ਦੇਵ ਆਨੰਦ ਜਦੋਂ 55 ਸਾਲ ਮਗਰੋਂ ਲਾਹੌਰ ਗਏ ਤਾਂ ਦਰਵਾਜ਼ਿਆਂ ਨਾਲ ਲੱਗ-ਲੱਗ ਰੋਏ

- ਲੇਖਕ, ਵੰਦਨਾ
- ਰੋਲ, ਸੀਨੀਅਰ ਨਿਊਜ਼ ਐਡੀਟਰ, ਬੀਬੀਸੀ
“ਇਕ ਕੁੜੀ ਸੀ ਜੋ ਮੈਨੂੰ ਭਾਵੁਕ ਚਿੱਠੀਆਂ ਲਿਖਦੀ ਸੀ ਅਤੇ ਮੈਂ ਉਨ੍ਹਾਂ ਨੂੰ 10-12 ਵਾਰ ਜਵਾਬ ਦਿੱਤਾ। ਇੱਕ ਦਿਨ ਮੈਂ ਜਵਾਬ ਭੇਜਣਾ ਬੰਦ ਕਰ ਦਿੱਤਾ। ਉਸਨੇ ਉਹ ਸਾਰੀਆਂ ਚਿੱਠੀਆਂ ਇਕੱਠੀਆਂ ਕੀਤੀਆਂ ਅਤੇ ਅਲਵਿਦਾ ਨੋਟ ਦੇ ਨਾਲ ਮੈਨੂੰ ਵਾਪਸ ਭੇਜ ਦਿੱਤੀਆਂ। ਉਸਦਾ ਦਿਲ ਟੁੱਟ ਗਿਆ।"
"ਮੈਨੂੰ ਹਜ਼ਾਰਾਂ ਫੈਨਮੇਲ ਮਿਲਦੇ ਸਨ। ਇੱਕ ਵਾਰ ਮੈਂ ਇੱਕ ਪ੍ਰਸ਼ੰਸਕ ਦੀ ਚਿੱਠੀ ਦਾ ਜਵਾਬ ਦਿੱਤਾ। ਇਸ ਤੋਂ ਬਾਅਦ ਉਸਨੇ ਮੈਨੂੰ 3720 ਚਿੱਠੀਆਂ ਭੇਜੀਆਂ, ਬੱਸ ਇਸ ਉਮੀਦ ਵਿੱਚ ਕਿ ਮੈਂ ਦੁਬਾਰਾ ਜਵਾਬ ਦੇਵਾਂਗਾ।"
ਇਹ ਕੋਈ ਕਾਲਪਨਿਕ ਕਿੱਸਾ ਨਹੀਂ ਹੈ, ਇਸ ਦਾ ਜ਼ਿਕਰ ਦੇਵ ਆਨੰਦ ਨੇ ਆਪਣੀ ਆਤਮਕਥਾ ‘ਰੋਮਾਂਸਿੰਗ ਵਿਦ ਲਾਈਫ’ ਵਿੱਚ ਕੀਤਾ ਹੈ। ਜੇਕਰ ਦੇਵ ਆਨੰਦ ਜ਼ਿੰਦਾ ਹੁੰਦੇ ਤਾਂ ਉਹ ਹੁਣ 100 ਸਾਲ ਦੇ ਹੋ ਚੁੱਕੇ ਹੁੰਦੇ।
ਉਹ ਇੱਕ ਅਜਿਹੇ ਸਟਾਰ ਸਨ ਜਿਨ੍ਹਾਂ ਦੀ ਪ੍ਰਸਿੱਧੀ ਭਾਰਤ, ਪਾਕਿਸਤਾਨ, ਨੇਪਾਲ ਅਤੇ ਹੋਰ ਕਈ ਦੇਸ਼ਾਂ ਵਿੱਚ ਸੀ। ਹਾਲੀਵੁੱਡ ਵਿੱਚ, ਡੇਵਿਡ ਲੀਨ, ਗ੍ਰੈਗਰੀ ਪੇਕ, ਫ੍ਰੈਂਕ ਕੈਪਰਾ ਵਰਗੇ ਦਿੱਗਜ ਉਨ੍ਹਾਂ ਨੂੰ ਜਾਣਦੇ ਸਨ ਅਤੇ ਉਨ੍ਹਾਂ ਦਾ ਸਤਿਕਾਰ ਕਰਦੇ ਸਨ।
ਦੇਵ ਆਨੰਦ ਦਾ ਜਨਮ ਅਣਵੰਡੇ ਪੰਜਾਬ ਦੇ ਜਿਸ ਹਿੱਸੇ ਵਿੱਚ ਹੋਇਆ ਉਹ ਹੁਣ ਪਾਕਿਸਤਾਨ ਵਿੱਚ ਹੈ। ਲਾਹੌਰ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਜੁਲਾਈ 1943 ਵਿੱਚ, ਆਪਣੀ ਜੇਬ ਵਿੱਚ 30 ਰੁਪਏ ਲੈ ਕੇ, ਉਹ ਫਰੰਟੀਅਰ ਮੇਲ ਰਾਹੀਂ ਬੰਬਈ ਲਈ ਰਵਾਨਾ ਹੋਏ ਅਤੇ ਕੁਝ ਸਾਲਾਂ ਵਿੱਚ ਹੀ ਭਾਰਤ ਵਿੱਚ ਇੱਕ ਵੱਡੇ ਸਟਾਰ ਬਣ ਗਏ।
ਪਰ ਉਨ੍ਹਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਉਸ ਨੂੰ ਲਾਹੌਰ ਪਰਤਣ ਲਈ 55 ਸਾਲ ਦੀ ਉਡੀਕ ਕਰਨੀ ਪਵੇਗੀ ਜਿੱਥੇ ਉਨ੍ਹਾਂ ਦੇ ਹਜ਼ਾਰਾਂ ਪ੍ਰਸ਼ੰਸਕ ਸਨ।

ਜਦੋਂ ਦੇਵ ਆਨੰਦ ਨੇ ਦਰਵਾਜ਼ਿਆਂ ਨਾਲ ਲੱਗ ਰੋਏ
1999 ਵਿੱਚ ਜਦੋਂ ਦੇਵ ਆਨੰਦ ਨੇ ਭਾਰਤੀ ਪ੍ਰਧਾਨ ਮੰਤਰੀ (ਤਤਕਾਲੀ) ਵਾਜਪਾਈ ਨਾਲ ਪਾਕਿਸਤਾਨ ਦਾ ਦੌਰਾ ਕੀਤਾ ਤਾਂ ਪੱਤਰਕਾਰ ਗੌਹਰ ਬੱਟ ਲਾਹੌਰ ਵਿੱਚ ਸੀ।
