ 2014 ਵਿੱਚ ਵਿਆਹ ਕਰਵਾਇਆ ਸੀ। ਇਹ ਉਨ੍ਹਾਂ ਦਾ ਦੂਜਾ ਵਿਆਹ ਸੀ।

ਤਸਵੀਰ ਸਰੋਤ, Getty Images
ਨੌਜਵਾਨਾਂ 'ਚ ਦਿਲ ਦਾ ਦੌਰਾ ਪੈਣ ਵਰਗੇ ਮਾਮਲੇ ਕਿਉਂ ਵਧ ਰਹੇ ਅਤੇ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ, ਇਸ ਬਾਰੇ ਹਾਲ ਹੀ ਵਿੱਚ ਪ੍ਰਕਾਸ਼ਿਤ ਬੀਬੀਸੀ ਪੱਤਰਕਾਰ ਆਮਿਰ ਅਹਿਮਦ ਦੀ ਰਿਪੋਰਟ ਦੇ ਕੁਝ ਅੰਸ਼ ਇੱਥੇ ਪੜ੍ਹੋ
ਦਿਲ ਦਾ ਦੌਰਾ ਹੁੰਦਾ ਕੀ ਹੈ?

ਤਸਵੀਰ ਸਰੋਤ, Getty Images
ਦਿਲ ਦਾ ਦੌਰਾ ਉਦੋਂ ਪੈਂਦਾ ਹੈ ਜਦੋਂ ਦਿਲ ਵੱਲ ਜਾ ਰਹੀ ਖ਼ੂਨ ਦੀ ਸਪਲਾਈ ਅਚਾਨਕ ਰੁਕ ਜਾਂਦੀ ਹੈ।
ਜਦੋਂ ਦਿਲ ਤੱਕ ਆਕਸੀਜਨ ਲੈ ਕੇ ਜਾਣ ਵਾਲੇ ਖ਼ੂਨ ਦੇ ਵਹਾਅ ਵਿੱਚ ਰੁਕਾਵਟ ਪੈਂਦੀ ਹੈ ਤਾਂ ਦਿਲ ਦੀ ਮਾਸਪੇਸ਼ੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਜੇ ਤੁਰੰਤ ਇਲਾਜ ਨਾ ਮਿਲੇ, ਤਾਂ ਦਿਲ ਦੀ ਮਾਸਪੇਸ਼ੀ ਨੂੰ ਸਥਾਈ ਨੁਕਸਾਨ ਹੋ ਸਕਦਾ ਹੈ, ਜਿਸ ਨੂੰ ਕਦੇ ਠੀਕ ਨਹੀਂ ਕੀਤਾ ਜਾ ਸਕਦਾ।
ਜੇ ਦਿਲ ਦਾ ਵੱਡਾ ਹਿੱਸਾ ਇਸ ਤਰ੍ਹਾਂ ਨੁਕਸਾਨਗ੍ਰਸਤ ਹੋ ਜਾਵੇ, ਤਾਂ ਦਿਲ ਦੀ ਧੜਕਨ ਬੰਦ ਹੋ ਜਾਂਦੀ ਹੈ (ਜਿਸ ਨੂੰ ਕਾਰਡਿਅਕ ਅਰੈਸਟ ਆਖਿਆ ਜਾਂਦਾ ਹੈ), ਜੋ ਮੌਤ ਦਾ ਕਾਰਨ ਬਣ ਸਕਦੀ ਹੈ।
ਦਿਲ ਦੇ ਦੌਰੇ ਨਾਲ ਹੋਣ ਵਾਲੀਆਂ ਅੱਧੀਆਂ ਮੌਤਾਂ ਲੱਛਣ ਆਉਣ ਤੋਂ ਪਹਿਲੇ 3 ਜਾਂ 4 ਘੰਟਿਆਂ ਵਿੱਚ ਹੋ ਜਾਂਦੀਆਂ ਹਨ। ਇਸ ਲਈ ਦਿਲ ਦੇ ਦੌਰੇ ਦੇ ਕਿਸੇ ਵੀ ਲੱਛਣ ਨੂੰ ਗੰਭੀਰ ਮੈਡੀਕਲ ਐਮਰਜੈਂਸੀ ਵਜੋਂ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ।

