ਕਿਸਾਨ ਅੰਦੋਲਨ: ਪੀਜੀਆਈ 'ਚ ਭਰਤੀ ਪ੍ਰੀਤਪਾਲ ਸਿੰਘ ਕੌਣ ਹੈ ਜਿਸ ਦੀ ‘ਹਵਾਲਗੀ’ ਲਈ ਪੰਜਾਬ ਨੇ ਹਰਿਆਣਾ ਨੂੰ ਲਿਖਿਆ

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਸਹਿਯੋਗੀ

21 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਦੇ ‘ਦਿੱਲੀ ਕੂਚ’ ਦੇ ਸੱਦੇ ਦੇ ਚਲਦਿਆਂ ਸੁਰੱਖਿਆ ਬਲਾਂ ਅਤੇ ਕਿਸਾਨ ਜਥੇਬੰਦੀਆਂ ਦੇ ਸਮਰਥਕਾਂ ਵਿੱਚ ਕਾਫੀ ਤਣਾਅ ਦੇਖਿਆ ਗਿਆ ਸੀ।

ਇਸੇ ਦੌਰਾਨ ਪ੍ਰੀਤਪਾਲ ਸਿੰਘ ਨਾਮ ਦੇ ਇੱਕ 27 ਸਾਲਾ ਨੌਜਵਾਨ ਦੇ ਪੀਜੀਆਈ ਰੋਹਤਕ ਵਿੱਚ ਗੰਭੀਰ ਹਾਲਤ ਵਿੱਚ ਭਰਤੀ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।

ਪ੍ਰੀਤਪਾਲ ਸਿੰਘ ਦੇ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਪ੍ਰੀਤਪਾਲ ਦੀ ਸੁਰੱਖਿਆ ਬਲਾਂ ਵਲੋਂ ਕਥਿਤ ਤੌਰ 'ਤੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਸੀ।

ਪਰਿਵਾਰ ਦਾ ਕਹਿਣਾ ਹੈ ਕਿ ਪ੍ਰੀਤਪਾਲ ਸਿੰਘ 21 ਫਰਵਰੀ ਨੂੰ ਕਿਸਾਨਾਂ ਦੇ ਲਈ ਖਨੌਰੀ ਬਾਰਡਰ ਉੱਤੇ ਲੰਗਰ ਲੈ ਕੇ ਗਏ ਸਨ।

ਹਾਲਾਂਕਿ, ਹਰਿਆਣਾ ਪੁਲਿਸ ਨੇ 21 ਫਰਵਰੀ ਨੂੰ ਪ੍ਰੀਤ ਨਾਮ ਦੇ ਕਿਸਾਨ ਨੂੰ ਅਗਵਾ ਕੀਤੇ ਜਾਣ ਦੀ ਖ਼ਬਰ ਨੂੰ ‘ਫੇਕ’ ਯਾਨਿ ਝੂਠ ਦੱਸਿਆ ਸੀ।

ਪੁਲਿਸ ਨੇ ਐਕਸ ਅਕਾਊਂਟ ਉੱਤੇ ਲਿਖਿਆ ਸੀ ਕਿ ਸੰਗਰੂਰ ਜ਼ਿਲ੍ਹੇ ਦੇ ਰਹਿਣ ਵਾਲੇ ਨਵਾ ਗਾਓਂ ਦੇ ਕਿਸਾਨ ਨੂੰ ਹਰਿਆਣਾ ਪੁਲਿਸ ਵਲੋਂ ਇਲਾਜ ਲਈ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ ਉਹ ਖ਼ਤਰੇ ਤੋਂ ਬਾਹਰ ਹੈ।

ਸ਼ਨੀਵਾਰ ਨੂੰ ਪੰਜਾਬ ਦੇ ਚੀਫ਼ ਸੈਕਰੇਟਰੀ ਵੱਲੋਂ ਹਰਿਆਣਾ ਦੇ ਚੀਫ਼ ਸੈਕਰੇਟਰੀ ਨੂੰ ਚਿੱਠੀ ਲਿਖੀ ਗਈ ਹੈ ਕਿ ਪ੍ਰੀਤਪਾਲ ਸਿੰਘ ਨੂੰ ਪੰਜਾਬ ਸਰਕਾਰ ਦੇ ਹਵਾਲੇ ਕੀਤਾ ਜਾਵੇ ਅਤੇ ਹੋਰ ਵੀ ਨੌਜਵਾਨ ਜੋ ਹਰਿਆਣਾ ਵਿੱਚ ਜ਼ੇਰੇ ਇਲਾਜ ਹਨ, ਉਹਨਾਂ ਨੂੰ ਵੀ ਪੰਜਾਬ ਸਰਕਾਰ ਨੂੰ ਸੌਂਪਿਆ ਜਾਵੇ।

