You’re viewing a text-only version of this website that uses less data. View the main version of the website including all images and videos.
ਕਰਾਊਡਸਟ੍ਰਾਈਕ ਨੇ ਦੁਨੀਆਂ ਭਰ ’ਚ ਆਈਟੀ ਸੇਵਾਵਾਂ ਦੇ ਵਿਘਨ ਦਾ ਕਾਰਨ ਦੱਸਿਆ, ਭਾਰਤ ਨੇ ਜਾਰੀ ਕੀਤੀ ਐਡਵਾਈਜ਼ਰੀ
ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਹਵਾਈ ਅੱਡਿਆਂ, ਰੇਲਾਂ, ਨਿਊਜ਼ ਚੈਨਲਜ਼ ਅਤੇ ਬੈਂਕਾਂ ਦੀਆਂ ਆਈਟੀ ਨਾਲ ਜੁੜੀਆ ਸੇਵਾਵਾਂ ਠੱਪ ਹੋ ਗਈਆਂ ਹਨ।
ਭਾਰਤ ਵਿੱਚ ਸਪਾਈਸ ਜੈੱਟ, ਇੰਡੀਗੋ ਦੀਆਂ ਫਲਾਈਟਾਂ ਪ੍ਰਭਾਵਿਤ ਹੋਈਆਂ ਹਨ। ਦਿੱਲੀ ਏਅਰਪੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਗਲੋਬਲ ਆਈਟੀ ਖਰਾਬੀ ਕਰਕੇ ਕੁਝ ਸੇਵਾਵਾਂ ਆਰਜ਼ੀ ਤੌਰ ਉੱਤੇ ਪ੍ਰਭਾਵਿਤ ਹੋਈਆਂ ਹਨ।
ਯਾਤਰੀਆਂ ਨੂੰ ਸਬੰਧਿਤ ਏਅਰਲਾਈਂਜ਼ ਨਾਲ ਰਾਬਤਾ ਰੱਖਣ ਦੀ ਬੇਨਤੀ ਕੀਤੀ ਗਈ ਹੈ।
ਸਿਡਨੀ ਹਵਾਈ ਅੱਡੇ 'ਤੇ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ,ਯੂਨਾਇਟਿਡ ਏਅਰਲਾਈਨ ਦੀਆਂ ਫਲਾਈਟਸ ਵੀ ਨਹੀਂ ਉੱਡੀਆਂ ਅਤੇ ਲੰਡਨ ਸਟੌਕ ਐਕਚੇਂਜ ਗਰੁੱਪ ਦੇ ਪਲੇਟਫਾਰਮ ਨੇ ਵੀ ਦਿੱਕਤਾਂ ਦਾ ਸਾਹਮਣਾ ਕੀਤਾ ਹੈ ।
ਏਐਫਪੀ ਨਿਊਜ਼ ਏਜੰਸੀ ਦੀ ਰਿਪੋਰਟ ਦੇ ਮੁਤਾਬਿਕ ਮਾਈਕ੍ਰੋਸਾਫਟ ਦਾ ਕਹਿਣਾ ਹੈ ਕਿ ਉਹ ਸੇਵਾਵਾਂ ਵਿੱਚ ਆਉਣ ਵਾਲੀਆਂ ਦਿੱਕਤਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਬ੍ਰਿਟੇਸ਼ ਸਮੇਂ ਦੀ ਮੁਤਾਬਿਕ ਵੀਰਵਾਰ ਰਾਤ ਤੋਂ ਇਹ ਖ਼ਰਾਬੀ ਸ਼ੁਰੂ ਹੋਈ।