ਬੀਬੀਸੀ ਨਾਲ ਗੱਲ ਕਰਦੇ ਹੋਏ ਗੌਹਰ ਉਸ ਮੰਜ਼ਰ ਬਾਰੇ ਦੱਸਦੇ ਹਨ ਜਦੋਂ ਦੇਵ ਆਨੰਦ 55 ਸਾਲਾਂ ਬਾਅਦ ਲਾਹੌਰ ਆਪਣੇ ਸ਼ਹਿਰ ਅਤੇ ਕਾਲਜ ਵਿੱਚ ਵਾਪਸ ਗਏ।
“ਜਦੋਂ ਅਸੀਂ ਕਾਲਜ ਵਿੱਚ ਦਾਖ਼ਲ ਹੋਏ ਤਾਂ ਮੈਂ ਚੌਕੀਦਾਰ ਨੂੰ ਦੱਸਿਆ ਕਿ ਦੇਵ ਆਨੰਦ ਆਏ ਹਨ। ਚੌਕੀਦਾਰ ਹੈਰਾਨ ਹੋ ਕੇ ਬੋਲਿਆ, "ਓਏ, ਤੁਸੀਂ ਇੰਡੀਆ ਤੋਂ ਆਏ ਹੋ?" ਜਿਵੇਂ ਹੀ ਦੇਵ ਆਨੰਦ ਨੇ ਆਪਣੇ ਕਾਲਜ ਨੂੰ ਦੇਖਿਆ, ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ।"
"ਉਨ੍ਹਾਂ ਨੇ ਦਰਵਾਜ਼ੇ ਨੂੰ ਜੱਫੀ ਪਾ ਲਈ ਅਤੇ ਉੱਚੀ-ਉੱਚੀ ਰੋ ਪਏ। ਕਾਲਜ ਦੌਰਾਨ ਉਸ ਨੂੰ ਊਸ਼ਾ ਨਾਂ ਦੀ ਕੁੜੀ ਨਾਲ ਪਿਆਰ ਹੋ ਗਿਆ ਸੀ। ਉਸਦਾ ਨਾਮ ਬੁਲਾਇਆ।”
"ਮੰਚ 'ਤੇ ਬੈਠ ਕੇ ਰੋਂਦੇ ਰਹੇ। ਕੰਧਾਂ ਨਾਲ ਜੱਫੀ ਪਾ ਕੇ ਰੋਂਦੇ ਰਹੇ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਆਖ਼ਰੀ ਵਾਲ ਲਾਹੌਰ ਕਾਲਜ ਤੋਂ ਨਿਕਲੇ ਸਨ ਤਾਂ ਉਹ ਊਸ਼ਾ ਨੂੰ ਕੀ ਕਹਿ ਕੇ ਨਿਕਲੇ ਸਨ।"

ਜਦੋਂ ਨਿਰਦੇਸ਼ਕ ਨੇ ਕਿਹਾ ਕਿ ਦੰਦ ਵਿਰਲੇ ਹਨ
ਲਾਹੌਰ ਛੱਡ ਕੇ ਜਦੋਂ ਦੇਵ ਆਨੰਦ 1943 ਵਿੱਚ ਬੰਬਈ ਆਏ ਸਨ ਤਾਂ ਸ਼ੁਰੂ ਵਿੱਚ ਉਨ੍ਹਾਂ ਨੇ ਕਦੇ ਕਲਰਕ ਤਾਂ ਕਦੇ ਬ੍ਰਿਟਿਸ਼ ਆਰਮੀ ਦੇ ਸੈਂਸਰ ਦਫ਼ਤਰ ਵਿੱਚ ਕੰਮ ਕੀਤਾ, ਪਰ ਉਨ੍ਹਾਂ ਦੀ ਇੱਛਾ ਅਦਾਕਾਰ ਬਣਨ ਦੀ ਸੀ।
ਇੱਕ ਦੋਸਤ ਜਿਸ ਨਾਲ ਉਹ ਸੰਗੀਤ ਦੀਆਂ ਕਲਾਸਾਂ ਲੈਂਦੇ ਸਨ, ਨੇ ਉਨ੍ਹਾਂ ਨੂੰ ਨਿਰਮਾਤਾ ਬਾਬੂਰਾਓ ਪੈ ਦੀ ਫ਼ਿਲਮ ਬਾਰੇ ਦੱਸਿਆ।
ਉੱਥੇ ਪਹੁੰਚਣ 'ਤੇ ਚੌਕੀਦਾਰ ਨੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਪਰ ਬਾਬੂਰਾਓ ਬਾਹਰ ਬੈਠੇ ਉਸ ਸੁੰਦਰ ਮੁੰਡੇ ਦੇ ਚਿਹਰੇ ਨੂੰ ਨਜ਼ਰਅੰਦਾਜ਼ ਨਾ ਕਰ ਸਕੇ।
ਆਡੀਸ਼ਨ ਲਈ ਡੇਕਨ ਕੁਈਨ ਟਰੇਨ ਰਾਹੀਂ ਪੁਣੇ ਭੇਜਿਆ ਗਿਆ ਅਤੇ ਸ਼ੁਰੂ ਹੋਇਆ ਉਨ੍ਹਾਂ ਦੀ ਪਹਿਲੀ ਫ਼ਿਲਮ ‘ਹਮ ਏਕ ਹੈਂ’ ਦਾ ਸਫ਼ਰ ਜੋ 1946 ਵਿੱਚ ਆਈ।
ਪਹਿਲੀ ਹੀ ਫ਼ਿਲਮ ਵਿੱਚ ਦੇਵ ਆਨੰਦ ਅੱਗੇ ਇੱਕ ਸ਼ਰਤ ਰੱਖੀ ਗਈ ਸੀ। ਦੇਵ ਆਨੰਦ ਆਪਣੀ ਕਿਤਾਬ ਵਿਚ ਲਿਖਦੇ ਹਨ, “ਮੈਨੂੰ ਕਿਹਾ ਗਿਆ ਸੀ ਕਿ ਸਾਨੂੰ ਤੁਹਾਡੇ ਦੰਦਾਂ ਵਿਚਕਾਰ ਫਿਲਰ ਲਗਾਉਣੇ ਪੈਣਗੇ। ਮੈਂ ਆਪਣੀ ਜੀਭ ਦੰਦਾਂ 'ਤੇ ਫੇਰੀ ਕੀ ਸੱਚਮੁੱਚ ਮੇਰੇ ਸਾਹਮਣੇ ਵਾਲੇ ਦੋ ਦੰਦ ਵਿਰਲੇ ਹਨ।"