ਤਸਵੀਰ ਸਰੋਤ, Getty Images
ਦਿਲ ਦੇ ਦੌਰੇ ਦਾ ਸਭ ਤੋਂ ਵੱਡਾ ਕਾਰਨ ਕੋਰੋਨਰੀ ਹਾਰਟ ਡਿਸੀਜ਼ ਹੁੰਦੀ ਹੈ। ਇਸ ਵਿੱਚ ਧਮਨੀਆਂ ਵਿੱਚ ਪਲੇਕ ਨਾਮ ਦਾ ਚਰਬੀ ਵਾਲਾ ਪਦਾਰਥ ਇਕੱਠਾ ਹੋ ਜਾਂਦਾ ਹੈ, ਜਿਸ ਨਾਲ ਧਮਨੀਆਂ ਬਹੁਤ ਤੰਗ ਹੋ ਜਾਂਦੀਆਂ ਹਨ ਤੇ ਖੂਨ ਦੇ ਵਹਾਅ ਵਿੱਚ ਰੁਕਾਵਟ ਆ ਜਾਂਦੀ ਹੈ।
ਹਰ ਸਾਲ ਅਮਰੀਕਾ ਵਿੱਚ ਲਗਭਗ 8 ਲੱਖ 5 ਹਜ਼ਾਰ ਲੋਕਾਂ ਨੂੰ ਦਿਲ ਦਾ ਦੌਰਾ ਪੈਂਦਾ ਹੈ। ਇਨ੍ਹਾਂ ਵਿੱਚੋਂ 6 ਲੱਖ 5 ਹਜ਼ਾਰ ਲੋਕ ਪਹਿਲੀ ਵਾਰੀ ਦਿਲ ਦੇ ਦੌਰੇ ਦਾ ਸਾਹਮਣਾ ਕਰਦੇ ਹਨ ਤੇ ਲਗਭਗ 2 ਲੱਖ ਲੋਕਾਂ ਨੂੰ ਪਹਿਲਾਂ ਵੀ ਦਿਲ ਦਾ ਦੌਰਾ ਪੈ ਚੁੱਕਿਆ ਹੁੰਦਾ ਹੈ।
ਅਮਰੀਕਾ ਦੇ ਸੈਂਟਰ ਫਾਰ ਡਿਸੀਜ਼ ਕੰਟ੍ਰੋਲ ਐਂਡ ਪ੍ਰਿਵੈਂਸ਼ਨ ਮੁਤਾਬਕ ਤਕਰੀਬਨ ਹਰ 40 ਸਕਿੰਟਾਂ 'ਚ ਇੱਕ ਵਿਅਕਤੀ ਨੂੰ ਦਿਲ ਦਾ ਦੌਰਾ ਪੈਂਦਾ ਹੈ।
ਨੌਜਵਾਨਾਂ ਵਿੱਚ ਦਿਲ ਦੇ ਦੌਰਿਆਂ ਦੇ ਵਧਦੇ ਮਾਮਲੇ

ਤਸਵੀਰ ਸਰੋਤ, Getty Images
ਆਮ ਤੌਰ 'ਤੇ ਦਿਲ ਦੇ ਦੌਰੇ ਦਾ ਖ਼ਤਰਾ ਉਮਰ ਵਧਣ ਨਾਲ ਵਧਦਾ ਹੈ, ਪਰ ਅਮਰੀਕਾ ਦੇ ਨੈਸ਼ਨਲ ਸੈਂਟਰ ਫਾਰ ਹੈਲਥ ਸਟੈਟਿਸਟਿਕਸ ਦੇ ਡੇਟਾ ਮੁਤਾਬਕ ਹੁਣ ਨੌਜਵਾਨਾਂ ਵਿੱਚ ਵੀ ਇਹ ਮਾਮਲੇ ਵਧ ਰਹੇ ਹਨ।
2019 ਵਿੱਚ 18 ਤੋਂ 44 ਸਾਲ ਦੀ ਉਮਰ ਦੇ ਲਗਭਗ 0.3 ਫੀਸਦ ਲੋਕਾਂ ਨੂੰ ਦਿਲ ਦਾ ਦੌਰਾ ਪਿਆ ਸੀ, ਪਰ 2023 ਤੱਕ ਇਹ ਗਿਣਤੀ 0.5 ਫੀਸਦ ਹੋ ਗਈ।
