ਕਾਗਨੇਟਿਵ ਟੈਸਟ ਕੀ ਹੈ, ਇਹ ਬਾਇਡਨ ਅਤੇ ਟਰੰਪ ਬਾਰੇ ਕੀ ਦੱਸ ਸਕਦਾ ਹੈ? ਕੀ ਦੋਵੇਂ ਟੈਸਟ ਲਈ ਤਿਆਰ ਹਨ ?

ਜੋਅ ਬਾਇਡਨ ਤੇ ਡੋਨਲਡ ਟਰੰਪ
ਤਸਵੀਰ ਕੈਪਸ਼ਨ, ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਜੋਅ ਬਾਇਡਨ ਤੇ ਡੋਨਲਡ ਟਰੰਪ ਦੀ ਉਮਰ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ
    • ਲੇਖਕ, ਅਨਾ ਫ਼ਾਗੁਏ ਅਤੇ ਕ੍ਰਿਸਟਲ ਹੇਸ
    • ਰੋਲ, ਬੀਬੀਸੀ ਪੱਤਰਕਾਰ

ਇਸ ਵਾਰ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਉਮੀਦਵਾਰਾਂ ਦੀ ਉਮਰ ਅਤੇ ਮਾਨਸਿਕ ਤੰਦਰੁਸਤੀ ਅਹਿਮ ਮੁੱਦੇ ਬਣੇ ਹੋਏ ਹਨ।

ਇਨ੍ਹਾਂ ਮੁੱਦਿਆਂ ’ਤੇ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਜੋਏ ਬਾਇਡਨ ਤੇ ਡੋਨਲਡ ਟਰੰਪ ਦੋਵੇਂ ਘਿਰੇ ਹੋਏ ਨਜ਼ਰ ਆ ਰਹੇ ਹਨ।

ਬਾਇਡਨ ਦੀ ਉਮਰ 81 ਸਾਲ ਅਤੇ ਟਰੰਪ 78 ਸਾਲ ਦੇ ਹਨ।

ਪਿਛਲੇ ਮਹੀਨੇ ਟਰੰਪ ਅਤੇ ਬਾਇਡਨ ਵਿਚਕਾਰ ਪਹਿਲੀ ਜਨਤਕ ਬਹਿਸ ਤੋਂ ਬਾਅਦ ਇਹ ਮੁੱਦਾ ਅਚਾਨਕ ਗਰਮਾ ਗਿਆ।

ਬਾਇਡਨ ਅਮਰੀਕੀ ਇਤਿਹਾਸ ਦੇ ਸਭ ਤੋਂ ਉਮਰਦਰਾਜ਼ ਰਾਸ਼ਟਰਪਤੀ ਹਨ।

ਜੇਕਰ ਟਰੰਪ ਦੁਬਾਰਾ ਚੁਣੇ ਜਾਂਦੇ ਹਨ ਤਾਂ ਉਹ ਅਮਰੀਕੀ ਇਤਿਹਾਸ ਦੇ ਦੂਜੇ ਸਭ ਤੋਂ ਵੱਡੀ ਉਮਰ ਦੇ ਰਾਸ਼ਟਰਪਤੀ ਬਣ ਜਾਣਗੇ।

ਏਬੀਸੀ ਨਿਊਜ਼ ਨਾਲ ਇੱਕ ਇੰਟਰਵਿਊ ਦੌਰਾਨ, ਰਾਸ਼ਟਰਪਤੀ ਬਾਇਡਨ ਨੇ ਕਾਗਨੇਟਿਵ ਟੈਸਟ (ਬੋਧਾਤਮਕ ਟੈਸਟ) ਲੈਣ ਤੋਂ ਇਨਕਾਰ ਕਰਦੇ ਹੋਏ ਕਿਹਾ, "ਮੈਂ ਹਰ ਰੋਜ਼ ਬੋਧਾਤਮਕ ਟੈਸਟ ਦਿੰਦਾ ਹਾਂ।"

