ਕੀ ਹੈ ਉਹ ਮਾਮਲਾ ਜਿਸ ਤਹਿਤ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ 11 ਅਧਿਕਾਰੀਆਂ ਖਿਲਾਫ਼ ਘੁਟਾਲੇ ਤਹਿਤ ਕੇਸ ਦਰਜ ਹੋਏ

ਸੁੰਦਰ ਸ਼ਾਮ ਅਰੋੜਾ
ਤਸਵੀਰ ਕੈਪਸ਼ਨ, ਕਾਂਗਰਸ ਸਰਕਾਰ ਵੇਲੇ ਮੰਤਰੀ ਰਹੇ ਸੁੰਦਰ ਸ਼ਾਮ ਅਰੋੜਾ ਇਸ ਵੇਲੇ ਜੇਲ੍ਹ ਵਿੱਚ ਬੰਦ ਹਨ

ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਆਈਏਐੱਸ ਅਧਿਕਾਰੀ ਨੀਲਮਾ ਸਮੇਤ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ (ਪੀਐੱਸਆਈਡੀਸੀ) ਦੇ 10 ਸਰਕਾਰੀ ਅਧਿਕਾਰੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਵਿਜੀਲੈਂਸ ਨੇ ਪਿਛਲੇ ਸਾਲ ਅਕਤੂਬਰ ਮਹੀਨੇ ਇੱਕ ਅਧਿਕਾਰੀ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਦੇ ਇਲਜ਼ਾਮਾਂ ਤਹਿਤ ਸੁੰਦਰ ਸ਼ਾਮ ਅਰੋੜਾ ਨੂੰ ਜ਼ੀਰਕਪੁਰ ਤੋਂ ਰੰਗੇ ਹੱਥੀਂ ਫੜਨ ਦਾ ਦਾਅਵਾ ਕੀਤਾ ਸੀ।

ਵੀਰਵਾਰ ਨੂੰ ਦਰਜ ਹੋਇਆ ਇਹ ਕੇਸ ਇੱਕ ਉਦਯੋਗਿਕ ਪਲਾਂਟ ਨੂੰ ਇੱਕ ਡਿਵੈਲਪਰ (ਰੀਅਲਟਰ) ਕੰਪਨੀ ਨੂੰ ਤਬਦੀਲ ਕਰਨ/ਵੰਡ ਕਰਨ ਅਤੇ ਪਲਾਟ ਕੱਟ ਕੇ ਟਾਊਨਸ਼ਿਪ ਸਥਾਪਤ ਕਰਨ ਦੀ ਪ੍ਰਵਾਨਗੀ ਦੇਣ ਦੇ ਕਥਿਤ ਇਲਜ਼ਾਮਾਂ ਹੇਠ ਦਰਜ ਕੀਤਾ ਗਿਆ ਹੈ।

ਇਸ ਕੇਸ ਵਿੱਚ ਰੀਅਲਟਰ ਫਰਮ, ਗੁਲਮੋਹਰ ਟਾਊਨਸ਼ਿਪ ਪ੍ਰਾਈਵੇਟ ਲਿਮਟਿਡ ਦੇ ਤਿੰਨ ਮਾਲਕਾਂ ਜਾਂ ਭਾਈਵਾਲਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਮੁਹਾਲੀ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਏ), 13 (2) ਅਤੇ ਆਈਪੀਸੀ ਦੀ ਧਾਰਾ 409, 420, 465, 467, 468, 471, 120-ਬੀ ਤਹਿਤ ਕੇਸ ਦਰਜ ਕੀਤਾ ਹੈ।

