ਭਾਰਤ-ਪਾਕ ਵੰਡ : ਪੇਕੇ ਬਰੇਲੀ ਤੇ ਸਹੁਰੇ ਕਰਾਚੀ, ਸਰਹੱਦਾਂ ਵਿਚਾਲੇ ਦੋ ਹਿੱਸਿਆਂ ਵਿੱਚ ਵੰਡੀ ਜ਼ਿੰਦਗੀ ਦੀ ਟੀਸ

ਉਰੂਜ਼

ਤਸਵੀਰ ਸਰੋਤ, UROOJ JAFRI

ਤਸਵੀਰ ਕੈਪਸ਼ਨ, ਮੇਰੇ ਮਰਹੂਮ ਮਾਤਾ ਪਿਤਾ, ਅਫ਼ਸਰ ਤੇ ਸੁਰਈਆ ਜ਼ਾਫ਼ਰੀ
    • ਲੇਖਕ, ਉਰੂਜ਼ ਜ਼ਾਫਰੀ
    • ਰੋਲ, ਬੀਬੀਸੀ ਸਹਿਯੋਗੀ

ਅੰਮੀ ਦੀਆਂ ਯਾਦਾਂ ਨਾਲ ਜਦੋਂ ਵੀ ਪਿਛੋਕੜ ਵਿੱਚ ਜਾਂਦੀ ਹਾਂ ਤਾਂ ਜ਼ਹਿਨ ਵਿੱਚ ਇੱਕ ਹੀ ਤਸਵੀਰ ਉੱਭਰਦੀ ਵੇਖਦੀ ਹਾਂ ਕਿ ਮੇਰੀ ਅੰਮੀ ਸੁਰੈਯਾ ਜ਼ਾਫਰੀ ਕਰਾਚੀ ਦੇ ਵੱਡੇ-ਜਿਹੇ ਪੁਰਾਣੇ ਘਰ ਵਿੱਚ ਡਾਇਲ ਵਾਲਾ ਫੋਨ ਚੁੱਕੀ ਬਰੇਲੀ ਫੋਨ ਕਰਵਾਉਣਾ ਚਾਹ ਰਹੀ ਹੈ।

ਨਾਨਾ ਜੀ ਦੇ ਘਰ ਤਾਂ ਉਸ ਵੇਲੇ ਫੋਨ ਨਹੀਂ ਹੁੰਦਾ ਸੀ। ਮੇਰੀ ਮੰਮੀ, ਮੇਰੀ ਮਾਮੀ ਦੇ ਕਾਲਜ ਵਿੱਚ ਟਰੰਕ ਕਾਲ ਬੁੱਕ ਕਰਵਾਉਂਦੀ ਸੀ।

ਕਾਲ ਕਦੇ ਕਨੈਕਟ ਹੁੰਦੀ ਸੀ ਅਤੇ ਕਦੇ ਨਹੀਂ। ਮੰਮੀ ਹਰ ਮਹੀਨੇ ਇੱਥੇ ਕਾਲ ਬੁੱਕ ਕਰਿਆ ਕਰਦੀ ਸੀ ਜਾਂ ਫਿਰ ਜਦੋਂ ਕੋਈ ਖਾਸ ਗੱਲ ਹੁੰਦੀ ਜਾਂ ਜਦੋਂ ਸਾਰਿਆਂ ਦੀ ਯਾਦ ਆਉਂਦੀ, ਉਦੋਂ, ਪਰ ਉਹ ਦਿਨ ਔਖਾ ਹੁੰਦਾ ਸੀ, ਹਿੰਦੁਸਤਾਨ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਜਿੰਨਾ ਔਖਾ।

ਅਸੀਂ ਪੰਜ ਭੈਣ-ਭਰਾ ਅੰਮੀ ਦਾ ਇਹ ਇੰਤਜ਼ਾਰ ਅਕਸਰ ਹੀ ਦੇਖਿਆ ਕਰਦੇ ਸੀ। ਜੇ ਅੱਬੂ ਘਰ ਹੁੰਦੇ ਉਹ ਵੀ ਕਾਲ ਬੁੱਕ ਕਰਨ ਲਈ ਲੱਗੇ ਰਹਿੰਦੇ।

ਉਹ ਅੰਮੀ ਦੇ ਇਸ ਵਿਛੋੜੇ ਦੇ ਸਭ ਤੋਂ ਵੱਡੇ ਗਵਾਹ ਅਤੇ ਉਨ੍ਹਾਂ ਦੇ ਦਰਦ ਨੂੰ ਮਹਿਸੂਸ ਕਰਨ ਵਾਲੇ ਸਨ।

ਇੱਕ ਜ਼ੁਲਮ ਇਹ ਵੀ ਸੀ ਕਿ ਕਾਲ ਤਿੰਨ ਮਿੰਟ ਦੀ ਬੁੱਕ ਹੋਇਆ ਕਰਦੀ ਸੀ। ਤਿੰਨ ਮਿੰਟ ਅਤੇ ਪੂਰੀ ਜ਼ਿੰਦਗੀ ਦਾ ਹਾਲ, ਕੋਈ ਕਿੰਨਾ ਸੁਣਾ ਸਕਦਾ ਸੀ।