ਬਾਇਡਨ ਨੇ ਕਿਹਾ ਕਿ ਉਨ੍ਹਾਂ ਦੇ ਡਾਕਟਰਾਂ ਨੇ ਕਿਹਾ ਕਿ ਇਸਦੀ ਲੋੜ ਨਹੀਂ ਹੈ।

ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਬੋਧਾਤਮਕ ਟੈਸਟ ਪੂਰੇ ਕਰ ਲਏ ਹਨ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਦੋ ਟੈਸਟ ਪੂਰੇ ਕੀਤੇ, ਜਿਨ੍ਹਾਂ ਵਿੱਚੋਂ ਇੱਕ ਜਦੋਂ ਉਹ ਰਾਸ਼ਟਰਪਤੀ ਸੀ ਅਤੇ ਦੂਜਾ ਹਾਲ ਹੀ ਵਿੱਚ ਕੀਤਾ ਸੀ।

ਟਰੰਪ ਨੇ ਕਿਹਾ, "ਉਨ੍ਹਾਂ ਦੇ ਦੋਵੇਂ ਟੈਸਟ ਸਫ਼ਲ ਰਹੇ।"

ਅਜਿਹੀ ਸਥਿਤੀ ਵਿੱਚ, ਆਓ ਜਾਣਦੇ ਹਾਂ ਕਿ ਇਹ ਬੋਧਾਤਮਕ ਟੈਸਟ ਅਸਲ ਵਿੱਚ ਕੀ ਹੈ ਅਤੇ ਇਸਨੂੰ ਪਾਸ ਕਰਨਾ ਕਿੰਨਾ ਮੁਸ਼ਕਲ ਹੋ ਸਕਦਾ ਹੈ।

ਜੋਅ ਬਾਇਡਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਇੱਕ ਵਾਰ ਫਿਰ ਰਾਸ਼ਟਰਪਤੀ ਚੋਣਾਂ ਲਈ ਮੈਦਾਨ ਵਿੱਚ ਉਤਰੇ ਹਨ, ਉਹ ਡੋਨਾਲਡ ਟਰੰਪ ਦਾ ਮੁਕਾਬਲਾ ਕਰ ਰਹੇ ਹਨ।

ਕਾਗਨੇਟਿਵ ਟੈਸਟ ਕੀ ਹੈ?

ਕਾਗਨੇਟਿਵ ਟੈਸਟਿੰਗ ਵਿੱਚ ਬਹੁਤ ਸਾਰੇ ਵੱਖ-ਵੱਖ ਟੈਸਟ ਅਤੇ ਨਰੀਖਣ ਸ਼ਾਮਲ ਹੁੰਦੀਆਂ ਹਨ ਜੋ ਇਹ ਮਾਪਦੇ ਹਨ ਕਿ ਮਨੁੱਖੀ ਦਿਮਾਗ ਕਿੰਨੀ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ।

ਕਲੀਵਲੈਂਡ ਕਲੀਨਿਕ ਦੇ ਮੁਤਾਬਕ, "ਇਹ ਟੈਸਟ ਕਿਸੇ ਖ਼ਾਸ ਬਿਮਾਰੀ ਦਾ ਨਿਦਾਨ ਨਹੀਂ ਕਰਦੇ ਹਨ, ਪਰ ਇਹ ਇਲਾਜ ਲਈ ਹੋਰ ਟੈਸਟਾਂ ਦੀ ਜ਼ਰੂਰਤ ਨੂੰ ਦਰਸਾਉਂਦੇ ਹਨ।"

ਜੇ ਕਿਸੇ ਵਿਅਕਤੀ ਨੂੰ ਯਾਦਦਾਸ਼ਤ, ਸ਼ਖਸੀਅਤ ਵਿੱਚ ਤਬਦੀਲੀ, ਸੰਤੁਲਨ, ਖ਼ੁਦ ਦੀ ਕੀਤੀ ਗੱਲ ਨੂੰ ਮੁੜ ਯਾਦ ਕਰਨ ਵਿੱਚ ਦਿੱਕਤ ਆਉਂਦੀ ਹੋਵੇ ਉਨ੍ਹਾਂ ਨੂੰ ਇਹ ਟੈਸਟ ਕਰਵਾਉਣ ਦੀ ਲੋੜ ਹੁੰਦੀ ਹੈ।