24 ਫਰਵਰੀ ਨੂੰ ਪ੍ਰੀਤਪਾਲ ਸਿੰਘ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ।

ਪੰਜਾਬ ਵਿੱਚ ਵਿਰੋਧੀ ਪਾਰਟੀਆਂ ਦੀ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਉੱਤੇ ਵੀ ਇਹ ਇਲਜ਼ਾਮ ਲਗਾਏ ਗਏ ਸਨ ਕਿ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਅ ਸਕੀ।

ਪੰਜਾਬ ਚੀਫ਼ ਸੈਕਰੇਟਰੀ ਵਲੋਂ ਚਿੱਠੀ

ਪੰਜਾਬ ਸਰਕਾਰ ਦੇ ਚੀਫ਼ ਸੈਕਰੇਟਰੀ ਅਨੁਰਾਗ ਵਰਮਾ ਨੇ 24 ਫਰਵਰੀ ਨੂੰ ਹਰਿਆਣਾ ਸਰਕਾਰ ਦੇ ਚੀਫ਼ ਸੈਕਰੇਟਰੀ ਸੰਜੀਵ ਕੌਸ਼ਲ ਨੂੰ ਚਿੱਠੀ ਲਿਖੀ ਗਈ।

ਉਨ੍ਹਾਂ ਨੇ ਮੰਗ ਕੀਤੀ ਕਿ ਪ੍ਰੀਤਪਾਲ ਸਿੰਘ ਨੂੰ ਪੰਜਾਬ ਸਰਕਾਰ ਦੇ ਹਵਾਲੇ ਕੀਤਾ ਜਾਵੇ।

ਚੀਫ਼ ਸੈਕਰੇਟਰੀ ਨੇ ਲਿਖਿਆ, “ਇਹ ਸਾਡੇ ਧਿਆਨ ਵਿੱਚ ਆਇਆ ਹੈ ਕਿਸਾਨ ਅੰਦੋਲਨ ਦੌਰਾਨ ਜ਼ਖ਼ਮੀ ਹੋਏ ਪੰਜਾਬ ਦੇ ਵਸਨੀਕ ਪ੍ਰੀਤਪਾਲ ਸਿੰਘ ਦਾ ਇਲਾਜ ਪੀਜੀਆਈ ਰੋਹਤਕ ਵਿੱਚ ਚੱਲ ਰਿਹਾ ਹੈ।''

“ਤੁਹਾਨੂੰ ਇਹ ਬੇਨਤੀ ਹੈ ਕਿ ਪ੍ਰੀਤਪਾਲ ਸਿੰਘ ਨੂੰ ਪੰਜਾਬ ਪ੍ਰਸ਼ਾਸਨ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਪੰਜਾਬ ਸਰਕਾਰ ਵੱਲੋਂ ਮੁਫ਼ਤ ਇਲਾਜ ਕਰਵਾਇਆ ਜਾ ਸਕੇ।”

ਉਨ੍ਹਾਂ ਅੱਗੇ ਕਿਹਾ, “ਜੇਕਰ ਪੰਜਾਬ ਦਾ ਹੋਰ ਕੋਈ ਕਿਸਾਨ ਹਰਿਆਣਾ ਵਿੱਚ ਜ਼ੇਰੇ ਇਲਾਜ ਹੈ ਤਾਂ ਉਸ ਨੂੰ ਵੀ ਪੰਜਾਬ ਸਰਕਾਰ ਦੇ ਹਵਾਲੇ ਕੀਤਾ ਜਾਵੇ।”

ਪ੍ਰੀਤਪਾਲ ਸਿੰਘ ਕੌਣ ਹੈ?