"ਮੇਰੇ ਦੰਦਾਂ ਵਿੱਚ ਗੈਪ ਹੋਣ ਕਾਰਨ ਮੈਂ ਫਿਲਰ ਨਾਲ ਸ਼ੂਟਿੰਗ ਕਰਦਾ ਰਿਹਾ ਪਰ ਮੈਂ ਕੁਦਰਤੀ ਮਹਿਸੂਸ ਨਹੀਂ ਕਰ ਰਿਹਾ ਸੀ। ਬਾਅਦ ਵਿੱਚ ਮੇਰੀ ਬੇਨਤੀ 'ਤੇ ਇਸ ਫਿਲਰ ਨੂੰ ਹਟਾ ਦਿੱਤਾ ਗਿਆ ਸੀ। ਮੈਂ ਖੁਸ਼ ਹਾਂ ਕਿ ਲੋਕਾਂ ਨੇ ਮੈਨੂੰ ਉਸੇ ਤਰ੍ਹਾਂ ਸਵੀਕਾਰ ਕੀਤਾ ਹੈ ਜਿਵੇਂ ਮੈਂ ਹਾਂ।''

ਦੇਵ ਆਨੰਦ ਲਈ ਦੰਦ ਤੁੜਵਾਉਂਦੇ ਸਨ ਪ੍ਰਸ਼ੰਸਕ
ਦੇਵ ਆਨੰਦ ਦੇ ਦਿਵਾਨਗ਼ੀ ਦੇ ਕਿੱਸੇ ਨੇਪਾਲ ਵਿਚ ਵੀ ਮਿਲ ਸਕਦੇ ਹਨ ਜਿੱਥੇ ਉਨ੍ਹਾਂ ਨੇ 'ਹਰੇ ਰਾਮ ਹਰੇ ਕ੍ਰਿਸ਼ਨਾ', 'ਜਾਨੀ ਮੇਰਾ ਨਾਮ' ਅਤੇ 'ਇਸ਼ਕ ਇਸ਼ਕ ਇਸ਼ਕ' ਫਿਲਮਾਂ ਲਈ ਸ਼ੂਟਿੰਗ ਕੀਤੀ।
ਨੇਪਾਲ ਦੇ ਸੀਨੀਅਰ ਪੱਤਰਕਾਰ ਬਸੰਤ ਥਾਪਾ ਬਚਪਨ ਤੋਂ ਹੀ ਦੇਵ ਆਨੰਦ ਦੇ ਪ੍ਰਸ਼ੰਸਕ ਰਹੇ ਹਨ।
ਉਹ ਕਹਿੰਦੇ ਹਨ, "ਦੇਵ ਆਨੰਦ ਦਾ ਨੇਪਾਲ 'ਚ ਕਾਫੀ ਕ੍ਰੇਜ਼ ਰਿਹਾ ਸੀ। ਉਨ੍ਹਾਂ ਵਰਗਾ ਹੇਅਰ ਸਟਾਈਲ ਬਣਾਉਣ ਲਈ, ਮੁੰਡੇ ਆਪਣੇ ਵਾਲਾਂ ਵਿੱਚ ਬਾਂਸ ਦੀ ਲੱਕੜ ਵਿੱਚ ਇੱਕ ਖ਼ਾਸ ਕਿਸਮ ਦਾ ਗਰਮ ਤੇਲ ਲਗਾਉਂਦੇ ਸਨ।"
"ਦੇਵ ਆਨੰਦ ਦੇ ਦੰਦ ਵਿਰਲੇ ਸਨ। ਹਾਲਤ ਇਹ ਸੀ ਕਿ ਮੁੰਡੇ ਆਪਣੇ ਦੰਦਾਂ ਦੀ ਸ਼ਕਲ ਵਿਗਾੜ ਕੇ ਦੇਵ ਆਨੰਦ ਦੇ ਦੰਦ ਵਰਗੇ ਦੰਦ ਬਣਵਾਉਣ ਦੀ ਕੋਸ਼ਿਸ਼ ਕਰਦੇ। ਜਦੋਂ ਨੇਪਾਲ ਵਿੱਚ 'ਹਰੇ ਰਾਮ ਹਰੇ ਕ੍ਰਿਸ਼ਨਾ' ਦੀ ਸ਼ੂਟਿੰਗ ਹੋਈ ਤਾਂ ਪੂਰਾ ਸ਼ਹਿਰ ਇਕੱਠਾ ਹੋ ਗਿਆ ਸੀ।"
“ਇੱਕ ਰਾਤ ਸਾਨੂੰ ਪਤਾ ਲੱਗਾ ਕਿ ‘ਦਮ ਮਾਰੋ ਦਮ’ ਗੀਤ ਕਾਠਮੰਡੂ ਵਿੱਚ ਸ਼ੂਟ ਹੋ ਰਿਹਾ ਹੈ। ਦੇਵ ਆਨੰਦ ਅਤੇ ਜ਼ੀਨਤ ਅਮਾਨ ਨੂੰ ਦੇਖਣ ਲਈ ਭੀੜ ਇੰਨੀ ਬੇਚੈਨ ਹੋ ਗਈ ਕਿ ਉਨ੍ਹਾਂ ਨੇ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ।"
"ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਲੋਕਾਂ ਨੇ ਪੁਲਿਸ 'ਤੇ ਪਥਰਾਅ ਵੀ ਕੀਤਾ। ਅਸੀਂ ਵੀ ਇੱਕ-ਦੋ ਸੁੱਟੇ ਸਨ। ਇਹ ਦੇਵ ਸਾਹਬ ਦਾ ਜਾਦੂ ਸੀ। ਉਸ ਵੇਲੇ ਜਦੋਂ ਮੈਂ ਦਾਰਜੀਲਿੰਗ ਗਿਆ ਤਾਂ ਦੇਖਿਆ ਕਿ ਸਾਰੇ ਸੈਲਾਨੀ ਉਹੀ ਟੋਪੀ ਪਾ ਕੇ ਘੁੰਮ ਰਹੇ ਸਨ ਜੋ ਦੇਵ ਆਨੰਦ ਨੇ 'ਜਿਊਲ ਥੀਫ' ਵਿੱਚ ਪਹਿਨੀ ਸੀ ਅਤੇ ਉਹੀ ਕਾਲੇ ਅਤੇ ਚਿੱਟੇ ਜੁੱਤੇ।"

ਦੇਵ ਆਨੰਦ ਅਤੇ ਕਾਲੀ ਕਮੀਜ਼ ਦਾ ਸੱਚ