ਇਸੇ ਤਰ੍ਹਾਂ ਜਿਨ੍ਹਾਂ ਲੋਕਾਂ ਨੂੰ ਆਪਣੇ ਅਤੀਤ ਦੇ ਕੁਝ ਹਿੱਸਿਆਂ ਨੂੰ ਭੁੱਲਣ ਜਾਂ ਜਾਣਕਾਰੀ ਨੂੰ ਸਮਝਣ ਵਿੱਚ ਮੁਸ਼ਕਲ ਆ ਰਹੀ ਹੈ, ਉਨ੍ਹਾਂ ਨੂੰ ਬੋਧਾਤਮਕ ਜਾਂਚ ਦੀ ਲੋੜ ਹੋ ਸਕਦੀ ਹੈ।

ਸੈਨਫੋਰਡ ਮੈਡੀਸਨ ਮੁਤਾਬਕ, ਸਭ ਤੋਂ ਵੱਧ ਵਰਤੇ ਜਾਣ ਵਾਲੇ ਟੈਸਟਾਂ ਵਿੱਚੋਂ ਇੱਕ ਮਾਂਟਰੀਅਲ ਕਾਗਨੇਟਿਵ ਅਸੈਸਟਮੈਂਟ ਹੈ।

ਇਹ ਟੈਸਟ ਜਿਨ੍ਹਾਂ ਲੋਕਾਂ ਵਿੱਚ ਬੋਧਿਕ ਕੰਮ ਕਾਜ ਦੀ ਯੋਗਤਾ ਘਟੀ ਹੋਵੇ ਦਾ ਪਤਾ ਲਾਉਣ ਦਾ ਸਭ ਤੋਂ ਤੇਜ਼ ਤਰੀਕਾ ਹੈ।

ਮੁਲਾਂਕਣ ਟੈਸਟਾਂ ਵਿੱਚ, ਯਾਦਦਾਸ਼ਤ, ਧਿਆਨ, ਵਸਤੂਆਂ ਨੂੰ ਨਾਮ ਦੇਣ ਦੀ ਯੋਗਤਾ ਦੇ ਨਾਲ-ਨਾਲ ਮੌਖਿਕ ਅਤੇ ਲਿਖਤੀ ਹੁਕਮਾਂ ਦੀ ਪਾਲਣਾ ਕਰਨ ਦੀ ਯੋਗਤਾ ਦੀ ਜਾਂਚ ਕੀਤੀ ਜਾਂਦੀ ਹੈ।

ਇਹ ਟੈਸਟ ਆਨਲਾਈਨ ਵੀ ਉਪਲਬਧ ਹੈ।

ਜੇਕਰ ਕਿਸੇ ਨੂੰ ਕੋਈ ਮਾਨਸਿਕ ਸਮੱਸਿਆ ਨਹੀਂ ਹੈ ਤਾਂ ਉਸ ਲਈ ਇਹ ਟੈਸਟ ਸੌਖਾ ਹੋ ਸਕਦਾ ਹੈ।

ਪਰ ਮਾਨਸਿਕ ਸਮੱਸਿਆਵਾਂ ਵਾਲੇ ਲੋਕਾਂ ਲਈ ਇਹ ਟੈਸਟ ਕਾਫ਼ੀ ਮੁਸ਼ਕਲ ਹੋ ਸਕਦਾ ਹੈ।

ਇਸ ਟੈਸਟ ਨੂੰ ਬਣਾਉਣ ਵਾਲੇ ਕੈਨੇਡੀਅਨ ਨਿਊਰੋਲੋਜਿਸਟ ਜ਼ੀਏਦ ਨਸਰੇਡਿਨ ਨੇ ਬੀਬੀਸੀ ਨੂੰ ਦੱਸਿਆ, ''ਮੇਰਾ ਮੰਨਣਾ ਹੈ ਕਿ ਭਾਵੇਂ ਬਾਇਡਨ ਅਮਰੀਕੀ ਨਾਗਰਿਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਨ ਅਤੇ ਭਾਵੇਂ ਉਨ੍ਹਾਂ ਨੂੰ ਕੋਈ ਸਮੱਸਿਆ ਹੈ, ਇਹ ਟੈਸਟ ਉਨ੍ਹਾਂ ਲਈ ਦੋਵਾਂ ਮਾਮਲਿਆਂ ਵਿੱਚ ਲਾਭਦਾਇਕ ਹੋ ਸਕਦਾ ਹੈ।"

