ਆਸਕਰ 2023: ਆਰਆਰਆਰ ਫ਼ਿਲਮ ਦੇ ਗਾਣੇ ‘ਨਾਟੂ ਨਾਟੂ’ ਨਾਮ ਹੋਇਆ ਆਸਕਰ, ਕਿਵੇਂ 19 ਮਹੀਨੇ ’ਚ ਤਿਆਰ ਹੋਇਆ ਸੀ ਇਹ ਗੀਤ

ਤਸਵੀਰ ਸਰੋਤ, @RRRMovie
- ਲੇਖਕ, ਸਾਹਿਤਿ
- ਰੋਲ, ਬੀਬੀਸੀ ਤੇਲੁਗੂ ਲਈ
ਤੇਲੁਗੂ ਫ਼ਿਲਮ 'ਆਰਆਰਆਰ' ਦੇ ਮਸ਼ਹੂਰ ਗੀਤ 'ਨਾਟੂ ਨਾਟੂ' ਨੇ ਆਸਕਰ ਐਵਾਰਡ ਜਿੱਤ ਲਿਆ ਹੈ। ਇਹ ਸਨਮਾਨ ‘ਬੈਸਟ ਔਰਿਜ਼ਨਲ ਸਾਂਗ’ ਯਾਨੀ ਬਹਿਤਰੀਨ ਮੌਲਿਕ ਗਾਣੇ ਦੀ ਕੈਟੀਗਰੀ ਵਿੱਚ ਮਿਲਿਆ ਹੈ।
ਇਹ ਗਾਣਾ ਨਾ ਸਿਰਫ਼ ਬੱਚਿਆਂ ਬਲਕਿ ਵੱਡਿਆਂ ਦੇ ਵੀ ਸਿਰ ਚੜ੍ਹ ਕੇ ਬੋਲ ਰਿਹਾ ਹੈ ਤੇ ਇਸ ਨੇ ਦੁਨੀਆਂ ਦੇ ਹਰ ਕੋਨੇ ਵਿੱਚ ਰਹਿੰਦੇ ਸਿਨੇਮਾ ਪ੍ਰੇਮੀਆਂ ਦੇ ਦਿਲਾਂ 'ਤੇ ਕਬਜ਼ਾ ਕਰ ਰੱਖਿਆ ਹੈ।
'ਨਾਟੂ-ਨਾਟੂ' (ਹਿੰਦੀ ਵਿੱਚ ਨਾਚੋ-ਨਾਚੋ) ਗਾਣੇ ਵਿੱਚ ਜੂਨੀਅਰ ਐੱਨਟੀਆਰ ਅਤੇ ਰਾਮ ਚਰਨ ਤੇਜਾ ਜ਼ਬਰਦਸਤ ਡਾਂਸ ਕਰਦੇ ਹੋਏ ਨਜ਼ਰ ਆਉਂਦੇ ਹਨ।
ਇਹ ਗੀਤ ਕਿਵੇਂ ਬਣਿਆ? ਇਸ ਨੂੰ ਪਰਦੇ 'ਤੇ ਲਿਆਉਣ ਤੋਂ ਪਹਿਲਾਂ ਫ਼ਿਲਮ ਦੇ ਨਿਰਦੇਸ਼ਕ ਐੱਸਐੱਸ ਰਾਜਾਮੌਲੀ, ਸੰਗੀਤ ਨਿਰਦੇਸ਼ਕ ਕੀਰਵਾਣੀ ਅਤੇ ਗੀਤਕਾਰ ਚੰਦਰਬੋਸ ਦੇ ਦਿਮਾਗ਼ 'ਚ ਕੀ ਚੱਲ ਰਿਹਾ ਸੀ?
