ਥਾਣੇ 'ਚੋਂ ਅਸਲਾ ਗਾਇਬ ਹੋਣ ਦਾ ਮਾਮਲਾ: ਅਸਲਾਖ਼ਾਨਾ ਕੀ ਹੁੰਦਾ ਹੈ ਤੇ ਇਸ ਦਾ ਹਿਸਾਬ ਕੌਣ ਰੱਖਦਾ ਹੈ

ਹਥਿਆਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
    • ਲੇਖਕ, ਗਗਨਦੀਪ ਸਿੰਘ (ਬੀਬੀਸੀ ਪੱਤਰਕਾਰ)
    • ਰੋਲ, ਸੁਰਿੰਦਰ ਮਾਨ (ਬੀਬੀਸੀ ਪੰਜਾਬੀ ਲਈ)

ਪੰਜਾਬ ਪੁਲਿਸ ਦੇ ਥਾਣਿਆਂ ਵਿੱਚੋਂ ਹਥਿਆਰ ਗਾਇਬ ਹੋਣ ਦਾ ਮਾਮਲਾ ਬੀਤੇ ਦਿਨਾਂ ਵਿੱਚ ਕਾਫੀ ਸੁਰਖ਼ੀਆਂ ਵਿੱਚ ਰਿਹਾ।

ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਥਾਣਾ ਦਿਆਲਪੁਰਾ ਭਾਈਕਾ ਦੀ ਕੋਤ (ਅਸਲਾਖ਼ਾਨਾ) ਵਿੱਚੋਂ ਹਥਿਆਰਾਂ ਦੇ 'ਗੁੰਮ' ਹੋਣ ਦੀ ਗੱਲ ਸਾਹਮਣੇ ਆਉਣ ਮਗਰੋਂ ਪੰਜਾਬ ਪੁਲਿਸ ਨੇ ਜਾਂਚ ਦਾ ਕੰਮ ਤੇਜ਼ ਕਰ ਦਿੱਤਾ ਹੈ।

ਪੁਲਿਸ ਇਸ ਗੱਲ ਨੂੰ ਇਸ ਲਈ ਵੀ ਗੰਭੀਰਤਾ ਨਾਲ ਲੈ ਰਹੀ ਹੈ ਕਿਉਂਕਿ ਪੁਲਿਸ ਦੇ ਅਸਲੇਖਾਨੇ 'ਚੋਂ ਹਥਿਆਰ ਗੁੰਮ ਕਰਨ ਵਿਚ ਕਥਿਤ ਤੌਰ 'ਤੇ ਥਾਣੇ 'ਚ ਤਾਇਨਾਤ ਰਹੇ ਮੁਨਸ਼ੀ ਦੀ ਭੂਮਿਕਾ ਸਾਹਮਣੇ ਆਈ ਹੈ।

ਭਾਵੇਂ ਲੰਘੇ ਐਤਵਾਰ ਦੀ ਅੱਧੀ ਰਾਤ ਨੂੰ ਮੁਨਸ਼ੀ ਸੰਦੀਪ ਸਿੰਘ ਨੂੰ ਬਠਿੰਡਾ ਦੇ ਸੀਆਈਏ ਸਟਾਫ਼ ਦੀ ਇੱਕ ਪੁਲਿਸ ਪਾਰਟੀ ਨੇ ਜ਼ਿਲ੍ਹਾ ਬਠਿੰਡਾ ਦੇ ਹੀ ਪਿੰਡ ਭੋਖੜਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਇਸ ਗੰਭੀਰ ਮਾਮਲੇ ਦੀ ਜਾਂਚ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਬਰੀਕੀ ਨਾਲ ਕਰਨ ਦੀ ਗੱਲ ਕਹਿ ਰਹੀ ਹੈ।

ਹਥਿਆਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਫੂਲ ਦੇ ਡੀਐੱਸਪੀ ਆਸਵੰਤ ਸਿੰਘ ਧਾਲੀਵਾਲ ਨੇ ਮੁਨਸ਼ੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।

ਹੌਲਦਾਰ ਸੰਦੀਪ ਸਿੰਘ ਉੱਤੇ ਦਿਆਲਪੁਰਾ ਥਾਣੇ ਦੇ ਮਾਲਖਾਨੇ ਵਿੱਚੋਂ ਇੱਕ ਦਰਜਨ ਹਥਿਆਰਾਂ ਅਤੇ 7 ਲੱਖ ਦੇ ਕਰੀਬ ਡਰੱਗ ਮਨੀ ਗਾਇਬ ਕਰਨ ਦੇ ਇਲਜ਼ਾਮ ਹਨ।