ਦੇਵ ਆਨੰਦ ਨੂੰ ਜਿੰਨਾ ਬਾਜ਼ੀ, ਟੈਕਸੀ ਡਰਾਈਵਰ, ਗੈਂਬਲਰ, ਗਾਈਡ ਵਰਗੀਆਂ ਫਿਲਮਾਂ ਲਈ ਯਾਦ ਕੀਤਾ ਜਾਂਦਾ ਹੈ, ਓਨਾਂ ਹੀ ਉਨ੍ਹਾਂ ਦੇ ਸਟਾਈਲ ਲਈ ਵੀ।
ਝੁਕੀ ਹੋਈ ਗਰਦਨ, ਉਨ੍ਹਾਂ ਦੀ ਉਹ ਟੋਪੀ, ਉਨ੍ਹਾਂ ਦੇ ਗਲੇ ਵਿੱਚ ਰੰਗੀਨ ਸਕਾਰਫ਼ ਅਤੇ ਬਿਨਾਂ ਰੁਕੇ ਲਗਾਤਾਰ ਬੋਲਣ ਦਾ ਅੰਦਾਜ਼, ਬਹੁਤ ਸਾਰੇ ਲੋਕ ਇਸ ਅੰਦਾਜ਼ ਦੇ ਕਾਇਲ ਸਨ।
ਇਸ ਬਾਰੇ ਵਿੱਚ ਦੇਵ ਆਨੰਦ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ ਸੀ, “ਅਸਲ ਵਿੱਚ, ਮੈਂ ਸਟੂਪ ਕਰਦਾ ਹਾਂ, ਝੁਕ ਕੇ ਤੁਰਦਾ ਹਾਂ। ਮੈਨੂੰ ਫਿਲਮਾਂ ਵਿੱਚ ਲੰਬੇ ਡਾਇਲਾਗ ਮਿਲਦੇ ਸਨ ਅਤੇ ਮੈਂ ਦੁਚਿੱਤੀ ਵਿੱਚ ਸੀ ਕਿ ਰੁਕਾਂ (ਪੌਜ਼) ਜਾਂ ਨਾ। ਇਸ ਲਈ ਮੈਂ ਇੱਕੋ ਸਾਹੇ ਬੋਲਦਾ ਸੀ ਅਤੇ ਇਹ ਦੇਵ ਆਨੰਦ ਦੀ ਸ਼ੈਲੀ ਬਣ ਗਈ।"
ਆਲਮ ਇਹ ਸੀ ਕਿ ਦੇਵ ਆਨੰਦ ਬਾਰੇ ਇਹ ਗੱਲ ਫੈਲ ਗਈ ਕਿ ਉਨ੍ਹਾਂ ਨੂੰ ਕਾਲੇ ਰੰਗ ਦੀ ਕਮੀਜ਼ ਪਾ ਕੇ ਬਾਹਰ ਜਾਣ ਦੀ ਮਨਾਹੀ ਹੈ ਕਿਉਂਕਿ ਕੁੜੀਆਂ ਉਨ੍ਹਾਂ ਨੂੰ ਦੇਖ ਕੇ ਬੇਹੋਸ਼ ਹੋ ਜਾਂਦੀਆਂ ਹਨ।
ਹਾਲਾਂਕਿ, ਦੇਵ ਆਨੰਦ ਨੇ ਇਸ ਨੂੰ ਹਾਸੇ ਵਿੱਚ ਪਾਉਂਦੇ ਸਿਰਫ ਇੱਕ ਅਫ਼ਵਾਹ ਦੱਸਦੇ ਸਨ ਜੋ ਨੇ ਫਿਲਮ ਕਾਲਾ ਪਾਣੀ ਵਿੱਚ ਕਾਲੇ ਕੱਪੜੇ ਪਾ ਕੇ ਸ਼ੁਰੂ ਹੋਈ ਸੀ।

ਇੰਡੋਨੇਸ਼ੀਆ ਦੇ ਰਾਸ਼ਟਰਪਤੀ ਦੇਵ ਆਨੰਦ ਦੀ ਸ਼ੂਟਿੰਗ 'ਤੇ ਆਏ
ਦੇਵ ਆਨੰਦ ਦੇ ਪ੍ਰਸ਼ੰਸਕਾਂ ਵਿੱਚ ਚੰਬਲ ਦੇ ਡਾਕੂਆਂ ਤੋਂ ਲੈ ਕੇ ਦੇਸ਼ਾਂ ਦੇ ਮੁਖੀਆਂ ਤੱਕ ਹਰ ਕੋਈ ਸ਼ਾਮਲ ਸੀ। ਫਿਲਮ 'ਕਾਲਾ ਪਾਣੀ' ਦੀ ਸ਼ੂਟਿੰਗ ਦੌਰਾਨ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸੁਕਾਰਨੋ ਖ਼ਾਸ ਤੌਰ 'ਤੇ ਸ਼ੂਟਿੰਗ ਦੇਖਣ ਪਹੁੰਚੇ ਸਨ।
‘ਰੋਮਾਂਸਿੰਗ ਵਿਦ ਲਾਈਫ’ ਵਿੱਚ ਇਹ ਕਿੱਸਾ ਕੁਝ ਇਸ ਤਰ੍ਹਾਂ ਦਰਜ ਹੈ, “ਗਾਣੇ ਦੀ ਸ਼ੂਟਿੰਗ ਹੋਣੀ ਸੀ, ਗੀਤ ਸੀ- ‘ਹਮ ਬੇਖ਼ੁਦੀ ਮੈਂ ਤੁਮਕੋ ਪੁਕਾਰੇ ਚਲੇ ਗਏ’ ਅਤੇ ਹਰ ਕੋਈ ਰਾਸ਼ਟਰਪਤੀ ਦਾ ਇੰਤਜ਼ਾਰ ਕਰ ਰਿਹਾ ਸੀ।"
"ਜਦੋਂ ਉਹ ਦੋ ਘੰਟੇ ਤੱਕ ਨਹੀਂ ਆਏ ਤਾਂ ਅਸੀਂ ਗੀਤ ਸ਼ੂਟ ਕਰ ਲਿਆ, ਜਿਵੇਂ ਹੀ ਸ਼ੂਟਿੰਗ ਖ਼ਤਮ ਹੋਈ ਸਾਨੂੰ ਪਤਾ ਲੱਗਾ ਕਿ ਉਹ ਆ ਗਏ ਹਨ। ਅਸੀਂ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਲਈ ਦੁਬਾਰਾ ਉਹ ਸ਼ੂਟਿੰਗ ਕੀਤੀ। ਪ੍ਰਧਾਨ ਨੇ ਜ਼ੋਰਦਾਰ ਤਾੜੀਆਂ ਵਜਾਈਆਂ।"