ਆਓ ਪਹਿਲਾਂ ਜਾਣ ਲੈਂਦੇ ਹਾਂ ਫ਼ਿਲਮ ਦੀ ਕਹਾਣੀ ਬਾਰੇ

ਤਸਵੀਰ ਸਰੋਤ, Getty Images
ਕੀ ਹੈ ਫ਼ਿਲਮ ਦਾ ਕਥਾਨਕ
ਇਹ ਫ਼ਿਲਮ ਭਾਰਤ 'ਚ 1920 ਦੇ ਦਹਾਕੇ ਦਾ ਸਮਾਂ ਦਿਖਾਉਂਦੀ ਹੈ ਜਦੋਂ ਇੱਥੇ ਅੰਗਰੇਜ਼ੀ ਹਕੂਮਤ ਦਾ ਰਾਜ ਸੀ ਅਤੇ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਅੰਗਰੇਜ਼ਾਂ ਖ਼ਿਲਾਫ਼ ਲੜਾਈ ਲੜੀ ਜਾ ਰਹੀ ਸੀ।
ਫ਼ਿਲਮ ਆਰਆਰਆਰ ਦੀ ਕਹਾਣੀ ਕਾਲਪਨਿਕ ਹੈ ਅਤੇ ਦੋ ਅਜਿਹੇ ਵਿਅਕਤੀਆਂ ਦੀ ਕਹਾਣੀ ਨੂੰ ਦਰਸਾਉਂਦੀ ਹੈ ਜੋ ਅੰਗਰੇਜ਼ੀ ਹਕੂਮਤ ਦੇ ਖ਼ਿਲਾਫ਼ ਆਪਣੀ-ਆਪਣੀ ਲੜਾਈ ਲੜ ਰਹੇ ਹਨ।
ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਭੀਮ (ਐਨਟੀਆਰ) ਅਤੇ ਰਾਮ (ਰਾਮ ਚਰਨ) ਇੱਕ ਦੂਜੇ ਦੇ ਦੋਸਤ ਬਣਦੇ ਹਨ, ਇੱਕ ਦੂਜੇ ਖ਼ਿਲਾਫ਼ ਹੋ ਜਾਂਦੇ ਹਨ ਤੇ ਮੁੜ ਨਾਲ ਆਉਂਦੇ ਹਨ।

ਤਸਵੀਰ ਸਰੋਤ, @RRRMovie
ਇਸ ਦੇ ਨਾਲ ਹੀ ਫ਼ਿਲਮ ਵਿੱਚ ਆਲਿਆ ਭੱਟ ਅਤੇ ਅਜੈ ਦੇਵਗਨ ਵੀ ਨਜ਼ਰ ਆਉਂਦੇ ਹਨ, ਇਹ ਤੇਲੁਗੂ ਸਿਨੇਮਾ ਵਿੱਚ ਉਨ੍ਹਾਂ ਦੋਵਾਂ ਦੀ ਪਹਿਲੀ ਫ਼ਿਲਮ ਹੈ।
ਫ਼ਿਲਮ ਦਾ ਗੀਤ ਨਾਟੂ ਨਾਟੂ ਵੀ ਨਾ ਸਿਰਫ਼ ਐਨਟੀਆਰ ਅਤੇ ਰਾਮ ਚਰਨ ਦੀ ਨੱਚਣ ਦੀ ਪ੍ਰਤਿਭਾ ਨੂੰ ਦਰਸਾਉਂਦਾ ਹੈ ਬਲਕਿ ਭੀਮ ਅਤੇ ਰਾਮ ਦੀ ਦੋਸਤੀ ਦੇ ਕਈ ਪਹਿਲੂਆਂ ਨੂੰ ਵੀ ਸਾਹਮਣੇ ਲਿਆਉਂਦਾ ਹੈ।
ਇਹ ਗੀਤ ਦੱਸਦਾ ਹੈ ਕਿ ਕਿਵੇਂ ਤੇਲੁਗੂ ਲੋਕਾਂ ਨੇ ਅੰਗਰੇਜ਼ਾਂ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਕਿਵੇਂ ਭੀਮ ਨੇ ਉਸ ਔਰਤ ਦਾ ਦਿਲ ਜਿੱਤ ਲਿਆ ਜਿਸ ਨੂੰ ਉਹ ਪਿਆਰ ਕਰਦਾ ਸੀ।
ਮਾਰਚ 2022 'ਚ ਰਿਲੀਜ਼ ਹੋਈ ਇਹ ਫ਼ਿਲਮ ਵਰਲਡ ਬਾਕਸ ਆਫ਼ਿਸ 'ਤੇ 1200 ਕਰੋਜ਼ ਤੋਂ ਜ਼ਿਆਦਾ ਦੀ ਕਮਾਈ ਕਰ ਚੁੱਕੀ ਹੈ।