ਕੰਪਨੀ ਦਾ ਕਹਿਣਾ ਹੈ ਕਿ ਉਹ ਯੂਨਾਇਟੇਡ ਸਟੇਟਸ ਵਿੱਚ ਕਲਾਊਡ ਸਰਵਿਸ ਦੇ ਨਾਲ ਜੁੜੇ ਮੁੱਦੇ ਦੀ ਜਾਂਚ ਕਰ ਰਹੇ ਹਨ ਅਤੇ ਖ਼ਰਾਬੀ ਕਰਕੇ ਕਈ ਐਪ ਅਤੇ ਸਰਵਿਸਜ਼ ਪ੍ਰਭਾਵਿਤ ਹੋਈਆਂ ਹਨ ।
ਇਸ ਮਸਲੇ ਉੱਤੇ ਕਰਾਊਡਸਟ੍ਰਾਈਕ ਨੇ ਕਿਹਾ ਹੈ ਕਿ ਉਹ ਮੁਆਫ਼ੀ ਮੰਗਦੇ ਹਨ। ਉਨ੍ਹਾਂ ਦੇ ਬੌਸ ਜੌਰਜ ਕੁਰਟਜ਼ ਨੇ ਕਿਹਾ, “ਅਸੀਂ ਗਾਹਕਾਂ ਤੋਂ ਲੈ ਕੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫ਼ੀ ਮੰਗਦੇ ਹਾਂ।”
ਉਨ੍ਹਾਂ ਕਿਹਾ, “ਸਾਨੂੰ ਪਤਾ ਹੈ ਕਿ ਮਸਲਾ ਕੀ ਹੈ...ਅਤੇ ਇਹ ਠੀਕ ਹੋ ਰਿਹਾ ਹੈ।”
ਮਾਈਕ੍ਰੋਸੌਫ਼ਟ ਨੇ 'ਥਰਡ-ਪਾਰਟੀ ਸੌਫ਼ਟਵੇਅਰ’ ਨੂੰ ਜ਼ਿੰਮੇਵਾਰ ਦੱਸਿਆ
ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਮਾਈਕ੍ਰੋਸਾਫਟ 365 ਦੇ ਅਧਿਕਾਰਤ ਹੈਂਡਲ ਤੋਂ ਜਾਰੀ ਕੀਤੇ ਗਏ ਸਰਵਿਸ ਅਪਡੇਟ ਵਿੱਚ ਕਿਹਾ ਗਿਆ ਹੈ ਕਿ
"ਅਸੀਂ ਮਾਈਕ੍ਰੋਸਾਫਟ 365 ਦੀਆਂ ਵੱਖ-ਵੱਖ ਐਪਸ ਅਤੇ ਸਰਵਿਸਜ਼ ਦਾ ਇਸਤੇਮਾਲ ਕਰਨ ਵਿੱਚ ਆਉਣ ਵਾਲੀ ਸਮੱਸਿਆ ਦੀ ਜਾਂਚ ਕਰ ਰਹੇ ਹਾਂ।"
ਹਾਲਾਂਕਿ, ਮਾਈਕ੍ਰੋਸਾਫਟ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਬੀਬੀਸੀ ਨੂੰ ਦੱਸਿਆ ਕਿ ਕੁਝ ਘੰਟੇ ਪਹਿਲਾਂ ਵਿਘਨ ਪਾਉਣ ਵਾਲੀਆਂ ਜ਼ਿਆਦਾਤਰ ਆਈਟੀ ਸੇਵਾਵਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ।
ਮਾਈਕ੍ਰੋਸੌਫ਼ਟ ਦੇ ਬੁਲਾਰੇ ਨੇ ਦੱਸਿਆ ਕਿ, “ਸਾਨੂੰ ਪਤਾ ਹੈ ਕਿ ਇੱਕ ਥਰਡ ਪਾਰਟੀ ਸੌਫ਼ਟਵੇਅਰ ਨੇ ਵਿੰਡੋਜ਼ ਡਿਵਾਈਸਜ਼ ਨੂੰ ਪ੍ਰਭਾਵਿਤ ਕੀਤਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਠੀਕ ਹੋ ਜਾਵੇਗਾ।”
