ਰਾਹੁਲ ਗਾਂਧੀ: ਸਿੱਖ ਕਤਲੇਆਮ ਤੇ ਆਪਰੇਸ਼ਨ ਬਲੂ ਸਟਾਰ ਉੱਤੇ ਮਾਫ਼ੀ ਦੀ ਮੰਗ, ਕੀ ਕਾਂਗਰਸ ਨੇ ਕਦੇ ਮਾਫ਼ੀ ਮੰਗੀ

ਤਸਵੀਰ ਸਰੋਤ, Getty Images
- ਲੇਖਕ, ਖੁਸ਼ਹਾਲ ਲਾਲੀ
- ਰੋਲ, ਬੀਬੀਸੀ ਪੱਤਰਕਾਰ
ਕਾਂਗਰਸ ਆਗੂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਵਿੱਚ ਦਾਖਲ ਹੋ ਚੁੱਕੀ ਹੈ।
ਸੂਬੇ ਵਿੱਚ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ 10 ਜਨਵਰੀ ਨੂੰ ਰਾਹੁਲ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ।
11 ਜਨਵਰੀ ਨੂੰ ਵੀ ਸਵੇਰੇ ਫਤਹਿਗੜ੍ਹ ਸਾਹਿਬ ਵਿੱਚ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਉਨ੍ਹਾਂ ਦਿੱਲੀ ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ਦਾ ਰਾਹ ਫੜ੍ਹਿਆ।
ਪੰਜਾਬ ਵਿੱਚ ਇਹ ਯਾਤਰਾ 7 ਦਿਨਾਂ ਵਿੱਚ ਖੰਨਾ, ਸਾਹਨੇਵਾਲ, ਲੁਧਿਆਣਾ, ਫਿਲੌਰ, ਗੁਰਾਇਆ, ਫਗਵਾੜਾ, ਜਲੰਧਰ, ਭੋਗਪੁਰ, ਟਾਂਡਾ-ਉੜਮੁੜ, ਦਸੂਹਾ, ਮੁਕੇਰੀਆਂ ਹੁੰਦੀ ਹੋਈ ਪਠਾਨਕੋਟ ਵਿੱਚ 19 ਜਨਵਰੀ ਨੂੰ ਰੈਲੀ ਕਰਨ ਤੋਂ ਬਾਅਦ ਜੰਮੂ-ਕਸ਼ਮੀਰ 'ਚ ਦਾਖਲ ਹੋ ਜਾਵੇਗੀ।
13 ਜਨਵਰੀ ਨੂੰ ਲੋਹੜੀ ਕਾਰਨ ਛੁੱਟੀ ਅਤੇ ਇੱਕ ਦਿਨ ਹਿਮਾਚਲ ਲਈ ਰੱਖਿਆ ਗਿਆ ਹੈ।

ਤਸਵੀਰ ਸਰੋਤ, INC/Twitter
ਭਾਰਤ ਜੋੜੋ ਯਾਤਰਾ ਦਾ ਮਕਸਦ
ਰਾਹੁਲ ਗਾਂਧੀ ਨੇ "ਭਾਰਤ ਜੋੜੋ" ਯਾਤਰਾ ਦੀ ਸ਼ੁਰੂਆਤ 100 ਦੇ ਕਰੀਬ ਕਾਂਗਰਸੀ ਵਰਕਰਾਂ ਨਾਲ 7 ਸਤੰਬਰ 2022 ਨੂੰ ਕੰਨਿਆਕੁਮਾਰੀ ਤੋਂ ਕੀਤੀ ਸੀ।