ਪ੍ਰੀਤਪਾਲ ਸਿੰਘ ਦੇ ਪਿੰਡ ਨਵਾ ਗਾਓਂ ਦੇ ਸਰਪੰਚ ਕੁਲਵੰਤ ਸਿੰਘ ਦੱਸਦੇ ਹਨ ਕਿ ਪ੍ਰੀਤਪਾਲ ਸਿੰਘ ਇੱਕ ਆਈਲੈੱਟਸ ਸੈਂਟਰ ਚਲਾਉਂਦਾ ਹੈ।

ਉਨ੍ਹਾਂ ਦੱਸਿਆ ਕਿ ਪ੍ਰੀਤਪਾਲ ਸਿੰਘ ਦਾ ਪਿੰਡ ਖਨੌਰੀ ਬਾਰਡਰ ਦੇ ਨੇੜੇ ਹੀ ਪੈਂਦਾ ਹੈ ਅਤੇ ਉਹ ਢਾਈ ਏਕੜ ਜ਼ਮੀਨ ਦਾ ਮਾਲਕ ਹੈ।

ਉਨ੍ਹਾਂ ਦੱਸਿਆ ਕਿ ਪ੍ਰੀਤਪਾਲ ਸਿੰਘ ਨੇ ਅੰਮ੍ਰਿਤ ਛਕਿਆ ਹੋਇਆ ਹੈ ਅਤੇ ਉਹ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਲਈ ਆਇਆ ਸੀ।

ਉਨ੍ਹਾਂ ਇਹ ਇਲਜ਼ਾਮ ਲਗਾਇਆ ਕਿ ਪ੍ਰੀਤਪਾਲ ਉੱਤੇ ਹੋਇਆ ਤਸ਼ੱਦਦ ਖਾੜਕੂਵਾਦ ਅਤੇ 1984 ਦੀ ਯਾਦ ਦਿਵਾਉਂਦਾ ਹੈ।

ਉਹ ਕਹਿੰਦੇ ਪ੍ਰੀਤਪਾਲ ਸਿੰਘ ਦੀ ਸਰੀਰਕ ਹਾਲਤ ਬੇਹੱਦ ਮਾੜੀ ਹੈ।

ਪੀਜੀਆਈ ਰੋਹਤਕ ਦੇ ਡਾਕਟਰ ਨੇ ਕੀ ਕਿਹਾ

ਪੀਜੀਆਈ ਰੋਹਤਕ ਦੇ ਡਾਕਟਰ ਐੱਸ ਐੱਸ ਲੋਹਚਬ ਦਾ ਕਹਿਣਾ ਹੈ ਕਿ ਪ੍ਰੀਤਪਾਲ ਸਿੰਘ ਹੁਣ ਖ਼ਤਰੇ ਵਿੱਚੋਂ ਬਾਹਰ ਹੈ। ਉਨ੍ਹਾਂ ਨੇ ਕਿਹਾ ਕਿ ਉਹ ਮੈਡੀਕਲ ਬੋਰਡ ਦੀ ਨਿਗਰਾਨੀ ਦੇ ਹੇਠ ਰਿਹਾ ਹੈ।

ਪਰਿਵਾਰਕ ਮੈਂਬਰਾਂ ਨੇ ਕੀ ਕਿਹਾ

ਪ੍ਰੀਤਪਾਲ ਸਿੰਘ ਦੇ ਭਰਾ ਗੁਰਜੀਤ ਸਿੰਘ ਨੇ ਦੱਸਿਆ ਕਿ ਪ੍ਰੀਤਪਾਲ ਖਨੌਰੀ ਬਾਰਡਰ ਉੱਤੇ ਟ੍ਰਾਲੀ ਵਿੱਚ ਬੈਠਾ ਸੀ ਜਦੋਂ ਹਰਿਆਣਾ ਪੁਲਿਸ ਵੱਲੋਂ ਹੰਝੂ ਗੈਸ ਬੰਬ ਸੁੱਟਿਆ ਗਿਆ ਜਿਸ ਮਗਰੋਂ ਭਗਦੜ ਮੱਚ ਗਈ।

ਉਨ੍ਹਾਂ ਨੇ ਅੱਗੇ ਇਹ ਇਲਜ਼ਾਮ ਲਗਾਇਆ ਕਿ ਪ੍ਰੀਤਪਾਲ ਸਿੰਘ ਦੇ ਸੰਭਲਣ ਤੋਂ ਪਹਿਲਾਂ ਹੀ ਕੁਝ ਲੋਕਾਂ ਨੇ ਉਸ ਨੂੰ ਬੋਰੀ ਵਿੱਚ ਪਾਇਆ ਅਤੇ ਉੱਥੋਂ ਅਗਵਾ ਕਰਕੇ ਲੈ ਗਏ।