ਸ਼ਾਇਦ ਅੰਮੀ ਦੀ ਗੱਲਬਾਤ ਅਤੇ ਬਰੇਲੀ ਦੀਆਂ ਯਾਦਾਂ ਨਾਲ ਭਰੀਆਂ ਕਹਾਣੀਆਂ ਤੋਂ ਹੀ ਬਚਪਨ ਵਿੱਚ ਅਸੀਂ ਤਿੰਨੇ ਭੈਣਾਂ ਨੇ ਪੱਤਰਕਾਰੀ ਦੇ ਸ਼ੁਰੂਆਤੀ ਸਬਕ ਸਿੱਖੇ, ਕਿਸ ਤਰ੍ਹਾਂ ਲਫਜ਼ਾਂ ਨਾਲ ਚਿਹਰੇ ਬਣਦੇ ਹਨ ਅਤੇ ਕਿਸ ਤਰ੍ਹਾਂ ਥੋੜ੍ਹੇ ਸਮੇਂ ਅਤੇ ਘੱਟ ਸ਼ਬਦਾਂ ਵਿੱਚ ਆਪਣੀ ਗੱਲ ਕਹੀ ਜਾਂਦੀ ਹੈ।

ਅੰਮੀ ਦਾ ਦਿਲ ਭਰਿਆ ਹੁੰਦਾ ਪਰ ਕਦੇ ਮੈਂ ਇਨ੍ਹਾਂ ਫੋਨਾਂ ਉੱਤੇ ਉਨ੍ਹਾਂ ਨੂੰ ਰੋਂਦੇ ਨਹੀਂ ਵੇਖਿਆ। ਉਹ ਉਸੇ ਸਬਰ ਨਾਲ ਗੱਲ ਕਰਦੀ ਸੀ ਜਿਹੜਾ ਉਹ ਆਪਣੇ ਦਾਜ ਦੀ ਛੋਟੀ ਜਿਹੀ ਪੰਡ ਦੇ ਨਾਲ ਪਾਕਿਸਤਾਨ ਤੋਂ ਲੈ ਕੇ ਆ ਗਏ ਸੀ।

ਦਸੰਬਰ 1963 ਵਿੱਚ ਅੰਮੀ ਅੱਬੂ ਨਾਲ ਵਿਆਹ ਤੋਂ ਬਾਅਦ ਪਾਕਿਸਤਾਨ ਆਏ ਸੀ।

ਅੰਮੀ ਨੇ ਉਸੇ ਸਬਰ ਨਾਲ 1987 ਵਿੱਚ ਬਰੇਲੀ ਤੋਂ ਆਇਆ ਉਹ ਟੈਲੀਗ੍ਰਾਮ ਵੀ ਪੜ੍ਹਿਆ, ਜਿਸਦੇ ਵਿੱਚ ਅੱਠ ਅਪ੍ਰੈਲ ਨੂੰ ਮੇਰੇ ਨਾਨਾ ਜੀ ਦੇ ਗੁਜ਼ਰ ਜਾਣ ਦੀ ਖ਼ਬਰ ਸੀ।

ਆਲ ਇੰਡੀਆ ਰੇਡੀੳ ਦੇ ਪ੍ਰੋਗਰਾਮ ਜਿਸ ਦੇ ਸਿਗਨਲ ਬੜੀ ਮੁਸ਼ਕਲ ਨਾਲ ਪਕੜ ਵਿੱਚ ਆਉਂਦੇ ਸਨ, ਮੇਰੀ ਅੰਮੀ ਨੂੰ ਧਰਵਾਸ ਦਿੰਦੇ ਸਨ।

ਇਹ ਵੀ ਪੜ੍ਹੋ-
ਸਈਅਦ

ਤਸਵੀਰ ਸਰੋਤ, UROOJ JAFRI

ਤਸਵੀਰ ਕੈਪਸ਼ਨ, ਪੜਨਾਨਾ ਸਈਅਦ ਫ਼ੈਯਾਜ਼ ਅਲੀ ਜੋ 1920 ਦੇ ਦਹਾਕੇ ਵਿੱਚ ਤਹਿਸੀਲਦਾਰ ਸਨ

ਬਰੇਲੀ ਤੋਂ ਕਰਾਚੀ ਦਾ ਸਫ਼ਰ

ਅੰਮੀ ਦਾ ਵਿਆਹ ਦਸੰਬਰ 1963 ਵਿੱਚ ਹੋਇਆ ਸੀ, ਉਹ ਪਾਕਿਸਤਾਨ ਦੀ ਨੂੰਹ ਬਣਕੇ ਆਏ ਸਨ।

ਮੇਰੇ ਨਾਨਕਿਆਂ ਦਾ ਪਰਿਵਾਰ ਬਰੇਲੀ ਦਾ ਜ਼ਿਮੀਦਾਰ ਪਰਿਵਾਰ ਸੀ ਅਤੇ ਅੱਬੂ ਦਾ ਪਰਿਵਾਰ ਬਦਾਯੂੰ ਦਾ ਪ੍ਰਗਤੀਸ਼ੀਲ਼ ਪੜ੍ਹਿਆ ਲਿਖਿਆ ਘਰਾਣਾ ਸੀ।

ਮੇਰੀ ਮਾਂ ਦੇ ਪੁਰਖੇ ਤਾਂ ਪਿੰਡ ਅਤੇ ਜ਼ਿਮੀਦਾਰੀ ਕਿੱਤੇ ਨਾਲ ਜੁੜੇ ਰਹੇ ਅਤੇ ਵੰਡ ਦੇ ਮੌਕੇ ਪਾਕਿਸਤਾਨ ਨਹੀਂ ਗਏ, ਜਦਕਿ ਅੱਬੂ ਦਾ ਪਰਿਵਾਰ ਜੋ ਸਰਕਾਰੀ ਨੌਕਰੀਆਂ ਅਤੇ ਫੌਜ ਨਾਲ ਜੁੜਿਆ ਸੀ, ਨਵੰਬਰ 1947 ਵਿੱਚ ਪਾਕਿਸਤਾਨ ਚਲਾ ਗਿਆ ਸੀ।