ਇਸ ਯਾਤਰਾ ਦੌਰਾਨ ਉਨ੍ਹਾਂ ਨੇ ਪੰਜ ਮਹੀਨਿਆਂ ਵਿੱਚ 12 ਸੂਬਿਆਂ ਵਿੱਚੋਂ ਲੰਘਦੇ ਹੋਏ 3,570 ਕਿਲੋਮੀਟਰ ਦਾ ਸਫ਼ਰ ਕਰਨਾ ਹੈ।
ਇਸ ਯਾਤਰਾ ਨੂੰ ਉਹ ਆਪਣੇ ਲਈ ਤਪੱਸਿਆ ਵਾਂਗ ਦੱਸ ਰਹੇ ਹਨ ਅਤੇ ਇਸ ਨੂੰ ਦੇਸ਼ ਵਿੱਚ ਫਿਰਕਾਪ੍ਰਸਤੀ ਤੇ ਨਫ਼ਰਤ ਵਾਲੇ ਮਾਹੌਲ ਖਿਲਾਫ਼ ਸਮਾਜਿਕ ਲਹਿਰ ਦੱਸ ਰਹੇ ਹਨ।
ਭਾਵੇਂ ਕਿ ਕਾਂਗਰਸ ਪਾਰਟੀ ਦਾ ਸਮੁੱਚਾ ਕਾਡਰ ਇਸ ਯਾਤਰਾ ਵਿੱਚ ਭਰਵੀਂ ਸ਼ਮੂਲੀਅਤ ਕਰ ਰਿਹਾ ਹੈ, ਇਸ ਦੇ ਨਾਲ ਨਾਲ ਬਹੁਤ ਸਾਰੇ ਵਿਰੋਧੀ ਪਾਰਟੀਆਂ ਦੇ ਆਗੂ, ਸਮਾਜਿਕ ਕਲਾਕਾਰ, ਸਾਬਕਾ ਫੌਜੀ ਅਫ਼ਸਰ, ਆਰਥਿਕ ਮਾਹਰ, ਲੇਖਕ ਤੇ ਕਲਾਕਾਰ ਵੀ ਸ਼ਮੂਲੀਅਤ ਕਰ ਰਹੇ ਹਨ।
ਪੰਜਾਬ ਦੀ ਸਿਆਸਤ ਉੱਤੇ ਅਸਰ
ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਪੰਜਾਬ ਦੀ ਸਿਆਸਤ ਅਤੇ ਪਾਰਟੀ ਦੀ ਅੰਦਰੂਨੀ ਧੜੇਬੰਦੀ ਉੱਤੇ ਕੀ ਅਸਰ ਪੈ ਸਕਦਾ ਹੈ, ਇਸ ਬਾਰੇ ਜਾਣਨ ਲਈ ਅਸੀਂ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਗੱਲਬਾਤ ਕੀਤੀ।
ਜਗਤਾਰ ਸਿੰਘ ਕਹਿੰਦੇ ਹਨ ਕਿ ਇਸ ਯਾਤਰਾ ਦਾ ਮਕਸਦ ਲੋਕਾਂ ਨੂੰ ਮੁਲਕ ਵਿੱਚ ਚੱਲ ਰਹੇ ਸਿਆਸੀ ਬਿਰਤਾਂਤ ਬਾਰੇ ਜਾਗਰੂਕ ਕਰਨ ਦਾ ਹੈ।
ਉਹ ਕਹਿੰਦੇ ਹਨ, ਬਿਨਾਂ ਸ਼ੱਕ ਇਸ ਦਾ ਪੰਜਾਬ ਅਤੇ ਮੁਲਕ ਦੀ ਸਿਆਸਤ ਉੱਤੇ ਅਸਰ ਪਵੇਗਾ। ਇਸ ਯਾਤਰਾ ਨੇ ਰਾਹੁਲ ਗਾਂਧੀ ਨੂੰ ਇੱਕ ਨਵੇਂ ਅਤਵਾਰ ਦੇ ਰੂਪ ਵਿੱਚ ਪੇਸ਼ ਕੀਤਾ ਹੈ।
ਉਹ ਕਹਿੰਦੇ ਹਨ ਕਿ ਜਿੱਥੋਂ ਤੱਕ ਪੰਜਾਬ ਦਾ ਸਬੰਧ ਹੈ, ਰਾਹੁਲ ਜਿਸ ਤਰੀਕੇ ਨਾਲ ਪੰਜਾਬ ਵਿੱਚ ਦਾਖਲ ਹੋਏ ਹਨ, ਉਸ ਨਾਲ ਕਾਂਗਰਸ ਦੀ ਦਿਖ ਲਈ ਨਵਾਂ ਬਿਰਤਾਂਤ ਘੜਨ ਦੀ ਕੋਸ਼ਿਸ਼ ਕੀਤੀ ਗਈ ਹੈ।