ਡਾ. ਈਵਾਨ ਲੇਵਿਨ ਦਾ ਕਹਿਣਾ ਹੈ ਕਿ ਇਹ ਵਾਧਾ ਨੌਜਵਾਨਾਂ ਦੀ ਜੀਵਨ ਸ਼ੈਲੀ ਦੀਆਂ ਬਦਲਦੀਆਂ ਆਦਤਾਂ ਕਾਰਨ ਹੋ ਰਿਹਾ ਹੈ, ਜਿਵੇਂ ਕਿ ਜ਼ਿਆਦਾ ਤਲੀ-ਭੁੰਨੀ ਤੇ ਪ੍ਰੋਸੈਸਡ ਖੁਰਾਕ ਖਾਣਾ ਤੇ ਕਸਰਤ ਨਾ ਕਰਨੀ।
ਉਹ ਕਹਿੰਦੇ ਹਨ, "ਸਾਨੂੰ ਸਭ ਨੂੰ ਵਰਜ਼ਿਸ਼ ਕਰਨੀ ਚਾਹੀਦੀ ਹੈ, ਲਾਜ਼ਮੀ ਨਹੀਂ ਕਿ ਜਿਮ ਜਾਈਏ ਪਰ ਕੁਝ ਨਾ ਕੁਝ ਕਸਰਤ ਜ਼ਰੂਰ ਕਰੀਏ। ਕੋਵਿਡ ਤੋਂ ਬਾਅਦ ਘਰੋਂ ਕੰਮ ਕਰ ਰਹੇ ਲੋਕ ਇੱਕ ਖ਼ਤਰਨਾਕ, ਆਲਸੀ ਤਰੀਕੇ ਵਾਲੀ ਜ਼ਿੰਦਗੀ ਜੀ ਰਹੇ ਹਨ, ਜੋ ਚਿੰਤਾ ਵਾਲੀ ਗੱਲ ਹੈ।"
ਸਿਗਰਟ ਪੀਣ ਨਾਲ ਧਮਨੀਆਂ ਵਿੱਚ ਚਰਬੀ ਦੀ ਪਰਤ ਬਣ ਜਾਂਦੀ ਹੈ, ਇਹ ਗੱਲ ਤਾਂ ਪਤਾ ਹੀ ਹੈ।
ਪਰ ਡਾ. ਈਵਾਨ ਲੇਵਿਨ ਵਰਗੇ ਹਾਰਟ ਦੇ ਡਾਕਟਰ ਕਹਿੰਦੇ ਹਨ ਕਿ ਨੌਜਵਾਨਾਂ ਵਿੱਚ ਵੇਪਿੰਗ ਦੇ ਅਸਲ ਅਸਰ ਅਜੇ ਪੂਰੀ ਤਰ੍ਹਾਂ ਪਤਾ ਨਹੀਂ ਲੱਗੇ, ਜਿਸ ਕਰਕੇ ਇਸ ਨੂੰ ਲੈ ਕੇ ਵੀ ਚਿੰਤਾ ਬਣੀ ਹੋਈ ਹੈ।
ਡਾ. ਐਲਿਨ ਬਾਰਸੇਘੀਅਨ ਆਖਦੇ ਹਨ, "ਜੈਨੇਟਿਕ ਕਾਰਨ, ਜਿਵੇਂ ਕਿ ਪਰਿਵਾਰਕ ਰੂਪ ਵਿੱਚ ਕੋਲੇਸਟਰੋਲ ਵਧਣ ਵਾਲੀ ਬਿਮਾਰੀ (ਫੈਮਿਲੀਅਲ ਹਾਈਪਰਲਿਪੀਡੀਮੀਆ) ਵੀ ਜਵਾਨ ਉਮਰ ਵਿੱਚ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਵਧਾ ਸਕਦੇ ਹਨ।"
"ਇਸ ਦੇ ਨਾਲ-ਨਾਲ, ਵਾਤਾਵਰਨਕ ਕਾਰਕ ਜਿਵੇਂ ਕਿ ਤਣਾਅ ਅਤੇ ਖ਼ਰਾਬ ਨੀਂਦ ਵੀ ਹੁਣ ਵੱਧ ਰਹੇ ਦਿਲ ਦੇ ਰੋਗਾਂ ਵਿੱਚ ਯੋਗਦਾਨ ਦਿੰਦੇ ਮੰਨੇ ਜਾ ਰਹੇ ਹਨ।"
ਦਿਲ ਦੇ ਦੌਰੇ ਤੋਂ ਕਿਵੇਂ ਬਚਿਆ ਜਾਵੇ