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕਾਗਨੇਟਿਵ ਟੈਸਟ ਕਿਵੇਂ ਕੀਤਾ ਜਾਂਦਾ ਹੈ?

ਕਾਗਨੇਟਿਵ ਟੈਸਟ ਵਿੱਚ, ਡਾਕਟਰ ਮਰੀਜ਼ਾਂ ਨੂੰ ਨਵਾਂ ਕੁਝ ਸਿੱਖਣ ਅਤੇ ਯਾਦਦਾਸ਼ਤ ਨਾਲ ਸਬੰਧਤ ਕਈ ਤਰ੍ਹਾਂ ਦੇ ਸਵਾਲ ਪੁੱਛਦੇ ਹਨ।

ਪਰ ਇੱਕ ਲੰਬੇ ਸਮੇਂ ਦੇ ਕਲੀਨਿਕਲ ਮੁਲਾਂਕਣ ਵਿੱਚ ਕਾਗਨੇਟਿਵ ਟੈਸਟਾਂ ਦੇ ਨਾਲ-ਨਾਲ ਸਰੀਰਕ ਅਤੇ ਨਿਊਰੋਲੌਜੀਕਲ ਟੈਸਟ ਅਤੇ ਮਰੀਜ਼ ਦਾ ਪੂਰਾ ਪਿਛੋਕੜ ਜਾਣਨਾ ਸ਼ਾਮਲ ਹੁੰਦਾ ਹੈ।

ਯੂਨੀਵਰਸਿਟੀ ਆਫ ਕੈਲੀਫੋਰਨੀਆ ਡੇਵਿਸ ਅਲਜ਼ਾਈਮਰ ਡਿਜ਼ੀਜ਼ ਰਿਸਰਚ ਸੈਂਟਰ ਦੇ ਐਸੋਸੀਏਟ ਡਾਇਰੈਕਟਰ ਡੈਨ ਮੁੰਗਸ ਨੇ ਕਿਹਾ, ''ਲੰਬੀ ਮਿਆਦ ਦੇ ਕਲੀਨਿਕਲ ਟ੍ਰਾਇਲ ਬਾਇਡਨ ਅਤੇ ਟਰੰਪ ਦੋਵਾਂ ਦੀਆਂ ਮਾਨਸਿਕ ਯੋਗਤਾਵਾਂ ਦੀ ਸਹੀ ਤਸਵੀਰ ਪੇਸ਼ ਕਰ ਸਕਦੇ ਹਨ।"

ਹਾਲਾਂਕਿ, ਜ਼ਿਆਦਾਤਰ ਸਮੇਂ ਡਾਕਟਰ ਇਸ ਟੈਸਟ ਨੂੰ ਮੋਕਾ ਵਰਗੇ ਟੈਸਟ ਨਾਲ ਸ਼ੁਰੂ ਕਰਦੇ ਹਨ।

ਜੇਕਰ ਕਿਸੇ ਦਾ ਸਕੋਰ ਉਮੀਦ ਤੋਂ ਘੱਟ ਹੁੰਦਾ ਹੈ ਤਾਂ ਵਧੇਰੇ ਗੰਭੀਰ ਟੈਸਟ ਸ਼ੁਰੂ ਕੀਤੇ ਜਾਂਦੇ ਹਨ।

ਕਾਗਨੇਟਿਵ ਟੈਸਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਗਨੇਟਿਵ ਟੈਸਟ ਵਿੱਚ ਕਈ ਵਾਰ ਕੁਝ ਚੀਜ਼ਾਂ ਦੀ ਪਛਾਣ ਕਰਨ ਲਈ ਵੀ ਕਿਹਾ ਜਾਂਦਾ ਹੈ