ਤਸਵੀਰ ਸਰੋਤ, @INCIndia Twitter
''ਮੀਡੀਆ ਤੇ ਸਿਆਸੀ ਹਲਕਿਆ ਵਿੱਚ ਇਸਦਾ ਹਾਂਪੱਖ਼ੀ ਅਸਰ ਵੀ ਨਜ਼ਰ ਆ ਰਿਹਾ ਹੈ। ਭਾਵੇਂ ਕਿ ਦਰਬਾਰ ਸਾਹਿਬ ਜਾਣਾ ਕੋਈ ਨਵੀਂ ਗੱਲ ਨਹੀਂ ਹੈ, ਪਰ ਇਸ ਵਾਰ ਦਾ ਬਿਰਤਾਂਤ ਥੋੜ੍ਹਾ ਅਲੱਗ ਨਜ਼ਰ ਆਇਆ ਹੈ।''
ਜਗਤਾਰ ਸਿੰਘ ਕਹਿੰਦੇ ਹਨ ਕਿ ਯਾਤਰਾ ਦਾ ਅਸਰ ਪਾਰਟੀ ਉੱਤੇ ਤਾਂ ਹੀ ਪਵੇਗਾ ਜੇਕਰ ਅਗਲੇ ਕਦਮ ਤਹਿਤ ਜ਼ਮੀਨੀ ਪੱਧਰ ਉੱਤੇ ਪਾਰਟੀ ਢਾਂਚੇ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਹੁੰਦੀ ਹੈ।
''ਇਸ ਯਾਤਰਾ ਦੌਰਾਨ ਪਾਰਟੀ ਦੇ ਸਾਰੇ ਆਗੂ ਇਕੱਠੇ ਨਜ਼ਰ ਆਏ, ਪਰ ਸਵਾਲ ਇਹ ਹੈ ਕਿ ਇੰਨੇ ਨਾਲ ਹੀ ਧੜੇਬੰਦੀ ਖ਼ਤਮ ਹੋ ਜਾਵੇਗੀ, ਅਜਿਹਾ ਨਹੀਂ ਲੱਗਦਾ। ਹਾਂ ਇਹ ਸਿਰਫ਼ ਇਕਜੁਟਤਾ ਦਾ ਪ੍ਰਗਟਾਵਾ ਜ਼ਰੂਰ ਹੈ।''
ਪਰ ਇਸ ਤੋਂ ਅੱਗੇ ਪਾਰਟੀ ਦੇ ਢਾਂਚੇ ਨੂੰ ਦਰੁਸਤ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ-

ਪੰਜਾਬ ਵਿੱਚ ਸਿਆਸੀ ਮੁੱਦਾ
ਰਾਹੁਲ ਗਾਂਧੀ ਦੇ ਪੰਜਾਬ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਇਹ ਸੂਬੇ ਵਿੱਚ ਸਿਆਸੀ ਮੁੱਦਾ ਬਣ ਕੇ ਉਭਰਨ ਲੱਗ ਪਿਆ ਸੀ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਬਠਿੰਡਾ ਤੋਂ ਸੰਸਦ ਮੈਂਬਰ ਪਤਨੀ ਹਰਸਿਮਰਤ ਕੌਰ ਬਾਦਲ 1984 ਦੇ ਆਪਰੇਸ਼ਨ ਬਲੂ ਸਟਾਰ ਅਤੇ ਸਿੱਖ ਵਿਰੋਧੀ ਕਤਲੇਆਮ ਦੇ ਹਵਾਲੇ ਨਾਲ ਤਿੱਖੀ ਬਿਆਨਬਾਜ਼ੀ ਕਰ ਰਹੇ ਹਨ।