ਮਾਂ ਦੇ ਪਿੱਛੇ ਉਨ੍ਹਾਂ ਦੇ ਛੇ ਭਰਾ ਅਤੇ ਇੱਕ ਭੈਣ ਵੀ ਪੈਦਾ ਹੋਈ, ਨਾਨਾ ਸਈਦ ਸ਼ਫੀਕ ਅਹਿਮਦ ਅਤੇ ਨਾਨੀ ਆਮਨਾ ਬੇਗਮ ਇਨ੍ਹਾਂ ਸਾਰਿਆਂ ਨੂੰ ਸਾਂਭਣ ਵਿੱਚ ਮਸ਼ਰੂਫ਼ ਸਨ ਜਦੋਂ ਹਿੰਦੁਸਤਾਨ ਵਿੱਚ ਸਰਕਾਰ ਨੇ ਲੈਂਡ ਰਿਫਾਰਮਜ਼ ਕਰ ਦਿੱਤੀਆਂ ਜੋ ਜਗੀਰੂ ਮਿਜ਼ਾਜ਼ ਵਾਲੇ ਲੋਕਾਂ ਲਈ ਵੱਡਾ ਧੱਕਾ ਸਾਬਤ ਹੋਈਆਂ।

ਅੰਮੀ ਦਾ ਘਰਾਣਾ ਵੀ ਇਸੇ ਦੀ ਲਪੇਟ ਵਿੱਚ ਆਇਆ, ਮੇਰੀ ਮਾਂ ਜੋ ਇਕਲੌਤੀ ਧੀ ਸੀ, ਘਰ ਦਾ ਮਿਜ਼ਾਜ਼ ਅਤੇ ਬਦਲਦੇ ਹਾਲਾਤ ਵਿੱਚ ਜੂਝਣ ਵਿੱਚ ਮਾਪਿਆਂ ਦੀ ਹਮੇਸ਼ਾ ਮਦਦਗਾਰ ਰਹੀ।

ਬਰੇਲੀ ਵਿੱਚ ਕੁਝ ਦੂਰ ਸਾਡੇ ਪੁਰਖਿਆਂ ਦੇ ਪਿੰਡ ਖਜੂਰੀਆ ਸ਼੍ਰੀਰਾਮ ਵਿੱਚ ਵਸਿਆ ਅੰਮੀ ਦਾ ਪਰਿਵਾਰ ਉੱਥੇ ਹੀ ਜੰਮ ਕੇ ਬੈਠਾ ਰਿਹਾ। ਭਰਾ ਤਾਂ ਸਕੂਲ ਜਾਂਦੇ ਅਤੇ ਅੰਮੀ ਦੇ ਉਸਤਾਦ ਘਰ ਆ ਕੇ ਅੰਮੀ ਨੂੰ ਪੜ੍ਹਾਇਆ ਕਰਦੇ ਸਨ।

ਅੰਮੀ ਨੇ ਉਸ ਸਮੇਂ ਦੇ ਅਦੀਬ ਫਾਜ਼ਿਲ ਅਤੇ ਮੁਨਸ਼ੀ ਫਾਜ਼ਿਲ ਦੇ ਇਮਤਿਹਾਨ ਪਾਸ ਕਰ ਲਏ ਸੀ।

ਅੰਮੀ ਨੂੰ ਉਰਦੂ, ਫਾਰਸੀ ਦਾ ਸਾਹਿਤ ਪੜ੍ਹਨਾ ਪਸੰਦ ਸੀ। ਹਾਫਿਜ਼ ਸ਼ਿਰਾਜ਼ੀ, ਸ਼ੇਖ ਸਾਅਦੀ ਦੀਆਂ ਨਜ਼ਮਾਂ ਅਤੇ ਕਬੀਰ ਦੇ ਦੋਹੇ ਵੀ ਗਾਇਆ ਕਰਦੇ ਸੀ।

ਉਰੂਜ਼

ਤਸਵੀਰ ਸਰੋਤ, UROOJ JAFRI

ਤਸਵੀਰ ਕੈਪਸ਼ਨ, ਸਾਡੇ ਪਰਿਵਾਰ ਦੀ 1986 ਦੀ ਇੱਕ ਤਸਵੀਰ

ਵਿਦਾਈ ਦਾ ਫਿਲਮੀ ਗਾਣਾ

ਵਿਆਹ ਤੋਂ ਬਾਅਦ ਪਿਆਰ ਕਰਨ ਵਾਲੇ ਉਨ੍ਹਾਂ ਨੂੰ ਦੂਰ ਤੱਕ ਛੱਡਣ ਆਏ ਸੀ। ਸੁਰੈਯਾ ਬੀ ਨੇ 1962 ਵਿੱਚ ਰਿਲੀਜ਼ ਹੋਈ ਫਿਲਮ ‘ਮੈਂ ਚੁੱਪ ਰਹਾਂਗੀ’ ਦੇ ਗਾਣੇ ‘ਖੁਸ਼ ਰਹੋ ਅਹਿਲ-ਏ-ਚਮਨ’ ਛੋੜ੍ਹ ਚਲੇ… ਖਾਕ ਪਰਦੇਸ ਕੀ ਛਾਨੇਂਗੇ ਵਤਨ ਛੋੜ ਚਲੇ’ ਦੇ ਬੋਲ ਗਾ ਕੇ ਹੱਥ ਹਿਲਾਇਆ ਅਤੇ ਰੁਖ਼ਸਤ ਲਈ।