ਉਸ ਨੂੰ ਬਠਿੰਡਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਸਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਥਾਣਾ ਦਿਆਲਪੁਰਾ ਦੇ ਅਸਲੇਖ਼ਾਨੇ 'ਚੋਂ ਜਿਹੜਾ ਅਸਲਾ 'ਗੁੰਮ' ਹੋਇਆ ਹੈ, ਉਹ ਲੋਕਾਂ ਵੱਲੋਂ ਥਾਣੇ ਵਿਚ ਜਮ੍ਹਾਂ ਕਰਵਾਇਆ ਗਿਆ ਸੀ।

ਜ਼ਿਲ੍ਹਾ ਬਠਿੰਡਾ ਦੇ ਐੱਸਐੱਸਪੀ ਜੇ. ਇਲਨਚੇਲੀਅਨ ਮੁਤਾਬਕ ਥਾਣਾ ਦਿਆਲਪੁਰਾ ਦੀ ਕੋਤ 'ਚੋਂ ਗਾਇਬ ਹੋਇਆ ਅਸਲਾ ਆਮ ਲੋਕਾਂ ਵੱਲੋਂ ਸਾਲ 2015 ਤੋਂ 2021 ਵਿਚਾਲੇ ਜਮ੍ਹਾਂ ਕਰਵਾਇਆ ਗਿਆ ਸੀ।

ਲਾਈਨ

ਮੁੱਖ ਬਿੰਦੂ

  • ਪੰਜਾਬ ਪੁਲਿਸ ਦੇ ਥਾਣਿਆਂ ਵਿੱਚੋਂ ਹਥਿਆਰ ਗਾਇਬ ਦੇ ਮਾਮਲੇ ਵਿੱਚ ਥਾਣੇ ਦੇ ਮੁਨਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
  • ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਥਾਣਾ ਦਿਆਲਪੁਰਾ ਭਾਈਕਾ ਦੀ ਕੋਤ (ਅਸਲਾਖ਼ਾਨਾ) ਵਿੱਚੋਂ ਹਥਿਆਰ ਗੁੰਮ ਹੋਏ ਸਨ।
  • ਐਤਵਾਰ ਦੀ ਅੱਧੀ ਰਾਤ ਨੂੰ ਮੁਨਸ਼ੀ ਸੰਦੀਪ ਸਿੰਘ ਨੂੰ ਬਠਿੰਡਾ ਦੇ ਸੀਆਈਏ ਸਟਾਫ਼ ਨੇ ਗ੍ਰਿਫ਼ਤਾਰ ਕੀਤਾ ਹੈ।
  • ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ।
  • ਮਾਲਖਾਨੇ ਵਿੱਚੋਂ ਕਈ ਹਥਿਆਰ ਅਤੇ 7 ਲੱਖ ਦੇ ਕਰੀਬ ਡਰੱਗ ਮਨੀ ਗਾਇਬ ਕਰਨ ਦੇ ਇਲਜ਼ਾਮ ਹਨ।
  • ਅਸਲਾ ਆਮ ਲੋਕਾਂ ਵੱਲੋਂ ਸਾਲ 2015 ਤੋਂ 2021 ਵਿਚਾਲੇ ਜਮ੍ਹਾਂ ਕਰਵਾਇਆ ਗਿਆ ਸੀ।
ਲਾਈਨ

ਕੀ ਹੈ ਮਾਮਲਾ

ਅਸਲ ਵਿਚ ਪਿਛਲੇ ਸਾਲ ਦੇ ਅੱਧ ਵਿਚ ਜਦੋਂ ਥਾਣਾ ਦਿਆਲਪੁਰਾ ਦੇ ਅਸਲੇਖਾਨੇ ਦੀ ਚੈਕਿੰਗ ਹੋਈ ਸੀ ਤਾਂ ਥਾਣੇ ਦੇ ਰਿਕਾਰਡ ਵਿਚ ਦਰਜ ਅਸਲੇ ਦੀ ਗਿਣਤੀ ਤੋਂ ਘੱਟ ਅਸਲਾ ਅਸਲੇਖਾਨੇ ਵਿਚ ਮੌਜੂਦ ਸੀ।