ਸ਼ੁਕਰਾਨੇ ਲਈ ਪਹੁੰਚੇ ਸਨ ਹਰਿਮੰਦਰ ਸਾਹਿਬ

ਤਸਵੀਰ ਸਰੋਤ, upasanakaminenikonidela/IG
ਫ਼ਿਲਮ ਆਰਆਰਆਰ ਦੀ ਸਫ਼ਲਤਾ ਤੋਂ ਬਾਅਦ ਅਦਾਕਾਰ ਰਾਮ ਚਰਨ ਦੀ ਪਤਨੀ ਸ਼ੁਕਰਾਨੇ ਲਈ ਹਰਿਮੰਦਰ ਸਾਹਿਬ ਮੱਥਾ ਦੇਕਿਾ ਸੀ।
ਹਾਲਾਂਕਿ ਉਸ ਸਮੇਂ ਰਾਮ ਚਰਨ ਆਪਣੀ ਦੂਜੀ ਫ਼ਿਲਮ ਦੀ ਸ਼ੂਟਿੰਗ 'ਚ ਵਿਅਸਤ ਸਨ, ਇਸ ਲਈ ਉਨ੍ਹਾਂ ਦੇ ਪਤਨੀ ਉਪਾਸਨਾ ਇੱਕਲੇ ਹੀ ਦਰਬਾਰ ਸਾਹਿਬ ਪਹੁੰਚੇ ਸਨ ਅਤੇ ਲੰਗਰ ਦੀ ਸੇਵਾ ਕੀਤੀ ਸੀ।
ਉਪਾਸਨਾ ਕਾਮੀਨੇਨੀ ਕੋਨੀਡੇਲਾ ਨੇ ਉਸ ਵੇਲੇ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵੀ ਸਾਂਝਾ ਕੀਤਾ ਸੀ ਅਤੇ ਲਿਖਿਆ ਸੀ, ''ਪਰਮਾਤਮਾ ਦਾ ਧੰਨਵਾਦ ਕਰਨ ਲਈ, ਮਿਸਟਰ ਚਰਨ ਨੇ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਵੇਖੇ ਲੰਗਰ ਦੀ ਸੇਵਾ ਨਿਭਾਈ।''
''ਉਸ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ 'ਚ ਵਿਅਸਤ ਹਨ, ਇਸ ਲਈ ਮੈਨੂੰ ਉਨ੍ਹਾਂ ਦੀ ਥਾਂ ਇਸ ਸੇਵਾ ਨੂੰ ਨਿਭਾਉਣ ਦਾ ਮੌਕਾ ਮਿਲਿਆ। ਰਾਮ ਚਰਨ ਅਤੇ ਮੈਂ ਤੁਹਾਡੇ ਪਿਆਰ ਲਈ ਸ਼ੁਕਰਗੁਜ਼ਾਰ ਹਾਂ।''

- ਐੱਸਐੱਸ ਰਾਜਾਮੌਲੀ ਦੀ ਫ਼ਿਲਮ ਆਰਆਰਆਰ ਨੇ ਆਸਕਰ ਐਵਾਰਡ ਜਿੱਤ ਲਿਆ ਹੈ
- ਫ਼ਿਲਮ ਦੇ ਗੀਤ 'ਨਾਟੂ ਨਾਟੂ' ਨੂੰ ਸਰਵੋਤਮ ਮੂਲ ਗੀਤ ਚੁਣਿਆ ਗਿਆ
- ਵਿਸ਼ਵ ਬਾਕਸ ਆਫ਼ਿਸ 'ਤੇ ਫ਼ਿਲਮ 1200 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਚੁੱਕੀ ਹੈ
- ਫ਼ਿਲਮ ਵਿੱਚ ਜੂਨੀਅਰ ਐੱਨਟੀਆਰ ਅਤੇ ਰਾਮ ਚਰਨ ਤੇਜਾ ਮੁੱਖ ਕਿਰਦਾਰਾਂ ਵਿੱਚ ਹਨ

'ਮੂਲ ਗੀਤ' ਸ਼੍ਰੇਣੀ ਦਾ ਕੀ ਅਰਥ ਹੈ
'ਨਾਟੂ-ਨਾਟੂ' ਗੀਤ ਨੇ 'ਮੂਲ ਗੀਤ' ਸ਼੍ਰੇਣੀ ਦਾ ਐਵਾਰਡ ਜਿੱਤਿਆ ਹੈ, ਪਰ 'ਮੂਲ ਗੀਤ' ਸ਼੍ਰੇਣੀ ਦਾ ਅਰਥ ਕੀ ਹੈ?