ਤਸਵੀਰ ਸਰੋਤ, Getty Images
ਦਿਲ ਦੇ ਦੌਰੇ ਦੇ ਖ਼ਤਰੇ ਨੂੰ ਘਟਾਉਣ ਦੇ ਕਈ ਤਰੀਕੇ ਹਨ, ਜਿਵੇਂ ਕਿ ਚੰਗੀ ਖ਼ੁਰਾਕ ਤੇ ਵਰਜ਼ਿਸ਼ (ਕਸਰਤ) ਰਾਹੀਂ ਬਲੱਡ ਪ੍ਰੈਸ਼ਰ ਅਤੇ ਕੋਲੇਸਟਰੋਲ ਦੇ ਲੈਵਲ ਨੂੰ ਘਟਾਉਣਾ।
ਕੋਲੇਸਟਰੋਲ ਇੱਕ ਅਜਿਹਾ ਤੱਤ ਹੈ ਜੋ ਸਾਡੇ ਖੂਨ ਵਿੱਚ ਪਾਇਆ ਜਾਂਦਾ ਹੈ ਅਤੇ ਸਰੀਰ ਵਿੱਚ ਸਿਹਤਮੰਦ ਸੈੱਲ ਬਣਾਉਣ ਲਈ ਲਾਜ਼ਮੀ ਹੈ, ਪਰ ਜੇਕਰ ਇਸ ਦੀ ਮਾਤਰਾ ਵੱਧ ਜਾਵੇ ਤਾਂ ਇਹ ਦਿਲ ਦੀ ਬਿਮਾਰੀਆਂ ਦਾ ਖ਼ਤਰਾ ਵਧਾ ਸਕਦਾ ਹੈ।
ਦਿਲ ਦੇ ਰੋਗਾਂ ਦੇ ਮਾਹਰ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਅਸੀਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸਿਹਤਮੰਦ ਆਦਤਾਂ ਰਾਹੀਂ ਆਪਣੇ ਦਿਲ ਨੂੰ ਤੰਦਰੁਸਤ ਰੱਖ ਸਕਦੇ ਹਾਂ।
ਘੱਟ ਫੈਟ ਅਤੇ ਵੱਧ ਫਾਇਬਰ ਵਾਲੀ ਡਾਇਟ ਦੀ ਸਿਫਾਰਸ਼ ਕੀਤੀ ਜਾਂਦੀ ਹੈ, ਨਾਲ ਹੀ ਲੂਣ ਦੀ ਮਾਤਰਾ ਪ੍ਰਤੀ ਦਿਨ 6 ਗ੍ਰਾਮ ਤੋਂ ਵੱਧ ਨਾ ਹੋਵੇ, ਕਿਉਂਕਿ ਜ਼ਿਆਦਾ ਲੂਣ ਖਾਣ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ।
ਇਸ ਦੇ ਨਾਲ ਹੀ, ਬਹੁਤ ਜ਼ਿਆਦਾ ਅਲਟਰਾ-ਪ੍ਰੋਸੈਸਡ ਖਾਣੇ ਜਾਂ ਅਜਿਹੇ ਖਾਣੇ ਜੋ ਸੈਚੂਰੇਟਡ ਫੈਟਸ ਵਾਲੇ ਹੁੰਦੇ ਹਨ, ਉਨ੍ਹਾਂ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਹ ਖੂਨ ਵਿੱਚ ਕੋਲੇਸਟਰੋਲ ਵਧਾਉਂਦੇ ਹਨ।
ਇਨ੍ਹਾਂ ਵਿੱਚ ਮੀਟ, ਕੇਕ, ਬਿਸਕੁਟ, ਸਾਸੇਜ਼, ਮੱਖਣ ਅਤੇ ਪਾਮ ਆਇਲ ਵਾਲੇ ਆਹਾਰ ਆਉਂਦੇ ਹਨ।