ਉਨ੍ਹਾਂ ਦੀ ਬਰਾਤ ਮੁਰਾਦਾਬਾਦ ਤੋਂ ਬਰੇਲੀ ਆਈ ਸੀ, ਦਰਅਸਲ ਪਾਕਿਸਤਾਨ ਵਿੱਚ ਆਏ ਬਰਾਤੀ ਮੁਰਾਦਾਬਾਦ ਵਿੱਚ ਇਕੱਠੇ ਹੋਏ ਸੀ, ਜਿਨ੍ਹਾਂ ਵਿੱਚ ਮੇਰੇ ਅੱਬੂ, ਮੇਰੇ ਚਾਚਾ ਨਸੀਮ, ਮੇਰੀ ਪੜਦਾਦੀ, ਮੇਰੇ ਦਾਦਾ-ਦਾਦੀ ਤੇ ਦੋ ਭੂਆ ਸਨ।

1963 ਵਿੱਚ ਵਿਆਹ ਤੋਂ ਬਾਅਦ ਅੰਮੀ ਛੇ ਸਾਲ ਬਾਅਦ 1969 ਵਿੱਚ ਪਹਿਲੀ ਵਾਰੀ ਵਾਪਸ ਭਾਰਤ ਪਹੁੰਚੇ ਸੀ, ਕਿਉਂਕਿ ਵਿੱਚ ਹੀ 1965 ਦੀ ਜੰਗ ਆ ਗਈ ਸੀ ਅਤੇ ਅਸੀਂ ਹਮੇਸ਼ਾ ਗੁਆਂਢੀ ਮੁਲਕ ਘੱਟ ਅਤੇ ਦੁਸ਼ਮਣ ਮੁਲਕ ਵੱਧ ਬਣੇ ਰਹੇ।

1963 ਤੋਂ 1969 ਤੱਕ ਅੰਮੀ ਅਤੇ ਉਨ੍ਹਾਂ ਦੇ ਮਾਪਿਆਂ ‘ਤੇ ਕੀ ਬੀਤੀ, ਇਹ ਤਾਂ ਸਿਰਫ ਉਹੀ ਹੰਝੂ ਦੱਸ ਸਕਦੇ ਸਨ ਜੋ ਇੱਕ ਦੂਜੇ ਨੂੰ ਮਿਲਣ ‘ਤੇ ਘੰਟਿਆਂ ਬੱਧੀ ਵਹਿੰਦੇ ਰਹਿੰਦੇ ਸੀ।

1969 ਤੋਂ ਬਾਅਦ ਦੁਬਾਰਾ 1971 ਦੀ ਜੰਗ ਛਿੜ ਗਈ ਅਤੇ ਅਸੀਂ 1979 ਤੋਂ ਪਹਿਲਾਂ ਬਰੇਲੀ ਨਹੀਂ ਜਾ ਸਕੇ।

ਇਹ ਸਭ ਉਹ ਵਰ੍ਹੇ ਸਨ, ਜਦੋਂ ਚਿੱਠੀਆਂ ਵੀ ਨਹੀਂ ਆ ਸਕਦੀਆਂ ਸਨ, ਨਹੀਂ ਤਾਂ ਸ਼ਾਇਦ ਅੰਮੀ ਡਾਕੀਏ ਦੇ ਇੰਤਜ਼ਾਰ ਵਿੱਚ ਹੀ ਕੁਝ ਸਕੂਨ ਪਾ ਲੈਂਦੀ।

ਜਿਵੇਂ ਹੀ 1977 ਵਿੱਚ ਦੋਵਾਂ ਮੁਲਕਾਂ ਦੇ ਵਿੱਚ ਰਾਜਨੀਤਿਕ ਸੰਬੰਧ ਦੁਬਾਰਾ ਸ਼ੁਰੂ ਹੋਏ ਤਾਂ ਅੰਮੀ ਨੇ ਬਰੇਲੀ ਜਾਣ ਦਾ ਫੈਸਲਾ ਕਰ ਲਿਆ।

ਘਰ

ਤਸਵੀਰ ਸਰੋਤ, UROOJ JAFRI

ਤਸਵੀਰ ਕੈਪਸ਼ਨ, ਬਰੇਲੀ ਦੇ ਪੁਰਾਣੇ ਸ਼ਹਿਰ ਦੇ ਮੁਹੱਲਾ ਚੱਕ ਵਿੱਚ ਨਾਨਾ ਦਾ ਘਰ

ਤਿੰਨ ਦਿਨ ਲੰਬਾ ਅਤੇ ਔਖਾ ਸਫਰ

ਅੰਮੀ ਨੂੰ ਮੈਂ ਵਰ੍ਹਿਆਂ ਤੱਕ ਇੰਡੀਆ ਦਾ ਵੀਜ਼ਾ ਲੈਣ ਲਈ ਭੱਜ-ਦੌੜ੍ਹ ਕਰਦਿਆਂ ਵੇਖਿਆ। ਅੰਮੀ-ਅੱਬੂ ਦੋਵੇਂ ਹੀ ਇਸ ਸੰਘਰਸ਼ ਨਾਲ ਜੂਝਿਆ ਕਰਦੇ।