ਇਹ ਤੀਬਰ ਟੈਸਟ ਭਾਸ਼ਾ ਦੀ ਜਾਂਚ, ਕੰਮ ਕਰਨ ਦੀ ਯੋਗਤਾ ਦੇ ਨਾਲ-ਨਾਲ ਚੀਜ਼ਾਂ ਨੂੰ ਸਮਝਣ ਦੇ ਯੋਗਤਾਵਾਂ ਦਾ ਮੁਲਾਂਕਣ ਕਰਦੇ ਹਨ।

ਉਦਾਹਰਨ ਲਈ, ਡਾਕਟਰ ਮਰੀਜ਼ ਨੂੰ ਕਹਾਣੀ ਪੜ੍ਹਨ ਲਈ ਕਹਿ ਸਕਦਾ ਹੈ ਅਤੇ ਫਿਰ ਉਨ੍ਹਾਂ ਦੀ ਯਾਦਦਾਸ਼ਤ ਦੀ ਜਾਂਚ ਕਰਨ ਲਈ ਉਨ੍ਹਾਂ ਨੂੰ ਕਹਾਣੀ ਦੇ ਕੁਝ ਹਿੱਸਿਆਂ ਨੂੰ ਯਾਦ ਕਰਨ ਲਈ ਕਹਿ ਸਕਦਾ ਹੈ।

ਇਸ ਤੋਂ ਇਲਾਵਾ ਮਰੀਜ਼ਾਂ ਨੂੰ ਸ਼ਬਦਾਂ ਦੀ ਸੂਚੀ ਨੂੰ ਯਾਦ ਕਰਨ, ਤਸਵੀਰਾਂ ਵਿੱਚ ਦਿਖਾਈ ਦੇਣ ਵਾਲੀਆਂ ਵਸਤੂਆਂ ਦਾ ਨਾਂ ਦੱਸਣ ਜਾਂ ਕਿਸੇ ਵਿਸ਼ੇਸ਼ ਅੱਖਰ ਨਾਲ ਸ਼ੁਰੂ ਹੋਣ ਵਾਲੀਆਂ ਵਸਤੂਆਂ ਦਾ ਨਾਂ ਦੱਸਣ ਲਈ ਕਿਹਾ ਜਾ ਸਕਦਾ ਹੈ।

ਮਰੀਜ਼ਾਂ ਦੇ ਸਵਾਲ ਪੁੱਛਣ ਦੇ ਨਾਲ-ਨਾਲ ਡਾਕਟਰ ਮੁੰਗਸ ਉਨ੍ਹਾਂ ਲੋਕਾਂ ਨਾਲ ਗੱਲ ਕਰਨ ਦੀ ਸਲਾਹ ਵੀ ਦਿੰਦੇ ਹਨ ਜੋ ਦਿਮਾਗ ਦੇ ਕੰਮ ਕਰਨ ਦੇ ਘਟਣ ਦੇ ਸੰਕੇਤਾਂ ਦਾ ਪਤਾ ਲਗਾਉਣ ਲਈ ਮਰੀਜ਼ ਨਾਲ ਸਮਾਂ ਬਿਤਾਉਂਦੇ ਹਨ।

ਡਾਕਟਰ ਮੁੰਗਸ ਦੇ ਮੁਤਾਬਕ, "ਇਹ ਦੇਖਣਾ ਅਹਿਮ ਹੈ ਕਿ ਸਮੇਂ ਦੇ ਨਾਲ ਕਿਸੇ ਵਿਅਕਤੀ ਦੀਆਂ ਯੋਗਤਾਵਾਂ ਵਿੱਚ ਬਦਲਾਅ ਆਇਆ ਹੈ ਜਾਂ ਨਹੀਂ। ਇੱਥੋਂ ਤੱਕ ਕਿ ਇੱਕ ਵਾਰ ਕੀਤਾ ਗਿਆ ਇਹ ਮੁਲਾਂਕਣ ਵੀ ਗ਼ਲਤ ਹੋ ਸਕਦਾ ਹੈ।”