ਗੁਰਜੀਤ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰੀਤਪਾਲ ਨੂੰ ਅਗਵਾ ਕਰਨ ਵਾਲੇ ਵਿਅਕਤੀ ਹਰਿਆਣਾ ਪੁਲਿਸ ਦੇ ਮੁਲਾਜ਼ਮ ਸਨ ਜਿਨ੍ਹਾਂ ਨੇ ਵਰਦੀ ਨਹੀਂ ਪਹਿਨੀ ਹੋਈ ਸੀ ਸਗੋਂ ਆਮ ਕੱਪੜੇ ਪਾਏ ਹੋਏ ਸਨ।

ਗੁਰਜੀਤ ਸਿੰਘ ਨੇ ਕਿਹਾ, “ਉਨ੍ਹਾਂ ਨੇ ਉਸ ਨੂੰ ਬੋਰੀ ਵਿੱਚ ਪਾਇਆ, ਡੰਡਿਆਂ ਨਾਲ ਬਹੁਤ ਕੁੱਟਿਆ ਅਤੇ ਅੱਧਮਰਿਆ ਕਰ ਦਿੱਤਾ।”

ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਨੇ ਪਰਿਵਾਰ ਵਾਲਿਆਂ ਨਾਲ ਪ੍ਰੀਤਪਾਲ ਦੀ ਗੱਲ ਕਰਵਾਈ ਅਤੇ ਉਸ ਨੂੰ ਰੋਹਤਕ ਦੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ।

ਉਨ੍ਹਾਂ ਅੱਗੇ ਦੱਸਿਆ, “ਜਦੋਂ ਅਸੀਂ ਪ੍ਰੀਤਪਾਲ ਨੂੰ ਮਿਲੇ ਤਾਂ ਉਸ ਦਾ ਜਬ੍ਹਾੜਾ ਟੁੱਟਿਆ ਹੋਇਆ ਸੀ, ਦੋਵੇਂ ਲੱਤਾਂ ਵਿੱਚ ਤਿੰਨ ਫ੍ਰੈਕਚਰ ਸਨ ਅਤੇ ਸਿਰ ਵਿੱਚ ਕਈ ਥਾਵਾਂ ਉੱਤੇ ਟਾਂਕੇ ਲੱਗੇ ਹੋਏ ਹਨ।”

ਪੰਜਾਬ ਦੇ ਸਿਆਸੀ ਆਗੂਆਂ ਨੇ ਕੀ ਕਿਹਾ

ਸ਼੍ਰੌਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ 23 ਫਰਵਰੀ ਨੂੰ ਪ੍ਰੀਤਪਾਲ ਸਿੰਘ ਪਿਤਾ ਦਵਿੰਦਰ ਸਿੰਘ ਨਾਲ ਪ੍ਰੈੱਸ ਕਾਨਫਰੰਸ ਕੀਤੀ।

ਬਿਕਰਮ ਸਿੰਘ ਮਹੀਠੀਆ ਨੇ ਇਹ ਇਲਜ਼ਾਮ ਲਗਾਏ ਕਿ ਪ੍ਰੀਤਪਾਲ ਦੀ ਹਰਿਆਣਾ ਪੁਲਿਸ ਵੱਲੋਂ ਕੁੱਟਮਾਰ ਕੀਤੀ ਗਈ ਅਤੇ ਅਗਵਾ ਕੀਤਾ ਗਿਆ।

ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਉਪਰ ਵੀ ਸਵਾਲ ਚੁੱਕੇ ਸਨ।

ਉਨ੍ਹਾਂ ਕਿਹਾ, “ਪੰਜਾਬ ਦੇ ਐੱਸਐੱਸਪੀ ਅਤੇ ਡੀਸੀ ਜੋ ਮੌਕੇ ’ਤੇ ਮੌਜੂਦ ਸਨ ਸਾਰਾ ਕੁਝ ਮੂਕ ਦਰਸ਼ਕ ਬਣ ਕੇ ਵੇਖਦੇ ਰਹੇ।”

ਭੁਲੱਥ ਤੋਂ ਵਿਧਾਨ ਸਭਾ ਮੈਂਬਰ ਸੁਖਪਾਲ ਖਹਿਰਾ ਨੇ ਵੀ ਆਪਣੇ ਐਕਸ ਅਕਾਊਂਟ ਉੱਤੇ ਇਸ ਬਾਰੇ ਲਿਖਿਆ ਹੈ।