1979 ਦਾ ਟਰੇਨ ਦਾ ਸਫ਼ਰ ਮੇਰੀ ਜ਼ਿੰਦਗੀ ਦਾ ਪਹਿਲਾ ਸਰਹੱਦ ਪਾਰ ਦਾ ਸਫਰ ਸੀ, ਤਿੰਨ ਦਿਨ ਲੰਬਾ।

ਕਰਾਚੀ ਤੋਂ ਲਾਹੌਰ ਫਿਰ ਪੈਦਲ ਵਾਹਗਾ ਬਾਰਡਰ ਪਾਰ ਕੀਤਾ ਅਤੇ ਅਟਾਰੀ ਪੁੱਜੇ। ਉੱਥੋਂ ਅੰਮ੍ਰਿਤਸਰ ਹਾਵੜਾ ਮੇਲ ਵਿੱਚ ਅਸੀਂ ਇੱਕ ਰਾਤ ਤੋਂ ਬਾਅਦ ਬਰੇਲੀ ਪੁੱਜੇ। ਅਸੀਂ ਪੰਜ ਭੈਣ-ਭਰਾ ਅਤੇ ਅੰਮੀ।

ਅੰਮੀ ਨੇ ਵਰ੍ਹਿਆਂ ਬਾਅਦ ਆਪਣੇ ਭਰਾਵਾਂ ਨੂੰ ਇੱਕ ਵਾਰੀ ਫਿਰ ਸਟੇਸ਼ਨ ਉੱਤੇ ਦੇਖਿਆ ਅਤੇ ਅੰਮੀ ਨੇ ਉਨ੍ਹਾਂ ਨੂੰ ਪਛਾਣਨ ਵਿੱਚ ਜ਼ਰਾ ਦੇਰ ਨਾ ਲਾਈ।

ਅੰਮੀ ਨੇ ਹੱਥ ਦਾ ਇਸ਼ਾਰਾ ਕੀਤਾ ਅਤੇ ਬਰੇਲੀ ਦੀ ਭੀੜ ਨਾਲ ਭਰੇ ਸਟੇਸ਼ਨ ਉੱਤੇ ਉਨ੍ਹਾਂ ਦੇ ਦੋ ਭਰਾਵਾਂ ਨੇ ਸਾਡੇ ਡੱਬੇ ਤੱਕ ਦੌੜ੍ਹ ਲਾਈ। ਇਹ ਮੇਰੀ ਆਪਣੇ ਮਾਮੂ ਨਾਲ ਪਹਿਲੀ ਮੁਲਾਕਾਤ ਦੀ ਝਲਕ ਸੀ।

ਮੈਂ ਉਦੋਂ ਲਗਭਗ ਪੰਜ ਕੁ ਸਾਲ ਦੀ ਹੋਵਾਂਗੀ । ਗਰਮੀ ਵਿੱਚ ਟਰੇਨ ਦਾ ਸਫ਼ਰ ਸ਼ਾਇਦ ਅੰਮੀ ਦਾ ਘਰ ਵਾਲਿਆਂ ਨਾਲ ਮਿਲਣ ਦਾ ਜਨੂੰਨ ਹੀ ਸੀ ਨਹੀਂ ਤਾਂ ਏਨੀ ਗਰਮੀ ਵਿੱਚ ਕੋਈ ਘਰੋਂ ਨਹੀਂ ਨਿਕਲਦਾ।

ਅੰਮੀ ਅਤੇ ਨਾਨਾ ਜੀ ਨੂੰ ਮੈਂ 1979 ਦੀ ਫੇਰੀ ਵੇਲੇ ਇਕੱਠੇ ਹਾਰਮੋਨੀਅਮ ਉੱਤੇ ਗਾਉਂਦੇ ਵੀ ਸੁਣਿਆ ਸੀ। ਹੁਣ ਲੱਗਦਾ ਹੈ ਕਿ ਅੰਮੀ ਦੇ ਹੱਥ ਵੀ ਨਾਨਾ ਜੀ ਵਰਗੇ ਹੀ ਸੀ। ਦੋਵਾਂ ਨੇ ਸ਼ਾਇਦ ਕਈ ਸਾਲਾਂ ਬਾਅਦ ਸਹਿਗਲ ਦਾ ਕੋਈ ਗੀਤ ਗਾਇਆ ਸੀ।

ਪੁਰਾਣੇ ਸ਼ਹਿਰ ਬਰੇਲੀ ਦੇ ਨਾਨਾ ਜੀ ਵਾਲੇ ਘਰ ਦਾ ਵੱਡਾ ਜਿਹਾ ਵਿਹੜਾ, ਉਹਦੇ ਵਿੱਚ ਲੱਗਾ ਨਲਕਾ ਅਤੇ ਪੁਰਾਣੇ ਸਟਾਇਲ ਦਾ ਟਾਇਲਟ ਸਾਨੂੰ ਪੰਜਾਂ ਭੈਣਾਂ-ਭਰਾਵਾਂ ਨੂੰ ਬੜਾ ਹੈਰਾਨ ਕਰਦਾ ਸੀ ਕਿਉਂਕਿ ਅਸੀਂ ਤਾਂ ਕਰਾਚੀ ਦੇ ਸ਼ਹਿਰੀ ਬੱਚੇ ਸੀ ਅਤੇ ਫਿਰ ਬਰੇਲੀ ਦਾ ਇਹ ਪੁਰਾਣਾ ਮੁਹੱਲਾ।