ਅਰੋੜਾ
ਸੁੰਦਰ ਸ਼ਾਮ ਅਰੋੜਾ

ਤਸਵੀਰ ਸਰੋਤ, PRADEEP PANDIT/BBC

ਤਸਵੀਰ ਕੈਪਸ਼ਨ, ਸੁੰਦਰ ਸ਼ਾਮ ਅਰੋੜਾ ਦੀ ਇਹ ਤਸਵੀਰ ਉਸ ਵੇਲੇ ਦੀ ਹੈ, ਜਦੋਂ ਵਿਜੀਲੈਂਸ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਅਦਾਲਤ ਦੇ ਬਾਹਰ ਉਹ ਭਾਵੁਕ ਹੋ ਗਏ ਸਨ

ਉਦਯੋਗਿਕ ਪਲਾਟ ਤਬਾਦਲਾ ਕੇਸ:

  • ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ, ਆਈਏਐੱਸ ਨੀਲਿਮਾ ਸਮੇਤ 10 ਸਰਕਾਰੀ ਅਧਿਕਾਰੀਆਂ ਖਿਲਾਫ਼ ਕੇਸ ਦਰਜ।
  • ਵਿਜੀਲੈਂਸ ਬਿਊਰੋ ਦੇ ਥਾਣਾ ਮੋਹਾਲੀ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ।
  • ਅਲਾਟ ਕੀਤੀ ਗਈ 25 ਏਕੜ ਜ਼ਮੀਨ ਰਿਹਾਇਸ਼ੀ ਖੇਤਰ ਲਈ ਵੇਚਣ ਦਾ ਮਾਮਲਾ।
  • ਵਿਜੀਲੈਂਸ ਨੇ ਇਸ ਕੇਸ ਵਿੱਚ ਪੀਐੱਸਆਈਡੀਸੀ ਦੇ 7 ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਅਰੋੜਾ

ਪੀਐੱਸਆਈਡੀਸੀ ਦੇ 7 ਅਧਿਕਾਰੀ ਗ੍ਰਿਫ਼ਤਾਰ

ਵਿਜੀਲੈਂਸ ਦੇ ਇੱਕ ਬਿਆਨ ਮੁਤਾਬਕ ਇਸ ਕੇਸ ਵਿੱਚ ਪੀਐੱਸਆਈਡੀਸੀ ਦੇ 7 ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਨ੍ਹਾਂ ਵਿੱਚ ਅੰਕੁਰ ਚੌਧਰੀ ਅਸਟੇਟ ਅਫਸਰ, ਦਵਿੰਦਰਪਾਲ ਸਿੰਘ ਜੀਐੱਮ ਪਰਸੋਨਲ, ਜੇਐੱਸ ਭਾਟੀਆ, ਚੀਫ ਜਨਰਲ ਮੈਨੇਜਰ (ਯੋਜਨਾਬੰਦੀ), ਆਸ਼ਿਮਾ ਅਗਰਵਾਲ ਏਟੀਪੀ (ਯੋਜਨਾਬੰਦੀ), ਪਰਮਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ, ਰਜਤ ਕੁਮਾਰ ਡੀਏ ਅਤੇ ਸੰਦੀਪ ਸਿੰਘ ਐੱਸਡੀਈ ਸ਼ਾਮਲ ਹਨ।

ਇਨ੍ਹਾਂ ਉੱਪਰ ਆਪਸ ਵਿੱਚ ਮਿਲੀਭੁਗਤ ਕਰਕੇ ਉਕਤ ਫਰਮ ਨੂੰ ਅਣਉਚਿਤ ਲਾਭ ਪਹੁੰਚਾਉਣ ਦੇ ਇਲਜ਼ਾਮ ਹਨ।

 ਕੀ ਹੈ ਮਾਮਲਾ?