"ਹਿੰਦੀ ਫਿਲਮ ਦੀ ਸ਼ੂਟਿੰਗ ਦੇਖ ਕੇ ਉਹ ਬਹੁਤ ਖੁਸ਼ ਸੀ। ਮੈਨੂੰ ਕਾਲਾ ਪਾਣੀ ਲਈ ਫਿਲਮਫੇਅਰ ਐਵਾਰਡ ਦਿੱਤਾ ਗਿਆ ਸੀ, ਜੋ ਮੈਨੂੰ ਮਿਸਰ ਦੇ ਰਾਸ਼ਟਰਪਤੀ ਅਲ ਨਸੇਰ ਦੇ ਹੱਥੋਂ ਮਿਲਿਆ ਸੀ।”

ਜਦੋਂ ਡਾਕੂਆਂ ਨੇ ਫੋਟੋਆਂ ਖਿੱਚਾਈਆਂ
ਪ੍ਰਸ਼ੰਸਕਾਂ ਦੀ ਗੱਲ ਕਰੀਏ ਤਾਂ ਇੱਕ ਹੋਰ ਘਟਨਾ ਯਾਦ ਆਉਂਦੀ ਹੈ ਜਦੋਂ ਦੇਵ ਆਨੰਦ ਚੰਬਲ ਵਿੱਚ ਸ਼ੂਟਿੰਗ ਕਰ ਰਹੇ ਸਨ।
ਦੇਵ ਆਨੰਦ ਲਿਖਦੇ ਹਨ, "ਸ਼ੂਟਿੰਗ ਤੋਂ ਬਾਅਦ ਅਸੀਂ ਚੰਬਲ ਇਲਾਕੇ ਦੇ ਡਾਕ ਬੰਗਲੇ 'ਚ ਰੁਕੇ ਹੋਏ ਸੀ। ਕਿਸੇ ਨੇ ਸਾਨੂੰ ਚੇਤਾਵਨੀ ਦਿੱਤੀ ਕਿ ਡਾਕੂ ਹਮਲਾ ਕਰਨ ਵਾਲੇ ਹਨ।"
"ਮੈਂ ਚੇਤਾਵਨੀ ਦੇਣ ਆਏ ਵਿਅਕਤੀ ਨੂੰ ਕਿਹਾ ਕਿ ਉਨ੍ਹਾਂ ਨੂੰ ਕਹਿਣਾ ਕਿ ਆਟੋਗ੍ਰਾਫ ਲਈ ਕਾਪੀਆਂ ਲੈ ਕੇ ਆਉਣ ਅਤੇ ਜੇਕਰ ਉਨ੍ਹਾਂ ਕੋਲ ਕੈਮਰੇ ਹਨ ਤਾਂ ਉਹ ਫੋਟੋਆਂ ਲਈ ਕੈਮਰੇ ਲਿਆਉਣ..ਉਨ੍ਹਾਂ ਕੋਲ ਆਪਣੇ ਸਕਰੀਨ ਹੀਰੋ ਨਾਲ ਫੋਟੋ ਕਲਿੱਕ ਕਰਵਾਉਣ ਦਾ ਆਪਣੀ ਜ਼ਿੰਦਗੀ ਦਾ ਆਖ਼ਰੀ ਮੌਕਾ ਹੋਵੇਗਾ।"
“ਅਗਲੇ ਦਿਨ ਜਦੋਂ ਅਸੀਂ ਸ਼ੂਟਿੰਗ ਕਰ ਰਹੇ ਸੀ, ਤਾਂ ਮੈਂ ਟਰੱਕ 'ਤੇ ਖੜ੍ਹਾ ਹੋ ਗਿਆ ਅਤੇ ਉਨ੍ਹਾਂ ਨੂੰ ਕਿਹਾ, ਮੇਰੇ ਦੇਸ਼ ਵਾਸੀਓ, ਤੁਸੀਂ ਕਿਵੇਂ ਹੋ। ਹੇ ਦੇਵ ਸਾਹਬ! ਉਹ ਬੋਲ। ਕੋਈ ਮੇਰੇ ਨਾਲ ਹੱਥ ਮਿਲਾਉਣ ਲੱਗਾ ਤਾਂ ਕਿਸੇ ਨੇ ਮੈਨੂੰ ਜੱਫੀ ਪਾ ਲਈ।
ਦੇਵ ਆਨੰਦ ਦੇ ਸਾਥੀ ਵੀ ਉਨ੍ਹਾਂ ਦੇ ਹੀ ਮੁਰੀਦ ਸਨ।
2011 ਵਿੱਚ ਅਦਾਕਾਰ ਮਨੋਜ ਕੁਮਾਰ ਨੇ ਬੀਬੀਸੀ ਦੀ ਸਹਿਯੋਗੀ ਮਧੂ ਪਾਲ ਨਾਲ ਇਹ ਕਿੱਸਾ ਸਾਂਝਾ ਕੀਤਾ ਸੀ।
ਉਨ੍ਹਾਂ ਨੇ ਕਿਹਾ, "ਜਦੋਂ ਮੇਰੇ ਪਿਤਾ ਜੀ ਦਾ ਦੇਹਾਂਤ ਹੋਇਆ ਤਾਂ ਮੈਂ ਬਹੁਤ ਉਦਾਸ ਸੀ। ਉਦੋਂ ਡੇਢ ਮਹੀਨੇ ਤੱਕ ਦੇਵ ਸਾਹਬ ਦਿਨ ਵਿੱਚ ਦੋ ਘੰਟੇ ਮੇਰੇ ਨਾਲ ਬਿਤਾਉਂਦੇ ਸਨ, ਭਾਵੇਂ ਉਹ ਸਵੇਰ ਹੋਵੇ, ਦੁਪਹਿਰ ਹੋਵੇ ਜਾਂ ਸ਼ਾਮ ਹੋਵੇ।"
ਮਨੋਜ ਕੁਮਾਰ ਕਹਿੰਦੇ ਹਨ, “ਇਕ ਵਾਰ ਮੈਨੂੰ ਕਿਸੇ ਨੇ ਬੁਲਾਇਆ ਅਤੇ ਕਿਹਾ, ਹੇ ਭਾਈ, ਇਹ ਤੁਹਾਡਾ ਸਿਰਲੇਖ ਹੈ ‘ਹਰੇ ਰਾਮਾ-ਹਰੇ ਕ੍ਰਿਸ਼ਨ’। ਮੈਂ ਕਿਹਾ ਹਾਂ। ਫ਼ੋਨ 'ਤੇ ਵਿਅਕਤੀ ਨੇ ਕਿਹਾ ਕਿ ਅੱਜ ਤੋਂ ਇਹ ਮੇਰਾ ਹੋ ਗਿਆ। ਉਹ ਦੇਵਜੀ ਸੀ।"

ਜੋਖ਼ਮ ਲੈਣ ਵਾਲੇ ਦੇਵ ਆਨੰਦ