ਸਾਈਬਰ ਸਕਿਓਰਿਟੀ ਫ਼ਰਮ ਕਰਾਊਡਸਟ੍ਰਾਈਕ ਨੇ ਕਿਹਾ ਕਿ ਮਸਲਾ ਵਿੰਡੋਜ਼ ਵਿੱਚ ਆਏ ਇੱਕ ਅੱਪਡੇਟ ਦਾ ਹੈ ਜਿਸ ਦਾ ਪਤਾ ਲੱਗ ਗਿਆ ਹੈ ਅਤੇ ਇਸ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ।
ਨਿਊਜ਼ ਚੈਨਲ, ਰੇਲਾਂ ਅਤੇ ਉਡਾਣਾਂ ਪ੍ਰਭਾਵਿਤ
ਇੱਕ ਪ੍ਰਮੁੱਖ ਰੇਲ ਕੰਪਨੀ ਨੇ ਯਾਤਰੀਆਂ ਨੂੰ ਆਈਟੀ ਖ਼ਰਾਬੀ ਕਰਕੇ ਰੁਕਾਵਟ ਦੇ ਖਦਸ਼ੇ ਚਿਤਾਵਨੀ ਦਿੱਤੀ ਹੈ।
ਯੂਕੇ ਵਿੱਚ, ਸਕਾਈ ਨਿਊਜ਼ ਚੈਨਲ ਆਈਟੀ ਖ਼ਰਾਬੀ ਦੇ ਕਾਰਨ ਬੰਦ ਹੋ ਗਿਆ ਸੀ ਜੋ ਹੁਣ ਵਾਪਿਸ ਸ਼ੁਰੂ ਹੋ ਗਿਆ ਹੈ।
ਭਾਰਤ ਵਿੱਚ ਇੰਡੀਗੋ ਵੱਲੋਂ ਵੀ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿੱਤੀ ਗਈ ਕਿ ਮਾਈਕ੍ਰੋਸਾਫਟ ਦੀ ਪਰੇਸ਼ਾਨੀ ਕਰਕੇ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ ।
ਸਪਾਈਸ ਜੈੱਟ ਵੱਲੋਂ ਵੀ ਕਿਹਾ ਗਿਆ ਹੈ ਕਿ ਤਕਨੀਕੀ ਖ਼ਰਾਬੀ ਕਰਕੇ ਔਨਲਾਈਟ ਚੈਕਿੰਗ ਅਤੇ ਹੋਰ ਸਹੂਲਤਾਂ ਵਿੱਚ ਦਿੱਕਤ ਪੇਸ਼ ਆ ਰਹੀ ਹੈ ।
ਭਾਰਤ ਵਿੱਚ ਕਿਹੜੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ
ਭਾਰਤ ਵਿੱਚ ਰਾਜਧਾਨੀ ਦਿੱਲੀ ਦੇ ਏਅਰਪੋਰਟ ਨੇ ਐਕਸ ਉੱਤ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ ਕਿ ਦੁਨੀਆਂ ਵਿੱਚ ਆਏ ਆਈਟੀ ਸੰਕਟ ਕਰਕੇ ਉਨ੍ਹਾਂ ਦੀਆਂ ਵੀ ਕੁਝ ਸੇਵਾਵਾਂ ਉੱਤੇ ਅਸਰ ਪਿਆ ਹੈ ।
ਦਿੱਲੀ ਏਅਰਪੋਰਟ ਦੇ ਮੁਤਾਬਕ ਉਹ ਆਪਣ ਸਾਰੇ ਸਾਂਝੇਦਾਰਾਂ ਨਾਲ ਸੰਪਰਕ ਵਿੱਚ ਹਨ ਤਾਂ ਜੋ ਮੁਸਾਫਿਰਾਂ ਦੀਆਂ ਪਰੇਸ਼ਾਨੀਆਂ ਨੂੰ ਘੱਟ ਕੀਤਾ ਜਾ ਸਕੇ।