ਸੁਖਬੀਰ ਸਿੰਘ ਬਾਦਲ ਨੇ ਕਿਹਾ, ‘‘ਗਾਂਧੀ ਪਰਿਵਾਰ ਭਾਰਤ ਜੋੜਨ ਉੱਤੇ ਨਹੀਂ ਤੋੜਨ ਉੱਤੇ ਲੱਗਿਆ ਰਿਹਾ ਹੈ। ਇਹੀ ਪਰਿਵਾਰ ਹੈ ਜਿਸ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ। ਇਹੀ ਪਰਿਵਾਰ ਹੈ ਜਿਸ ਨੇ ਪੰਜਾਬ ਦਾ ਪਾਣੀ ਖੋਹਿਆ।''
''ਇੰਦਰਾ ਗਾਂਧੀ ਨੇ ਕਾਂਗਰਸੀ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਸਮੇਂ ਧੱਕੇ ਨਾਲ ਰਾਜਸਥਾਨ ਨਹਿਰ ਕਢਵਾਈ। ਇਸੇ ਤਰ੍ਹਾਂ ਐੱਸਵਾਈਐੱਲ ਨਹਿਰ ਦਾ ਨੀਂਹ ਪੱਥਰ ਵੀ ਇੰਦਰਾ ਗਾਂਧੀ ਨੇ ਹੀ ਰੱਖਿਆ।’’

ਤਸਵੀਰ ਸਰੋਤ, @INCIndia Twitter
ਸੁਖਬੀਰ ਬਾਦਲ ਇਲਜ਼ਾਮ ਲਾਉਂਦੇ ਹਨ ਕਿ ਗਾਂਧੀ ਪਰਿਵਾਰ ਅਤੇ ਕਾਂਗਰਸ ਨੇ ਜਿੰਨਾ ਨੁਕਸਾਨ ਪੰਜਾਬ ਦਾ ਕੀਤਾ ਹੈ, ਇੰਨਾ ਹੋਰ ਕਿਸੇ ਨੇ ਨਹੀਂ ਕੀਤਾ। ਇਸ ਲਈ ਇਹ ਯਾਤਰਾ ਇੱਕ ਡਰਾਮਾ ਹੈ।
ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਰਾਹੁਲ ਗਾਂਧੀ ਦੇ ਦਰਬਾਰ ਸਾਹਿਬ ਜਾਣ ਉੱਤੇ ਕਿਹਾ, ''ਦਿੱਲੀ ਦੀਆਂ ਗਲ਼ੀਆਂ ਵਿੱਚ ਸਿੱਖਾਂ ਦੇ ਗਲ਼ਾਂ ਵਿੱਚ ਬਲ਼ਦੇ ਟਾਇਰ ਪਾਏ ਗਏ, ਪਰ ਅੱਜ ਤੱਕ ਕਾਂਗਰਸ ਨੇ ਮਾਫ਼ੀ ਨਹੀਂ ਮੰਗੀ।’’
ਚੁੱਘ ਕਹਿੰਦੇ ਹਨ, ‘‘ਦਰਬਾਰ ਸਾਹਿਬ ਉੱਤੇ ਟੈਂਕ ਚੜ੍ਹਾਉਣ ਵਾਲੀ ਕਾਂਗਰਸ ਪਾਰਟੀ ਆਪਣੇ ਹੰਕਾਰ ਵਿੱਚ ਅੱਜ ਵੀ ਓਨੀ ਹੀ ਮਸਤ ਹੈ, ਕਿ ਉਹ ਮਾਫ਼ੀ ਮੰਗਣ ਲਈ ਤਿਆਰ ਨਹੀਂ ਹੈ।’’
ਕੀ ਸੋਨੀਆ ਨੇ ਕਦੇ ਮਾਫ਼ੀ ਮੰਗੀ
ਸੋਨੀਆ ਗਾਂਧੀ ਨੇ 27 ਜਨਵਰੀ 1998 ਨੂੰ ਚੰਡੀਗੜ੍ਹ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਆਪਰੇਸ਼ਨ ਬਲੂ ਸਟਾਰ ਅਤੇ ਸਿੱਖ ਵਿਰੋਧੀ ਕਤਲੇਆਮ ਉੱਤੇ ਅਫਸੋਸ ਜ਼ਾਹਰ ਕੀਤਾ ਸੀ।