ਦੇਵ ਆਨੰਦ ਲਈ ਨੇਪਾਲ ਜਿੰਨਾ ਆਸਾਨ ਸੀ, ਪਾਕਿਸਤਾਨ ਜਾਣਾ ਵੀ ਓਨਾ ਹੀ ਔਖਾ ਸੀ।
ਪਾਕਿਸਤਾਨੀ ਪੱਤਰਕਾਰ ਗੌਹਰ ਬੱਟ ਦਾ ਕਹਿਣਾ ਹੈ, "1999 'ਚ ਲਾਹੌਰ ਦੇ ਦੌਰੇ ਦੌਰਾਨ ਮੈਂ ਦੇਵ ਆਨੰਦ ਸਾਹਬ ਨਾਲ ਉਨ੍ਹਾਂ ਦੇ ਹੋਟਲ 'ਚ ਸੀ। ਮੈਂ ਉਨ੍ਹਾਂ ਨੂੰ ਕਿਹਾ ਜੇ ਮੈਂ ਤੁਹਾਨੂੰ ਲਾਹੌਰ ਦਾ ਸਰਕਾਰੀ ਕਾਲਜ ਦਿਖਾਵਾਂ? ਦੇਵ ਆਨੰਦ ਦਾ ਚਿਹਰਾ ਅਚਾਨਕ ਚਮਕ ਉੱਠਿਆ ਜਿਵੇਂ ਕਿਸੇ ਬੱਚੇ ਨੂੰ ਆਪਣਾ ਪਸੰਦੀਦਾ ਖਿਡੌਣਾ ਮਿਲ ਗਿਆ ਹੋਵੇ।"
"ਪਰ ਸੁਰੱਖਿਆ ਦੇ ਨਜ਼ਰੀਏ ਤੋਂ ਇਹ ਵੱਡਾ ਮੁੱਦਾ ਸੀ ਕਿਉਂਕਿ ਉਹ ਸਰਕਾਰੀ ਦਲ ਦਾ ਹਿੱਸਾ ਸਨ। ਮੈਂ ਦੇਵ ਸਾਹਬ ਦੇ ਹੱਥ ਵਿਚ ਅਖ਼ਬਾਰ ਫੜਾ ਦਿੱਤੀ, ਸਿਰ 'ਤੇ ਤੌਲੀਆ ਰੱਖਿਆ ਅਤੇ ਦੇਵ ਸਾਹਬ ਨੂੰ ਹੋਟਲ ਦੇ ਪਿਛਲੇ ਗੇਟ ਤੋਂ ਬਾਹਰ ਕੱਢ ਕੇ ਕਾਲਜ ਲੈ ਗਿਆ।
ਇੱਕ ਸਟਾਈਲਿਸ਼ ਸਟਾਰ ਹੋਣ ਦੇ ਨਾਲ-ਨਾਲ ਦੇਵ ਆਨੰਦ ਨੂੰ ਹਿੰਦੀ ਫ਼ਿਲਮਾਂ ਵਿੱਚ ਵੀ ਦੂਰਦਰਸ਼ੀ ਮੰਨਿਆ ਜਾਂਦਾ ਹੈ। ਉਸ ਵਿਚ ਜੋਖ਼ਮ ਉਠਾਉਣ ਦੀ ਹਿੰਮਤ ਸੀ।
ਜੋ ਮੁੰਡਾ 1943 ਵਿਚ ਲਗਭਗ ਖਾਲੀ ਹੱਥ ਮੁੰਬਈ ਆਇਆ ਸੀ, ਉਸ ਨੇ 1949 ਵਿਚ ਆਪਣਾ ਨਵਾਂ ਪ੍ਰੋਡਕਸ਼ਨ ਹਾਊਸ ਨਵਕੇਤਨ ਫਿਲਮਜ਼ ਸਥਾਪਿਤ ਕੀਤਾ।

ਗਾਈਡ ਨੇ ਰਸਤਾ ਦਿਖਾਇਆ
'ਟੈਕਸੀ ਡਰਾਈਵਰ', 'ਕਾਲਾ ਬਾਜ਼ਾਰ', 'ਹਮ ਦੋਨੋ' ਵਰਗੀਆਂ ਮੁੱਖ ਧਾਰਾ ਦੀਆਂ ਫਿਲਮਾਂ ਕੀਤੀਆਂ ਪਰ ਨਾਲ ਹੀ ਗਾਈਡ (1965) ਦੇ ਰੂਪ ਵਿੱਚ ਇੱਕ ਬੋਲਡ ਵਿਸ਼ਾ ਚੁਣਿਆ ਜਿਸ ਵਿੱਚ ਪਿਆਰ ਦਾ ਇੱਕ ਬਿਲਕੁਲ ਵੱਖਰਾ ਰੂਪ ਦਿਖਾਇਆ ਗਿਆ ਸੀ।
ਇਸ ਵਿੱਚ ਦੇਵ ਆਨੰਦ ਦੀ ਭੂਮਿਕਾ ਇੱਕ ਗ੍ਰੇ ਸ਼ੇਡ ਦੀ ਸੀ, ਜਿਸ ਵਿੱਚ ਉਹ ਅੰਤ ਵਿੱਚ ਸਾਧੂ ਬਣ ਜਾਂਦੇ ਹਨ ਯਾਨਿ ਉਹ ਸਭ ਕੁਝ ਹੈ ਜਿਸਦੀ ਲੋਕ ਸਟਾਈਲਿਸ਼ ਦੇਵ ਆਨੰਦ ਤੋਂ ਉਮੀਦ ਨਹੀਂ ਕਰ ਰਹੇ ਸਨ।
ਬਾਜ਼ਾਰ 'ਚ ਲੋਕ ਗਾਈਡ ਖਰੀਦਣ ਲਈ ਵੀ ਤਿਆਰ ਨਹੀਂ ਸਨ ਪਰ ਅੱਜ ਬਹੁਤ ਸਾਰੇ ਲੋਕ ਗਾਈਡ ਨੂੰ ਦੇਵ ਆਨੰਦ ਦਾ ਮਾਸਟਰਪੀਸ ਮੰਨਦੇ ਹਨ।
ਜਦੋਂ ਉਨ੍ਹਾਂ ਦੀ ਕਿਤਾਬ ਰਿਲੀਜ਼ ਹੋਈ ਤਾਂ ਮੈਨੂੰ ਲੰਡਨ ਵਿੱਚ ਦੇਵ ਆਨੰਦ ਦੀ ਇੰਟਰਵਿਊ ਕਰਨ ਦਾ ਮੌਕਾ ਮਿਲਿਆ ਸੀ।