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਰਾਜ ਵਿੱਚ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਸਾਲ 1987 ਵਿੱਚ 'ਆਨੰਦ ਲੈਂਪਸ ਲਿਮਟਿਡ' ਕੰਪਨੀ ਨੂੰ ਵਿਕਰੀ ਡੀਡ ਰਾਹੀਂ 25 ਏਕੜ ਜ਼ਮੀਨ ਅਲਾਟ ਕੀਤੀ ਸੀ।

“ਇਹ ਬਾਅਦ ਵਿੱਚ 'ਸਿਗਨੀਫਾਈ ਇਨੋਵੇਸ਼ਨ' ਨਾਮਕ ਫਰਮ ਨੂੰ ਤਬਦੀਲ ਕਰ ਦਿੱਤੀ ਗਈ ਸੀ। ਇਹ ਪਲਾਟ ਫਿਰ ਪੀਐੱਸਆਈਡੀਸੀ ਤੋਂ ਇਤਰਾਜਹੀਨਤਾ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ ਸਿਗਨੀਫਾਈ ਇਨੋਵੇਸ਼ਨਜ ਨੇ ਵਿਕਰੀ ਡੀਡ ਰਾਹੀਂ ਗੁਲਮੋਹਰ ਟਾਊਨਸ਼ਿਪ ਨੂੰ ਵੇਚ ਦਿੱਤਾ ਸੀ।”

ਉਨ੍ਹਾਂ ਕਿਹਾ ਕਿ ਤਤਕਾਲੀ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਮਿਤੀ 17 ਮਾਰਚ 2021 ਨੂੰ ਉਕਤ ਪਲਾਂਟ ਦੀ ਹੋਰ ਵੰਡ ਲਈ ਗੁਲਮੋਹਰ ਟਾਊਨਸ਼ਿਪ ਤੋਂ ਪ੍ਰਾਪਤ ਪੱਤਰ ਉਸ ਸਮੇਂ ਦੀ ਐੱਮਡੀ ਪੀਐੱਸਆਈਡੀਸੀ ਨੂੰ ਭੇਜ ਦਿੱਤਾ।

ਉਨ੍ਹਾਂ ਕਿਹਾ ਕਿ ਐੱਮਡੀ, ਪੀਐੱਸਆਈਡੀਸੀ ਨੇ ਇਸ ਰੀਅਲਟਰ ਫਰਮ ਦੀ ਤਜਵੀਜ਼ ਦੀ ਘੋਖ ਕਰਨ ਲਈ ਇੱਕ ਵਿਭਾਗੀ ਕਮੇਟੀ ਦਾ ਗਠਨ ਕਰ ਦਿੱਤਾ।

“ਇਸ ਵਿੱਚ ਐੱਸਪੀ ਸਿੰਘ ਕਾਰਜਕਾਰੀ ਡਾਇਰੈਕਟਰ, ਅੰਕੁਰ ਚੌਧਰੀ ਅਸਟੇਟ ਅਫਸਰ, ਭਾਈ ਸੁਖਦੀਪ ਸਿੰਘ ਸਿੱਧੂ, ਦਵਿੰਦਰਪਾਲ ਸਿੰਘ ਜੀਐੱਮ ਪਰਸੋਨਲ, ਤੇਜਵੀਰ ਸਿੰਘ ਡੀਟੀਪੀ, (ਹੁਣ ਮ੍ਰਿਤਕ), ਜੇਐੱਸ ਭਾਟੀਆ ਚੀਫ਼ ਜਨਰਲ ਮੈਨੇਜਰ (ਯੋਜਨਾ), ਆਸ਼ਿਮਾ ਅਗਰਵਾਲ ਏ.ਟੀ.ਪੀ.(ਯੋਜਨਾ), ਪਰਮਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ, ਰਜਤ ਕੁਮਾਰ ਡੀਏ ਅਤੇ ਸੰਦੀਪ ਸਿੰਘ ਐਸ.ਡੀ.ਈ ਸ਼ਾਮਲ ਸਨ।”