ਉਨ੍ਹਾਂ ਆਪਰੇਸ਼ਨ ਬਲੂ ਸਟਾਰ ਦੀ ਗੱਲ ਕਰਦਿਆਂ ਕਿਹਾ ਸੀ, ‘‘ਜੋ ਹੋਇਆ ਉਸ ਦਾ ਮੈਨੂੰ ਦੁੱਖ ਹੈ।’’
ਸੋਨੀਆ ਗਾਂਧੀ ਨੇ ਸਿੱਖ ਕਤਲੇਆਮ ਬਾਰੇ ਕਿਹਾ ਸੀ, ''ਮੈਂ ਸਿੱਖਾਂ ਦੇ ਦਰਦ ਨੂੰ ਸਮਝ ਸਕਦੀ ਹਾਂ, ਕਿਉਂਕਿ ਮੈਂ ਵੀ ਇਹ ਝੱਲ ਚੁੱਕੀ ਹਾਂ। ਮੈਂ ਵੀ ਆਪਣੇ ਪਤੀ ਰਾਜੀਵ ਅਤੇ ਸੱਸ ਇੰਦਰਾ ਗਾਂਧੀ ਨੂੰ ਗੁਆਇਆ ਹੈ।’’
‘‘ਇਸ ਸਾਂਝੇ ਨੁਕਸਾਨ ਨੂੰ ਵਾਰ-ਵਾਰ ਯਾਦ ਕਰਨ ਨਾਲ ਕੁਝ ਨਹੀਂ ਹੋਣਾ, ਨਾ ਹੀ ਕੋਈ ਸ਼ਬਦ ਇਸ ਦੇ ਦਰਦ ਨੂੰ ਘੱਟ ਕਰ ਸਕਦੇ ਹਨ। ਦੂਜਿਆਂ ਵਲੋਂ ਦਿੱਤਾ ਗਿਆ ਦਿਲਾਸਾ ਕਈ ਵਾਰ ਖੋਖਲਾ ਹੀ ਲੱਗਦਾ ਹੈ।’’
ਇਸੇ ਤਰ੍ਹਾਂ ਸੋਨੀਆ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਦੌਰਾਨ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆ ਆਪਰੇਸ਼ਨ ਬਲੂ ਸਟਾਰ ਦੀ ਘਟਨਾ ਉੱਤੇ ਦੁੱਖ ਪ੍ਰਗਟਾਇਆ ਸੀ।

ਤਸਵੀਰ ਸਰੋਤ, Getty Images
ਪ੍ਰਧਾਨ ਮੰਤਰੀ ਨੇ ਮੰਗੀ ਸੀ ਮਾਫ਼ੀ
2005 ਵਿੱਚ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਸੰਸਦ ਵਿੱਚ ਬਤੌਰ ਪ੍ਰਧਾਨ ਮੰਤਰੀ ਸਿੱਖ ਵਿਰੋਧੀ ਕਤਲੇਆਮ ਦੀ ਮਾਫ਼ੀ ਮੰਗੀ ਸੀ।
ਸੰਸਦ ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਸੀ, ‘‘ਮੈਂ ਸਿੱਖ ਭਾਈਚਾਰੇ ਦੇ ਨਾਲ-ਨਾਲ ਪੂਰੇ ਦੇਸ਼ ਤੋਂ ਮਾਫੀ ਮੰਗਣ ਤੋਂ ਝਿਜਕ ਮਹਿਸੂਸ ਨਹੀਂ ਕਰਦਾ। ਜੋ ਕੁਝ ਵਾਪਰਿਆ ਉਸ ਨਾਲ ਮੇਰਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ।’’