ਬਰੇਲੀ ਤੋਂ ਵਾਪਸੀ ਵੀ ਕਾਫੀ ਤਕਲੀਫ਼ਦੇਹ ਹੁੰਦੀ ਸੀ।

ਨਾਨਾ ਜੀ ਕੁਝ ਦਿਨ ਚੰਗੀ ਤਰ੍ਹਾਂ ਨਹੀਂ ਖਾਂਦੇ-ਪੀਂਦੇ ਸੀ, ਅੰਮੀ ਆਪਣੇ ਮਾਂ ਬਾਪ ਤੋਂ ਦੂਰ ਹੋਈ ਜਾਂਦੇ ਸੀ ਅਤੇ ਅਸੀਂ ਮਿਲਕੇ ਸਮਾਨ ਪੈਕ ਕਰਦੇ ਸਨ।

ਫਿਰ ਉਹੀ ਸਟੇਸ਼ਨ ਅਤੇ ਅੰਮੀ ਦੇ ਨਾਲ ਅਸੀਂ। ਇੱਕ ਵਾਰ ਫਿਰ ਟਰੇਨ ਦੀ ਸੀਟੀ ਵੱਜਦੀ ਹੈ ਅਤੇ ਅਸੀ ਫੇਰ ਦੁਬਾਰਾ ਮਿਲਣ ਦਾ ਸੁਪਨਾ ਲੈਂਦੇ ਤੁਰ ਪੈਂਦੇ।

BBC

ਸੁਰੈਯਾ ਬੇਘਮ ਦੀ ਜ਼ਿੰਦਗੀ

  • ਸੁਰੈਯਾ ਬੇਗਮ ਦਾ ਪਰਿਵਾਰ ਭਾਰਤ-ਪਾਕਿਸਤਾਨ ਵੰਡ ਵੇਲੇ ਬਰੇਲੀ ਨੇੜਲੇ ਪਿੰਡ ਵਿੱਚ ਹੀ ਰਿਹਾ ਅਤੇ ਆਪਣਾ ਜ਼ਿਮੀਦਾਰੀ ਦਾ ਕਿੱਤਾ ਜਾਰੀ ਰੱਖਿਆ।
  • ਸੁਰੈਯਾ ਬੇਗਮ ਦਾ ਵਿਆਹ 1963 ਵਿੱਚ ਕਰਾਚੀ ਵਿੱਚ ਹੋ ਗਿਆ ਤੇ ਉਹ ਨੂੰਹ ਬਣਕੇ ਪਾਕਿਸਤਾਨ ਆਈ।
  • ਸੁਰੈਯਾ ਨੂੰ ਭਾਰਤ ਰਹਿ ਗਏ ਆਪਣੇ ਮਾਪਿਆਂ ਅਤੇ ਭੈਣ-ਭਰਾਵਾਂ ਨੂੰ ਮਿਲਣ ਦੀ ਤਾਂਘ ਲੱਗੀ ਰਹਿੰਦੀ
  • ਸੁਰੈਯਾ ਬੇਗਮ ਨੂੰ ਉਰਦੂ, ਫਾਰਸੀ ਦਾ ਸਾਹਿਤ ਪੜ੍ਹਨਾ ਪਸੰਦ ਸੀ। ਹਾਫਿਜ਼ ਸ਼ਿਰਾਜ਼ੀ, ਸ਼ੇਖ ਸਾਅਦੀ ਦੀਆਂ ਨਜ਼ਮਾਂ ਅਤੇ ਕਬੀਰ ਦੇ ਦੋਹੇ ਵੀ ਗਾਇਆ ਕਰਦੀ ਸੀ।
  • ਉਹ ਵਰ੍ਹਿਆਂ ਤੱਕ ਇੰਡੀਆ ਦਾ ਵੀਜ਼ਾ ਲੈਣ ਲਈ ਭੱਜਦੌੜ੍ਹ ਕਰਦੀ ਰਹੀ ਪਰ ਭਾਰਤ-ਪਾਕਿਸਤਾਨ ਵਿਚਾਲੇ ਸਮੇਂ-ਸਮੇਂ ਉੱਤੇ ਸੰਬੰਧ ਵਿਗੜਨ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ।
  • ਜਦੋਂ ਉਹ ਆਪਣੇ ਪੇਕੇ ਬਰੇਲੀ ਜਾਂਦੀ ਤਾਂ ਇਸ ਸੋਚਦਿਆਂ ਮਾਪਿਆਂ ਨਾਲ ਸਮਾਂ ਬਿਤਾਉਂਦੀ ਕਿ ਕੀ ਪਤਾ ਉਸਦੀ ਅਗਲੀ ਫੇਰੀ ਵੇਲੇ ਉਹ ਇੱਥੇ ਹੋਣਗੇ ਜਾਂ ਨਹੀਂ ।
BBC
ਪਰਿਵਾਰ

ਤਸਵੀਰ ਸਰੋਤ, UROOJ JAFRI

ਤਸਵੀਰ ਕੈਪਸ਼ਨ, 1972 ਵਿੱਚ ਆਪਣੇ ਬੱਚਿਆਂ ਨਾਲ ਮੇਰੇ ਮਾਂ-ਬਾਪ

ਬਰੇਲੀ ਦੀਆਂ ਬਹੁਤ ਸਾਰੀਆਂ ਯਾਦਾਂ

ਬਰੇਲੀ ਦੇ ਕੁਲ ਚਾਰ ਸਫਰ ਮੈਂ ਆਪਣੀ ਅੰਮੀ ਦੇ ਨਾਲ ਕੀਤੇ। ਅੰਮੀ ਦੇ ਲਈ ਬਰੇਲੀ ਜਾਣਾ ਜ਼ਿੰਦਗੀ ਦੀ ਫਿਲਮ ਨੂੰ ਰਿਵਾਇੰਡ ਕਰਨ ਵਰਗਾ ਸੀ।