ਉਨਾਂ ਦੱਸਿਆ ਕਿ ਐੱਸਪੀ ਸਿੰਘ ਦੀ ਅਗਵਾਈ ਵਾਲੀ ਕਮੇਟੀ ਨੇ ਇਸ ਸਬੰਧ ਵਿੱਚ ਪ੍ਰਸਤਾਵ ਰਿਪੋਰਟ, ਪ੍ਰੋਜੈਕਟ ਰਿਪੋਰਟ, ਆਰਟੀਕਲ ਆਫ ਐਸੋਸੀਏਸ਼ਨ ਅਤੇ ਐਸੋਸੀਏਸ਼ਨ ਦੇ ਮੈਮੋਰੈਂਡਮ ਦਾ ਨੋਟਿਸ ਲਏ ਬਿਨਾਂ ਉਪਰੋਕਤ ਰੀਅਲਟਰ ਫਰਮ ਨੂੰ 12 ਪਲਾਟਾਂ ਤੋਂ 125 ਪਲਾਟਾਂ ਵਿੱਚ ਵੰਡਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ।

“ਇਸ ਤੋਂ ਇਲਾਵਾ ਉਕਤ ਕਮੇਟੀ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਨਗਰ ਨਿਗਮ, ਬਿਜਲੀ ਬੋਰਡ, ਜੰਗਲਾਤ ਵਿਭਾਗ, ਰਾਜ ਫਾਇਰ ਬ੍ਰਿਗੇਡ ਆਦਿ ਦੀ ਸਲਾਹ ਲਏ ਬਿਨਾਂ ਹੀ ਗੁਲਮੋਹਰ ਟਾਊਨਸ਼ਿਪ ਸਬੰਧੀ ਤਜਵੀਜ਼ ਦੀ ਸਿਫਾਰਸ਼ ਪ੍ਰਵਾਨ ਕਰ ਦਿੱਤੀ ਸੀ।”

ਅਰੋੜਾ

ਤਸਵੀਰ ਸਰੋਤ, VIGILANCEBUREAU.PUNJAB.GOV.IN

ਫੋਰੈਂਸਿਕ ਸਾਇੰਸ ਲੈਬੋਰਟਰੀ ਦੀ ਜਾਂਚ ’ਚ ਕੀ ਨਿਕਲਿਆ

ਬੁਲਾਰੇ ਨੇ ਦੱਸਿਆ ਕਿ ਫੋਰੈਂਸਿਕ ਸਾਇੰਸ ਲੈਬੋਰਟਰੀ ਦੀ ਜਾਂਚ ਦੌਰਾਨ ਇਹ ਪਾਇਆ ਗਿਆ ਹੈ ਕਿ ਉਕਤ ਤਜਵੀਜ਼ ਦੀ ਫਾਈਲ ਵਿੱਚ ਨੋਟਿੰਗ ਦੇ ਦੋ ਪੰਨੇ ਫਾਈਲ ਵਿੱਚ ਜੁੜੇ ਬਾਕੀ ਪੰਨਿਆਂ ਨਾਲ ਮੇਲ ਨਹੀਂ ਖਾਂਦੇ।

“ਕਮੇਟੀ ਮੈਂਬਰਾਂ ਨੇ ਜਾਅਲੀ ਦਸਤਾਵੇਜ਼ ਨੱਥੀ ਕੀਤੇ ਹਨ ਅਤੇ ਪ੍ਰਸਤਾਵ ਦੀ ਚੰਗੀ ਤਰਾਂ ਪੜਤਾਲ ਨਹੀਂ ਕੀਤੀ।”

ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਸਾਲ 1987 ਦੀ ਡੀਡ ਅਨੁਸਾਰ ਇਹ ਪਲਾਂਟ ਸਿਰਫ ਉਦਯੋਗਿਕ ਉਦੇਸ਼ਾਂ ਲਈ ਹੀ ਵਰਤਿਆ ਜਾਣਾ ਸੀ ਜਦਕਿ ਗੁਲਮੋਹਰ ਟਾਊਨਸ਼ਿਪ ਦਾ ਅਜਿਹਾ ਕੋਈ ਪਿਛੋਕੜ ਨਹੀਂ ਹੈ।