ਇੱਕ ਸੰਤੁਲਿਤ ਡਾਇਟ ਵਿੱਚ ਅਨਸੈਚੂਰੇਟਡ ਫੈਟਸ ਹੋਣੇ ਚਾਹੀਦੇ ਹਨ, ਕਿਉਂਕਿ ਇਹ ਚੰਗਾ ਕੋਲੇਸਟਰੋਲ ਵਧਾਉਂਦੇ ਹਨ ਅਤੇ ਧਮਨੀਆਂ ਨੂੰ ਖੋਲ੍ਹਣ ਵਿੱਚ ਮਦਦ ਕਰਦੇ ਹਨ।
ਇਨ੍ਹਾਂ ਆਹਾਰਾਂ ਵਿੱਚ ਤੇਲ ਵਾਲੀ ਮੱਛੀ, ਐਵੋਕਾਡੋ, ਨਟਸ (ਸੁੱਕੇ ਮੇਵੇ) ਅਤੇ ਸਬਜ਼ੀਆਂ ਵਾਲੇ ਤੇਲ ਸ਼ਾਮਲ ਹੁੰਦੇ ਹਨ।
ਡਾ. ਐਲਿਨ ਬਾਰਸੇਘੀਅਨ ਦੱਸਦੇ ਹਨ, "ਮੈਡੀਟਰੈਨੀਅਨ ਡਾਇਟ ਬਹੁਤ ਚੰਗੀ ਮੰਨੀ ਜਾਂਦੀ ਹੈ ਕਿਉਂਕਿ ਇਹ ਵਿਗਿਆਨਕ ਤੌਰ 'ਤੇ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਉਣ ਲਈ ਸਾਬਤ ਹੋ ਚੁੱਕੀ ਹੈ।"

ਸਿਹਤਮੰਦ ਖਾਣਾ ਤੇ ਨਿਯਮਤ ਵਰਜ਼ਿਸ਼, ਦਿਲ ਨੂੰ ਸਿਹਤਮੰਦ ਰੱਖਣ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ਵਿੱਚੋਂ ਇੱਕ ਹੈ। ਸਿਹਤਮੰਦ ਵਜ਼ਨ ਰੱਖਣ ਨਾਲ ਹਾਈ ਬਲੱਡ ਪ੍ਰੈਸ਼ਰ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।
ਦਿਲ ਦੇ ਰੋਗਾਂ ਦੇ ਮਾਹਰ ਡਾ. ਈਵਾਨ ਲੇਵਿਨ ਸਲਾਹ ਦਿੰਦੇ ਹਨ ਕਿ ਹਫ਼ਤੇ ਵਿੱਚ ਘੱਟੋ-ਘੱਟ ਪੰਜ ਦਿਨ, ਹਰ ਰੋਜ਼ 30 ਮਿੰਟ ਤੱਕ ਵਰਜ਼ਿਸ਼ ਜ਼ਰੂਰ ਕਰੋ। ਪਰ ਉਹ ਸਭ ਤੋਂ ਵੱਡੀ ਸਲਾਹ ਇਹ ਦਿੰਦੇ ਹਨ ਕਿ "ਕਦੇ ਵੀ" ਸਿਗਰਟ ਨਾ ਪੀਓ ਅਤੇ ਨਾ ਹੀ ਵੇਪ (ਈ ਸਿਗਰਟ) ਕਰੋ।
ਅਮਰੀਕਨ ਹਾਰਟ ਅਸੋਸੀਏਸ਼ਨ ਦੇ ਮੁਤਾਬਕ, 24,927 ਲੋਕਾਂ 'ਤੇ ਹੋਏ ਇੱਕ ਅਧਿਐਨ ਵਿੱਚ ਪਤਾ ਲੱਗਾ ਕਿ ਜੋ ਲੋਕ ਈ-ਸਿਗਰਟ ਅਤੇ ਰਵਾਇਤੀ ਸਿਗਰਟ ਦੋਵੇਂ ਹੀ ਵਰਤਦੇ ਹਨ, ਉਨ੍ਹਾਂ ਨੂੰ ਦਿਲ ਦੀ ਬਿਮਾਰੀ ਦਾ ਖ਼ਤਰਾ ਬਿਲਕੁਲ ਓਨਾਂ ਹੀ ਹੁੰਦਾ ਹੈ, ਜਿੰਨਾ ਕਿ ਸਿਰਫ਼ ਰਵਾਇਤੀ ਸਿਗਰਟ ਪੀਣ ਵਾਲਿਆਂ ਦਾ ਹੁੰਦਾ ਹੈ।"