ਪਰਵਲ ਦੀ ਸਬਜ਼ੀ ਤੋਂ ਲੈ ਕੇ ਚਾਵਲਾ ਰੈਸਟੋਰੈਂਟ ਦੇ ਛੋਲੇ, ਭਟੂਰੇ, ਦੀਨਾਨਾਥ ਦੀ ਲੱਸੀ, ਕਟਹਲ ਦੀ ਸਬਜ਼ੀ, ਗੁੜ ਦੀਆਂ ਪੂੜੀਆਂ, ਨਾਨੀ ਦੇ ਹੱਥ ਦਾ ਆਚਾਰ ਅਤੇ ਕਾਲੇ ਤਿੱਤਰ ਦਾ ਸ਼ੋਰਬਾ… ਇਹ ਸਭ ਉਨ੍ਹਾਂ ਲਈ ਬਹੁਤ ਖਾਸ ਸਨ।

ਬਰੇਲੀ ਵਿੱਚ ਹੀ ਉਨ੍ਹਾਂ ਨੇ 1981 ਵਿੱਚ ਰਿਲੀਜ਼ ਕੋਈ ਫਿਲਮ ਅਸੀਂ ‘ਇੱਕ ਦੂਜੇ ਦੇ ਲਈ’ ਦੇਖੀ ਸੀ

ਅੰਮੀ ਨੂੰ ਸਾੜ੍ਹੀਆਂ ਦਾ ਬਹੁਤ ਸ਼ੌਂਕ ਸੀ। ਉਥੇ ਉਹ ਬਰੇਲੀ ਦੇ ‘ਸਸਤਾ ਸਾੜ੍ਹੀ ਭੰਡਾਰ’ ਵਿੱਚ ਜ਼ਰੂਰ ਜਾਂਦੀ ਸੀ। ਉਹ ਜ਼ਰੀ ਦੇ ਬਾਰਡਰ ਵਾਲੀ, ਸੂਤੀ ਅਤੇ ਰੇਸ਼ਮੀ ਸਾੜ੍ਹੀਆਂ ਖਰੀਦਦੀ ਸੀ। ਇਸਦੇ ਨਾਲ ਹੀ ਉਹ ਚਿਕਨਕਾਰੀ ਦੇ ਬਲਾਉਜ਼ ਪੀਸ ਵੀ ਮੈਚਿੰਗ ਕਰਕੇ ਖਰੀਦਦੀ ਸੀ।

ਗਰਮੀਆਂ ਦੇ ਦਿਨਾਂ ਵਿੱਚ ਖਜੂਰੀਆ ਦੇ ਬਾਗਾਂ ਵਿੱਚ ਅੰਬ ਸਾਡੇ ਲਈ ਖਾਸ ਤੌਰ ਉੱਤੇ ਬਚਾ ਕੇ ਰੱਖੇ ਜਾਂਦੇ ਸਨ। ਅੰਮੀ ਆਪਣੇ ਬਾਗਾਂ ਦਾ ਨਾਮ ਪੁੱਛ-ਪੁੱਛਕੇ ਹਰ ਬਾਗ਼ ਦੇ ਅੰਬ ਜ਼ਰੂਰ ਚਖ਼ਦੀ ਸੀ।

ਤਿੰਨ ਦਰਗਾਹਾਂ ਸਨ, ਜਿਨ੍ਹਾਂ ਉੱਤੇ ਅਸੀਂ ਜ਼ਰੂਰ ਜਾਂਦੇ ਸੀ, ਅਹਿਮਦ ਰਜ਼ਾ ਖਾਂ ਸਾਹਿਬ ਅਤੇ ਸ਼ਾਨਦਾਰ ਸਾਹਬ ਦੀਆਂ ਦਰਗਾਹਾਂ ਬਰੇਲੀ ਵਿੱਚ ਅਤੇ ਬਦਾਯੂੰ ਦੀ ਛੋਟੇ ਅਤੇ ਵੱਡੇ ਸਰਕਾਰ ਦੀਆਂ ਦਰਗਾਹਾਂ।

ਬਰੇਲੀ ਵਿੱਚ ਖਾਸ ਖਰੀਦਦਾਰੀ ਵਿੱਚ ਲਾਲਾ ਕਾਸ਼ੀਨਾਥ ਸੁਨਿਆਰੇ ਤੋਂ ਬਣਵਾਏ ਝੁਮਕੇ, ਚਿਰੋਂਜੀ, ਮਖਾਨੇ ਅਤੇ ਸਾਂਚੀ ਪਾਨ ਦੀ ਟੋਕਰੀ ਅਤੇ ਕਾਮਦਾਨੀ ਦੇ ਦੁਪੱਟਿਆਂ ਦਾ ਬੰਡਲ ਜ਼ਰੂਰ ਹੁੰਦਾ ਸੀ।

1999 ਦੀ ਫੇਰੀ ਵਿੱਚ ਅੰਮੀ ਨੇ ਆਪਣਾ ਜ਼ਿਆਦਾ ਸਮਾਂ ਨਾਨੀ ਦੇ ਸਿਰਹਾਣੇ ਹੀ ਬਤੀਤ ਕੀਤਾ ਕਿਉਂਕਿ ਉਹ ਕਾਫੀ ਬੀਮਾਰ ਸਨ।