ਉਨਾਂ ਕਿਹਾ ਕਿ ਪੀਐੱਸਆਈਡੀਸੀ ਦੇ ਨਿਯਮਾਂ ਅਨੁਸਾਰ ਸਾਲ 1987 ਤੋਂ ਪਲਾਂਟਾਂ ਦੀ ਫੀਸ 20 ਰੁਪਏ ਪ੍ਰਤੀ ਗਜ ਅਤੇ 3 ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ ਵਸੂਲੀ ਜਾਣੀ ਸੀ, ਜੋ ਕਿ ਕੁੱਲ 1,21,000 ਵਰਗ ਗਜ ਲਈ ਕੁੱਲ 1.51 ਕਰੋੜ ਰੁਪਏ ਬਣਦੀ ਸੀ।

“ਦੋਸ਼ੀ ਫਰਮ ਨੇ ਪਹਿਲਾਂ ਹੀ ਦਰਖਾਸਤ ਦੇ ਨਾਲ 27.83 ਲੱਖ ਰੁਪਏ ਦਾ ਪੇਅ ਆਰਡਰ ਨਾਲ ਨੱਥੀ ਕਰ ਦਿੱਤਾ ਸੀ ਜਦਕਿ ਪੀਐੱਸਆਈਡੀਸੀ ਵੱਲੋਂ ਅਜਿਹੀ ਕੋਈ ਵੀ ਮੰਗ ਨਹੀਂ ਕੀਤੀ ਗਈ ਸੀ ਜਿਸ ਕਾਰਨ ਪੰਜਾਬ ਸਰਕਾਰ ਨੂੰ 1.23 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ।''

ਉਨਾਂ ਦੱਸਿਆ ਕਿ ਪੜਤਾਲ ਦੌਰਾਨ ਪਾਇਆ ਗਿਆ ਕਿ ਜੇਕਰ ਇਹ ਪਲਾਂਟ ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵੇਚਿਆ ਜਾਂਦਾ ਤਾਂ ਸਰਕਾਰ ਨੂੰ 600 ਤੋਂ 700 ਕਰੋੜ ਰੁਪਏ ਦੀ ਆਮਦਨ ਹੋਣੀ ਸੀ।

“ਗੁਲਮੋਹਰ ਟਾਊਨਸਸ਼ਿਪ ਵੱਲੋਂ 125 ਪਲਾਟਾਂ ਦੀ ਵਿਕਰੀ ਸਮੇਂ ਕਿਸੇ ਵੀ ਖਰੀਦਦਾਰ ਧਿਰ ਤੋਂ ਕੋਈ ਪ੍ਰਸਤਾਵ ਰਿਪੋਰਟ, ਪ੍ਰੋਜੈਕਟ ਰਿਪੋਰਟ, ਆਰਟੀਕਲ ਆਫ ਐਸੋਸੀਏਸਨ ਅਤੇ ਮੈਮੋਰੰਡਮ ਆਫ ਐਸੋਸੀਏਸਨ ਦੀ ਮੰਗ ਨਹੀਂ ਕੀਤੀ ਗਈ ਅਤੇ ਸਾਰੇ ਪਲਾਟ ਗੈਰ-ਕਾਨੂੰਨੀ ਢੰਗ ਨਾਲ ਵੇਚੇ ਗਏ।”

 ਉਨਾਂ ਦੱਸਿਆ ਕਿ ਅਜਿਹਾ ਕਰਕੇ ਉਪਰੋਕਤ ਕਮੇਟੀ ਮੈਂਬਰਾਂ, ਜਿਨਾਂ ਵਿੱਚ ਤਤਕਾਲੀ ਐਮਡੀ ਨੀਲਿਮਾ ਅਤੇ ਸਾਬਕਾ ਮੰਤਰੀ ਸੁੰਦਰ ਸਾਮ ਅਰੋੜਾ ਸ਼ਾਮਲ ਸਨ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)