ਕਿਸੇ ਵੀ ਫ਼ਿਲਮ ਲਈ ਦੁਨੀਆਂ ਦੀ ਕਿਸੇ ਵੀ ਭਾਸ਼ਾ ਵਿੱਚ ਵਿੱਚ ਵਰਤਿਆ ਜਾ ਰਿਹਾ ਗੀਤ ਜੇਕਰ ਇਹ ਪਹਿਲਾਂ ਤੋਂ ਮੌਜੂਦ ਕਿਸੇ ਗੀਤ ਦੀ ਨਕਲ ਨਾ ਹੋਵੇ ਤਾਂ ਇਹ ‘ਮੌਲਿਕ’ (ਔਰਿਜਨਲ) ਹੁੰਦਾ ਹੈ।
ਇਸ ਦਾ ਇਹ ਵੀ ਮਤਲਬ ਹੈ ਕਿ ਉਸ ਗੀਤ ਵਿੱਚ ਕਿਸੇ ਪੁਰਾਣੇ ਗੀਤ ਦੇ ਬੋਲ, ਧੁਨ, ਸਮੱਗਰੀ ਜਾਂ ਅਰਥਾਂ ਦਾ ਕੋਈ ਪ੍ਰਭਾਵ ਨਹੀਂ ਹੈ।
ਗੀਤ ਪਿੱਛੇ ਕੀ ਸਨ ਨਿਰਦੇਸ਼ਕ ਦੇ ਵਿਚਾਰ

ਤਸਵੀਰ ਸਰੋਤ, FACEBOOK/RRR
'ਨਾਟੁ-ਨਾਟੁ' ਜਿਵੇਂ ਕਿ ਸ਼ਬਦਾਂ ਤੋਂ ਹੀ ਸਪਸ਼ਟ ਹੈ, ਇੱਕ 'ਲੋਕ ਗੀਤ' ਹੈ।
ਐੱਸਐੱਸ ਰਾਜਾਮੌਲੀ ਦੇ ਮਨ ਵਿੱਚ ਸੀ ਕਿ 'ਐਨਟੀਆਰ ਜੂਨੀਅਰ ਅਤੇ ਰਾਮ ਚਰਨ ਦੋਵੇਂ ਤੇਲੁਗੂ ਫ਼ਿਲਮ ਇੰਡਸਟਰੀ ਵਿੱਚ ਸਭ ਤੋਂ ਵਧੀਆ ਡਾਂਸਰ ਹਨ। ਦੋਵੇਂ ਹੀ ਕਈ ਵਾਰ ਆਪਣੇ-ਆਪਣੇ ਢੰਗ ਨਾਲ ਆਪਣੀ ਕਾਬਲੀਅਤ ਸਾਬਤ ਕਰ ਚੁੱਕੇ ਹਨ।'
'ਜੇਕਰ ਦੋਵਾਂ ਨੂੰ ਇਕੱਠੇ ਡਾਂਸ ਕਰਦੇ ਦਿਖਾਇਆ ਜਾਵੇ ਤਾਂ ਸ਼ਾਇਦ ਚੰਗਾ ਹੋਵੇਗਾ। ਉਨ੍ਹਾਂ ਨੂੰ ਇਕੱਠੇ ਨੱਚਦੇ ਦੇਖਣਾ ਦਰਸ਼ਕਾਂ ਦੇ ਆਨੰਦ ਅਤੇ ਅਹਿਸਾਸ ਨੂੰ ਇੱਕ ਨਵੇਂ ਪੱਧਰ 'ਤੇ ਲੈ ਕੇ ਜਾ ਸਕਦਾ ਹੈ।
ਰਾਜਾਮੌਲੀ ਨੇ ਆਪਣੇ ਇਹੀ ਵਿਚਾਰ ਫ਼ਿਲਮ ਦੇ ਸੰਗੀਤਕਾਰ ਕੀਰਵਾਣੀ ਨਾਲ ਸਾਂਝੇ ਕੀਤੇ।