ਉਨ੍ਹਾਂ ਨੂੰ ਛੱਡ ਕੇ ਕਿਤੇ ਜਾਣ ਵਿੱਚ ਅੰਮੀ ਨੂੰ ਕੋਈ ਖਾਸ ਦਿਲਚਸਪੀ ਨਹੀਂ ਸੀ। ਉਹ ਸਿਰਫ ਆਪਣੀ ਅੰਮੀ ਦੇ ਕੋਲ ਸਮਾਂ ਬਿਤਾਉਣਾ ਚਾਹੁੰਦੀ ਸੀ, ਉਹ ਜਾਣਦੇ ਸਨ ਕਿ ਫਿਰ ਕੀ ਪਤਾ ਕਦੇ ਆ ਹੋਵੇਗਾ, ਕੀ ਪਤਾ ਉਦੋਂ ਨਾਨੀ ਹੋਣਗੇ ਜਾਂ ਨਹੀਂ।

ਨਾਨਾ-ਨਾਨੀ

ਤਸਵੀਰ ਸਰੋਤ, UROOJ JAFRI

ਦੋ ਹਿੱਸਿਆਂ ਵਿੱਚ ਵੰਡੀ ਜ਼ਿੰਦਗੀ

ਅੰਮੀ ਨੂੰ ਮੈਂ ਕਦੇ ਹਿੰਦੁਸਤਾਨ-ਪਾਕਿਸਤਾਨ ਦੀ ਤੁਲਨਾ ਕਰਦੇ ਨਹੀਂ ਦੇਖਿਆ, ਨਾ ਸੁਣਿਆ, ਉਹ ਦਿਲ-ਦਿਮਾਗ ਦੀ ਦਰਵੇਸ਼ ਸੀ ਅਤੇ ਸਮੇਂ ਦੇ ਨਾਲ ਚੱਲਣ ਨੂੰ ਹੀ ਜ਼ਿੰਦਗੀ ਦਾ ਚਲਣ ਮੰਨਦੀ ਸੀ।

ਹਿੰਦੁਸਤਾਨ ਦਾ ਵਿਛੋੜਾ ਵੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਘੁਲਿਆ ਰਿਹਾ ਅਤੇ ਕਰਾਚੀ ਸ਼ਹਿਰ ਵਿੱਚ ਆਪਣਾਪਨ ਵੀ ਉਨ੍ਹਾਂ ਦਾ ਜੀਵਨ ਰਿਹਾ।

ਨਾਨਾ ਜੀ ਨੇ ਉਨ੍ਹਾਂ ਨੂੰ ਘਰ ਤੋਂ ਜਦੋਂ ਰੁਖ਼ਸਤ ਕੀਤਾ ਹੋਵੇਗਾ ਤਾਂ ਮੇਰਾ ਮੰਨਣਾ ਹੈ ਕਿ ਵਰ੍ਹਿਆ ਅੱਗੇ ਦਾ ਵੀ ਸੋਚ ਚੁੱਕੇ ਹੋਣਗੇ।

ਅੰਮੀ ਦੇ ਹੱਥ ਵਿੱਚ ਚਾਂਦੀ ਦਾ ਇੱਕ ਛੱਲਾ ਹਮੇਸ਼ਾ ਰਿਹਾ ਜੋ ਜਾਣ ਸਮੇਂ ਭਰਾਵਾਂ ਨੇ ਪਵਾਇਆ ਸੀ।

ਅੰਮੀ ਵਫ਼ਾ ਨੂੰ ਧਰਮ ਜਿਹਾ ਮੰਨਦੀ ਸੀ, ਅੱਬੂ ਦੇ ਨਾਲ ਪਾਕਿਸਤਾਨ ਆ ਗਈ ਅਤੇ ਇਸੇ ਮਿੱਟੀ ਦੀ ਹੋ ਕੇ ਰਹੀ, ਅਤੇ ਇਸੇ ਮਿੱਟੀ ਵਿੱਚ ਰਲ ਗਈ, ਉਹ ਆਖਿਰ ਵਕਤ ਤੱਕ ਬਹਾਦੁਰ ਰਹੀ ਅਤੇ 24 ਸਾਲਾਂ ਤੱਕ ਵਿਧਵਾ ਰਹੀ ਜ਼ਿੰਦਗੀ ਤੋਂ ਕਦੇ ਵੀ ਪੈਰ ਪਿੱਛੇ ਨਾ ਕੀਤਾ।

ਕੈਂਸਰ ਜਿਹੇ ਮਰਜ਼ ਨਾਲ ਚਾਰ ਮਹੀਨੇ ਲੜਨ ਤੋਂ ਬਾਅਦ ਅਸੀਂ ਭੈਣ ਭਰਾਵਾ ਦੇ ਸੀਨੇ ਨਾਲ ਲੱਗੀ ਅਤੇ ਅੱਬੂ ਨਾਲ ਜਾ ਮਿਲੀ।

ਅੱਜ ਵੀ ਕਰਾਚੀ ਜਾਵਾਂ ਤਾਂ, ਅੰਮੀ ਦੀ ਕਬਰ ਉੱਤੇ ਜਾਣਾ ਕਿਸੇ ਤੀਰਥ ਦੇ ਵਰਗਾ ਹੁੰਦਾ ਹੈ ਅਤੇ ਬਰੇਲੀ ਦਾ ਦਰਜਾ ਵੀ ਉਵੇਂ ਦਾ ਹੀ ਹੈ, ਜਿੱਥੇ ਉਨ੍ਹਾ ਦਾ ਦਿਲ ਵੱਸਦਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)