ਏਅਰ ਇੰਡੀਆ ਨੇ ਵੀ ਇਸ ਸੰਕਟ 'ਤੇ ਪੋਸਟ ਪਾਈ ਕਿ ਮਾਈਕ੍ਰੋਸੌਫਟ ਦੇ ਸਰਵਰ ਵਿੱਚ ਖ਼ਰਾਬੀ ਆਉਣ ਨਾਲ ਸਾਡਾ ਸਿਸਟਮ ਅਸਥਾਈ ਤੌਰ ਤੇ ਪ੍ਰਭਾਵਿਤ ਹੋਇਆ ਹੈ ਅਤੇ ਮੁਸਾਫਰਾਂ ਨੂੰ ਹੋਈ ਪਰੇਸ਼ਾਨੀ ਲਈ ਖੇਦ ਹੈ।
ਸਪਾਈਸ ਜੈਟ ਨੇ ਵੀ ਇਸ ਸੰਕਟ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਉਡਾਣਾਂ ਦੇ ਅਪਡੇਟ ਦੇਣ ਵਿੱਚ ਪਰੇਸ਼ਾਨੀ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂ ਦੀ ਟੀਮ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਏਅਰ ਇੰਡੀਆ ਨੇ ਕਿਹਾ ਕਿ ਮੁਸਾਫਰਾਂ ਨੂੰ ਬੇਨਤੀ ਹੈ ਕਿ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਯਾਤਰਾ ਦੀ ਯੋਜਨਾ ਬਣਾਉਣ ।
ਇੰਡੀਗੋ ਏਅਰਲਾਈਨ ਨੇ ਵੀ ਐਕਸ ਤੇ ਜਾਣਕਾਰੀ ਦਿੱਤੀ ਕਿ ਮਾਈਕ੍ਰੋਸੌਫਟ ਦੇ ਸਰਵਰ ਵਿੱਚ ਆਈ ਗੜਬੜੀ ਦੀ ਵਜ੍ਹਾ ਨਾਲ ਯਾਤਰੀਆਂ ਨੂੰ ਹਵਾਈ ਅੱਡੇ 'ਤੇ ਇੰਤਜ਼ਾਰ ਦਾ ਸਮਾਂ ਲੰਬਾ ਹੋ ਗਿਆ ਹੈ।
ਇਲੈਕਟ੍ਰੋਨਿਕਸ ਅਤੇ ਇਨਫੌਰਮੇਸ਼ਨ ਟੈਕਨੋਲਜੀ ਮੰਤਰਾਲੇ ਦੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਦੱਸਿਆ ਕਿ ਮਹਿਕਮਾ ਮਾਇਕ੍ਰੋਸੌਫਟ ਅਤੇ ਇਸ ਦੇ ਸਹਿਯੋਗੀਆਂ ਨਾਲ ਰਾਬਤੇ ਵਿੱਚ ਹੈ ।
ਖ਼ਰਾਬੀ ਦਾ ਕਾਰਨ ਪਤਾ ਲਾ ਲਿਆ ਗਿਆ ਹੈ ਅਤੇ ਮਸਲੇ ਦਾ ਕਾਰਨ ਬਾਰੇ ਜਾਣਕਾਰੀ ਦਿੱਤੀ ਜਾ ਚੁੱਕੀ ਹੈ।
ਸੀਈਆਰਟੀ ਤਕਨੀਕੀ ਐਡਵਾਇਜ਼ਰੀ ਜਾਰੀ ਕਰ ਰਹੀ ਹੈ। ਐੱਨਆਈਸੀ ਨੈਟਵਰਕ ਪ੍ਰਭਾਵਿਤ ਨਹੀਂ ਹੋਇਆ ਹੈ।
ਦਿੱਲੀ ਏਅਰਪੋਰਟ ਨੇ ਜਾਰੀ ਕੀਤੀ ਐਡਵਾਈਜ਼ਰੀ
ਭਾਰਤ ਵਿੱਚ ਆਈਟੀ ਸੇਵਾਵਾਂ ਵਿੱਚ ਵੀ ਵਿਘਨ ਪਿਆ ਹੈ। ਦੇਸ਼ ਦੇ ਕਈ ਹਵਾਈ ਅੱਡਿਆਂ ਨੇ ਇਸ ਬਾਰੇ ਯਾਤਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਐਡਵਾਈਜ਼ਰੀ ਜਾਰੀ ਕੀਤੀ ਹੈ।