ਕੀਰਵਾਣੀ ਨੇ ਇਸ ਬਾਰੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਰਾਜਾਮੌਲੀ ਨੇ ਮੈਨੂੰ ਕਿਹਾ, ਵੱਡੇ ਵੀਰ, ਮੈਨੂੰ ਇੱਕ ਅਜਿਹਾ ਗੀਤ ਚਾਹੀਦਾ ਹੈ ਜਿਸ 'ਚ ਦੋਵੇਂ ਡਾਂਸਰ ਇੱਕ ਦੂਜੇ ਨਾਲ ਮੁਕਾਬਲਾ ਕਰਦੇ ਹੋਏ ਨੱਚਣ।"
ਫਿਰ ਕੀਰਵਾਣੀ ਨੇ ਗੀਤ ਲਿਖਣ ਲਈ ਤੇਲੁਗੂ ਫ਼ਿਲਮਾਂ ਦੇ ਮੌਜੂਦਾ ਗੀਤਕਾਰਾਂ ਵਿੱਚੋਂ ਆਪਣੇ ਪਸੰਦੀਦਾ ਚੰਦਰਬੋਸ ਨੂੰ ਚੁਣਿਆ।
ਉਨ੍ਹਾਂ ਨੇ ਬੋਸ ਨੂੰ ਕਿਹਾ, "ਗਾਣਾ ਅਜਿਹਾ ਹੋਣਾ ਚਾਹੀਦਾ ਹੈ ਕਿ ਦੋਵੇਂ ਮੁੱਖ ਕਲਾਕਾਰ ਇਸ 'ਤੇ ਆਪਣੇ ਡਾਂਸ ਨਾਲ ਜੋਸ਼ ਅਤੇ ਉਤਸ਼ਾਹ ਪੈਦਾ ਕਰ ਦੇਣ।"
''ਤੁਸੀਂ ਜੋ ਚਾਹੋ ਲਿਖ ਸਕਦੇ ਹੋ। ਪਰ ਇਹ ਗੱਲ ਧਿਆਨ ਵਿੱਚ ਰੱਖਣਾ ਕਿ ਫ਼ਿਲਮ 1920 ਵਿੱਚ ਵਾਪਰੀਆਂ ਘਟਨਾਵਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਲਈ ਦੇਖਣਾ ਕਿ ਸ਼ਬਦ ਉਸੇ ਦੌਰ ਦੇ ਹੋਣ।''

ਇਹ ਵੀ ਪੜ੍ਹੋ:

ਇੰਝ ਬਣਿਆ ਗੀਤ

ਤਸਵੀਰ ਸਰੋਤ, PEN STUDIO
ਜਿਵੇਂ ਹੀ ਚੰਦਰਬੋਸ ਆਪਣੀ ਕਾਰ 'ਚ ਬੈਠੇ, ਰਾਜਾਮੌਲੀ ਅਤੇ ਕੀਰਵਾਣੀ ਦੀਆਂ ਹਿਦਾਇਤਾਂ ਉਨ੍ਹਾਂ ਦੇ ਦਿਮਾਗ ਵਿਚ ਘੁੰਮਣ ਲੱਗੀਆਂ ਤੇ ਇਸੇ ਦੌਰਾਨ ਉਨ੍ਹਾਂ ਦੇ ਮਨ ਵਿੱਚ 'ਨਾਟੂ-ਨਾਟੂ' ਗੀਤ ਦੀ ਹੁੱਕ ਲਾਈਨ ਵੱਜਣ ਲਈ।
ਹੁਣ ਤੱਕ ਇਸ ਤਰ੍ਹਾਂ ਦੀ ਕੋਈ ਧੁਨ ਨਹੀਂ ਬਣੀ ਸੀ। ਉਸ ਨੇ ਇਸ ਨੂੰ '6-8 ਤਕੀਤਾ, ਤਕੀਤਾ ਤੀਜੀ ਗਤੀ' ਵਿਚ ਬੁਣਨਾ ਸ਼ੁਰੂ ਕਰ ਦਿੱਤਾ। ਪਰ ਇਸ ਗਤੀ ਦਾ ਕੀ ਮਤਲਬ ਸੀ?