ਬਠਿੰਡਾ ਪੁਲਿਸ ਨੇ ਉਸ ਸਮੇਂ ਮੁਨਸ਼ੀ ਸੰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ ਪਰ ਮੁਨਸ਼ੀ ਫਰਾਰ ਸੀ।

ਦੂਜੇ ਪਾਸੇ ਜ਼ਿਲ੍ਹਾ ਫਿਰੋਜ਼ਪੁਰ ਅਧੀਨ ਪੈਂਦੇ ਥਾਣਾ ਮੁੱਦਕੀ ਦੀ ਪੁਲਿਸ ਨੇ ਸਤਨਾਮ ਸਿੰਘ ਅਤੇ ਕੁਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਜਦੋਂ ਉਨਾਂ ਕੋਲੋਂ ਨਾਜਾਇਜ਼ ਹਥਿਆਰ ਬਰਾਮਦ ਕੀਤੇ ਤਾਂ ਉਸ ਵਿਚ ਖੁਲਾਸਾ ਹੋਇਆ ਕੇ ਇਸ ਕਥਿਤ ਤੌਰ 'ਤੇ ਮੁਨਸ਼ੀ ਸੰਦੀਪ ਸਿੰਘ ਤੋਂ ਖਰੀਦੇ ਗਏ ਸਨ।

ਡੀਐੱਸਪੀ ਆਸਵੰਤ ਸਿੰਘ ਧਾਲੀਵਾਲ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਤਫਤੀਸ਼ ਦੌਰਾਨ ਪਤਾ ਲੱਗਾ ਕਿ ਅਕਤੂਬਰ 2021 ਤੋਂ ਅਪ੍ਰੈਲ 2022 ਦੇ ਸਮੇਂ ਦੌਰਾਨ ਦਿਆਲਪੁਰਾ ਦੀ ਹਿਰਾਸਤ ਵਿੱਚੋਂ 8 ਤੋਂ ਵੱਧ ਹਥਿਆਰ ਅਤੇ ਡਰੱਗ ਮਨੀ ਗਾਇਬ ਹੋਈ ਹੈ। ਉਸ ਸਮੇ ਹੈੱਡ ਕਾਂਸਟੇਬਲ ਸੰਦੀਪ ਸਿੰਘ ਬਤੌਰ ਮੁੱਖ ਮੁਨਸ਼ੀ ਤੈਨਾਤ ਸੀ।

ਹਥਿਆਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਧਾਲੀਵਾਲ ਨੇ ਦੱਸਿਆ ਕਿ ਤਫਤੀਸ਼ ਦੌਰਾਨ ਪਤਾ ਲੱਗਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਪੁਲਿਸ ਹਿਰਾਸਤ ਵਿੱਚ ਵਿਅਕਤੀਆਂ ਦੇ ਜਮ੍ਹਾਂ ਪ੍ਰਾਈਵੇਟ ਹਥਿਆਰ, ਗਹਿਣੇ ਤੇ ਨਕਦੀ ਹੁਣ ਥਾਣਾ ਦਿਆਲਪੁਰਾ ਦੇ ਮਾਲਖਾਨੇ ਵਿੱਚ ਨਹੀਂ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਮਨਸ਼ੀ ਸੰਦੀਪ ਸਿੰਘ ਹਥਿਆਰਾਂ ਦੀ ਗੁੰਮਸ਼ੁਦਗੀ ਨਾਲ ਸਬੰਧਤ ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਮੁਲਜ਼ਮ ਸੀ।

“ਪਹਿਲਾ ਮਾਮਲਾ ਰਾਮਪੁਰਾ ਥਾਣੇ ਵਿੱਚ ਦਰਜ ਕੀਤਾ ਗਿਆ ਸੀ ਜਦੋਂ ਪੁਲਿਸ ਨੂੰ ਪਤਾ ਲੱਗਿਆ ਸੀ ਕਿ ਨਸ਼ੇ ਵੇਚਣ ਵਾਲੇ ਇੱਕ ਮੁਲਜ਼ਮ ਕੋਲੋਂ ਬਰਾਮਦ ਹਥਿਆਰ ਪਿਛਲੇ ਸਾਲ ਮਈ ਦੌਰਾਨ ਡੇਲਪੁਰਾ ਥਾਣੇ ਵਿੱਚ ਬਰਾਮਦ ਹੋਇਆ ਸੀ।"