ਭਾਰਤ ਦੇ ਆਈਟੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ, “ਸਾਡਾ ਮੰਤਰਾਲਾ ਗਲੋਬਲ ਆਈਟੀ ਆਊਟੇਜ ਨੂੰ ਲੈ ਕੇ ਮਾਈਕ੍ਰੋਸਾਫਟ ਦੇ ਸੰਪਰਕ ਵਿੱਚ ਹੈ। ਇਸ ਦੇ ਕਾਰਨਾਂ ਦਾ ਪਤਾ ਲਗਾ ਲਿਆ ਗਿਆ ਹੈ ਅਤੇ ਇਸ ਨਾਲ ਨਜਿੱਠਣ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।”
ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਸੀਈਆਰਟੀ ਨੇ ਇੱਕ ਤਕਨੀਕੀ ਸਲਾਹ ਜਾਰੀ ਕਰ ਰਿਹਾ ਹੈ।
"ਭਾਰਤ ਦਾ ਐੱਨਆਈਸੀ ਨੈੱਟਵਰਕ ਇਸ ਆਊਟੇਜ ਨਾਲ ਪ੍ਰਭਾਵਿਤ ਨਹੀਂ ਹੋਇਆ ਹੈ।"
ਬੀਬੀਸੀ ਪੱਤਰਕਾਰ ਸਮੀਰਾ ਹੂਸੈਨ ਨੇ ਦਿੱਲੀ ਦੇ ਹਵਾਈਅੱਡੇ ਦਾ ਹਾਲ ਦੱਸਿਆ।
ਦਿੱਲੀ ਏਅਰਪੋਰਟ 'ਤੇ ਵਾਈਟ ਬੋਰਡ 'ਤੇ ਫਲਾਈਟ ਗੇਟਾਂ ਦੀ ਜਾਣਕਾਰੀ ਹੱਥ ਨਾਲ ਲਿਖੀ ਜਾ ਰਹੀ ਹੈ।
ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਚੈੱਕ-ਇਨ ਲਈ ਵਰਤੇ ਜਾਣ ਵਾਲੇ ਸਾਰੇ ਟਰਮੀਨਲ ਬੰਦ ਹਨ।
ਹਵਾਈ ਅੱਡੇ 'ਤੇ ਪਹੁੰਚੀ ਬੀਬੀਸੀ ਪੱਤਰਕਾਰ ਸਮੀਰਾ ਹੁਸੈਨ ਨੂੰ ਖਾਲੀ ਬੋਰਡਿੰਗ ਪਾਸ ਦਿੱਤੇ ਗਏ, ਜਿਸ 'ਤੇ ਉਨ੍ਹਾਂ ਨੂੰ ਪੈੱਨ ਨਾਲ ਜਾਣਕਾਰੀ ਲਿਖਣ ਲਈ ਕਿਹਾ ਗਿਆ।
ਇਸ ਤਰ੍ਹਾਂ ਬੈਗੇਜ ਟੈਗਸ ਦੀ ਜਾਣਕਾਰੀ ਵੀ ਪੈੱਨ ਨਾਲ ਹੀ ਲਿਖੀ ਗਈ ਸੀ।
ਏਅਰਪੋਰਟ ਦੇ ਟਰਮੀਨਲ 3 'ਚ ਇੱਕ ਵਿਅਕਤੀ ਵ੍ਹਾਈਟ ਬੋਰਡ 'ਤੇ ਫ਼ਲਾਈਟ ਗੇਟ ਦੀ ਜਾਣਕਾਰੀ ਲਿਖ ਰਿਹਾ ਸੀ।
ਇਹ ਵੀ ਸੰਭਾਵੀ ਕਾਰਨ ਹੋ ਸਕਦਾ ਹੈ