ਚੰਦਰ ਬੋਸ ਬੀਬੀਸੀ ਨੂੰ ਦੱਸਦੇ ਹਨ, "ਕਿਉਂਕਿ ਇਹ ਕੀਰਵਾਣੀ ਦਾ ਮਨਪਸੰਦ ਢਾਂਚਾ ਸੀ, ਇਸ ਲਈ ਉਨ੍ਹਾਂ ਨੇ ਇਸ ਦਾ ਸਹਾਰਾ ਲੈਣਾ ਠੀਕ ਸਮਝਿਆ।"
25 ਸਾਲ ਪਹਿਲਾਂ ਵੀ ਕੀਰਵਾਣੀ ਨੇ ਚੰਦਰਬੋਸ ਨੂੰ ਸਲਾਹ ਦਿੱਤੀ ਸੀ ਕਿ "ਇਸ ਵੀ ਗੀਤ ਜਿਸ ਰਾਹੀਂ ਲੋਕਾਂ 'ਚ ਜੋਸ਼ ਭਰਨਾ ਹੋਵੇ ਉਸ ਨੂੰ ਇਸੇ ਗਤੀ 'ਚ ਬੁਣੋ।"
ਦੋ ਦਿਨਾਂ ਵਿੱਚ, ਉਨ੍ਹਾਂ ਗੀਤ ਦੇ ਤਿੰਨ ਮੁਖੜੇ ਬਣਾਏ ਅਤੇ ਫਿਰ ਕੀਰਵਾਣੀ ਨੂੰ ਮਿਲੇ।
ਜਿਹੜਾ ਮੁਖੜਾ ਕੀਰਵਾਣੀ ਨੂੰ ਪਸੰਦ ਸੀ ਉਹੀ ਚੰਦਰਬੋਸ ਨੂੰ ਵੀ ਪਸੰਦ ਆਇਆ ਅਤੇ ਇਸ ਤਰ੍ਹਾਂ ਇਹ ਗੀਤ ਫਾਈਨਲ ਹੋ ਗਿਆ।
ਗੀਤ ਦਾ ਨੱਬੇ ਫੀਸਦੀ ਹਿੱਸਾ ਦੋ ਦਿਨਾਂ ਵਿੱਚ ਪੂਰਾ ਹੋ ਗਿਆ ਸੀ। ਹਾਲਾਂਕਿ, ਕੁਝ ਤਬਦੀਲੀਆਂ ਅਤੇ ਸੰਪਾਦਨ ਤੋਂ ਬਾਅਦ, ਇਸ ਗੀਤ ਨੂੰ ਅੰਤਿਮ ਰੂਪ ਦੇਣ ਵਿੱਚ 19 ਮਹੀਨੇ ਲੱਗ ਗਏ।
ਸਮਾਜਿਕ ਅਤੇ ਆਰਥਿਕ ਹਾਲਾਤ ਦੀ ਤਸਵੀਰ

ਤਸਵੀਰ ਸਰੋਤ, RRR MOVIE/FACEBOOK
ਫ਼ਿਲਮ ਵਿੱਚ ਭੀਮ (ਜੂਨੀਅਰ ਐਨਟੀਆਰ) ਦਾ ਕਿਰਦਾਰ ਤੇਲੰਗਾਨਾ ਦਾ ਹੈ ਜਦਕਿ ਰਾਮ (ਰਾਮ ਚਰਨ) ਦਾ ਕਿਰਦਾਰ ਆਂਧਰਾ ਪ੍ਰਦੇਸ਼ ਦਾ ਹੈ। ਇਸ ਲਈ ਗੀਤ ਵਿਚ ਦੋਹਾਂ ਖੇਤਰਾਂ ਵਿਚ 1920 ਦੇ ਦਹਾਕੇ ਦੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਲਿਆ ਗਿਆ ਹੈ।