“ਤੁਹਾਨੂੰ ਇਹ ਸਮਝਣਾ ਪਵੇਗਾ ਕਿ ਵਿਅਕਤੀ ਕਿੱਥੋਂ ਸ਼ੁਰੂ ਹੋਇਆ ਜਾਂ ਉਹ ਪਹਿਲਾਂ ਕਿਹੋ ਜਿਹਾ ਸੀ। ਜੇਕਰ ਉਹ ਪਹਿਲਾਂ ਦੇ ਮੁਕਾਬਲੇ ਗਿਰਾਵਟ ਦਿਖਾ ਰਹੇ ਹਨ ਤਾਂ ਇਹ ਇੱਕ ਬੁਰਾ ਸੰਕੇਤ ਹੈ।"

ਹਾਲਾਂਕਿ, ਮੁੰਗਸ ਇਹ ਵੀ ਕਹਿੰਦੇ ਹਨ ਕਿ ਕਾਗਨੇਟਿਵ ਟੈਸਟ ਹੀ ਸਭ ਕੁਝ ਨਹੀਂ ਹੁੰਦਾ।

“ਕਾਗਨੇਟਿਵ ਟੈਸਟ ਦੀ ਮਦਦ ਨਾਲ ਇਹ ਤੈਅ ਨਹੀਂ ਕੀਤਾ ਜਾ ਸਕਦਾ ਹੈ ਕਿ ਕੋਈ ਵਿਅਕਤੀ ਚੰਗਾ ਰਾਸ਼ਟਰਪਤੀ ਹੋਵੇਗਾ ਜਾਂ ਨਹੀਂ।”

“ਮੈਂ ਆਪਣੇ ਪੂਰੇ ਕਰੀਅਰ ਵਿੱਚ ਸਿਰਫ ਲੋਕਾਂ 'ਤੇ ਕਾਗਨੇਟਿਵ ਟੈਸਟ ਕੀਤੇ ਹਨ।

 ਡੋਨਲਡ ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ

ਕੀ ਬਾਇਡਨ ਅਤੇ ਟਰੰਪ ਇਸ ਉਮਰ ਵਿੱਚ ਕਾਗਨੇਟਿਵ ਟੈਸਟ ਪਾਸ ਕਰ ਸਕਦੇ ਹਨ?

ਅਮਰੀਕਨ ਅਕੈਡਮੀ ਆਫ ਨਿਊਰੋਲੋਜੀ ਡਾਕਟਰਾਂ ਨੂੰ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਕਾਗਨੇਟਿਵ ਜਾਂਚ ਕਰਨ ਦੀ ਸਲਾਹ ਦਿੰਦੀ ਹੈ।

ਜ਼ੀਏਦ ਨਸਰੇਡਿਨ ਨੇ ਬੀਬੀਸੀ ਨੂੰ ਦੱਸਿਆ, ''ਇਸ ਤਰ੍ਹਾਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਵਧਦੀ ਉਮਰ ਦੇ ਨਾਲ ਸਰੀਰਕ ਅਪਾਹਜਤਾ ਵੀ ਵਧਦੀ ਹੈ।”

''ਜ਼ੀਏਦ ਨੇ ਚੇਤਾਵਨੀ ਦਿੱਤੀ ਹੈ ਕਿ 75 ਸਾਲ ਦੀ ਉਮਰ ਤੋਂ ਬਾਅਦ, 25 ਫ਼ੀਸਦੀ ਮਰੀਜ਼ਾਂ ਨੂੰ ਕਿਸੇ ਕਿਸਮ ਦੇ ਬੋਧਾਤਮਕ ਵਿਗਾੜ ਦਾ ਸਾਹਮਣਾ ਕਰਨਾ ਪੈਂਦਾ ਹੈ।”