ਬੀਬੀਸੀ ਦੇ ਟੈਕਨੌਲਜੀ ਐਡੀਟਰ ਜੋਏ ਕਾਇਨਮਨ ਮੁਤਾਬਕ ਕੁਝ ਰਿਪੋਰਟਾਂ ਇਹ ਇਸ਼ਾਰਾ ਕਰਦੀਆਂ ਹਨ ਕਿ ਐਂਟੀਵਾਇਰਸ ਸੌਫਟਵੇਅਰ ਬਣਾਉਣ ਵਾਲੀ ਸਾਇਬਰਸਿਕਿਓਰਿਟੀ ਕੰਪਨੀ ਕਰਾਊਡਸਟ੍ਰਾਈਕ ਨੇ ਇੱਕ ਸੌਫਟਵੇਅਰ ਅਪਡੇਟ ਦਿੱਤਾ ਸੀ।
ਹੋ ਸਕਦਾ ਹੈ ਕਿ ਇਹੀ ਖ਼ਰਾਬੀ ਦੀ ਵਜ੍ਹਾ ਹੋਵੇ,ਅਤੇ ਵਿੰਡੋਜ਼ ਡਿਵਾਈਸਾਂ ਨੂੰ ਖ਼ਰਾਬ ਰਿਹਾ ਹੈ - ਇਸ ਨਾਲ ਪੀਸੀ ਤੇ ਨੀਲੇ ਰੰਗ ਦੀ ਸਕ੍ਰੀਨ ਦਾ ਕਾਰਨ ਹੋਵੇ ।
ਹੁਣ, ਕੀ ਇਹ ਦੋਵੇਂ ਮੁੱਦੇ ਇੱਕੋ ਚੀਜ਼ ਹਨ, ਜਾਂ ਫਿਰ ਇੱਕੋ ਸਮੇਂ ਵਾਪਰ ਰਹੀਆਂ ਦੋ ਵੱਡੀਆਂ ਚੀਜ਼ਾਂ ਹਨ - ਅਜੇ ਨਹੀਂ ਪਤਾ। ਪਰ ਪੱਕੇ ਤੌਰ 'ਤੇ ਅਜਿਹਾ ਲੱਗਦਾ ਹੈ ਕਿ ਇਹ ਬਹੁਤ ਤਬਾਹੀ ਮਚਾਉਣ ਜਾ ਰਿਹਾ ਹੈ।
ਅਸੀਂ ਜਵਾਬ ਲਈ ਕਡਾਊਡਸਟ੍ਰਾਈਕ ਨਾਲ ਸੰਪਰਕ ਕੀਤਾ ਹੈ ਪਰ ਖ਼ਬਰ ਲਿਖੇ ਜਾਣ ਤੱਕ ਕੋਈ ਜਵਾਬ ਨਹੀਂ ਆਇਆ ਸੀ।
ਕ੍ਰਾਊਡਸਟ੍ਰਾਈਕ ਕੀ ਹੈ?
ਬੀਬੀਸੀ ਪੱਤਰਕਾਰ ਟਾਮ ਗੇਰਕਨ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਦੁਨੀਆਂ ਭਰ ਵਿੱਚ ਆਈਟੀ ਆਊਟੇਜ ਦਾ ਕਾਰਨ ਕੀ ਹੈ।
ਪਰ ਅਮਰੀਕੀ ਏਅਰਲਾਈਨ ਨੇ ਇਸ ਦੇ ਲਈ ਕ੍ਰਾਊਡਸਟ੍ਰਾਈਕ ਨਾਂ ਦੀ ਸਾਈਬਰ ਸੁਰੱਖਿਆ ਕੰਪਨੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਹੁਣ ਸਵਿਟਜ਼ਰਲੈਂਡ ਦੀ ਸਾਈਬਰ ਸੁਰੱਖਿਆ ਏਜੰਸੀ ਨੇ ਵੀ ਇਸ ਫਰਮ 'ਤੇ ਉਂਗਲ ਉਠਾਈ ਹੈ।
ਕ੍ਰਾਊਡਸਟ੍ਰਾਈਕ ਇੱਕ ਸਾਈਬਰ ਸੁਰੱਖਿਆ ਕੰਪਨੀ ਹੈ ਜਿਸਦੀ ਸਥਾਪਨਾ ਸਾਲ 2011 ਵਿੱਚ ਕੀਤੀ ਗਈ ਸੀ।
ਕ੍ਰਾਊਡਸਟ੍ਰਾਈਕ ਦੁਨੀਆਂ ਭਰ ਦੀਆਂ ਵੱਡੀਆਂ ਕੰਪਨੀਆਂ ਅਤੇ ਹਾਰਡਵੇਅਰ ਨੂੰ ਸਾਈਬਰ ਹਮਲਿਆਂ ਤੋਂ ਬਚਾਉਣ ਲਈ ਕੰਮ ਕਰਦਾ ਹੈ।