"ਦੂਜਾ ਮਾਮਲਾ ਫਾਜ਼ਿਲਕਾ ਜ਼ਿਲ੍ਹੇ ਵਿੱਚ ਦਰਜ ਕੀਤਾ ਗਿਆ ਸੀ।”

ਡੀਐੱਸਪੀ ਧਾਲੀਵਾਲ ਨੇ ਦੱਸਿਆ ਕਿ ਦਿਆਲਪੁਰਾ ਥਾਣੇ ਤੋਂ ਗਾਇਬ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਅਤੇ ਤੀਸਰਾ ਮਾਮਲਾ ਥਾਣਾ ਦਿਆਲਪੁਰਾ ਵਿੱਚ ਦਰਜ ਕੀਤਾ ਗਿਆ ਹੈ ਜਿੱਥੋਂ ਸਾਰੇ ਹਥਿਆਰ ਅਤੇ ਡਰੱਗ ਮਨੀ ਗਾਇਬ ਹੋਈ ਹੈ।

ਮੁਲਜ਼ਮ ਨੂੰ ਫਾਜ਼ਿਲਕਾ ਅਤੇ ਦਿਆਲਪੁਰਾ ਥਾਣੇ ਵਿੱਚ ਦਰਜ ਕੇਸਾਂ ਵਿੱਚ ਵੀ ਅਗਾਊਂ ਜ਼ਮਾਨਤ ਮਿਲ ਗਈ ਸੀ ਜਦਕਿ ਉਸ ਖ਼ਿਲਾਫ਼ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਥਾਣੇ ਵਿੱਚ ਦਰਜ ਕੇਸ ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਡੀਐੱਸਪੀ ਧਾਲੀਵਾਲ ਨੇ ਕਿਹਾ ਕਿ ਮੁਲਜ਼ਮ ਮੁਨਸ਼ੀ ਕੋਲੋਂ ਅਜੇ ਤੱਕ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਹੈ ਕਿਉਂਕਿ ਕੁਝ ਹਥਿਆਰ ਸੂਬੇ ਤੋਂ ਬਾਹਰ ਵੇਚੇ ਗਏ ਹਨ, ਜਦਕਿ ਉਹ ਹੋਰ ਪੁੱਛਗਿੱਛ ਲਈ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ 'ਤੇ ਲੈਣਗੇ।

ਇਸ ਸੰਦਰਭ ਵਿਚ ਇਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਤਿੰਨ ਗ਼ਜ਼ਟਿਡ ਪੁਲਿਸ ਅਫਸਰਾਂ ਨੂੰ ਸ਼ਾਮਲ ਹਨ।

ਲਾਈਨ

ਇਹ ਵੀ ਪੜ੍ਹੋ-

ਲਾਈਨ

ਕੋਤ ਜਾਂ ਮਾਲਖਾਨਾ ਕੀ ਹੈ

ਪੰਜਾਬ ਪੁਲਿਸ ਦੇ ਨਿਯਮ ਮੁਤਾਬਕ ਹਰ ਥਾਣੇ ਵਿਚ ਕੋਤ ਤੇ ਮਾਲਖਾਨੇ ਬਣੇ ਹੋਏ ਹਨ।

ਮਾਲਖਾਨੇ ਵਿਚ ਥਾਣੇ ਵਿਚ ਦਰਜ ਕੇਸਾਂ ਨਾਲ ਜੁੜੇ ਸਮੁੱਚੇ ਰਿਕਾਰਡ ਨੂੰ ਸੰਭਾਲਿਆ ਜਾਂਦਾ ਹੈ ਜਦਕਿ ਅਸਲੇਖਾਨੇ ਵਿਚ ਪੰਜਾਬ ਪੁਲਿਸ ਦੇ ਆਪਣੇ ਹਥਿਆਰਾਂ ਤੋਂ ਇਲਾਵਾ ਉਨਾਂ ਹਥਿਆਰਾਂ ਨੂੰ ਰੱਖਿਆ ਜਾਂਦਾ ਹੈ, ਜੋ ਲੋਕਾਂ ਵੱਲੋਂ ਥਾਣੇ 'ਚ ਜਮ੍ਹਾਂ ਕਰਵਾਏ ਜਾਂਦੇ ਹਨ।