ਸੁਖਪਾਲ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪੋਸਟ ਟੈਗ ਕਰਕੇ ਉਨ੍ਹਾਂ ਨੂੰ ਸਵਾਲ ਕੀਤਾ।

ਉਨ੍ਹਾਂ ਲਿਖਿਆ ਕਿ ਕੀ ਤੁਸੀਂ ਲਹਿਰਾਗਾਗਾ ਦੇ ਰਹਿਣ ਵਾਲੇ ਪ੍ਰੀਤਪਾਲ ਸਿੰਘ ਜਿਹੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਲਈ ਕੁਝ ਕਰੋਗੇ।

ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਵੀ ਪ੍ਰੀਤਪਾਲ ਸਿੰਘ ਦਾ ਮੁੱਦਾ ਚੁੱਕਿਆ ਹੈ।

ਉਨ੍ਹਾਂ ਨੇ ਇਸ ਬਾਰੇ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ ਹੈ।

ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਇੱਕ ਕਮਜ਼ੋਰ ਮੁੱਖ ਮੰਤਰੀ ਸਾਬਿਤ ਹੋਏ ਹਨ।

ਕਿਸਾਨ ਅੰਦੋਲਨ ਦੀ ਮੌਜੂਦਾ ਸਥਿਤੀ

ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਵਿੱਚ ਸ਼ਾਮਲ ਜਥੇਬੰਦੀਆਂ ਨੇ 13 ਫਰਵਰੀ ਨੂੰ ਦਿੱਲੀ ਕੂਚ ਦਾ ਸੱਦਾ ਦਿੱਤਾ ਸੀ।

ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਪੰਜਾਬ ਹਰਿਆਣਾ ਵਿਚਲੀਆਂ ਸ਼ੰਭੂ ਅਤੇ ਖਨੌਰੀ ਸਰਹੱਦਾਂ ਉੱਤੇ ਰੋਕਿਆ ਗਿਆ ਸੀ।

ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਬੈਠਕਾਂ ਵਿੱਚ ਨਤੀਜਾ ਨਾ ਨਿਕਲਣ ਅਤੇ ਕੇਂਦਰ ਸਰਕਾਰ ਦੇ ਐੱਮਐੱਸਪੀ ਦੇ ਪੰਜ ਸਾਲਾਂ ਵਾਲੇ ਪ੍ਰਸਤਾਵ ਨੂੰ ਰੱਦ ਕਰਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ 21 ਫਰਵਰੀ ਨੂੰ 11 ਵਜੇ 'ਦਿੱਲੀ ਕੂਚ' ਕਰਨ ਦਾ ਐਲਾਨ ਕੀਤਾ ਸੀ।

ਇਸੇ ਦੌਰਾਨ ਬੁੱਧਵਾਰ ਨੂੰ ਇੱਕ 22 ਸਾਲਾ ਮੁਜ਼ਾਹਰਾਕਾਰੀ ਨੌਜਵਾਨ ਸ਼ੁਭ ਕਰਨ ਸਿੰਘ ਦੀ ਮੌਤ ਹੋ ਗਈ ਸੀ।

ਮੌਤ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਇਸ ਤੋਂ ਬਾਅਦ ਦੋ ਦਿਨਾਂ ਲਈ ਮਾਰਚ ਰੋਕ ਦਿੱਤਾ ਗਿਆ ਸੀ।

ਕਿਸਾਨਾਂ ਵੱਲੋਂ ਸ਼ੰਭੂ ਅਤੇ ਖਨੌਰੀ ਸਰਹੱਦਾਂ ਉੱਤੇ ਵੱਖ-ਵੱਖ ਪ੍ਰੋਗਰਾਮ ਕੀਤੇ ਜਾ ਰਹੇ ਹਨ।

ਕਿਸਾਨ ਆਗੂਆਂ ਨੇ ਸ਼ੁੱਕਰਵਾਰ ਸ਼ਾਮ ਨੂੰ ਐਲਾਨ ਕੀਤਾ ਕਿ ਉਹ ਕਿਸਾਨ ਅੰਦੋਲਨ ਦੀ ਅਗਲੀ ਰਣਨੀਤੀ ਬਾਰੇ ਫ਼ੈਸਲੇ ਦਾ ਐਲਾਨ 29 ਫਰਵਰੀ ਨੂੰ ਕਰਨਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)