ਇਹ ਕੰਪਨੀ ਐਂਡਪੁਆਇੰਟ ਸੁਰੱਖਿਆ ਵਿੱਚ ਮੁਹਾਰਤ ਰੱਖਦੀ ਹੈ ਅਤੇ ਕਾਰਪੋਰੇਟ ਨੈੱਟਵਰਕਾਂ, ਜਿਵੇਂ ਕਿ ਫ਼ੋਨ ਅਤੇ ਲੈਪਟਾਪ ਆਦਿ ਨਾਲ ਜੁੜੇ ਡੀਵਾਈਸਾਂ ਨੂੰ ਵਾਇਰਸ ਜਾਂ ਮਾਲਵੇਅਰ ਤੋਂ ਬਚਾਉਣ ਲਈ ਕੰਮ ਕਰਦੀ ਹੈ।
ਇਹ ਉਨ੍ਹਾਂ ਕੰਪਨੀਆਂ ਨੂੰ ਵੀ ਸੁਰੱਖਿਆ ਪ੍ਰਦਾਨ ਕਰਦਾ ਹੈ ਜੋ ਕਲਾਉਡ ਨੈੱਟਵਰਕ 'ਤੇ ਕੰਮ ਕਰਦੀਆਂ ਹਨ।
ਇਹ ਉਨ੍ਹਾਂ ਕੰਪਨੀਆਂ ਦੇ ਡੇਟਾ ਨੂੰ ਸੁਰੱਖਿਅਤ ਕਰਦਾ ਹੈ ਜੋ ਇਸਨੂੰ ਆਪਣੀ ਛੱਤ ਹੇਠ ਰੱਖਦੀਆਂ ਹਨ ਜਾਂ ਉਨ੍ਹਾਂ ਦੇ ਆਪਣੇ ਸਰਵਰਾਂ 'ਤੇ ਸੁਰੱਖਿਆ ਰੱਖਣ ਤੋਂ ਅਖੌਤੀ ਕਲਾਉਡ ਪ੍ਰਦਾਤਾਵਾਂ ਵੱਲ ਚਲੇ ਗਏ ਹਨ।
ਟੈਕਸਾਸ-ਅਧਾਰਤ ਫਰਮ ਦੀ ਸਥਾਪਨਾ ਉੱਦਮੀ ਜਾਰਜ ਕੁਰਟਜ਼ ਅਤੇ ਦਮਿੱਤਰੀ ਅਲਪੇਰੋਵਿਚ ਦੁਆਰਾ ਕੀਤੀ ਗਈ ਸੀ।
ਕੰਪਨੀ ਨੂੰ 2019 ਤੋਂ ਟੈਕ-ਹੈਵੀ ਨੈਸਡੈਕ ਸਟਾਕ ਐਕਸਚੇਂਜ 'ਤੇ ਸੂਚੀਬੱਧ ਕੀਤਾ ਗਿਆ ਸੀ।
ਆਪਣੀ ਸ਼ੁਰੂਆਤ ਤੋਂ ਬਾਅਦ, ਕੰਪਨੀ ਨੇ ਸਾਈਬਰ ਹਮਲਿਆਂ ਦੀ ਜਾਂਚ ਵਿੱਚ ਮਦਦ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਨਿਊਜ਼ੀਲੈਂਡ ਦੀ ਸੰਸਦ ਪ੍ਰਭਾਵਿਤ ਹੋਈ
ਨਿਊਜ਼ੀਲੈਂਡ ਵਿੱਚ ਕ੍ਰਾਈਸਚਰਚ ਕੌਮਾਂਤੀ ਹਵਾਈ ਅੱਡੇ ਵੱਲੋਂ ਕਿਹਾ ਗਿਆ ਕਿ ਤਕਨੀਕੀ ਖ਼ਰਬੀ ਕਰਕੇ
ਕੁਝ ਉਡਾਣਾਂ ਦੀ ਜਾਣ ਅਤੇ ਆਉਣ ਵਿੱਚ ਦੇਰੀ ਹੋ ਸਕਦੀ ਹੈ।
ਨਿਊਜ਼ੀਲੈਂਡ ਸੰਸਦ ਦੇ ਬੁਲਾਰੇ ਨੇ ਕਿਹਾ ਕਿ ਕੰਪਿਊਟਰ ਨੈਟਵਰਕ ਵਿੱਚ ਦਿੱਕਤ ਪੇਸ਼ ਆ ਰਹੀ ਹੈ।
ਆਸਟ੍ਰੇਲੀਆ ਇਸ ਆਈ ਸੰਕਟ ਤੋਂ ਖ਼ਾਸ ਤੌਰ ’ਤੇ ਪ੍ਰਭਾਵਿਤ ਹੋਇਆ ਹੈ।
ਆਸਟ੍ਰੇਲੀਆ ਦੀ ਸਾਈਬਰ ਸਕਿਊਰਿਟੀ ਉੱਤੇ ਨਜ਼ਰ ਰੱਖਣ ਵਾਲੀ ਸਰਕਾਰੀ ਏਜੰਸੀ ਦਾ ਕਹਿਣਾ ਹੈ ਕਿ ਕਿਸੇ ਸਾਈਬਰ ਹਮਲੇ ਦਾ ਕੋਈ ਅੰਦਾਜ਼ਾ ਨਹੀਂ ਸੀ।