ਹਮੇਸ਼ਾ ਆਪਣੇ ਹਾਈ-ਸਪੀਰਿਟ ਅੰਦਾਜ਼ ਵਿੱਚ, ਉਨ੍ਹਾਂ ਨੇ ਕਿਹਾ ਸੀ, "ਜੇ ਲੋਕ ਕਹਿੰਦੇ ਹਨ ਕਿ ਗਾਈਡ ਸਭ ਤੋਂ ਵਧੀਆ ਕੰਮ ਹੈ, ਤਾਂ ਲੋਕਾਂ ਦੀ ਗੱਲ ਸੁਣਨੀ ਪਵੇਗੀ। ਪਰ ਇਹ ਕਹਿਣਾ ਵੀ ਠੀਕ ਨਹੀਂ ਹੋਵੇਗਾ ਕਿ ਮੈਂ ਆਪਣੇ ਪਿਛਲੇ ਚੰਗੇ ਕੰਮ ਨਾਲੋਂ ਬਿਹਤਰ ਕੰਮ ਨਹੀਂ ਕਰ ਸਕਦਾ। ਮੈਂ ਵੀ ਦੇਵ ਆਨੰਦ ਵੀ ਹਾਂ।"

ਸੁਰੱਈਆ ਅਤੇ ਦੇਵ ਆਨੰਦ ਦਾ ਪਿਆਰ
ਦੇਵ ਆਨੰਦ ਦੀ ਨਿੱਜੀ ਜ਼ਿੰਦਗੀ ਵੀ ਖੁੱਲ੍ਹੀ ਕਿਤਾਬ ਵਾਂਗ ਸੀ। ਉਨ੍ਹਾਂ ਨੂੰ ਅਦਾਕਾਰਾ ਸੁਰੱਈਆ ਨਾਲ ਪਿਆਰ ਸੀ ਪਰ ਧਰਮ ਦੀਆਂ ਰੁਕਾਵਟਾਂ ਕਾਰਨ ਦੋਵਾਂ ਦਾ ਵਿਆਹ ਨਹੀਂ ਹੋ ਸਕਿਆ ਅਤੇ ਸੁਰੱਈਆ ਸਾਰੀ ਉਮਰ ਇਕੱਲੀ ਹੀ ਰਹੀ।
ਸੀਨੀਅਰ ਪੱਤਰਕਾਰ ਅਲੀ ਪੀਟਰ ਜੌਨ ਦੇਵ ਆਨੰਦ ਦੇ ਦੋਸਤ ਅਤੇ ਪ੍ਰਸ਼ੰਸਕ ਵੀ ਸਨ।
ਆਪਣੀ ਕਿਤਾਬ 'ਮਾਈ ਦੇਵ ਮੈਮੋਰੀਜ਼ ਆਫ਼ ਐਨ ਇਮੋਰਟਲ ਮੈਨ' ਵਿੱਚ ਉਹ ਲਿਖਦੇ ਹਨ, "ਦੇਵ ਆਨੰਦ ਮੈਨੂੰ ਕਹਿੰਦੇ ਸਨ ਕਿ ਕਾਸ਼ ਸਾਡੀ ਕਹਾਣੀ ਦਾ ਅੰਤ ਕੁਝ ਵੱਖਰਾ ਹੁੰਦਾ। ਮੈਂ ਉਸ ਸਮੇਂ ਸਕ੍ਰੀਨ ਵਿੱਚ ਕੰਮ ਕਰਦਾ ਸੀ ਅਤੇ 2002 ਵਿੱਚ, ਸਕ੍ਰੀਨ ਨੇ ਸੁਰੱਈਆ ਨੂੰ ਲਾਈਫ ਟਾਈਮ ਐਵਾਰਡ ਦੇਣ ਦਾ ਫ਼ੈਸਲਾ ਕੀਤਾ ਸੀ।"
"ਸੁਰੱਈਆ ਮੇਰੇ ਸਾਥਣ ਪਿਰੋਜ ਨੂੰ ਪੁੱਛਦੀ ਰਹੀ ਕਿ ਕੀ ਦੇਵ ਆਵੇਗਾ। ਪਿਰੋਜ ਨੇ ਕਿਹਾ ਕਿ ਦੇਵ ਕਦੇ ਵੀ ਕਿਸੇ ਸਕ੍ਰੀਨ ਫੰਕਸ਼ਨ ਨੂੰ ਮਿਸ ਨਹੀਂ ਕਰਦੇ, ਪਰ ਦੇਵ ਆਨੰਦ ਨੇ ਕਿਹਾ ਕਿ ਅਲੀ ਨੂੰ ਇਹ ਪਸੰਦ ਨਹੀਂ ਹੋਵੇਗਾ। ਮੈਂ 40 ਸਾਲਾਂ ਤੋਂ ਨਾ ਤਾਂ ਉਸ ਨੂੰ ਦੇਖਿਆ ਹੈ ਅਤੇ ਨਾ ਹੀ ਫੋਨ 'ਤੇ ਗੱਲ ਕੀਤੀ ਹੈ। ਇਸ ਵਾਰ ਰਹਿਣ ਦਿਓ। ਮੈਨੂੰ ਪਤਾ ਹੈ ਕਿ ਸਾਡੇ ਵਿੱਚੋਂ ਕੋਈ ਵੀ ਇਸ ਨੂੰ ਸਹਿਣ ਨਹੀਂ ਕਰ ਸਕੇਗਾ।"
“ਬਾਅਦ ਵਿੱਚ ਦੇਵ ਜਾਣਨਾ ਚਾਹੁੰਦੇ ਸਨ ਕਿ ਸੁਰੈਇਆ ਕਿਵੇਂ ਦੀ ਲੱਗਦੀ ਸੀ, ਕੀ ਉਸ ਦੇ ਵਾਲਾਂ ਵਿੱਚ ਫੁੱਲ ਸਨ ਜਾਂ ਉਸ ਨੇ ਕਿਸ ਤਰ੍ਹਾਂ ਦੀ ਸਾੜੀ ਪਾਈ ਹੋਈ ਸੀ। ਸੁਰੱਈਆ ਦੀ ਮੌਤ ਵਾਲੇ ਦਿਨ ਉਸ ਨੇ ਮੈਨੂੰ ਬੁਲਾਇਆ ਸੀ।"
"ਉਸ ਦਾ ਪੈਂਟਹਾਊਸ ਬੰਦ ਸੀ। ਉਹ ਛੱਤ 'ਤੇ ਇਕ ਤੰਬੂ ਵਿਚ ਇਕੱਲੇ ਬੈਠੇ ਹੋਏ ਸਨ। ਉਸਦੀਆਂ ਅੱਖਾਂ ਵਿੱਚ ਬਸ ਹੰਝੂ ਸਨ।”
ਪਰ ਆਪਣੇ ਗੀਤ 'ਮੈਂ ਜ਼ਿੰਦਗੀ ਕਾ ਸਾਥ ਨਿਭਾਤਾ ਚਲਾ ਗਿਆ' ਦੀ ਤਰਜ਼ 'ਤੇ, ਦੇਵ ਆਨੰਦ ਨੇ ਜ਼ਿੰਦਗੀ ਵਿਚ ਅੱਗੇ ਵਧ ਕੇ ਆਪਣੀ ਹੀਰੋਇਨ ਕਲਪਨਾ ਕਾਰਤਿਕ ਨਾਲ ਵਿਆਹ ਕੀਤਾ।

ਤਸਵੀਰ ਸਰੋਤ, Getty Images