ਚੰਦਰਬੋਸ ਦੀਆਂ ਨਜ਼ਰਾਂ ਵਿੱਚ, ਗੀਤ ਉਹ ਹੈ ਜਿੱਥੇ ਸ਼ਬਦ ਗੁਆਚ ਜਾਣ ਅਤੇ ਫਿਰ ਵਿਜ਼ੂਅਲ ਇਸ ਉੱਤੇ ਕਬਜ਼ਾ ਕਰ ਲੈਣ। ਇਹ ਗੀਤ ਇਸ ਪੈਮਾਨੇ 'ਤੇ ਬਿਲਕੁਲ ਫਿੱਟ ਬੈਠਦਾ ਹੈ।
ਤੇਲਗੂ ਵਿੱਚ ਬਹੁਤ ਸਾਰੀਆਂ ਲੋਕ ਕਥਾਵਾਂ ਹਨ। ਇਸ ਗੀਤ ਵਿੱਚ ਵੀ ਉਨ੍ਹਾਂ ਦੇ ਕਿਰਦਾਰਾਂ ਦਾ ਵੀ ਸਹਾਰਾ ਲਿਆ ਗਿਆ ਹੈ।
ਇਸ ਗੀਤ ਨੂੰ ਕਾਲਭੈਰਵ ਅਤੇ ਰਾਹੁਲ ਸਿਪਲੀਗੁੰਜ ਨੇ ਗਾਇਆ ਹੈ।
ਯੂਕਰੇਨ ਨਾਲ ਇਸ ਗੀਤ ਦਾ ਕੀ ਕੁਨੈਕਸ਼ਨ

ਤਸਵੀਰ ਸਰੋਤ, FACEBOOK/RRR
ਗੀਤ 'ਨਾਟੂ ਨਾਟੂ' ਨੇ ਐਨਟੀਆਰ ਅਤੇ ਰਾਮ ਚਰਨ ਦੋਵਾਂ ਦੀ ਨੱਚਣ ਦੀ ਯੋਗਤਾ ਨੂੰ ਪਰਖਿਆ। ਕੋਰੀਓਗ੍ਰਾਫਰ ਪ੍ਰੇਮ ਰਕਸ਼ਿਤ ਨੇ ਇਸ ਗੀਤ ਲਈ ਲਗਭਗ 95 ਸਟੈਪਸ ਤਿਆਰ ਕੀਤੇ ਹਨ।
ਇਸ ਫਿਲਮ ਦੀ ਯੂਨਿਟ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਗਾਣੇ ਦੇ ਮੁੱਖ ਸਟੈਪ ਲਈ 18 ਵਾਰ ਟੇਕ ਲੈਣੇ ਪਏ ਸਨ। ਹਾਲਾਂਕਿ ਯੂਨਿਟ ਨੇ ਦੱਸਿਆ ਸੀ ਕਿ ਸੰਪਾਦਨ ਦੇ ਦੌਰਾਨ ਦੂਜੇ ਟੇਕ ਨੂੰ ਫਾਈਨਲ ਕੀਤਾ ਗਿਆ ਸੀ।
ਇੱਕ ਹੋਰ ਖ਼ਾਸ ਗੱਲ ਇਹ ਹੈ ਕਿ ਇਸ ਗੀਤ ਨੂੰ ਯੂਕਰੇਨ ਦੇ ਰਾਸ਼ਟਰਪਤੀ ਭਵਨ ਦੇ ਬੈਕਗਰਾਊਂਡ ਵਿੱਚ ਸ਼ੂਟ ਕੀਤਾ ਗਿਆ ਸੀ।