ਪੰਜਾਬ ਪੁਲਿਸ ਦੇ ਸੇਵਾ ਮੁਕਤ ਇੰਸਪੈਕਟਰ ਜਨਰਲ ਆਫ਼ ਪੁਲਿਸ ਸੁਰਜੀਤ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਪੁਲਿਸ ਰੂਲਜ਼ ਮੁਤਾਬਕ ਹਰ ਤਿੰਨ ਮਹੀਨੇ ਬਾਅਦ ਗ਼ਜ਼ਟਿਡ ਰੈਂਕ ਦੇ ਅਧਿਕਾਰੀ ਦੀ ਦੇਖ-ਰੇਖ ਹੇਠ ਸੂਬੇ ਦੇ ਹਰੇਕ ਥਾਣੇ ਦੀਆਂ ਕੋਤਾਂ ਦੀ ਬਕਾਇਦਾ ਚੈਕਿੰਗ ਕਰਨੀ ਲਾਜ਼ਮੀ ਹੈ।

ਉਹ ਕਹਿੰਦੇ ਹਨ, "ਇਸ ਚੈਕਿੰਗ ਦੀ ਵਿਸਥਾਰ ਸਹਿਤ ਇੱਕ ਰਿਪੋਰਟ ਐੱਸਐੱਸਪੀ ਨੂੰ ਭੇਜੀ ਜਾਂਦੀ ਹੈ।"

"ਜੇਕਰ ਕਿਸੇ ਥਾਂ 'ਤੇ ਅਸਲਾ ਘਟ ਜਾਵੇ ਤਾਂ ਉਸ ਦੀ ਸਮੁੱਚੀ ਜ਼ਿਮੇਵਾਰੀ ਸਬੰਧਤ ਥਾਣੇ ਦੇ ਮੁਨਸ਼ੀ ਤੋਂ ਇਲਾਵਾ ਥਾਣੇ ਦੇ ਐੱਸਐੱਚਓ ਦੀ ਹੁੰਦੀ ਹੈ।"

ਪੰਜਾਬ ਪੁਲਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਪੁਲਿਸ ਦੇ ਨਿਯਮ ਮੁਤਾਬਕ ਹਰ ਥਾਣੇ ਵਿਚ ਕੋਤ ਤੇ ਮਾਲਖਾਨੇ ਬਣੇ ਹੋਏ ਹਨ

ਉਨਾਂ ਦੱਸਿਆ ਕਿ ਆਮ ਲੋਕਾਂ ਵਲੋਂ ਅਸਲਾ ਥਾਣੇ ਵਿਚ ਜਮ੍ਹਾਂ ਕਰਵਾਉਣ ਤੇ ਕਢਵਾਉਣ ਦੀ ਸਮੁੱਚੀ ਪ੍ਰਕਿਰਿਆ ਦਾ ਲੇਖਾ-ਜੋਖਾ ਉਸੇ ਸਮੇਂ ਰਜਿਸਟਰ ਵਿਚ ਦਰਜ ਕਰਕੇ ਉਸ ਦੀ ਰਿਪੋਰਟ ਉਸੇ ਵੇਲੇ ਆਲ੍ਹਾ ਅਫਸਰਾਂ ਨੂੰ ਭੇਜਣ ਦੀ ਜ਼ਿੰਮੇਵਾਰੀ ਮੁਨਸ਼ੀ ਤੇ ਥਾਣਾ ਮੁਖੀ ਦੀ ਹੁੰਦੀ ਹੈ।

ਪੰਜਾਬ ਪੁਲਿਸ ਤੋਂ ਹਾਲ ਹੀ ਵਿਚ ਰਿਟਾਇਰਡ ਹੋਏ ਡੀਐੱਸਪੀ ਸਤਪਾਲ ਸਿੰਘ ਦੱਸਦੇ ਹਨ ਕਿ ਪੁਲਿਸ ਨਿਯਮਾਂ ਅਨੁਸਾਰ ਭਾਵੇਂ ਅਸਲੇਖਾਨੇ ਦਾ ਰਿਕਾਰਡ ਥਾਣੇ ਦਾ ਮੁਨਸ਼ੀ ਰੱਖਦਾ ਹੈ ਪਰ ਅਸਲੇਖਾਨੇ ਵਿੱਚੋਂ ਅਸਲਾ ਘਟਣ ਦੀ ਸੂਰਤ ਵਿਚ ਐੱਸਐੱਚਓ ਤੋਂ ਇਲਾਵਾ ਹਲਕਾ ਡੀਐੱਸਪੀ ਵਿਰੁੱਧ ਵੀ ਵਿਭਾਗੀ ਕਾਰਵਾਈ ਕੀਤੀ ਜਾਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)