ਜ਼ੀਏਦ ਦਾ ਕਹਿਣਾ ਹੈ ਕਿ ਉਹ ਨਾ ਤਾਂ ਬਿਡੇਨ ਨੂੰ ਮਿਲੇ ਹਨ ਅਤੇ ਨਾ ਹੀ ਉਨ੍ਹਾਂ ਨੇ ਕਦੇ ਬਾਇਡਨ ਦਾ ਇਲਾਜ ਕੀਤਾ ਹੈ। ਹਾਲਾਂਕਿ, ਉਹ ਕਹਿੰਦੇ ਹਨ ਕਿ ਲੋਕਾਂ ਵਿੱਚ ਬੋਧਾਤਮਕ ਵਿਕਾਰ ਹੋਣਾ ਬਹੁਤ ਆਮ ਗੱਲ ਹੈ ਅਤੇ ਕਈ ਵਾਰ ਉਨ੍ਹਾਂ ਨੂੰ ਇਸ ਬਾਰੇ ਪਤਾ ਵੀ ਨਹੀਂ ਹੁੰਦਾ।

ਜ਼ੀਏਦ ਦਾ ਕਹਿਣਾ ਹੈ ਕਿ ਪਿਛਲੇ ਸਾਲ ਬਾਇਡਨ ਵਿੱਚ ਕੁਝ ਬਦਲਾਅ ਨਜ਼ਰ ਆਏ ਸਨ।

ਉਹ ਕਹਿੰਦੇ ਹਨ, “ਬਾਇਡੇਨ ਜਨਤਕ ਥਾਵਾਂ 'ਤੇ ਹੌਲੀ-ਹੌਲੀ ਤੁਰਦਾ ਹੈ ਅਤੇ ਉਨ੍ਹਾਂ ਦੇ ਭਾਸ਼ਣ ਵੀ ਰਫ਼ਤਾਰ ਵੀ ਹੌਲੀ ਹੋ ਗਈ ਹੈ। ਉਨ੍ਹਾਂ ਦੀ ਆਵਾਜ਼ ਕਾਫੀ ਮੱਧਮ ਹੋ ਗਈ ਹੈ ਅਤੇ ਉਹ ਹੁਣ ਕੁਝ ਸ਼ਬਦਾਂ ਦਾ ਉਚਾਰਨ ਅਲੱਗ ਤਰੀਕੇ ਨਾਲ ਕਰਦੇ ਹਨ।”

ਉਨ੍ਹਾਂ ਕਿਹਾ ਕਿ ਬਾਇਡਨ ਦੀ ਉਮਰ 'ਚ ਬਹੁਤ ਸਾਰੇ ਲੋਕਾਂ ਕੋਲ ਇੰਨਾ ਕੰਮ ਨਹੀਂ ਹੁੰਦਾ ਅਤੇ ਇਸ ਉਮਰ 'ਚ ਕਈਆਂ ਲਈ ਸਾਧਾਰਨ ਕੰਮ ਕਰਨਾ ਵੀ ਮੁਸ਼ਕਿਲ ਹੁੰਦਾ ਹੈ।

ਹਾਲਾਂਕਿ, ਜ਼ੀਏਦ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਨੇ ਬਾਇਡਨ ਵਿੱਚ ਇਹ ਤਬਦੀਲੀ ਸਿਰਫ ਪਿਛਲੇ ਸਾਲ ਦੇਖੀ ਸੀ ਤੇ ਇਸ ਤੋਂ ਪਹਿਲਾਂ ਕਦੀ ਵੀ ਉਨ੍ਹਾਂ ਨੂੰ ਅਜਿਹਾ ਨਹੀਂ ਲੱਗਿਆ।

ਅਲਜ਼ਾਈਮਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਲਜ਼ਾਈਮਰ ਹੋਣ ’ਤੇ ਚੀਜ਼ਾਂ ਭੁੱਲਣ ਲੱਗਦੀਆਂ ਹਨ

ਜੇ ਬਾਇਡਨ ਨੂੰ ਅਲਜ਼ਾਈਮਰ ਹੋ ਜਾਂਦਾ ਹੈ ਤਾਂ ਕੀ ਹੋਵੇਗਾ?