ਇਸੇ ਤਰ੍ਹਾਂ 2019 ਵਿੱਚ ਸਾਬਕਾ ਪ੍ਰਧਾਨ ਮੰਤਰੀ ਆਈ ਕੇ ਗੁਜਰਾਲ ਦੇ 100ਵੇਂ ਜਨਮ ਦਿਨ ਸਮਾਗਮ ਦੌਰਾਨ ਬੋਲਦਿਆਂ ਮਨਮੋਹਨ ਸਿੰਘ ਨੇ ਕਿਹਾ ਸੀ ਕਿ 1984 ਦੇ ਸਿੱਖ ਕਤਲੇਆਮ ਤੋਂ ਬਚਿਆ ਜਾ ਸਕਦਾ ਸੀ।

ਤਸਵੀਰ ਸਰੋਤ, INC/Twitter
ਉਹਨਾਂ ਕਿਹਾ ਸੀ, ‘‘ਜਦੋਂ ਕਤਲੇਆਮ ਸ਼ੁਰੂ ਹੋਇਆ ਸੀ ਤਾਂ ਆਈ ਕੇ ਗੁਜਰਾਲ ਤਤਕਾਲੀ ਗ੍ਰਹਿ ਮੰਤਰੀ ਪੀਵੀ ਨਰਸ੍ਹਿਮਾ ਰਾਓ ਕੋਲ ਗਏ ਸਨ, ਉਨ੍ਹਾਂ ਹਾਲਾਤ ਨੂੰ ਨਾਜ਼ੁਕ ਦੱਸਦਿਆਂ ਤੁਰੰਤ ਫੌਜ ਬੁਲਾਉਣ ਦੀ ਮੰਗ ਕੀਤੀ ਸੀ। ਜੇਕਰ ਉਹ ਸਲਾਹ ਮੰਨ ਲਈ ਜਾਂਦੀ ਤਾਂ 1984 ਤੋਂ ਬਚਿਆ ਜਾ ਸਕਦਾ ਸੀ।’’
ਕਾਂਗਰਸ ਦੇ ਬੁਲਾਰੇ ਚਰਨ ਸਿੰਘ ਸਪਰਾ ਨੇ ਦਿੱਲੀ ਵਿੱਚ ਨਿਊਜ਼ 18 ਦੇ ਸਮਾਗਮ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਲੀਡਰਸ਼ਿਪ ਨੂੰ ਇਸ ਮਾਮਲੇ ਉੱਤੇ ਚੂਣੌਤੀ ਦਿੱਤੀ ਸੀ।
''ਨਾ ਮੇਰੀ ਪਾਰਟੀ ਅਤੇ ਨਾ ਮੈਂ 1984 ਦੇ ਸਿੱਖ ਵਿਰੋਧੀ ਕਤਲੇਆਮ ਦਾ ਸਮਰਥਕ ਹਾਂ, ਸੋਨੀਆ ਗਾਂਧੀ ਨੇ ਆਪਣੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦੌਰੇ ਦੌਰਾਨ ਮੀਡੀਆ ਸਾਹਮਣੇ ਮਾਫ਼ੀ ਮੰਗੀ ਸੀ।''
''ਕਾਂਗਰਸ ਸਰਕਾਰ ਦੇ ਪ੍ਰਧਾਨ ਮੰਤਰੀ ਵਜੋਂ ਮਨਮੋਹਨ ਸਿੰਘ ਨੇ ਸੰਸਦ ਵਿੱਚ ਮਾਫ਼ੀ ਮੰਗੀ ਸੀ। ਭਾਜਪਾ ਸਾਡੇ ਜਖ਼ਮਾਂ ਨੂੰ ਕੁਰੇਦਦੀ ਰਹੀ ਹੈ, ਕੀ ਮੋਦੀ ਜਾਮਾ ਮਸਜਿਦ ਜਾਕੇ 1992 ਲਈ ਮਾਫ਼ੀ ਮੰਗਣਗੇ।’’

ਤਸਵੀਰ ਸਰੋਤ, @INCIndia Twitter