"ਹਾਲਾਂਕਿ ਜੋ ਸਿਰਫ਼ ਈ-ਸਿਗਰਟ ਵਰਤਦੇ ਹਨ, ਉਨ੍ਹਾਂ ਵਿੱਚ ਦਿਲ ਦੀ ਬਿਮਾਰੀ ਵਾਲੇ ਮਾਮਲੇ 30-60 ਫੀਸਦ ਘੱਟ ਪਾਏ ਗਏ।"
ਅਮਰੀਕਨ ਹਾਰਟ ਅਸੋਸੀਏਸ਼ਨ ਦੇ ਮੁਤਾਬਕ, ਜਿਨ੍ਹਾਂ ਲੋਕਾਂ ਨੂੰ ਪਹਿਲਾਂ ਵੀ ਇੱਕ ਵਾਰ ਦਿਲ ਦਾ ਦੌਰਾ ਪੈ ਚੁੱਕਿਆ ਹੈ, ਉਨ੍ਹਾਂ ਵਿੱਚੋਂ ਲਗਭਗ ਪੰਜਵੇਂ ਹਿੱਸੇ (20 ਫੀਸਦ ਲੋਕਾਂ) ਨੂੰ ਪੰਜ ਸਾਲਾਂ ਦੇ ਅੰਦਰ-ਅੰਦਰ ਦੁਬਾਰਾ ਦਿਲ ਦਾ ਦੌਰਾ ਪੈਣ 'ਤੇ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਸੰਭਾਵਨਾ ਹੁੰਦੀ ਹੈ।
ਹਾਲਾਂਕਿ, ਇੰਪੀਰੀਅਲ ਕਾਲਜ ਲੰਡਨ ਅਤੇ ਸਵੀਡਨ ਦੀ ਲੰਡ ਯੂਨੀਵਰਸਿਟੀ ਦੇ ਖੋਜਕਾਰਾਂ ਦੇ ਅਨੁਸਾਰ, ਪਹਿਲੇ ਦਿਲ ਦੇ ਦੌਰੇ ਤੋਂ ਬਾਅਦ ਰੋਗੀਆਂ ਨੂੰ ਸਟੈਟਿਨ ਅਤੇ ਇਜ਼ੈਟਿਮਾਈਬ ਵਰਗੀਆਂ ਦਵਾਈਆਂ ਦੇਣ ਨਾਲ ਦੂਜੇ ਦਿਲ ਦੇ ਦੌਰੇ ਦਾ ਖ਼ਤਰਾ ਘਟਾਇਆ ਜਾ ਸਕਦਾ ਹੈ। ਇਹ ਦੋਵੇਂ ਦਵਾਈਆਂ ਖੂਨ ਵਿੱਚੋਂ ਕੋਲੇਸਟਰੋਲ ਘਟਾਉਣ ਵਾਲੀਆਂ ਹੁੰਦੀਆਂ ਹਨ।
ਡਾ. ਐਲਿਨ ਬਰਸੇਘੀਅਨ ਕਹਿੰਦੇ ਹਨ, "ਸਾਡੇ ਕੋਲ ਦਹਾਕਿਆਂ ਦੀ ਖੋਜ ਹੈ ਜੋ ਦੱਸਦੀ ਹੈ ਕਿ ਜਿੰਨਾ ਘੱਟ ਐੱਲਡੀਐੱਲ (LDL) ਕੋਲੇਸਟਰੋਲ ਹੋਵੇਗਾ, ਉਨ੍ਹਾਂ ਹੀ ਦਿਲ ਦੀ ਬਿਮਾਰੀ ਦਾ ਖ਼ਤਰਾ ਵੀ ਘੱਟ ਹੋ ਜਾਵੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