ਅਮਰੀਕੀ ਸੰਵਿਧਾਨ ਦੀ 25ਵੀਂ ਸੋਧ ਰਾਸ਼ਟਰਪਤੀ ਦੀ ਮੌਤ ਜਾਂ ਉਸ ਦੀਆਂ ਸ਼ਕਤੀਆਂ ਅਤੇ ਕਰਤੱਵਾਂ ਨੂੰ ਨਿਭਾਉਣ ਵਿੱਚ ਅਸਮਰੱਥਾ ਹੋਣ ਦੀ ਸਥਿਤੀ ਵਿੱਚ ਉੱਤਰਾਧਿਕਾਰੀ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦੀ ਹੈ।

ਪਰ ਇਸ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਣਾ ਹੁੰਦਾ ਹੈ ਜਾਂ ਉਸਦੀ ਮੌਤ ਹੋ ਜਾਂਦੀ ਹੈ, ਜਾਂ ਫ਼ਿਰ ਉਸਨੇ ਅਸਤੀਫਾ ਦੇ ਦਿੱਤਾ ਹੋਵੇ।

ਇਸ ਸੋਧ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੌਹਨ ਐੱਫ਼ ਕੈਨੇਡੀ ਦੀ ਮੌਤ ਤੋਂ ਬਾਅਦ ਪ੍ਰਵਾਨਗੀ ਦਿੱਤੀ ਗਈ ਹੈ। ਪਰ ਹਾਲ ਹੀ ਦੇ ਸਾਲਾਂ 'ਚ ਇਸ 'ਤੇ ਫਿਰ ਤੋਂ ਬਹਿਸ ਸ਼ੁਰੂ ਹੋ ਗਈ ਹੈ।

ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸਾਬਕਾ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੌਰਾਨ ਇਸ ਸੋਧ ਨੂੰ ਬਦਲਣ ਲਈ ਕਾਨੂੰਨ ਬਣਾਉਣ 'ਤੇ ਵਿਚਾਰ ਕੀਤਾ ਸੀ।

ਇਸ ਪਿੱਛੇ ਮਕਸਦ ਸੀ ਮਾਹਿਰਾਂ ਦਾ ਇੱਕ ਅਜਿਹਾ ਪੈਨਲ ਬਣਾਉਣਾ ਸੀ ਜੋ ਰਾਸ਼ਟਰਪਤੀ ਬਣਨ ਲਈ ਮਾਪਦੰਡ ਤੈਅ ਕਰ ਸਕੇ।

ਯੂਐੱਸ ਕੈਪੀਟਲ ਦੰਗਿਆਂ ਤੋਂ ਬਾਅਦ, ਡੈਮੋਕਰੇਟ ਸੰਸਦ ਮੈਂਬਰਾਂ ਨੇ ਵੀ 2021 ਵਿੱਚ ਸਦਨ ਵਿੱਚ ਇੱਕ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ, ਜਿਸ ਵਿੱਚ ਤਤਕਾਲੀ ਉਪ ਰਾਸ਼ਟਰਪਤੀ ਮਾਈਕ ਪੇਂਸ ਨੂੰ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ 25ਵੀਂ ਸੋਧ ਦੀ ਮੰਗ ਕਰਨ ਲਈ ਕਿਹਾ ਗਿਆ ਸੀ।

ਹਾਲਾਂਕਿ ਉਸ ਸਮੇਂ ਇਸ ਦਿਸ਼ਾ ਵਿੱਚ ਕੋਈ ਕਦਮ ਨਹੀਂ ਚੁੱਕਿਆ ਗਿਆ ਸੀ।

ਪਰ ਬਾਇਡਨ ਅਤੇ ਟਰੰਪ ਵਿਚਕਾਰ ਪਹਿਲੀ ਜਨਤਕ ਬਹਿਸ ਤੋਂ ਬਾਅਦ ਰਿਪਬਲਿਕਨ ਪਾਰਟੀ ਦੇ ਕੁਝ ਮੈਂਬਰਾਂ ਨੇ ਬਾਇਡਨ ਦੀ ਕੈਬਨਿਟ ਨੂੰ ਇਸ ਧਾਰਾ ਨੂੰ ਲਾਗੂ ਕਰਨ ਦੀ ਅਪੀਲ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)