ਪ੍ਰਸ਼ੰਸਕ ਥੱਕ ਗਏ ਹਨ ਪਰ ਦੇਵ ਨਹੀਂ ਥੱਕੇ
ਉਹ ਆਪਣੇ ਜੀਵਨ ਦੇ ਅੰਤ ਤੱਕ ਫਿਲਮਾਂ ਬਣਾਉਂਦੇ ਰਹੇ ਬੇਸ਼ੱਕ ਉਹ ਫਲੌਪ ਹੀ ਰਹੀਆਂ। ਬਸੰਤ ਥਾਪਾ ਕਹਿੰਦੇ ਹਨ, “ਆਖ਼ਰਕਾਰ ਪ੍ਰਸ਼ੰਸਕ ਉਨ੍ਹਾਂ ਦੀਆਂ ਬਾਅਦ ਦੀਆਂ ਫਿਲਮਾਂ ਦੇਖ ਕੇ ਥੱਕ ਗਏ ਸਨ ਪਰ ਉਹ ਨਹੀਂ ਥੱਕੇ ਸਨ।"
ਸੀਨੀਅਰ ਫਿਲਮ ਪੱਤਰਕਾਰ ਭਾਰਤੀ ਦੂਬੇ ਦੇਵ ਆਨੰਦ ਨੂੰ ਕਵਰ ਕਰ ਰਹੀ ਸੀ, "ਕਈ ਲੋਕਾਂ ਨੂੰ ਉਨ੍ਹਾਂ ਦੇ ਆਖ਼ਰੀ ਦੌਰ ਦਾ ਸਿਨੇਮਾ ਪਸੰਦ ਨਹੀਂ ਆਇਆ, ਉਨ੍ਹਾਂ ਨੂੰ ਲੱਗਾ ਕਿ ਉਹ ਫਿਲਮਾਂ ਪਹਿਲਾਂ ਵਰਗੀਆਂ ਨਹੀਂ ਰਹੀਆਂ।"
"ਪਰ ਦੇਵ ਆਨੰਦ ਨੂੰ ਭਰੋਸਾ ਸੀ ਕਿ ਉਨ੍ਹਾਂ ਨੂੰ ਫ਼ਿਲਮਾਂ ਬਣਾਉਂਦੇ ਰਹਿਣਾ ਹੈ, ਭਾਵੇਂ ਉਸ ਨੂੰ ਜ਼ੀਰੋ ਸਟਾਰ ਮਿਲਣ ਜਾਂ ਤਾਰੀਫ਼। ਉਹ ਮੈਨੂੰ ਕਹਿੰਦੇ ਹੁੰਦੇ ਸਨ ਕਿ ਮੈਂ ਕੰਮ ਕਰਦੇ-ਕਰਦੇ ਹੀ ਮਰਨਾ ਹੈ। ਆਖ਼ਰੀ, ਕੁਝ ਫ਼ਿਲਮਾਂ ਦੇਵ ਆਨੰਦ ਨੂੰ ਪਰਿਭਾਸ਼ਾਤ ਨਹੀਂ ਕਰਦੀਆਂ”

ਤਸਵੀਰ ਸਰੋਤ, MOHAN CHURIWALA
ਭਾਰਤ ਦੇ ਗ੍ਰੈਗਰੀ ਪੈਕ ਦੇਵ ਆਨੰਦ
ਭਾਰਤੀ ਦੂਬੇ ਦਾ ਕਹਿਣਾ ਹੈ, ਉਨ੍ਹਾਂ ਨੂੰ ਭਾਰਤ ਦਾ ਪਹਿਲਾ ਅਰਬਨ ਹੀਰੋ ਕਿਹਾ ਜਾਂਦਾ ਸੀ। ਉਹ ਪੇਂਡੂ ਕਿਰਦਾਰ ਨਹੀਂ ਨਿਭਾ ਸਕੇ ਪਰ ਦੇਵ ਆਨੰਦ ਦਾ ਅੰਦਾਜ਼ ਤੇ ਸੁਹਜ ਵੱਖਰੀ ਸੀ। ਉਨ੍ਹਾਂ ਨੂੰ ਭਾਰਤ ਦਾ ਗ੍ਰੈਗਰੀ ਪੈਕ ਕਿਹਾ ਜਾਂਦਾ ਸੀ।
ਆਉ ਵਾਪਸ ਦੇਵ ਆਨੰਦ ਦੇ ਬਚਪਨ ਵੱਲ ਜਾਂਦੇ ਹਾਂ। ਦੇਵ ਆਨੰਦ ਆਪਣੀ ਕਿਤਾਬ ਵਿਚ ਦੱਸਦੇ ਹਨ ਕਿ ਇਕ ਵਾਰ ਉਹ ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ ਦੇ ਨੇੜੇ ਸ਼ਰਬਤ ਪੀ ਰਹੇ ਸਨ।
ਸ਼ਰਬਤ ਵੇਚਣ ਵਾਲੇ ਨੇ ਦੇਵ ਸਾਹਬ ਵੱਲ ਦੇਖਿਆ ਅਤੇ ਕਿਹਾ ਕਿ ਤੁਹਾਡੇ ਮੱਥੇ 'ਤੇ ਵੱਡਾ ਸੂਰਜ ਹੈ ਅਤੇ ਤੁਸੀਂ ਵੱਡੇ ਵਿਅਕਤੀ ਬਣੋਗੇ।
ਇਸ ਨੂੰ ਕਿਸਮਤ ਕਹੋ, ਮਿਹਨਤ, ਜਨੂੰਨ ਜਾਂ ਇਤਫ਼ਾਕ, ਉਹ ਬੱਚਾ ਵੱਡਾ ਹੋ ਕੇ ਇੱਕ ਵੱਡਾ ਸਿਤਾਰਾ ਬਣ ਗਿਆ ਜੋ ਸਮੇਂ ਦੇ ਦਾਇਰੇ ਤੋਂ ਬਾਹਰ ਗਿਆ ਅਤੇ ਸਦੀਵੀ ਬਣ ਗਿਆ।
ਸ਼ਾਇਦ ਇਸੇ ਲਈ ਪੁਣੇ ਦੇ ਉਨ੍ਹਾਂ ਦੇ ਪ੍ਰਸ਼ੰਸਕ ਯੁਵਰਾਜ ਸ਼ਾਹ ਨੇ ਦੇਵ ਆਨੰਦ ਲਈ ਇਕ ਬਗ਼ੀਚਾ ਬਣਵਾਇਆ ਸੀ, ਜਿਸ ਦਾ ਨਾਂ ਐਵਰਗ੍ਰੀਨ ਦੇਵ ਆਨੰਦ ਉਦਯਾਨ ਹੈ।
ਇਸ ਵਿਚਲੇ ਸਾਰੇ ਇਲਸਟ੍ਰੇਸ਼ਨ ਨਿਕਿਤਾ ਦੇਸ਼ਪਾਂਡੇ ਨੇ ਬਣਾਏ ਹਨ।












